ਅਮਰੀਕਾ ਹੱਥੋਂ ਹਾਰ ਨੂੰ ਪਾਕਿਸਤਾਨ ਕ੍ਰਿਕਟ ਜਗਤ ਨੇ ‘ਕਾਲਾ ਦਿਨ’ ਕਰਾਰ ਦਿੱਤਾ

06/08/2024 10:34:23 AM

ਕਰਾਚੀ– ਪਾਕਿਸਤਾਨ ਕ੍ਰਿਕਟ ਜਗਤ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਡੈਬਿਊ ਕਰ ਰਹੇ ਅਮਰੀਕਾ ਦੇ ਹੱਥੋਂ ਹਾਰ ਨੂੰ ਹੈਰਾਨੀਜਨਕ ਕਰਾਰ ਦਿੰਦੇ ਹੋਏ ਇਸ ਨੂੰ ਟੀਮ ਲਈ ‘ਕਾਲਾ ਦਿਨ’ ਕਰਾਰ ਦਿੱਤਾ। ਅਮਰੀਕਾ ਨੇ ਡੱਲਾਸ ਦੇ ਗ੍ਰੈਂਡ ਪ੍ਰੇਯਰੀ ਸਟੇਡੀਅਮ ਵਿਚ ਸੁਪਰ ਓਵਰ ਤਕ ਚੱਲੇ ਮੈਚ ਵਿਚ ਸਾਬਕਾ ਚੈਂਪੀਅਨ ਪਾਕਿਸਤਾਨ ਨੂੰ ਹਰਾ ਕੇ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਸਾਬਕਾ ਕਪਤਾਨ ਯੂਨਿਸ ਖਾਨ ਨੇ ਕਿਹਾ ਕਿ ਪਾਕਿਸਤਾਨ ਦੀ ਟੀਮ ਨੇ ਇਸ ਮੈਚ ਵਿਚ ਕਈ ਰਣਨੀਤਿਕ ਗਲਤੀਆਂ ਕੀਤੀਆਂ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ।
ਯੂਨਿਸ ਨੇ ਕਿਹਾ,‘‘ਸੁਪਰ ਓਵਰ ਵਿਚ ਜਦੋਂ ਖੱਬੇ ਹੱਥ ਦਾ ਗੇਂਦਬਾਜ਼ ਗੇਂਦਬਾਜ਼ੀ ਕਰ ਰਿਹਾ ਸੀ ਤਦ ਫਖ਼ਰ ਜ਼ਮਾਨ ਨੂੰ ਸਟ੍ਰਾਈਕ ਲੈਣੀ ਚਾਹੀਦੀ ਸੀ। ਕੋਈ ਵੀ ਅਜਿਹੇ ਬੁਰੇ ਦਿਨ ਤੋਂ ਸਿੱਖ ਸਕਦਾ ਹੈ ਤੇ ਮੈਨੂੰ ਉਮੀਦ ਹੈ ਕਿ ਬਾਬਰ ਆਜ਼ਮ ਤੇ ਹੋਰ ਖਿਡਾਰੀ ਹੁਣ ਹਰ ਮੈਚ ਨੂੰ ਕਰੋ ਜਾਂ ਮਰੋ ਦੇ ਰੂਪ ਵਿਚ ਲੈਣਗੇ।’’
ਯੂਨਿਸ ਦੇ ਅਨੁਸਾਰ ਸਭ ਤੋਂ ਨਿਰਾਸ਼ਾਜਨਕ ਗੱਲ ਇਹ ਸੀ ਕਿ ਅਮਰੀਕਾ ਵਿਚ ਪਾਕਿਸਤਾਨੀ ਮੂਲ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ ਜਿਹੜੇ ਪੂਰੇ ਦਿਲ ਨਾਲ ਟੀਮ ਦਾ ਸਮਰਥਨ ਕਰ ਰਹੇ ਹਨ। ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਟੀਮ ਦੇ ਪ੍ਰਦਰਸ਼ਨ ਨੂੰ ਦਰਦ ਦੇਣ ਵਾਲਾ ਦੱਸਿਆ। ਉਸ ਨੇ ਕਿਹਾ,‘‘ਅਜਿਹਾ ਨਹੀਂ ਲੱਗ ਰਿਹਾ ਸੀ ਕਿ ਪਾਕਿਸਤਾਨ ਅਜਿਹੀ ਟੀਮ ਵਿਰੁੱਧ ਖੇਡ ਰਿਹਾ ਹੈ, ਜਿਸ ਨੂੰ ਚੋਟੀ ਦੀਆਂ ਟੀਮਾਂ ਵਿਰੁੱਧ ਜ਼ਿਆਦਾ ਖੇਡਣ ਦਾ ਮੌਕਾ ਨਾ ਮਿਲਿਆ ਹੈ।’’
