ਪੰਜਾਬ ਤੇ ਸਨਰਾਈਜ਼ਰਜ਼ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ

Monday, Apr 08, 2024 - 08:04 PM (IST)

ਪੰਜਾਬ ਤੇ ਸਨਰਾਈਜ਼ਰਜ਼ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ

ਮੁੱਲਾਂਪੁਰ, (ਭਾਸ਼ਾ)–ਪੰਜਾਬ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਮੰਗਲਵਾਰ ਨੂੰ ਇੱਥੇ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਦੋਵਾਂ ਦੀਆਂ ਨਜ਼ਰਾਂ ਜਿੱਤ ਹਾਸਲ ਕਰਕੇ ਅੰਕ ਸੂਚੀ ਵਿਚ ਆਪਣੀ ਸਥਿਤੀ ਬਿਹਤਰ ਕਰਨ ’ਤੇ ਟਿਕੀਆਂ ਹੋਣਗੀਆਂ। ਸਨਰਾਈਜ਼ਰਜ਼ ਤੇ ਪੰਜਾਬ ਦੋਵਾਂ ਨੇ 4-4 ਮੈਚਾਂ ਵਿਚ ਇਕ ਬਰਾਬਰ 2-2 ਜਿੱਤਾਂ ਦਰਜ ਕੀਤੀਆਂ ਹਨ ਤੇ ਦੋ ਮੈਚ ਗੁਆਏ ਹਨ। ਇਹ ਦੋਵੇਂ ਉਨ੍ਹਾਂ ਚਾਰ ਟੀਮਾਂ ਵਿਚ ਸ਼ਾਮਲ ਹਨ ਜਿਨ੍ਹਾਂ ਦੇ 4-4 ਅੰਕ ਹਨ ਤੇ ਦੋਵਾਂ ਦੀਆਂ ਨਜ਼ਰਾਂ ਜਿੱਤ ਹਾਸਲ ਕਰਕੇ ਅੰਕ ਸੂਚੀ ਵਿਚ ਅੱਗੇ ਵੱਧਣ ’ਤੇ ਲੱਗੀਆਂ ਹਨ।

ਸਨਰਾਈਜ਼ਰਜ਼ ਦੀ ਟੀਮ ਨੇ ਹੁਣ ਤਕ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਮੌਜੂਦਾ ਸੈਸ਼ਨ ਵਿਚ ਜ਼ਿਆਦਾਤਰ ਮੌਕਿਆਂ ’ਤੇ ਉਸਦੇ ਬੱਲੇਬਾਜ਼ਾਂ ਨੇ ਪ੍ਰਭਾਵਿਤ ਕੀਤਾ ਹੈ ਪਰ ਪੰਜਾਬ ਦੀ ਟੀਮ ਦੇ ਬਾਰੇ ਵਿਚ ਅਜਿਹਾ ਨਹੀਂ ਕਿਹਾ ਜਾ ਸਕਦਾ। ਮੁੰਬਈ ਇੰਡੀਅਨਜ਼ ਵਿਰੁੱਧ ਜਿੱਤ ਦੌਰਾਨ ਸਨਰਾਈਜ਼ਰਜ਼ ਨੇ ਆਈ. ਪੀ. ਐੱਲ. ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ ਜਦਕਿ ਸ਼ੁੱਕਰਵਾਰ ਨੂੰ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਵਿਰੁੱਧ ਵੀ ਟੀਮ ਨੇ 6 ਵਿਕਟਾਂ ਦੀ ਆਸਾਨ ਜਿੱਤ ਦਰਜ ਕੀਤੀ।

ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਹੈਨਰਿੰਕ ਕਲਾਸੇਨ ਤੇ ਐਡਨ ਮਾਰਕ੍ਰਾਮ ਵਰਗੇ ਬੱਲੇਬਾਜ਼ਾਂ ਨੇ ਵਿਰੋਧੀ ਗੇਂਦਬਾਜ਼ਾਂ ਵਿਰੁੱਧ ਹਮਲਾਵਰ ਰਵੱਈਆ ਅਪਣਾਇਆ ਹੈ ਤੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ ਹੈ। ਸ਼ਿਖਰ ਧਵਨ, ਜਾਨੀ ਬੇਅਰਸਟੋ ਤੇ ਲਿਆਮ ਲਿਵਿੰਗਸਟੋਨ ਦੀ ਮੌਜੂਦਗੀ ਵਿਚ ਪੰਜਾਬ ਕੋਲ ਵੀ ਵੱਡੀਆਂ ਸ਼ਾਟਾਂ ਖੇਡਣ ਵਾਲੇ ਖਿਡਾਰੀ ਹਨ ਪਰ ਕਪਤਾਨ ਧਵਨ ਤੋਂ ਇਲਾਵਾ ਹੋਰ ਕਿਸੇ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਨਜ਼ਰ ਨਹੀਂ ਆਈ ਹੈ। ਪੰਜਾਬ ਨੂੰ ਆਪਣੇ ਭਾਰਤੀ ਖਿਡਾਰੀਆਂ ਪ੍ਰਭਸਿਮਰਨ ਸਿੰਘ ਤੇ ਜਿਤੇਸ਼ ਸ਼ਰਮਾ ਤੋਂ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਜਿੱਤ ਕੇ ਇਸ ਮੈਚ ਵਿਚ ਉਤਰਨਗੀਆਂ ਤਾਂ ਨਵੇਂ ਬਣੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿਚ ਹੋਣ ਵਾਲੇ ਇਸ ਸਿਰਫ ਦੂਜੇ ਆਈ. ਪੀ. ਐੱਲ. ਮੈਚ ਵਿਚ ਪਾਵਰਪਲੇਅ ਵਿਚ ਟੀਮਾਂ ਦਾ ਪ੍ਰਦਰਸ਼ਨ ਅਹਿਮ ਭੂਮਿਕਾ ਨਿਭਾਏਗਾ। ਦੋਵੇਂ ਟੀਮਾਂ ਦੀ ਗੇਂਦਬਾਜ਼ੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੀ ਟੀਮ ਨੂੰ ਡੈੱਥ ਓਵਰਾਂ ਵਿਚ ਜੂਝਣਾ ਪਿਆ ਹੈ ਜਦਕਿ ਸਨਰਾਈਜ਼ਰਜ਼ ਦੇ ਗੇਂਦਬਾਜ਼ ਨਵੀਂ ਗੇਂਦ ਨਾਲ ਕਾਫੀ ਮਹਿੰਗੇ ਸਾਬਤ ਹੋਏ ਹਨ। ਪੰਜਾਬ ਲਈ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ 6 ਵਿਕਟਾਂ ਨਾਲ ਉਸਦਾ ਸਰਵਸ਼੍ਰੇਸਠ ਗੇਂਦਬਾਜ਼ ਰਿਹਾ ਹੈ ਪਰ ਡੈੱਥ ਓਵਰਾਂ ਦੇ ਮਾਹਿਰ ਅਰਸ਼ਦੀਪ ਸਿੰਘ ਤੇ ਹਰਸ਼ਲ ਪਟੇਲ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਟੀਮ ਲਈ ਚਿੰਤਾ ਦਾ ਵਿਸ਼ਾ ਹੈ। 

ਲੈੱਗ ਸਪਿਨਰ ਰਾਹੁਲ ਚਾਹਰ ਕਾਫੀ ਮਹਿੰਗਾ ਸਾਬਤ ਹੋਇਆ ਹੈ ਪਰ ਹਰਪ੍ਰੀਤ ਬਰਾੜ ਨੇ ਹੁਣ ਤਕ ਚੰਗਾ ਪ੍ਰਦਰਸ਼ਨ ਕੀਤਾ ਹੈ। ਹੈਦਰਾਬਾਦ ਵੱਲੋਂ ਜੈਦੇਵ ਉਨਾਦਕਤ, ਮਯੰਕ ਮਾਰਕੰਡੇ ਤੇ ਭੁਵਨੇਸ਼ਵਰ ਕੁਮਾਰ ਨੇ ਕਾਫੀ ਦੌੜਾਂ ਦਿੱਤੀਆਂ ਹਨ। ਕਾਫੀ ਤਜਰਬਾ ਹੋਣ ਦੇ ਬਾਵਜੂਦ ਭੁਵਨੇਸ਼ਵਰ ਨੂੰ ਨਵੀਂ ਗੇਂਦ ਨਾਲ ਜੂਝਣਾ ਪਿਆ ਹੈ। ਉਹ ਪਿਛਲੇ ਮੈਚ ਵਿਚ ਹਾਲਾਂਕਿ ਵਿਕਟ ਲੈਣ ਵਿਚ ਸਫਲ ਰਿਹਾ। ਦੋ ਮੈਚਾਂ ਵਿਚੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰਨ ਵਾਲੇ ਟੀ. ਨਟਰਾਜਨ ਨੇ ਹੁਣ ਤਕ 4 ਵਿਕਟਾਂ ਹਾਸਲ ਕੀਤੀਆਂ ਹਨ। ਹੁਣ ਤਕ 4 ਮੈਚਾਂ ਵਿਚ 5 ਵਿਕਟਾਂ ਲੈਣ ਵਾਲੇ ਕਪਤਾਨ ਪੈਟ ਕਮਿੰਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਉਸ ਨੂੰ ਬਾਕੀ ਗੇਂਦਬਾਜ਼ਾਂ ਤੋਂ ਲਗਾਤਾਰ ਸਮਰਥਨ ਦੀ ਲੋੜ ਹੈ। ਦੋਵੇਂ ਟੀਮਾਂ ਵਿਚਾਲੇ ਪਿਛਲੇ 5 ਮੈਚਾਂ ਵਿਚੋਂ ਸਨਰਾਈਜ਼ਰਜ਼ ਨੇ 3 ਜਦਕਿ ਪੰਜਾਬ ਨੇ 2 ਜਿੱਤੇ ਹਨ, ਜਿਸ ਨਾਲ ਦੋਵੇਂ ਟੀਮਾਂ ਵਿਚਾਲੇ ਇਕ ਹੋਰ ਰੋਮਾਂਚਕ ਮੁਕਾਬਲੇ ਦੀ ਉਮੀਦ ਹੈ।


author

Tarsem Singh

Content Editor

Related News