ਭਾਜਪਾ ਸੰਸਦ ਮੈਂਬਰ ਰਾਣਾ ਨੂੰ ਰਾਹਤ, ਜਾਤੀ ਸਰਟੀਫਿਕੇਟ ਰੱਦ ਕਰਨ ਦਾ ਹੁਕਮ ਖਾਰਿਜ
Friday, Apr 05, 2024 - 01:50 PM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਅਮਰਾਵਤੀ ਦੀ ਮੌਜੂਦਾ ਸੰਸਦ ਮੈਂਬਰ ਨਵਨੀਤ ਕੌਰ ਰਾਣਾ ਨੂੰ ਵੱਡੀ ਰਾਹਤ ਦਿੰਦਿਆਂ ਹੋਇਆਂ ਉਨ੍ਹਾਂ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਬਹਾਲ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਟਿਕਟ ’ਤੇ ਦਲਿਤਾਂ ਲਈ ਰਾਖਵੀਂ ਮਹਾਰਾਸ਼ਟਰ ਸੀਟ ਤੋਂ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ 2021 ਦੇ ਫੈਸਲੇ ਨੂੰ ਖਾਰਿਜ ਕਰਦੇ ਹੋਏ ਰਾਣਾ ਦਾ ਜਾਤੀ ਸਰਟੀਫਿਕੇਟ ਬਹਾਲ ਕੀਤਾ। ਅਦਾਲਤ ਦਾ ਇਹ ਫੈਸਲਾ ਅਮਰਾਵਤੀ ਲੋਕ ਸਭਾ ਸੀਟ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਆਇਆ ਹੈ।
ਭਾਜਪਾ ਨੇ ਰਾਣਾ ਨੂੰ ਅਮਰਾਵਤੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਹਾਈ ਕੋਰਟ ਨੇ 8 ਜੂਨ, 2021 ਨੂੰ ਕਿਹਾ ਸੀ ਕਿ ਰਾਣਾ ਨੇ ਧੋਖੇ ਨਾਲ ਜਾਅਲੀ ਦਸਤਾਵੇਜ਼ਾਂ ਰਾਹੀਂ ‘ਮੋਚੀ’ ਜਾਤੀ ਸਰਟੀਫਿਕੇਟ ਹਾਸਲ ਕੀਤਾ ਸੀ। ਰਾਣਾ ਨੇ 2019 ਵਿਚ ਆਜ਼ਾਦ ਉਮੀਦਵਾਰ ਵਜੋਂ ਅਮਰਾਵਤੀ ਸੰਸਦੀ ਸੀਟ ਜਿੱਤੀ ਸੀ। ਉਹ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਈ ਹੈ ਅਤੇ ਉਸੇ ਹਲਕੇ ਤੋਂ ਟਿਕਟ ਮਿਲਣ ਤੋਂ ਬਾਅਦ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।