ਸਾਬਕਾ ਸਲਾਮੀ ਬੱਲੇਬਾਜ਼ ਮੋਹਸਿਨ ਖਾਨ ਨੇ ਕਿਹਾ ਕਿ ਉਹ ਪਾਕਿਸਤਾਨ ਕ੍ਰਿਕਟ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਉਸ ਨੇ ਕਿਹਾ,‘ਇਹ ਸਿਰਫ ਇਕ ਹਾਰ ਨਹੀਂ ਹੈ, ਇਹ ਸਾਡੇ ਖਿਡਾਰੀਆਂ ਦੀ ਮਾਨਸਿਕ ਕਮਜ਼ੋਰੀਆਂ ਨੂੰ ਦਿਖਾਉਂਦੀ ਹੈ। ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ ਪਰ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਹੈ ਕਿ ਸਾਡੇ ਖਿਡਾਰੀਆਂ ਨੇ ਅਮਰੀਕਾ ਨੂੰ ਘੱਟ ਸਮਝਿਆ ਸੀ।’’
ਮੋਹਸਿਨ 2010 ਤੋਂ 2012 ਤਕ ਮੁੱਖ ਕੋਚ ਤੇ ਮੁੱਖ ਚੋਣਕਾਰ ਸੀ। ਉਸ ਨੇ ਕਿਹਾ ਕਿ ਭਾਰਤ ਵਿਰੁੱਧ ਆਗਾਮੀ ਮੈਚ ਟੀਮ ਲਈ ਕਰੋ ਜਾਂ ਮਰੋ ਦੇ ਮੁਕਾਬਲੇ ਦੀ ਤਰ੍ਹਾਂ ਹੋ ਗਿਆ ਹੈ। ਮੋਹਸਿਨ ਨੇ ਕਿਹਾ, ‘‘ਸਾਨੂੰ ਉਹ ਮੈਚ ਹਰ ਹਾਲ ਵਿਚ ਜਿੱਤਣਾ ਪਵੇਗਾ, ਨਹੀਂ ਤਾਂ ਅਸੀਂ ਸੁਪਰ-8 ਵਿਚੋਂ ਬਾਹਰ ਹੋ ਜਾਵਾਂਗੇ।’’
ਪਾਕਿਸਤਾਨ ਦੀਆਂ 7 ਵਿਕਟਾਂ ’ਤੇ 159 ਦੌੜਾਂ ਦੇ ਜਵਾਬ ਵਿਚ ਅਮਰੀਕਾ ਦੀ ਟੀਮ ਨੇ 3 ਵਿਕਟਾਂ ’ਤੇ 159 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸੁਪਰ ਓਵਰ ਵਿਚ ਅਮਰੀਕਾ ਦੀਆਂ 18 ਦੌੜਾਂ ਦੇ ਜਵਾਬ ਵਿਚ ਪਾਕਿਸਤਾਨ 13 ਦੌੜਾਂ ਹੀ ਬਣਾ ਸਕਿਆ। ਕ੍ਰਿਕਟ ਮਾਹਿਰ ਓਮੈਰ ਅਲਵੀ ਨੇ ਕਿਹਾ,‘‘ਇਹ ਪਾਕਿਸਤਾਨ ਕ੍ਰਿਕਟ ਇਤਿਹਾਸ ਦਾ ਇਕ ਕਾਲਾ ਦਿਨ ਹੈ। ਮੇਰਾ ਮਤਲਬ ਹੈ ਕਿ ਸਾਡੇ ਖਿਡਾਰੀਆਂ ਨੇ ਉਹ ਆਤਮ-ਸਨਮਾਨ ਤੇ ਜੁਝਾਰੂਪਨ ਨਹੀਂ ਦਿਖਾਇਆ, ਜਿਸ ਦੇ ਲਈ ਉਹ ਜਾਣੇ ਜਾਂਦੇ ਹਨ।’’
