ਅਬਦੁਸੱਤਾਰੋਵ ਨੇ ਫਿਰ ਬਣਾਈ ਬੜ੍ਹਤ, ਗੁਕੇਸ਼-ਪ੍ਰਗਿਆਨੰਦਾ ਵਿਚਾਲੇ ਬਾਜ਼ੀ ਡਰਾਅ
Thursday, Mar 07, 2024 - 07:12 PM (IST)
ਪ੍ਰਾਗ/ਚੈੱਕ ਗਣਰਾਜ, (ਨਿਕਲੇਸ਼ ਜੈਨ)- ਪ੍ਰਾਗ ਮਾਸਟਰਜ਼ ਸ਼ਤਰੰਜ ਦੇ ਸਤਵੇਂ ਰਾਊਂਡ ’ਚ ਉਜਬੇਕਿਸਤਾਨ ਨੇ ਨੋਦਿਰਬੇਕ ਅਬਦੁਸੱਤਾਰੋਵ ਨੇ ਜਰਮਨੀ ਦੇ ਵਿੰਸਨੇਟ ਕੇਮਰ ਨੂੰ ਹਰਾਉਂਦੇ ਹੋਏ 5 ਅੰਕ ਨਾਲ ਆਪਣੀ ਸਿੰਗਲ ਬੜ੍ਹਤ ਨੂੰ ਕਾਇਮ ਰੱਖਿਆ ਹੈ। ਹੁਣ ਬਚੇ ਹੋਏ 2 ਰਾਊਂਡ ’ਚ ਜੇਕਰ ਉਹ ਇਹ ਬੜ੍ਹਤ ਕਾਇਮ ਰੱਖਦਾ ਹੈ ਤਾਂ ਇਹ ਟੂਰਨਾਮੈਂਟ ਉਸ ਦੇ ਲਈ ਇਕ ਨਵੀਂ ਉਪਲੱਬਧੀ ਲੈ ਕੇ ਆ ਸਕਦਾ ਹੈ।
ਪ੍ਰਗਿਆਨੰਦਾ ਕੋਲੋਂ ਪਿਛਲੇ ਰਾਊਂਡ ’ਚ ਹਾਰਨ ਤੋਂ ਬਾਅਦ ਇਕ ਵਾਰ ਫਿਰ ਇਸ ਜਿੱਤ ਨਾਲ ਅਬਦੁਸੱਤਾਰੋਵ ਵਿਸ਼ਵ ਦਾ ਪੰਜਵੇਂ ਨੰਬਰ ਦਾ ਖਿਡਾਰੀ ਬਣ ਗਿਆ ਹੈ। ਉੱਥੇ ਹੀ ਭਾਰਤ ਦੇ ਵਿਦਿਤ ਗੁਜਰਾਤੀ ਨੂੰ ਟੂਰਨਾਮੈਂਟ ’ਚ ਲਗਾਤਾਰ ਤੀਸਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਰਾਨ ਦੇ ਪਰਹਮ ਮਘਸੂਦਲੂ ਨੇ ਉਸ ਨੂੰ ਹਰਾਉਂਦੇ ਹੋਏ ਟੂਰਨਾਮੈਂਟ ’ਚ 4.5 ਅੰਕਾਂ ਦੇ ਨਾਲ ਦੂਸਰਾ ਸਥਾਨ ਬਣਾ ਕੇ ਰੱਖਿਆ ਹੈ।
ਭਾਰਤ ਦੇ ਆਰ. ਪ੍ਰਗਿਆਨੰਦਾ ਅਤੇ ਡੀ ਗੁਕੇਸ਼ ਵਿਚਾਲੇ ਇਸ ਰਾਊਂਡ ’ਚ ਇਕ ਰੋਮਾਂਚਕ ਮੁਕਾਬਲਾ ਖੇਡਿਆ ਗਿਆ, ਜਿਸ ’ਚ ਗੁਕੇਸ਼ ਨੇ ਇਕ ਹਾਰੀ ਹੋਈ ਬਾਜ਼ੀ ਨੂੰ ਆਪਣੇ ਸ਼ਾਨਦਾਰ ਬਚਾਅ ਨਾਲ ਡਰਾਅ ’ਚ ਬਦਲ ਦਿੱਤਾ। ਹੋਰ ਮੁਕਾਬਲਿਆਂ ’ਚ ਚੈੱਕ ਗਣਰਾਜ ਦੇ ਥਾਈ ਡਾਈਵਾਨ ਨੇ ਰੋਮਾਨੀਆ ਦੇ ਰਿਚਰਡ ਰਾਪੋਰਟ ਨੂੰ ਹਰਾ ਕੇ ਲਗਾਤਾਰ ਆਪਣੀ ਦੂਸਰੀ ਜਿੱਤ ਦਰਜ ਕੀਤੀ, ਜਦਕਿ ਪੋਲੈਂਡ ਦੇ ਮਾਟੇਸ ਬਾਰਟੇਲ ਨੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨਾਲ ਬਾਜ਼ੀ ਡਰਾਅ ਖੇਡੀ।