ਖੇਡ ਮੰਤਰਾਲਾ ਨਾਲ ਪਹਿਲਵਾਨਾਂ ਦੀ ਬੈਠਕ ਖਤਮ, ਅਸਤੀਫਾ ਦੇ ਸਕਦੇ ਹਨ WFI ਪ੍ਰਧਾਨ ਬ੍ਰਿਜਭੂਸ਼ਣ ਸ਼ਰਨ!

Thursday, Jan 19, 2023 - 06:07 PM (IST)

ਖੇਡ ਮੰਤਰਾਲਾ ਨਾਲ ਪਹਿਲਵਾਨਾਂ ਦੀ ਬੈਠਕ ਖਤਮ, ਅਸਤੀਫਾ ਦੇ ਸਕਦੇ ਹਨ WFI ਪ੍ਰਧਾਨ ਬ੍ਰਿਜਭੂਸ਼ਣ ਸ਼ਰਨ!

ਸਪੋਰਟਸ ਡੈਸਕ- ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਪਹਿਲਵਾਨਾਂ ਦਾ ਪ੍ਰਦਰਸ਼ਨ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ। ਇਸ ਦੌਰਾਨ ਖੇਡ ਮੰਤਰਾਲੇ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਵਫ਼ਦ ਨੂੰ ਗੱਲਬਾਤ ਲਈ ਸ਼ਾਸਤਰੀ ਭਵਨ ਬੁਲਾਇਆ ਸੀ। ਇਸੇ ਦੌਰਾਨ ਖਬਰ ਆ ਰੀ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਪ੍ਰਧਾਨ ਬ੍ਰਿਜਭੂਸ਼ਣ ਸਿੰਘ 22 ਜਨਵਰੀ ਨੂੰ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ। ਕੁਸ਼ਤੀ ਮਹਾਸੰਘ ਦੀ ਬੈਠਕ 22 ਜਨਵਰ ਨੂੰ ਬੁਲਾਈ ਗਈ ਹੈ।

ਵੀਰਵਾਰ ਨੂੰ ਪਹਿਲਵਾਨ ਬਜਰੰਗ ਪੂਨੀਆ, ਉਨ੍ਹਾਂ ਦੀ ਪਤਨੀ ਸੰਗੀਤਾ, ਵਿਨੇਸ਼ ਫੋਗਾਟ, ਸਰਿਤਾ ਮੋਰ, ਅੰਸ਼ੂ ਮਲਿਕ,ਪੰਘਾਲ ਨੂੰ ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨੇ ਗੱਲਬਾਤ ਲਈ ਬੁਲਾਇਆ। ਉਨ੍ਹਾਂ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਅਤੇ ਸੰਯੁਕਤ ਸਕੱਤਰ (ਖੇਡਾਂ) ਕੁਨਾਲ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਖਤਮ ਹੋਣ ਤੋਂ ਬਾਅਦ ਬਜਰੰਗ ਜੰਤਰ-ਮੰਤਰ ਪਰਤ ਆਏ ਅਤੇ ਕਿਹਾ ਕਿ ਧਰਨਾ ਜਾਰੀ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਟੋਕੀਓ ਓਲੰਪਿਕ ਚਾਂਦੀ ਤਮਗਾ ਜੇਤੂ ਰਵੀ ਦਹੀਆ ਅਤੇ ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜੇਤੂ ਦੀਪਕ ਪੂਨੀਆ ਵੀ ਕਈ ਹੋਰਾਂ ਦੇ ਨਾਲ ਵੀਰਵਾਰ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਵਿਨੇਸ਼ ਫੋਗਾਟ ਨੇ ਕਿਹਾ ਕਿ ਸਾਨੂੰ ਸਿਰਫ਼ ਭਰੋਸਾ ਦਿੱਤਾ ਗਿਆ ਹੈ ਪਰ ਸਰਕਾਰ ਤੋਂ ਕੋਈ ਸੰਤੋਖਜਨਕ ਜਵਾਬ ਨਹੀਂ ਮਿਲਿਆ ਹੈ।

ਇਸ ਤੋਂ ਪਹਿਲਾਂ ਦੁਪਹਿਰ ਬਾਅਦ ਹਰਿਆਣਾ ਦੀ ਭਾਜਪਾ ਆਗੂ ਬਬੀਤਾ ਫੋਗਾਟ ਵੀ ਜੰਤਰ-ਮੰਤਰ ਪਹੁੰਚੀ। ਵਿਰੋਧ ਕਰ ਰਹੇ ਪਹਿਲਵਾਨ ਬਜਰੰਗ ਪੂਨੀਆ ਨੇ ਦੱਸਿਆ ਕਿ ਬਬੀਤਾ ਫੋਗਾਟ ਸਰਕਾਰ ਦੀ ਤਰਫੋਂ ਵਿਚੋਲਗੀ ਲਈ ਆਈ ਹੈ। ਬਬੀਤਾ ਫੋਗਾਟ ਨੇ ਕਿਹਾ, ''ਸਰਕਾਰ ਪਹਿਲਵਾਨਾਂ ਦੇ ਨਾਲ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਕਿਹਾ ਅਲਵਿਦਾ

ਮੈਂ ਅੱਜ ਹੀ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੀ। ਇਹ ਕੋਈ ਛੋਟੀ ਗੱਲ ਨਹੀਂ, ਜਿੱਥੇ ਅੱਗ ਲੱਗੀ ਉੱਥੇ ਧੂੰਆਂ ਉੱਠਦਾ ਹੈ। ਮੈਂ ਭਰੋਸਾ ਦਿਵਾਉਂਦੀ ਹਾਂ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ। ਦੱਸ ਦੇਈਏ ਕਿ ਭਾਰਤ ਦੇ ਮਸ਼ਹੂਰ ਪਹਿਲਵਾਨ ਰਾਜਧਾਨੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।

ਇਸ ਵਿੱਚ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਸੋਨਮ ਮਲਿਕ, ਸੰਗੀਤਾ ਫੋਗਾਟ ਅਤੇ ਵਿਨੇਸ਼ ਫੋਗਾਟ ਸਮੇਤ ਕਈ ਪਹਿਲਵਾਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਖ਼ਿਲਾਫ਼ ਧਰਨੇ 'ਤੇ ਬੈਠੇ ਹੋਏ ਹਨ। ਪਹਿਲਵਾਨਾਂ ਦਾ ਦੋਸ਼ ਹੈ ਕਿ ਸੰਘ ਉਨ੍ਹਾਂ 'ਤੇ ਤਾਨਾਸ਼ਾਹੀ ਥੋਪ ਰਿਹਾ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਬੁੱਧਵਾਰ ਨੂੰ, ਵਿਨੇਸ਼ ਨੇ ਦਾਅਵਾ ਕੀਤਾ ਸੀ ਕਿ WFI ਮੁਖੀ ਕਈ ਸਾਲਾਂ ਤੋਂ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ। ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News