ਜਗਮੀਤ ਸਿੰਘ ਨੇ ਵਿਦੇਸ਼ੀ ਤਾਕਤਾਂ ਦੀ ਮਦਦ ਕਰਨ ਵਾਲੇ MPs ਨੂੰ ਦੇਸ਼ਧ੍ਰੋਹੀ ਦਿੱਤਾ ਕਰਾਰ

Friday, Jun 14, 2024 - 06:25 PM (IST)

ਜਗਮੀਤ ਸਿੰਘ ਨੇ ਵਿਦੇਸ਼ੀ ਤਾਕਤਾਂ ਦੀ ਮਦਦ ਕਰਨ ਵਾਲੇ MPs ਨੂੰ ਦੇਸ਼ਧ੍ਰੋਹੀ ਦਿੱਤਾ ਕਰਾਰ

ਓਟਾਵਾ: ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਵਿਦੇਸ਼ੀ ਤਾਕਤਾਂ ਦੀ ਕਥਿਤ ਮਦਦ ਕਰਨ ਵਾਲੇ ਐਮ.ਪੀਜ਼ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਹ ਖੁਦ ਵਿਦੇਸ਼ੀ ਦਖਲ ਦਾ ਨਿਸ਼ਾਨਾ ਬਣ ਚੁੱਕੇ ਹਨ। ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼ ਦੀ ਧਮਾਕਾਖੇਜ਼ ਰਿਪੋਰਟ ਦਾ ਅਣਸੋਧਿਆ ਰੂਪ ਪੜ੍ਹਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹ ਰਿਪੋਰਟ ਵਿਚਲੇ ਤੱਥਾਂ ਨਾਲ ਸਹਿਮਤ ਹਨ ਅਤੇ ਇਸ ਨੂੰ ਪੜ੍ਹਨ ਮਗਰੋਂ ਹੋਰ ਚਿੰਤਤ ਹੋ ਗਏ ਹਨ। ਪੱਤਰਕਾਰਾਂ ਨਾਲ ਲੰਮੀ ਗੱਲਬਾਤ ਦੌਰਾਨ ਜਗਮੀਤ ਸਿੰਘ ਨੇ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਕਿ ਕੀ ਉਹ ਮੌਜੂਦਾ ਐਮ.ਪੀਜ਼ ਦਾ ਜ਼ਿਕਰ ਕਰ ਰਹੇ ਹਨ। 

ਉਨ੍ਹਾਂ ਕਿਹਾ, ‘‘ਸਾਫ ਸ਼ਬਦਾਂ ਵਿਚ ਕਹਾਂ ਤਾਂ ਕਈ ਐਮ.ਪੀਜ਼ ਨੇ ਵਿਦੇਸ਼ੀ ਸਰਕਾਰਾਂ ਦੀ ਮਦਦ ਕੀਤੀ ਜੋ ਸਿੱਧੇ ਤੌਰ ’ਤੇ ਕੈਨੇਡਾ ਅਤੇ ਕੈਨੇਡੀਅਨਜ਼ ਦਾ ਵੱਡਾ ਨੁਕਸਾਨ ਹੈ।’’ ਜਗਮੀਤ ਸਿੰਘ ਨੇ ਅੱਗੇ ਕਿਹਾ ਕਿ ਕੁਝ ਮਾਮਲੇ ਉਨ੍ਹਾਂ ਅਪਰਾਧਕ ਮਹਿਸੂਸ ਹੋਏ ਅਤੇ ਇਨ੍ਹਾਂ ਨੂੰ ਅਦਾਲਤ ਵਿਚ ਲਿਜਾਇਆ ਜਾਣਾ ਚਾਹੀਦਾ ਹੈ। ਜਗਮੀਤ ਸਿੰਘ ਦੀ ਪ੍ਰੈਸ ਕਾਨਫਰੰਸ ਮਗਰੋਂ ਐਨ.ਡੀ.ਪੀ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਗਮੀਤ ਸਿੰਘ ਦੀਆਂ ਟਿੱਪਣੀਆਂ ਇਸ ਗੱਲ ਦੀ ਤਸਦੀਕ ਜਾਂ ਖੰਡਨ ਨਹੀਂ ਕਰਦਿਆਂ ਕਿਹਾ ਕਿ ਰਿਪੋਰਟ ਵਿਚਲੇ ਐਮ.ਪੀਜ਼ ਇਸ ਵੇਲੇ ਵੀ ਸੇਵਾਵਾਂ ਨਿਭਾਅ ਰਹੇ ਹਨ। ਹੈਰਾਨ ਇਸ ਗੱਲ ਦੀ ਹੈ ਕਿ ਗਰੀਨ ਪਾਰਟੀ ਦੀ ਆਗੂ ਐਲਿਜ਼ਾਬੈਥ ਮੇਅ ਨੇ ਰਿਪੋਰਟ ਪੜ੍ਹਨ ਮਗਰੋਂ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਐਮ.ਪੀ. ਗੱਦਾਰ ਨਜ਼ਰ ਨਹੀਂ ਆਉਂਦਾ। ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਕਿਹਾ ਸੀ ਕਿ ਸਾਡੇ ਨਾਲ ਬੈਠ ਰਹੇ ਕੁਝ ਐਮ.ਪੀਜ਼ ਕੀ ਆਪਣੇ ਨਿਜੀ ਹਿਤਾਂ ਲਈ ਕੈਨੇਡਾ ਨੂੰ ਵੇਚ ਰਹੇ ਹਨ? ਜੇ ਕੋਈ ਹੈ ਵੀ ਤਾਂ ਇਸ ਬਾਰੇ ਪੂਰੀ ਰਿਪੋਰਟ ਵਿਚ ਸਬੂਤ ਪੇਸ਼ ਨਹੀਂ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਬਦਲ ਸਕਦੀ ਹੈ ਕੈਨੇਡਾ ਦੀ ਪੋਸਟ ਸਟੱਡੀ ਵਰਕ ਪਰਮਿਟ ਸਕੀਮ, ਭਾਰਤੀ ਵਿਦਿਆਰਥੀਆਂ 'ਤੇ ਪਵੇਗਾ ਅਸਰ 

