T20 WC 2024 :ਅਮਰੀਕਾ ਵਿਰੁੱਧ ਮੁਹਿੰਮ ਸ਼ੁਰੂ ਕਰੇਗਾ ਪਾਕਿਸਤਾਨ

Thursday, Jun 06, 2024 - 02:14 PM (IST)

T20 WC 2024 :ਅਮਰੀਕਾ ਵਿਰੁੱਧ ਮੁਹਿੰਮ ਸ਼ੁਰੂ ਕਰੇਗਾ ਪਾਕਿਸਤਾਨ

ਸਪੋਰਟਸ ਡੈਸਕ- ਪਿਛਲੇ ਟੂਰਨਾਮੈਂਟ ਦੇ ਉਪ ਜੇਤੂ ਪਾਕਿਸਤਾਨ ਦੀ ਟੱਕਰ ਅਮਰੀਕਾ ਨਾਲ ਹੋਵੇਗੀ। ਕਾਗਜ਼ਾਂ ’ਤੇ ਬਾਬਰ ਆਜ਼ਮ ਦੀ ਟੀਮ ਜਿੱਤ ਦੀ ਪ੍ਰਮੁੱਖ ਦਾਅਵੇਦਾਰ ਹੈ ਪਰ ਹਾਲੀਆ ਫਾਰਮ ਨੂੰ ਦੇਖਦੇ ਹੋਏ ਟੀਮ ਦਾ ਰਸਤਾ ਆਸਾਨ ਨਹੀਂ ਹੋਣ ਵਾਲਾ। ਪਾਕਿਸਤਾਨ ਨੇ ਆਇਰਲੈਂਡ ਵਿਰੁੱਧ ਟੀ-20 ਕੌਮਾਂਤਰੀ ਮੁਕਾਬਲਾ ਗੁਆਇਆ ਜਦਕਿ ਇੰਗਲੈਂਡ ਵਿਰੁੱਧ ਉਸ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਟੀ-20 ਵਿਸ਼ਵ ਕੱਪ ਦੀਆਂ ਉਸਦੀਆਂ ਤਿਆਰੀਆਂ ਜ਼ਿਆਦਾ ਚੰਗੀਆਂ ਨਹੀਂ ਰਹੀਆਂ। ਇਸ ਤੋਂ ਪਹਿਲਾਂ ਟੀਮ ਨੇ ਵਤਨ ਵਿਚ ਨਿਊਜ਼ੀਲੈਂਡ ਨਾਲ ਲੜੀ 2-2 ਨਾਲ ਬਰਾਬਰ ਕੀਤੀ ਸੀ ਜਦਕਿ ਮਹਿਮਾਨ ਟੀਮ ਦੀ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕਈ ਖਿਡਾਰੀ ਨਹੀਂ ਖੇਡੇ। 

ਕੁਝ ਸਮੇਂ ਲਈ ਸ਼ਾਹੀਨ ਅਫਰੀਦੀ ਨੂੰ ਕਪਤਾਨੀ ਸੌਂਪੇ ਜਾਣ ਤੋਂ ਬਾਅਦ ਟੀ-20 ਵਿਸ਼ਵ ਕੱਪ ਲਈ ਬਾਬਰ ਨੂੰ ਦੁਬਾਰਾ ਕਪਤਾਨ ਬਣਾਇਆ ਗਿਆ। ਸ਼ਾਹੀਨ ਨੂੰ ਬਾਅਦ ਵਿਚ ਉਪ ਕਪਤਾਨ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਪਰ ਉਸ ਨੇ ਇਨਕਾਰ ਕਰ ਦਿੱਤਾ। ਬਾਬਰ ਤੇ ਮੁਹੰਮਦ ਰਿਜ਼ਵਾਨ ਟੀ-20 ਸਵਰੂਪ ਵਿਚ ਪਾਕਿਸਤਾਨ ਦੇ ਸਭ ਤੋਂ ਵੱਧ ਨਿਰੰਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹਨ ਪਰ ਇਨ੍ਹਾਂ ਦੋਵਾਂ ਦੀ ਸਟ੍ਰਾਈਕ ਰੇਟ ਚਿੰਤਾ ਦਾ ਵਿਸ਼ਾ ਹੈ ਤੇ ਦੋਵੇਂ ਤੇਜ਼ੀ ਨਾਲ ਦੌੜਾਂ ਬਣਾਉਣ ਵਿਚ ਅਸਫਲ ਰਹੇ ਹਨ। ਪਾਕਿਸਤਾਨ ਦੀ ਟੀਮ ਹਾਲਾਂਕਿ ਆਪਣੇ ਦਿਨ ਕਿਸੇ ਨੂੰ ਵੀ ਹਰਾਉਣ ਦੀ ਸਮਰੱਥਾ ਰੱਖਦੀ ਹੈ। ਟੀਮ ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹੈਰਿਸ ਰਾਓਫ ਤੇ ਸੰਨਿਆਸ ਤੋਂ ਵਾਪਸੀ ਕਰਨ ਵਾਲੇ ਮੁਹੰਮਦ ਆਮਿਰ ਦੀ ਤੇਜ਼ ਗੇਂਦਬਾਜ਼ੀ ਚੌਕੜੀ ’ਤੇ ਕਾਫੀ ਨਿਰਭਰ ਹੈ। ਕੈਨੇਡਾ ਵਿਰੁੱਧ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ 7 ਵਿਕਟਾਂ ਦੀ ਜਿੱਤ ਤੋਂ ਬਾਅਦ ਅਮਰੀਕਾ ਦੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ।


author

Tarsem Singh

Content Editor

Related News