CWC 2019 : ਆਸਟਰੇਲੀਆ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
Sunday, Jun 02, 2019 - 12:43 AM (IST)

ਬ੍ਰਿਸਟਲ— ਪੈਟ ਕਮਿੰਸ (40 ਦੌੜਾਂ 'ਤੇ 3 ਵਿਕਟਾਂ) ਤੇ ਐਡਮ ਜ਼ਾਂਪਾ (60 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਬੱਲੇਬਾਜ਼ ਡੇਵਿਡ ਵਾਰਨਰ (ਅਜੇਤੂ 89) ਤੇ ਕਪਤਾਨ ਆਰੋਨ ਫਿੰਚ (66) ਦੇ ਅਰਧ ਸੈਂਕੜਿਆਂ ਨਾਲ ਸਾਬਕਾ ਚੈਂਪੀਅਨ ਆਸਟਰੇਲੀਆ ਨੇ ਆਈ. ਸੀ. ਸੀ. ਵਿਸ਼ਵ ਕੱਪ-2019 ਦੇ ਆਪਣੇ ਪਹਿਲੇ ਮੈਚ ਵਿਚ ਸ਼ਨੀਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਵਲੋਂ ਨਜ਼ੀਬਉੱਲ੍ਹਾ ਜਾਦਰਾਨ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ ਜਦਕਿ ਰਹਿਮਤ ਸ਼ਾਹ ਨੇ 43 ਤੇ ਕਪਤਾਨ ਗੁਲਬਦਿਨ ਨੈਬ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਰਾਸ਼ਿਦ ਖਾਨ ਨੇ ਆਖਿਰ ਵਿਚ 27 ਦੌੜਾਂ ਬਣਾਈਆਂ, ਜਿਸ ਨਾਲ ਟੀਮ 200 ਦੌੜਾਂ ਦੇ ਪਾਰ ਪਹੁੰਚੀ।
ਵਿਸ਼ਵ ਕੱਪ ਵਿਚ ਇਹ ਲਗਾਤਾਰ ਚੌਥਾ ਮੈਚ ਹੈ ਜਦਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਵੱਡਾ ਸਕੋਰ ਬਣਾਉਣ ਵਿਚ ਅਸਫਲ ਰਹੀ। ਹਾਲਾਂਕਿ ਅਫਗਾਨਿਸਤਾਨ ਨੇ ਵਿਸ਼ਵ ਕੱਪ ਵਿਚ ਹੁਣ ਤਕ ਖੇਡ ਚੁੱਕੀਆਂ ਏਸ਼ੀਆ ਦੀਆਂ ਦੋ ਹੋਰ ਟੀਮਾਂ ਪਾਕਿਸਤਾਨ ਤੇ ਸ਼੍ਰੀਲੰਕਾ ਦੇ ਮੁਕਾਬਲੇ ਬੱਲੇਬਾਜ਼ੀ ਵਿਚ ਚੰਗਾ ਪ੍ਰਦਰਸ਼ਨ ਕੀਤਾ। ਪਾਕਿਸਤਾਨ ਦੀ ਟੀਮ ਵੈਸਟਇੰਡੀਜ਼ ਵਿਰੁੱਧ 105 ਦੌੜਾਂ ਤੇ ਸ਼੍ਰੀਲੰਕਾ ਦੀ ਟੀਮ ਨਿਊਜ਼ੀਲੈਂਡ ਵਿਰੁੱਧ 136 ਦੌੜਾਂ ਹੀ ਬਣਾ ਸਕੀ ਸੀ।
ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਟੀਮ ਵਲੋਂ ਕਪਤਾਨ ਆਰੋਨ ਫਿੰਚ ਨੇ ਧਮਾਕੇਦਾਰ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ । ਉਸ ਨੇ 49 ਗੇਂਦਾਂ 'ਤੇ 66 ਦੌੜਾਂ ਦੀ ਆਪਣੀ ਪਾਰੀ ਵਿਚ 6 ਚੌਕੇ ਤੇ 4 ਸ਼ਾਨਦਾਰ ਛੱਕੇ ਲਾਏ। ਵਾਰਨਰ ਨੇ ਆਪਣੀ ਅਜੇਤੂ 89 ਦੌੜਾਂ ਦੀ ਪਾਰੀ ਵਿਚ ਹਾਲਾਂਕਿ 114 ਗੇਂਦਾਂ ਖੇਡੀਆਂ ਤੇ 8 ਚੌਕੇ ਲਾਏ। ਸਟੀਵ ਸਮਿਥ 27 ਗੇਂਦਾਂ 'ਤੇ 18 ਦੌੜਾਂ ਬਣਾ ਕੇ ਆਊਟ ਹੋਇਆ ਜਦਕਿ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਚੌਕਾ ਲੇ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਤਰ੍ਹਾਂ ਆਸਟੇਲੀਆ ਨੇ 34.5 ਓਵਰਾਂ ਵਿਚ 3 ਵਿਕਟਾਂ 'ਤੇ 209 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ।