T20 World Cup : ਆਤਮਵਿਸ਼ਵਾਸ ਨਾਲ ਭਰੀ ਭਾਰਤ ਅਤੇ ਹਾਰ ਤੋਂ ਨਿਰਾਸ਼ ਪਾਕਿਸਤਾਨ ਖਿਲਾਫ ਪਿੱਚ ’ਤੇ ਨਜ਼ਰਾਂ

06/09/2024 10:24:43 AM

ਨਿਊਯਾਰਕ- ਆਤਮਵਿਸ਼ਵਾਸ ਨਾਲ ਭਰੀ ਅਤੇ ਹਾਲਾਤ ਦੇ ਅਨੁਕੂਲ ਢਲ ਚੁੱਕੀ ਭਾਰਤੀ ਟੀਮ ਨਾਸਾਓ ਕਾਊਂਟੀ ਦੀ ਪੇਚੀਦਾ ਪਿੱਚ ’ਤੇ ਟੀ-20 ਵਿਸ਼ਵ ਕੱਪ ਦੇ ਬਹੁਚਰਚਿਤ ਮੁਕਾਬਲੇ ਵਿਚ ਅੱਜ ਭਾਵ ਐਤਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ, ਜਿਸਦਾ ਮਨੋਬਲ ਪਹਿਲੇ ਹੀ ਮੈਚ ਵਿਚ ਮਿਲੀ ਹੈਰਾਨੀਜਨਕ ਹਾਰ ਨੇ ਤੋੜ ਦਿੱਤਾ। ਟੂਰਨਾਮੈਂਟ ਵਿਚ ਸਭ ਤੋਂ ਵੱਧ ਭੀੜ ਖਿੱਚਣ ਵਾਲਾ ਮੁਕਾਬਲਾ 34,000 ਦਰਸ਼ਕਾਂ ਦੀ ਸਮਰੱਥਾ ਵਾਲੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਮੈਦਾਨ ਦੀ ਪਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸਦੀ ਭਾਰੀ ਆਲੋਚਨਾ ਤੋਂ ਬਾਅਦ ਆਈ. ਸੀ. ਸੀ. ਨੇ ਅਧਿਕਾਰਤ ਤੌਰ ’ਤੇ ਇਸ ਨੂੰ ਸਵੀਕਾਰ ਕੀਤਾ। ਹੁਣ ਤਕ ਇਸ ਸਟੇਡੀਅਮ ਵਿਚ ਹੋਏ ਤਿੰਨ ਮੈਚਾਂ ਦੀਆਂ 6 ਪਾਰੀਆਂ ਵਿਚ 2 ਵਾਰ ਹੀ ਟੀਮਾਂ 100 ਦੌੜਾਂ ਦੇ ਪਾਰ ਪਹੁੰਚ ਸਕੀਆਂ ਹਨ। ਸਾਬਕਾ ਕ੍ਰਿਕਟਰਾਂ ਨੂੰ ਤਾਂ ਇਹ ਵੀ ਲੱਗਦਾ ਹੈ ਕਿ ਘੱਟ ਸਕੋਰ ਵਾਲੇ ਮੈਚਾਂ ਨਾਲ ਕਿਵੇਂ ਅਮਰੀਕੀ ਬਾਜ਼ਾਰ ਵਿਚ ਕ੍ਰਿਕਟ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ। ਐਡੀਲੇਡ ਓਵਲ ਦੇ ਮੈਦਾਨ ਕਰਮਚਾਰੀ ਡੇਮੀਅਨ ਹਾਓਜ ਦੇ ਮਾਰਗਦਰਸ਼ਨ ਵਿਚ ਅਪ੍ਰੈਲ ਵਿਚ ਇੱਥੇ ਚਾਰ ‘ਡ੍ਰਾਪ ਇਨ’ ਪਿੱਚਾਂ ਵਿਛਾਈਆਂ ਗਈਆਂ ਸਨ ਜਿਹੜੀਆਂ ਅਜੇ ਤਕ ਜਮ ਨਹੀਂ ਸਕੀਆਂ ਹਨ। ਪਿੱਚ ਤੋਂ ਮਿਲ ਰਹੀ ਅਸਮਾਨੀ ਉਛਾਲ ਬੱਲੇਬਾਜ਼ਾਂ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਾ ਰਹੀ ਹੈ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਆਇਰਲੈਂਡ ਵਿਰੁੱਧ ਮੈਚ ਵਿਚ ਮੋਢੇ ਵਿਚ ਸੱਟ ਲੱਗੀ ਸੀ, ਜਿਸ ਨਾਲ ਉਸ ਨੂੰ ਮੈਦਾਨ ਛੱਡਣਾ ਪਿਆ ਸੀ। ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਸੀ, ‘‘ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ ਕਿ ਪਿੱਚ ਤੋਂ ਕੀ ਉਮੀਦ ਕੀਤੀ ਜਾਵੇ। ਅਸੀਂ ਹਾਲਾਤ ਦੇ ਅਨੁਸਾਰ ਤਿਆਰੀ ਕਰਾਂਗੇ। ਪਾਕਿਸਤਾਨ ਵਿਰੁੱਧ ਮੈਚ ਵਿਚ ਹਰ ਖਿਡਾਰੀ ਨੂੰ ਯੋਗਦਾਨ ਦੇਣਾ ਪਵੇਗਾ।’’
ਭਾਰਤ ਦੇ ਮੈਚ ਤੋਂ ਇਕ ਦਿਨ ਬਾਅਦ ਆਈ. ਸੀ. ਸੀ. ਨੂੰ ਪਿੱਚ ਨੂੰ ਲੈ ਕੇ ਸਾਰੇ ਸ਼ੱਕਾਂ ਦੇ ਹੱਲ ਲਈ ਬਿਆਨ ਜਾਰੀ ਕਰਨਾ ਪਿਆ। ਪਾਕਿਸਤਾਨ ਟੀਮ ਨੇ ਅਜੇ ਤਕ ਨਾਸਾਓ ਸਟੇਡੀਅਮ ਵਿਚ ਮੈਚ ਨਹੀਂ ਖੇਡਿਆ ਹੈ। ਪਹਿਲੇ ਮੈਚ ਵਿਚ ਅਮਰੀਕਾ ਹੱਥੋਂ ਹਾਰ ਜਾਣ ਵਾਲੀ ਪਾਕਿਸਤਾਨੀ ਟੀਮ ਵੀਰਵਾਰ ਦੀ ਰਾਤ ਹੀ ਇੱਥੇ ਪਹੁੰਚੀ ਹੈ। ਉਸ ਨੂੰ ਹਾਲਾਤ ਦੇ ਅਨੁਸਾਰ ਢਲਣ ਦਾ ਮੌਕਾ ਨਹੀਂ ਮਿਲ ਸਕਿਆ ਹੈ, ਜਿਸਦਾ ਉਸ ਨੂੰ ਨੁਕਸਾਨ ਹੋ ਸਕਦਾ ਹੈ।
ਭਾਰਤ ਹੱਥੋਂ ਹਾਰ ਜਾਣ ’ਤੇ ਸੁਪਰ 8 ਗੇੜ ਵਿਚ ਉਸਦੀ ਐਂਟਰੀ ਦਾ ਰਸਤਾ ਲੱਗਭਗ ਖਤਮ ਹੋ ਜਾਵੇਗਾ। ਆਇਰਲੈਂਡ ਵਿਰੁੱਧ ਭਾਰਤ ਨੇ ਖੱਬੇ ਹੱਥ ਦੇ ਆਰਮ ਸਪਿਨਰ ਕੁਲਦੀਪ ਯਾਦਵ ਨੂੰ ਨਹੀਂ ਉਤਾਰਿਆ ਸੀ ਤੇ ਇਕ ਵਾਧੂ ਮਾਹਿਰ ਤੇਜ਼ ਗੇਂਦਬਾਜ਼ ਨੂੰ ਜਗ੍ਹਾ ਦਿੱਤੀ ਗਈ ਸੀ। ਪਾਕਿਸਤਾਨ ਵਿਰੁੱਧ ਵੀ ਇਹ ਹੀ ਸੁਮੇਲ ਰਹਿਣ ਦੀ ਉਮੀਦ ਹੈ ਕਿਉਂਕਿ ਮੈਚ ਅਜਿਹੀ ਟਰਫ ’ਤੇ ਖੇਡਿਆ ਜਾਵੇਗਾ ਜਿਹੜੀ ਨਵੀਂ ਹੈ।
ਦੱਖਣੀ ਅਫਰੀਕਾ ਤੇ ਨੀਦਰਲੈਂਡ ਵੱਖ ਟਰਫ ’ਤੇ 8 ਜੂਨ ਨੂੰ ਖੇਡ ਰਹੇ ਸਨ। ਕੁਲਦੀਪ ਦੀ ਮੌਜੂਦਾ ਫਾਰਮ ਤੇ ਪਾਕਿਸਤਾਨੀ ਬੱਲੇਬਾਜ਼ ਖਾਸ ਤੌਰ ’ਤੇ ਬਾਬਰ ਆਜ਼ਮ ਵਿਰੁੱਧ ਉਸਦੀ ਉਪਯੋਗਿਤਾ ਨੂੰ ਦੇਖਦੇ ਹੋਏ ਉਸ ਨੂੰ ਉਤਾਰਿਆ ਜਾ ਸਕਦਾ ਹੈ। ਅਜਿਹੇ ਵਿਚ ਅਕਸ਼ਰ ਪਟੇਲ ਜਾਂ ਰਵਿੰਦਰ ਜਡੇਜਾ ਵਿਚੋਂ ਕਿਸੇ ਇਕ ਨੂੰ ਬਾਹਰ ਰਹਿਣਾ ਪਵੇਗਾ। ਬੱਲੇਬਾਜ਼ੀ ਵਿਚ ਰੋਹਿਤ ਤੇ ਵਿਰਾਟ ਕੋਹਲੀ ਪਾਰੀ ਦਾ ਆਗਾਜ਼ ਕਰਨਗੇ ਜਦਕਿ ਰਿਸ਼ਭ ਪੰਤ ਤੀਜੇ ਨੰਬਰ ’ਤੇ ਉਤਰੇਗਾ।