ਉਧਰ ਜਦੋਂ ਜਗਮੀਤ ਸਿੰਘ ਨੂੰ ਐਲਿਜ਼ਾਬੈਥ ਮੇਅ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਸੀਵਰੇ ’ਤੇ ਦੋਸ਼ ਲਾਉਣੇ ਸ਼ੁਰੂ ਕਰ ਦਿਤੇ। ਜਗਮੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਮਾਰਚ ਮਹੀਨੇ ਦੌਰਾਨ ਰਿਪੋਰਟ ਪੁੱਜ ਗਈ ਸੀ ਪਰ ਵਿਰੋਧੀ ਧਿਰ ਦੇ ਆਗੂ ਨੇ ਇਸ ਪੜ੍ਹਨ ਦੀ ਖੇਚਲ ਨਾ ਕੀਤੀ। ਦੱਸ ਦੇਈਏ ਕਿ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼ ਦੀ ਰਿਪੋਰਟ ਵਿਚ ਕੁਝ ਐਮ.ਪੀਜ਼ ਦਾ ਜ਼ਿਕਰ ਕਰਦਿਆਂ ਇਨ੍ਹਾਂ ’ਤੇ ਵਿਦੇਸ਼ੀ ਸਰਕਾਰਾਂ ਤੋਂ ਰਕਮ ਪ੍ਰਾਪਤ ਕਰਨ ਅਤੇ ਗੈਰਵਾਜਬ ਤਰੀਕੇ ਨਾਲ ਇਨ੍ਹਾਂ ਮੁਲਕਾਂ ਦੀਆਂ ਅੰਬੈਸੀਆਂ ਨਾਲ ਸੰਪਰਕ ਕਰਨ ਦਾ ਦੋਸ਼ ਲਾਇਆ ਗਿਆ ਹੈ ਪਰ ਅਜਿਹਾ ਕਰਨ ਵਾਲੇ ਐਮ.ਪੀਜ਼ ਦੀ ਗਿਣਤੀ ਨਹੀਂ ਦੱਸੀ ਗਈ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਰਿਪੋਰਟ ਵਿਚਲੇ ਤੱਥ ਜਨਤਕ ਹੋਣ ਮਗਰੋਂ ਕਿਹਾ ਸੀ ਕਿ ਦੋਸ਼ਾਂ ਬਾਰੇ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਰਿਪੋਰਟ ਵਿਚ ਹੀ ਭਾਰਤ ਨੂੰ ਕੈਨੇਡੀਅਨ ਲੋਕਤੰਤਰ ਦਾ ਦੂਜਾ ਸਭ ਤੋਂ ਵੱਡਾ ਦੁਸ਼ਮਣ ਵੀ ਕਰਾਰ ਦਿਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News