ਓਲੰਪਿਕ ਚੈਂਪੀਅਨ ਨੂੰ ਹਰਾਉਣ ਤੋਂ ਬਾਅਦ ਇਤਿਹਾਸ ਬਣਾਉਣੋਂ ਖੁੰਝਿਆ ਪ੍ਰਣੀਤ

Monday, Mar 18, 2019 - 04:22 AM (IST)

ਓਲੰਪਿਕ ਚੈਂਪੀਅਨ ਨੂੰ ਹਰਾਉਣ ਤੋਂ ਬਾਅਦ ਇਤਿਹਾਸ ਬਣਾਉਣੋਂ ਖੁੰਝਿਆ ਪ੍ਰਣੀਤ

ਬਾਸੇਲ— ਭਾਰਤ ਦਾ ਸਟਾਰ ਸ਼ਟਲਰ ਤੇ 22ਵੀਂ ਰੈਂਕ ਬੀ. ਸਾਈ ਪ੍ਰਣੀਤ ਨੇ ਵੱਡਾ ਉਲਟਫੇਰ ਕਰਦਿਆਂ ਦੂਜਾ ਦਰਜਾ ਪ੍ਰਾਪਤ ਤੇ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਹਰਾ ਕੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ ਸੀ ਪਰ ਫਾਈਨਲ ਵਿਚ ਉਹ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਇਤਿਹਾਸ ਬਣਾਉਣ ਤੋਂ ਖੁੰਝ ਗਿਆ। 
ਪ੍ਰਣੀਤ ਨੂੰ ਐਤਵਾਰ ਫਾਈਨਲ ਵਿਚ ਚੋਟੀ ਦਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂਕੀ ਨੇ 1 ਘੰਟਾ 8 ਮਿੰਟ ਦੇ ਸੰਘਰਸ਼ ਵਿਚ 19-21, 21-18, 21-12 ਨਾਲ ਹਰਾ ਕੇ ਭਾਰਤੀ ਖਿਡਾਰੀ ਦਾ 2017 ਤੋਂ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਇਸ ਤੋਂ ਪਹਿਲਾਂ ਪ੍ਰਣੀਤ ਨੇ ਸ਼ਨੀਵਾਰ ਪੰਜਵੀਂ ਰੈਂਕਿੰਗ ਦੇ ਚੇਨ ਲੋਂਗ ਨੂੰ 46 ਮਿੰਟ ਵਿਚ 21-18, 21-13 ਨਾਲ ਹਰਾ ਕੇ ਤਹਿਲਕਾ ਮਚਾ ਦਿੱਤਾ ਸੀ। ਪ੍ਰਣੀਤ ਦੀ ਚੇਨ ਲੋਂਗ ਨਾਲ ਕਰੀਅਰ ਦੀ ਇਹ ਤੀਜੀ ਟੱਕਰ ਸੀ। ਇਸ ਤੋਂ ਪਿਛਲੇ ਦੋਵਾਂ ਮੈਚਾਂ ਵਿਚ ਪ੍ਰਣੀਤ ਨੂੰ ਚੀਨੀ ਖਿਡਾਰੀ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ ਤੇ ਇਸ ਸਾਲ ਇੰਡੋਨੇਸ਼ੀਆ ਮਾਸਟਰਸ ਵਿਚ ਵੀ ਭਾਰਤੀ ਖਿਡਾਰੀ ਨੂੰ ਲੋਂਗ ਨੇ ਹਰਾਇਆ ਸੀ। ਪਰ ਫਾਈਨਲ ਵਿਚ ਪ੍ਰਣੀਤ ਖਿਤਾਬ ਜਿੱਤਣ ਵਾਲਾ ਪੰਜਵਾਂ ਭਾਰਤੀ ਖਿਡਾਰੀ ਬਣਨ ਤੋਂ ਖੁੰਝ ਗਿਆ। ਸਾਇਨਾ ਨੇਹਵਾਲ ਨੇ 2011-12, ਕਿਦਾਂਬੀ ਸ਼੍ਰੀਕਾਂਤ ਨੇ 2015, ਐੱਚ. ਐੱਸ. ਪ੍ਰਣਯ ਨੇ 2016 ਤੇ ਸਮੀਰ ਵਰਮਾ ਨੇ 2018 'ਚ ਇਹ ਖਿਤਾਬ ਜਿੱਤਿਆ ਸੀ। 


author

Gurdeep Singh

Content Editor

Related News