ਚੇਨਈ ਸੁਪਰ ਕਿੰਗਜ਼ ਦੇ ਸਾਰੇ ਟੈਸਟ ਨੈਗੇਟਿਵ, 4 ਸਤੰਬਰ ਤੋਂ ਸ਼ੁਰੂ ਕਰ ਸਕਦੇ ਹਨ ਟ੍ਰੇਨਿੰਗ

09/01/2020 7:40:05 PM

ਦੁਬਈ– ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ ਦੇ ਸਾਰੇ ਮੈਂਬਰਾਂ ਦੇ ਦੋ ਵਾਧੂ ਕੋਰੋਨਾ ਟੈਸਟਾਂ ਵਿਚੋਂ ਸੋਮਵਾਰ ਨੂੰ ਕੀਤੇ ਗਏ ਪਹਿਲੇ ਟੈਸਟ ਦੇ ਨਤੀਜੇ ਨੈਗੇਟਿਵ ਆਏ ਹਨ ਤੇ ਟੀਮ 4 ਸਤੰਬਰ ਤੋਂ ਆਪਣਾ ਅਭਿਆਸ ਸ਼ੁਰੂ ਕਰ ਸਕਦੀ ਹੈ। ਆਈ. ਪੀ. ਐੱਲ. ਦਾ 13ਵਾਂ ਸੈਸ਼ਨ ਯੂ. ਏ. ਈ. ਵਿਚ 19 ਸਤੰਬਰ ਤੋਂ ਸ਼ੁਰੂ ਹੋਣਾ ਹੈ। ਚੇਨਈ ਟੀਮ ਦੇ ਦੋ ਖਿਡਾਰੀਆਂ ਸਮੇਤ 13 ਮੈਂਬਰ ਹਾਲ ਹੀ ਵਿਚ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਟੀਮ ਦਾ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲਾ ਅਭਿਆਸ ਕੈਂਪ 1 ਸਤੰਬਰ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਆਈ. ਪੀ. ਐੱਲ. ਦੀਆਂ ਹੋਰ ਸਾਰੀਆ। ਟੀਮਾਂ ਆਪਣਾ ਅਭਿਆਸ ਸ਼ੁਰੂ ਕਰ ਚੁੱਕੀਆਂ ਹਨ ਤੇ ਸਿਰਫ ਚੇਨਈ ਦਾ ਅਭਿਆਸ ਸ਼ੁਰੂ ਨਹੀਂ ਹੋਇਆ। ਵੈਸੇ ਟੂਰਨਾਮੈਂਟ ਵਿਚ ਹੁਣ ਕੁਝ ਦਿਨ ਹੀ ਰਹਿੰਦੇ ਹਨ ਤੇ ਅਜੇ ਤਕ ਇਸ ਦਾ ਪ੍ਰੋਗਰਾਮ ਵੀ ਐਲਾਨ ਨਹੀਂ ਹੋਇਆ ਹੈ। ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਤੇ ਭਾਰਤ-ਏ ਦਾ ਬੱਲੇਬਾਜ਼ ਰੁਤੂਰਾਜ ਗਾਇਕਵਾੜ ਉਨ੍ਹਾਂ 13 ਲੋਕਾਂ ਵਿਚ ਸ਼ਾਮਲ ਹਨ, ਜਿਹੜੇ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਏ ਗਏ ਸਨ।
ਸੋਮਵਾਰ ਨੂੰ ਕੀਤੇ ਗਏ ਟੀਮ ਦੇ ਸਾਰੇ ਮੈਂਬਰਾਂ ਦੇ ਦੋ ਵਾਧੂ ਟੈਸਟਾਂ ਵਿਚੋਂ ਪਹਿਲੇ ਟੈਸਟ ਦਾ ਨਤੀਜਾ ਮੰਗਲਵਾਰ ਸਵੇਰੇ ਨੈਗੇਟਿਵ ਆਇਆ ਹੈ। ਦੂਜਾ ਟੈਸਟ 3 ਸਤੰਬਰ ਨੂੰ ਹੋਵੇਗਾ। ਜਿਹੜੇ ਖਿਡਾਰੀ ਤੇ ਮੈਂਬਰ ਪਹਿਲਾਂ ਪਾਜ਼ੇਟਿਵ ਪਾਏ ਗਏ ਸਨ, ਉਹ ਤਾਜਾ ਟੈਸਟਾਂ ਦਾ ਹਿੱਸਾ ਨਹੀਂ ਸੀ। ਪਹਿਲੇ ਪਾਜ਼ੇਟਿਵ ਪਾਏ ਗਏ 13 ਮੈਂਬਰਾਂ ਨੂੰ ਦੋ ਹਫਤੇ ਦੇ ਜ਼ਰੂਰੀ ਇਕਾਂਤਵਾਸ ਵਿਚੋਂ ਲੰਘਣ ਤੋਂ ਬਾਅਦ ਦੋ ਟੈਸਟਾਂ ਵਿਚੋਂ ਲੰਘਣਾ ਪਵੇਗਾ ਤੇ ਦੋਵੇਂ ਟੈਸਟਾਂ ਦਾ ਨਤੀਜਾ ਨੈਗੇਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਟੀਮ ਨਾਲ ਜੁੜਨ ਦੀ ਮਨਜ਼ੂਰੀ ਦਿੱਤੀ ਜਾਵੇਗੀ।


Gurdeep Singh

Content Editor

Related News