ਸਾਰਾ ਧਿਆਨ ਸੁਸ਼ੀਲ ਵਿਰੁੱਧ ਮੁਕਾਬਲੇ ''ਤੇ : ਰਾਣਾ

01/09/2018 2:23:11 AM

ਨਵੀਂ ਦਿੱਲੀ— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ 'ਤੇ ਕੁੱਟਮਾਰ ਦੇ ਦੋਸ਼ ਲਾ ਕੇ ਸੁਰਖੀਆਂ ਵਿਚ ਆਏ 74 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਦੇ ਪਹਿਲਵਾਨ ਪ੍ਰਵੀਨ ਰਾਣਾ ਨੇ ਸੋਮਵਾਰ ਕਿਹਾ ਕਿ ਉਸ ਦਾ ਪੂਰਾ ਧਿਆਨ ਸੁਸ਼ੀਲ ਵਿਰੁੱਧ 21 ਜਨਵਰੀ ਨੂੰ ਹੋਣ ਵਾਲੇ ਪ੍ਰੋ ਰੈਸਲਿੰਗ ਲੀਗ ਦੇ ਮੁਕਾਬਲੇ 'ਤੇ ਲੱਗਾ ਹੋਇਆ ਹੈ। 
ਪ੍ਰੋ ਰੈਸਲਿੰਗ ਲੀਗ ਦੀ ਨਵੀਂ ਟੀਮ ਵੀਰ ਮਰਾਠਾ ਦਾ ਸਟਾਰ ਪਹਿਲਵਾਨ ਰਾਣਾ ਆਪਣੀ ਟੀਮ ਦੇ ਹੋਰਨਾਂ ਸਾਥੀ ਪਹਿਲਵਾਨਾਂ ਨਾਲ ਇਥੇ ਇਕ ਪੱਤਰਕਾਰ ਸੰਮੇਲਨ 'ਚ ਮੌਜੂਦ ਸੀ। ਰਾਣਾ ਨੇ ਰਾਸ਼ਟਰਮੰਡਲ ਖੇਡਾਂ ਦੇ ਟ੍ਰਾਇਲ ਦੌਰਾਨ ਉਸ ਨਾਲ ਅਤੇ ਉਸ ਦੇ ਭਰਾ ਨਾਲ ਕੁੱਟਮਾਰ ਨੂੰ ਲੈ ਕੇ ਉੱਠੇ ਵਿਵਾਦ ਨੂੰ ਰੱਦ ਕਰਦਿਆਂ ਕਿਹਾ, ''ਮੇਰਾ ਧਿਆਨ ਸਿਰਫ 21 ਜਨਵਰੀ ਨੂੰ ਦਿੱਲੀ ਸੁਲਤਾਨਸ ਟੀਮ ਦੇ ਪਹਿਲਵਾਨ ਸੁਸ਼ੀਲ ਕੁਮਾਰ ਵਿਰੁੱਧ ਮੁਕਾਬਲੇ 'ਤੇ ਟਿਕਿਆ ਹੋਇਆ ਹੈ ਤੇ ਮੈਨੂੰ ਭਰੋਸਾ ਹੈ ਕਿ ਉਸ ਦਿਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।''
ਰਾਣਾ ਨੇ ਨਾਲ ਹੀ ਕਿਹਾ, ''ਸਿਰਫ ਸੁਸ਼ੀਲ ਹੀ ਨਹੀਂ, ਮੈਨੂੰ ਬਾਕੀ ਪਹਿਲਵਾਨਾਂ ਨਾਲ ਵੀ ਨਜਿੱਠਣਾ ਹੈ ਤਾਂ ਕਿ ਮੈਂ ਆਪਣੀ ਟੀਮ ਨੂੰ ਜਿੱਤ ਦਿਵਾ ਸਕਾਂ। ਸੁਸ਼ੀਲ ਵਿਰੁੱਧ ਮੇਰੇ ਪਿਛਲੇ ਦੋ ਮੁਕਾਬਲੇ ਕਾਫੀ ਨੇੜਲੇ ਰਹੇ ਸਨ ਤੇ ਮੈਂ ਉਨ੍ਹਾਂ ਮੁਕਾਬਲਿਆਂ ਦੀਆਂ ਵੀਡੀਓਜ਼ ਦੇਖੀਆਂ ਹਨ ਤੇ ਮੈਂ ਆਪਣੀ ਖੇਡ 'ਚ ਸੁਧਾਰ ਕਰ ਰਿਹਾ ਹਾਂ ਤਾਂ ਕਿ ਉਮੀਦਾਂ 'ਤੇ ਖਰਾ ਉਤਰ ਸਕਾਂ।''
ਪ੍ਰਵੀਨ ਰਾਣਾ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
ਕੌਮਾਂਤਰੀ ਪਹਿਲਵਾਨ ਪ੍ਰਵੀਨ ਰਾਣਾ ਨੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਉਸ ਨੂੰ ਮਾਰ ਦੇਣ ਦੀ ਧਮਕੀ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਅਪੀਲ ਕੀਤੀ ਹੈ। ਪ੍ਰਵੀਨ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸੁਸ਼ੀਲ ਤੇ ਅਣਪਛਾਤੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਸ ਦਾ ਪਰਿਵਾਰ ਇਨ੍ਹਾਂ ਲੋਕਾਂ ਦੀਆਂ ਧਮਕੀਆਂ ਤੋਂ ਡਰਿਆ ਹੋਇਆ ਹੈ ਤੇ ਉਸ ਦੇ ਅਭਿਆਸ 'ਚ ਵੀ ਅੜਿੱਕਾ ਆ ਰਿਹਾ ਹੈ।


Related News