ACF ਨੇ ਗਰੈਂਡ ਮਾਸਟਰ ਡੀ. ਗੁਕੇਸ਼ ਨੂੰ ‘ਪਲੇਅਰ ਆਫ ਦਿ ਈਅਰ’ ਪੁਰਸਕਾਰ ਨਾਲ ਨਵਾਜਿਆ
03/03/2023 1:57:32 PM

ਆਬੂਧਾਬੀ (ਭਾਸ਼ਾ)- ਏਸ਼ੀਆਈ ਸ਼ਤਰੰਜ ਮਹਾਸੰਘ (ਏ. ਸੀ. ਐੱਫ.) ਨੇ ਭਾਰਤੀ ਗਰੈਂਡ ਮਾਸਟਰ ਡੀ. ਗੁਕੇਸ਼ ਨੂੰ ਪਿਛਲੇ ਸਾਲ ਮਹਾਬਲੀਪੁਰਮ ਵਿਚ 44ਵੇਂ ਸ਼ਤਰੰਜ ਓਲੰਪਿਆਡ ਵਿਚ ਰਿਕਾਰਡ ਸਕੋਰ (9/11) ਨਾਲ ਸੋਨ ਤਮਗਾ ਜਿੱਤਣ ਲਈ ‘ਪਲੇਅਰ ਆਫ ਦਿ ਈਅਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪਿਛਲੇ ਸਾਲ ਮਾਰਚ ਵਿਚ ਗੁਕੇਸ਼ 2700 ਈ. ਐੱਲ. ਓ. ਰੇਟਿੰਗ ਦਾ ਅੰਕੜਾ ਪਾਰ ਕਰਨ ਵਾਲਾ 6ਵਾਂ ਭਾਰਤੀ ਬਣਿਆ ਸੀ ਅਤੇ ਉਹ 2700 ਤੋਂ ਉੱਤੇ ਦੀ ਰੇਟਿੰਗ ਵਾਲੇ ਦੇਸ਼ ਦਾ ਸਭ ਤੋਂ ਨੌਜਵਾਨ ਗਰੈਂਡ ਮਾਸਟਰ ਵੀ ਹੈ। ਅਖਿਲ ਭਾਰਤੀ ਸ਼ਤਰੰਜ ਮਹਾਸੰਘ (ਏ. ਆਈ. ਸੀ. ਐੱਫ.) ਨੇ ਇੱਥੇ ਏ. ਸੀ. ਐੱਫ. ਦੇ ਸਾਲਾਨਾ ਸੰਮੇਲਨ ਵਿਚ ‘ਮੋਸਟ ਐਕਟਿਵ ਫੈੱਡਰੇਸ਼ਨ’ (ਸਭ ਤੋਂ ਸਰਗਰਮ ਮਹਾਸੰਘ) ਦਾ ਇਨਾਮ ਹਾਸਲ ਕੀਤਾ।
ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੂੰ 4 ਮਹੀਨਿਆਂ ਦੇ ਘੱਟ ਸਮੇਂ ਦੇ ਨੋਟਿਸ ਦੇ ਅੰਦਰ ਪਿਛਲੇ ਸਾਲ ਅਗਸਤ ਵਿਚ ਫਿਡੇ ਸ਼ਤਰੰਜ ਓਲੰਪਿਆਡ ਦੀ ਸਫਲ ਮੇਜ਼ਬਾਨੀ ਦੀ ਉਨ੍ਹਾਂ ਦੀ ਕੋਸ਼ਿਸ਼ ਲਈ ‘ਮੈਨ ਆਫ ਦਿ ਈਅਰ’ ਪੁਰਸਕਾਰ ਨਾਲ ਨਵਾਜਿਆ ਗਿਆ। ਭਾਰਤੀ ਮਹਿਲਾ ਟੀਮ ਵਿਚ ਕੋਨੇਰੂ ਹੰਪੀ, ਡੀ. ਹਰਿਕਾ, ਆਰ. ਵੈਸ਼ਾਲੀ, ਤਨੀਆ ਸੱਚਦੇਵ ਅਤੇ ਭਗਤੀ ਕੁਲਕਰਣੀ ਨੂੰ ਕਾਂਸੀ ਤਮਗਾ ਜਿੱਤਣ ਲਈ ‘ਬੈਸਟ ਵੂਮੈਨਸ ਟੀਮ ਆਫ ਦਿ ਈਅਰ’ ਨਾਲ ਨਵਾਜਿਆ ਗਿਆ, ਜਦੋਂਕਿ ਗਰੈਂਡ ਮਾਸਟਰ ਆਰ. ਬੀ. ਰਮੇਸ਼ ਪੁਰਸ਼ਾਂ ਦੇ ‘ਕੋਚ ਆਫ ਦਿ ਈਅਰ’ ਪੁਰਸਕਾਰ ਅਤੇ ਗਰੈਂਡ ਮਾਸਟਰ ਅਭਿਜੀਤ ਕੁੰਤੇ ਔਰਤਾਂ ਦੇ ‘ਕੋਚ ਆਫ ਦਿ ਈਅਰ’ ਪੁਰਸਕਾਰ ਲਈ ਚੁਣੇ ਗਏ।