ਅਮਰੀਕਾ ਅਤੇ ਮੈਕਸੀਕੋ 2027 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਦੌੜ ਤੋਂ ਹਟੇ
Tuesday, Apr 30, 2024 - 04:03 PM (IST)
ਨਿਊਯਾਰਕ- ਯੂਐੱਸ ਸੌਕਰ ਫੈਡਰੇਸ਼ਨ ਅਤੇ ਮੈਕਸੀਕੋ ਦੇ ਸੰਘ ਨੇ 2027 ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਆਪਣੀ ਸੰਯੁਕਤ ਦਾਅਵੇਦਾਰੀ ਤੋਂ ਹਟਦੇ ਹੋਏ ਕਿਹਾ ਹੈ ਕਿ ਉਹ ਇਸ ਦੀ ਬਜਾਏ 2031 ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਕੋਸ਼ਿਸ਼ 'ਤੇ ਧਿਆਨ ਕੇਂਦਰਿਤ ਕਰਨਗੇ। ਅਮਰੀਕਾ ਅਤੇ ਮੈਕਸੀਕੋ ਦੇ ਇਸ ਫੈਸਲੇ ਤੋਂ ਬਾਅਦ 2027 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਦੌੜ 'ਚ ਬ੍ਰਾਜ਼ੀਲ ਅਤੇ ਜਰਮਨੀ-ਨੀਦਰਲੈਂਡ-ਬੈਲਜੀਅਮ ਦਾ ਸਾਂਝਾ ਦਾਅਵਾ ਹੈ। ਫੁੱਟਬਾਲ ਦੀ ਗਲੋਬਲ ਗਵਰਨਿੰਗ ਬਾਡੀ, ਫੀਫਾ ਦੀ ਕਾਂਗਰਸ, ਬੈਂਕਾਕ ਵਿੱਚ 17 ਮਈ ਨੂੰ ਆਪਣੀ ਮੀਟਿੰਗ ਦੌਰਾਨ ਇਨ੍ਹਾਂ ਦੋ ਦਾਅਵਿਆਂ ਵਿੱਚੋਂ ਇੱਕ ਦੀ ਚੋਣ ਕਰੇਗੀ।
ਯੂਐੱਸ ਫੈਡਰੇਸ਼ਨ ਨੇ ਕਿਹਾ ਕਿ 2031 ਦੀ ਬੋਲੀ ਫੀਫਾ ਨੂੰ ਪੁਰਸ਼ ਅਤੇ ਮਹਿਲਾ ਵਿਸ਼ਵ ਕੱਪ ਵਿੱਚ ਬਰਾਬਰ ਨਿਵੇਸ਼ ਕਰਨ ਲਈ ਕਹੇਗੀ।
ਫੀਫਾ ਨੇ ਪਿਛਲੇ ਸਾਲ ਕਿਹਾ ਸੀ ਕਿ ਉਨ੍ਹਾਂ ਨੇ ਸੰਯੁਕਤ ਰਾਜ, ਮੈਕਸੀਕੋ ਅਤੇ ਕੈਨੇਡਾ ਵਿੱਚ 2026 ਪੁਰਸ਼ ਵਿਸ਼ਵ ਕੱਪ ਲਈ ਪੁਰਸਕਾਰ ਰਾਸ਼ੀ ਵਿੱਚ 89 ਕਰੋੜ 60 ਲੱਖ ਡਾਲਰ ਖਰਚ ਕਰਨ ਦੀ ਯੋਜਨਾ ਬਣਾਈ ਹੈ। ਫੀਫਾ ਨੇ ਪਿਛਲੇ ਸਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਏ ਮਹਿਲਾ ਵਿਸ਼ਵ ਕੱਪ ਲਈ 11 ਕਰੋੜ ਡਾਲਰ ਪੁਰਸਕਾਰ ਵਜੋਂ ਦਿੱਤੇ ਸਨ।