ਦੂਜੇ ਪਾਸੇ ਪਾਕਿਸਤਾਨ ਦੇ ਸਾਹਮਣੇ ਵੱਡੀ ਚੁਣੌਤੀ ਪਹਿਲੇ ਮੈਚ ਵਿਚ ਮਿਲੀ ਹਾਰ ਨੂੰ ਭੁਲਾਉਣ ਦੀ ਹੈ। ਅਮਰੀਕਾ ਵਿਰੁੱਧ ਪਹਿਲੇ ਮੈਚ ਵਿਚ ਸੁਪਰ ਓਵਰ ਵਿਚ ਮਿਲੀ ਹਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਟੀਮ ਇੰਨੀ ਹੈਰਾਨੀਜਨਕ ਕਿਉਂ ਮੰਨੀ ਜਾਂਦੀ ਹੈ। ਬਾਬਰ ਨੇ ਹਾਰ ਦਾ ਠੀਕਰਾ ਗੇਂਦਬਾਜ਼ਾਂ ’ਤੇ ਭੰਨਿਆ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੱਲੇਬਾਜ਼ਾਂ ਨੇ ਵੀ ਨਿਰਾਸ਼ ਕੀਤਾ। ਖੁਦ ਬਾਬਰ ਨੇ 44 ਦੌੜਾਂ ਬਣਾਉਣ ਲਈ 43 ਗੇਂਦਾਂ ਖੇਡ ਸੁੱਟੀਆਂ। ਵੈਸੇ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਪਿੱਚ ’ਤੇ ਸ਼ਾਹੀਨ ਸ਼ਾਹ ਅਫਰੀਦੀ ਦੀ ਅਗਵਾਈ ਵਿਚ ਪਾਕਿਸਤਾਨ ਦਾ ਤੇਜ਼ ਹਮਲਾ ਕਹਿਰ ਵਰ੍ਹਾਉਣ ਦਾ ਦਮ ਰੱਖਦਾ ਹੈ, ਬਸ਼ਰਤੇ ਉਹ ਆਪਣੀ ਸਮਰਥਾ ਦੇ ਅਨੁਸਾਰ ਇਨਸਾਫ ਕਰੇ। ਟੂਰਨਾਮੈਂਟ ਦੀ ਸ਼ੁਰੂਆਤ ਵਿਚ ਆਈ.ਐੱਸ. ਆਈ. ਐੱਸ. ਹੱਥੋਂ ਮਿਲੀ ਅੱਤਵਾਦੀ ਹਮਲੇ ਦੀ ਧਮਕੀ ਤੋਂ ਬਾਅਦ ਮੈਚ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨਾਸਾਓ ਕਾਊਂਟੀ ਦੇ ਪੁਲਸ ਕਮਿਸ਼ਨਰ ਪੈਟ੍ਰਿਕ ਰਾਈਡਰ ਨੇ ਹਾਲ ਹੀ ਵਿਚ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਕਿਹਾ ਸੀ, ‘‘ਭਾਰਤ-ਪਾਕਿਸਤਾਨ ਮੈਚ ਲਈ ਸੁਰੱਖਿਆ ਪ੍ਰਬੰਧ ਉਸੇ ਤਰ੍ਹਾਂ ਦੇ ਹਨ ਜਿਵੇਂ ਕੁਝ ਸਾਲ ਪਹਿਲਾਂ ਤੱਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਵਾਗਤ ਲਈ ਕੀਤੇ ਗਏ ਸਨ।’’
ਟੀਮਾਂ ਇਸ ਤਰ੍ਹਾਂ ਹਨ-
ਭਾਰਤ :
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਅਬਰਾਰ ਅਹਿਮਦ, ਆਜ਼ਮ ਖਾਨ, ਫਖਰ ਜ਼ਮਾਨ, ਹੈਰਿਸ ਰਾਊਫ, ਇਫਤਿਖਾਰ ਅਹਿਮਦ, ਇਮਾਦ ਵਸੀਮ, ਮੁਹੰਮਦ ਅੱਬਾਸ ਅਫਰੀਦੀ, ਮੁਹੰਮਦ ਆਮਿਰ, ਮੁਹੰਮਦ ਰਿਜ਼ਵਾਨ, ਨਸੀਮ ਸ਼ਾਹ, ਸੈਮ ਅਯੂਬ, ਸ਼ਾਦਾਬ ਖਾਨ, ਸ਼ਾਹੀਨ ਸ਼ਾਹ ਅਫਰੀਦੀ, ਉਸਮਾਨ ਖਾਨ।
 


Aarti dhillon

Content Editor

Related News