ਮੁੰਬਈ ਲਈ ਬੁਰੀ ਖਬਰ, ਸੱਟ ਕਾਰਨ ਅਲਜ਼ਾਰੀ ਜੋਸੇਫ ਹੋ ਸਕਦਾ ਹੈ IPL ਤੋਂ ਬਾਹਰ
Monday, Apr 15, 2019 - 11:59 AM (IST)

ਸਪੋਰਟਸ ਡੈਸਕ— ਅਜਿਹੇ ਸਮੇਂ ਜਦੋਂ ਆਈ.ਪੀ.ਐੱਲ. 2019 ਆਪਣੇ ਅਹਿਮ ਪੜਾਅ 'ਤੇ ਪਹੁੰਚ ਚੁੱਕਾ ਹੈ ਉਦੋਂ ਮੁੰਬਈ ਇੰਡੀਅਨਜ਼ ਲਈ ਇਕ ਅਜਿਹੀ ਖਬਰ ਆ ਰਹੀ ਹੈ ਕਿ ਜੋ ਟੀਮ ਲਈ ਬੁਰੀ ਸਾਬਤ ਹੋ ਸਕਦੀ ਹੈ। ਖਬਰ ਹੈ ਕਿ ਮੁੰਬਈ ਦੇ ਤੂਫਾਨੀ ਗੇਂਦਬਾਜ਼ ਅਲਜ਼ਾਰੀ ਜੋਸੇਫ ਟੂਰਨਾਮੈਂਟ ਦੇ ਬਾਕੀ ਮੁਕਾਬਲਿਆਂ ਤੋਂ ਬਾਹਰ ਹੋ ਸਕਦੇ ਹਨ। ਰਾਜਸਥਾਨ ਖਿਲਾਫ ਸ਼ਨੀਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਆਪਣੇ ਸੱਜੇ ਮੋਢੇ 'ਤੇ ਸੱਟ ਲਗਾ ਬੈਠੇ ਅਲਜ਼ਾਰੀ ਹੁਣ ਸ਼ਾਇਦ ਡਗਆਊਟ 'ਚ ਬੈਠੇ ਨਜ਼ਰ ਆਉਣ। ਕੀਵੀ ਤੇਜ਼ ਗੇਂਦਬਾਜ਼ ਐਡਮ ਮਿਲਨੇ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਮੁੰਬਈ ਦੀ ਟੀਮ 'ਚ ਸ਼ਾਮਲ ਕੀਤੇ ਗਏ ਇਸ ਕੈਰੇਬੀਆਈ ਗੇਂਦਬਾਜ਼ ਨੇ ਆਪਣੇ ਡੈਬਿਊ ਮੈਚ 'ਚ ਹੀ ਇਤਿਹਾਸ ਰਚ ਦਿੱਤਾ ਸੀ।
ਹੈਦਰਾਬਾਦ ਖਿਲਾਫ ਉਸ ਮੈਚ 'ਚ 22 ਸਾਲਾ ਇਸ ਖਿਡਾਰੀ ਨੇ 3.4 ਓਵਰਸ 'ਚ 12 ਦੌੜਾਂ ਦੇ ਕੇ 6 ਵਿਕਟਾਂ ਲੈ ਕੇ 11 ਸਾਲ ਪੁਰਾਣਾ ਰਾਜਸਥਾਨ ਦੇ ਸੋਹੇਲ ਤਨਵੀਰ ਦਾ ਰਿਕਾਰਡ ਤੋੜ ਦਿੱਤਾ ਸੀ, ਜਿਨ੍ਹਾਂ ਨੇ 14 ਦੌੜਾਂ ਦੇ 6 ਵਿਕਟਾਂ ਝਟਕਾਈਆਂ ਸਨ। ਹਾਲਾਂਕਿ ਇਹ ਪੂਰਾ ਸਾਲ ਅਲਜ਼ਾਰੀ ਲਈ ਬੇਹੱਦ ਉਤਰਾਅ-ਚੜ੍ਹਾਅ ਭਰਿਆ ਰਿਹਾ। ਫਰਵਰੀ 'ਚ ਜਿੱਥੇ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਤਾਂ ਉਸ ਤੋਂ ਠੀਕ ਬਾਅਦ ਉਨ੍ਹਾਂ ਨੂੰ ਇੰਟਰਨੈਸ਼ਨਲ ਟੈਸਟ ਡੈਬਿਊ ਕਰਨ ਦਾ ਮੌਕਾ ਮਿਲਿਆ। ਸ਼ਨੀਵਾਰ ਨੂੰ ਖੇਡੇ ਗਏ ਜਿਸ ਮੁਕਾਬਲੇ 'ਚ ਉਨ੍ਹਾਂ ਨੂੰ ਸੱਟ ਲੱਗੀ, ਉਸ ਮੈਚ 'ਚ ਅਲਜ਼ਾਰੀ 3 ਓਵਰਸ 'ਚ 53 ਦੌੜਾਂ ਖਾ ਕੇ ਬੇਹੱਦ ਮਹਿੰਗੇ ਸਾਬਤ ਹੋਏ ਸਨ।
ਫਿਲਹਾਲ ਮੁੰਬਈ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਟੀਮ ਮੈਨੇਜਮੈਂਟ ਛੇਤੀ ਹੀ ਅਲਜ਼ਾਰੀ ਜੋਸੇਫ ਦੇ ਰਿਪਲੇਸਮੈਂਟ ਦੀ ਭਾਲ 'ਚ ਜੁਟੇਗਾ। ਸੋਮਵਾਰ ਨੂੰ ਘਰੇਲੂ ਮੈਦਾਨ 'ਤੇ ਮੁੰਬਈ ਦਾ ਸਾਹਮਣਾ ਬੈਂਗਲੁਰੂ ਨਾਲ ਹੋਵੇਗਾ, ਜਿਸ ਤੋ ਬਾਅਦ ਅਗਲੇ ਚਾਰ ਮੁਕਾਬਲੇ ਬਾਹਰ ਹੋਣਗੇ।