ਅਮਰੀਕਾ ਵਿਰੁੱਧ ਉਲਟਫੇਰ ਤੋਂ ਪਹਿਲਾਂ, ਪਾਕਿਸਤਾਨ ਹਾਲ ਦੇ ਦਿਨਾਂ ਵਿਚ ਅਫਗਾਨਿਸਤਾਨ, ਜ਼ਿੰਬਾਬਵੇ ਤੇ ਆਇਰਲੈਂਡ ਵਰਗੀਆਂ ਟੀਮਾਂ ਹੱਥੋਂ ਵੀ ਹਾਰ ਗਿਆ ਹੈ। ਸਾਬਕਾ ਕਪਤਾਨ ਜਾਵੇਦ ਮਿਆਂਦਾਦ ਨੇ ਪਹਿਲੀ ਵਾਰ ਇਸ ਪੱਧਰ ’ਤੇ ਖੇਡਣ ਦੇ ਬਾਵਜੂਦ ਉਲਟਫੇਰ ਕਰਨ ਲਈ ਅਮਰੀਕਾ ਦੀ ਸ਼ਲਾਘਾ ਕੀਤੀ।
ਉਸ ਨੇ ਕਿਹਾ,‘‘ਤੁਸੀਂ ਅਮਰੀਕਾ ਦੀ ਤੁਲਨਾ ਵਿਚ ਸਾਡੇ ਤਜਰਬੇ ਤੇ ਪ੍ਰਦਰਸ਼ਨ ਨੂੰ ਦੇਖੋ। ਮੈਂ ਸਬਰ ਬਰਕਰਾਰ ਰੱਖਣ ਤੇ ਅਨੁਸ਼ਾਸਨ ਦੇ ਨਾਲ ਖੇਡਣ ਲਈ ਅਮਰੀਕਾ ਨੂੰ ਪੂਰਾ ਸਿਹਰਾ ਦਿੰਦਾ ਹਾਂ। ਉਸ ਨੇ ਜਿਹੜਾ ਸ਼ਾਨਦਾਰ ਕੈਚ ਫੜਿਆ, ਉਸ ਨਾਲ ਮੈਚ ਉਸਦੇ ਪੱਖ ਵਿਚ ਹੋ ਗਿਆ।’’
ਇਸ ਸਾਬਕਾ ਬੱਲੇਬਾਜ਼ ਨੇ ਕਿਹਾ,‘‘ਸਾਡੇ ਪ੍ਰਸ਼ੰਸਕਾਂ ਵਿਚ ਨਿਰਾਸ਼ਾ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਡੀ ਟੀਮ ਐਤਵਾਰ ਨੂੰ ਭਾਰਤ ਨੂੰ ਹਰਾ ਕੇ ਕੁਝ ਸਨਮਾਨ ਵਾਪਸ ਹਾਸਲ ਕਰ ਸਕਦੀ ਹੈ।’’ ਨਤੀਜੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਹ ਅਟਕਲਾਂ ਵੀ ਲੱਗਣ ਲੱਗੀਆਂ ਹਨ ਕਿ ਪਾਕਿਸਤਾਨ ਡ੍ਰੈਸਿੰਗ ਰੂਮ ਵਿਚ ਸਭ ਕੁਝ ਠੀਕ ਨਹੀਂ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਕੋਚ ਮੁਹੰਮਦ ਹਫੀਜ਼ ਨੇ ਵੀ ਟੀਮ ਦੇ ਇਸ ਪ੍ਰਦਰਸ਼ਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਵਾਪਸ ਲੈਣ ਦੇ ਫੈਸਲੇ ਦਾ ਮਤਲਬ ਹੈ ਕਿ ਟੀਮ ਮੈਨੇਜਮੈਂਟ ਗਲਤੀਆਂ ਤੋਂ ਨਹੀਂ ਸਿੱਖੀ ਹੈ।


Aarti dhillon

Content Editor

Related News