ਫੁੱਟਬਾਲ ਦੇ ਇੰਟਰਕਾਂਟੀਨੈਂਟਲ ਕੱਪ ਵਿਚ ਛੇਤਰੀ ਉੱਤੇ ਰਹਿਣਗੀਆਂ ਨਜ਼ਰਾਂ
Thursday, Jun 08, 2023 - 09:52 PM (IST)
ਭੁਵਨੇਸ਼ਵਰ- ਭਾਰਤੀ ਟੀਮ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਇੰਟਰਕਾਂਟੀਨੈਂਟਲ ਕੱਪ ਵਿਚ ਜਦੋਂ ਖਿਤਾਬ ਬਰਕਰਾਰ ਰੱਖਣ ਦੀ ਕਵਾਇਦ ਵਿਚ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਆਪਣੇ ਕੈਰੀਅਰ ਦੇ ਆਖਰੀ ਮੁਕਾਮ ਉੱਤੇ ਖੜ੍ਹੇ ਸੁਨੀਲ ਛੇਤਰੀ ਉੱਤੇ ਰਹਿਣਗੀਆਂ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਲੇਬਨਾਨ ਦਾ ਸਾਹਮਣਾ ਵਾਨੁਆਤੁ ਨਾਲ ਹੋਵੇਗਾ, ਜਦੋਂਕਿ ਭਾਰਤ ਦਿਨ ਦੇ ਦੂਜੇ ਮੈਚ ਵਿਚ ਮੰਗੋਲੀਆ ਨਾਲ ਖੇਡੇਗਾ।
ਭਾਰਤ ਫੀਫਾ ਰੈਂਕਿੰਗ ਵਿਚ 101ਵੇਂ ਅਤੇ ਮੰਗੋਲੀਆ 183ਵੇਂ ਸਥਾਨ ਉੱਤੇ ਹੈ। ਭਾਰਤ ਤੋਂ ਬਿਹਤਰ ਰੈਂਕਿੰਗ ਲੇਬਨਾਨ ਦੀ ਹੈ, ਜੋ 99ਵੇਂ ਸਥਾਨ ਉੱਤੇ ਹੈ। ਭਾਰਤ ਲਈ 131 ਅੰਤਰਰਾਸ਼ਟਰੀ ਮੈਚਾਂ ਵਿਚ ਸੱਭ ਤੋਂ ਜ਼ਿਆਦਾ 84 ਗੋਲ ਕਰਨ ਵਾਲੇ ਛੇਤਰੀ ਨੇ ਪਿਛਲੇ 2 ਦਹਾਕਿਆਂ ’ਚ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਇਸ ਟੂਰਨਾਮੈਂਟ ਵਿਚ ਭਾਰਤ ਦੇ 16 ਗੋਲ ਵਿਚੋਂ 11 ਛੇਤਰੀ ਨੇ ਕੀਤੇ ਹਨ।
ਟੂਰਨਾਮੈਂਟ ਵਿਚ ਹੈਟ੍ਰਿਕ ਲਾਉਣ ਵਾਲੇ ਉਹ ਇਕਮਾਤਰ ਖਿਡਾਰੀ ਹਨ। ਕਤਰ ਵਿਚ ਅਗਲੇ ਸਾਲ ਹੋਣ ਵਾਲੇ ਏਸ਼ੀਆਈ ਕੱਪ ਦੀ ਤਿਆਰੀ ਲਈ ਇਹ ਟੂਰਨਾਮੈਂਟ ਕਾਫੀ ਅਹਿਮ ਹੈ। ਭਾਰਤ ਇਸ ਤੋਂ ਪਹਿਲਾਂ ਸੈਫ ਚੈਂਪੀਅਨਸ਼ਿਪ ਅਤੇ ਮੇਰਡੇਕਾ ਕੱਪ ਵੀ ਖੇਡੇਗਾ। ਭਾਰਤ ਨੂੰ ਮੰਗੋਲੀਆ ਤੋਂ ਬਾਅਦ 12 ਜੂਨ ਨੂੰ ਵਾਨੁਆਤੂ ਨਾਲ ਅਤੇ 15 ਜੂਨ ਨੂੰ ਲੇਬਨਾਨ ਨਾਲ ਖੇਡਣਾ ਹੈ। ਚੋਟੀ ਦੀਆਂ 2 ਟੀਮਾਂ 18 ਜੂਨ ਨੂੰ ਫਾਈਨਲ ਖੇਡਣਗੀਆਂ।