ਗਲੀ ''ਚ ਖੇਡ ਰਹੇ ਬੱਚੇ ਨੂੰ ਨੌਜਵਾਨਾਂ ਨੇ ਵਿਖਾਈ ਪਿਸਤੌਲ, ਘਟਨਾ CCTV ''ਚ ਕੈਦ
Tuesday, May 06, 2025 - 11:02 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) - ਸ਼ਹਿਰ ਦੇ ਪ੍ਰਾਚੀਨ ਮੰਦਰ ਮੰਦਰ ਮਾਤਾ ਜੱਜਲ ਵਾਲੀ ਗਲੀ 'ਚ ਖੇਡ ਰਹੇ 7 ਸਾਲ ਦੇ ਬੱਚੇ ਨੂੰ ਦੋ ਨੌਜਵਾਨਾਂ ਨੇ ਪਿਸਤੌਲ ਵਿਖਾਈ ਜਿਸ ਨਾਲ ਬੱਚਾ ਡਰ ਗਿਆ ਅਤੇ ਆਪਣੇ ਘਰ ਦੇ ਅੰਦਰ ਵੜ ਗਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਬੱਚੇ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਮਾਤਾ ਜੱਜਲ ਵਾਲੀ ਗਲੀ 'ਚ ਰਹਿੰਦੇ ਸੋਨੂੰ ਬੱਬਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਬੇਟਾ ਸ਼ਿਵਾਸ਼ ਜਿਸ ਦੀ ਉਮਰ 7 ਸਾਲ ਦੇ ਕਰੀਬ ਹੈ ਅਤੇ ਉਹ ਆਪਣੇ ਨਾਨਕੇ ਦੇ ਘਰ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਆਇਆ ਹੋਇਆ ਸੀ। ਜਦੋਂ ਬੀਤੇ ਐਤਵਾਰ ਦੀ ਦੇਰ ਸ਼ਾਮ ਨੂੰ ਬੱਚਾ ਗਲੀ ਵਿੱਚ ਖੇਡਣ ਵਾਸਤੇ ਨਿਕਲਿਆ ਤਾਂ ਗਲੀ 'ਚ ਹੀ ਆ ਰਹੇ ਦੋ ਨੌਜਵਾਨਾਂ ਨੇ ਬੱਚੇ ਨੂੰ ਪਿਸਤੌਲ ਦਿਖਾ ਦਿੱਤੀ ਅਤੇ ਬੱਚਾ ਡਰ ਕੇ ਆਪਣੇ ਘਰ ਅੰਦਰ ਵੜ ਗਿਆ ਅਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਉਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ। ਜਦੋਂ ਘਰ ਵਾਲਿਆਂ ਨੇ ਬਾਹਰ ਜਾ ਕੇ ਨੌਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਨਜ਼ਰ ਨਹੀਂ ਆਇਆ ਅਤੇ ਇਹ ਸਾਰੀ ਘਟਨਾ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਨੌਜਵਾਨਾਂ ਨੇ ਬੱਚੇ ਨੂੰ ਪਿਸਤੌਲ ਕਿਉਂ ਵਿਖਾਈ ਉਨ੍ਹਾਂ ਦਾ ਕੀ ਇਰਾਦਾ ਸੀ ਇਹ ਪਿਸਤੌਲ ਅਸਲੀ ਸੀ ਜਾਂ ਨਕਲੀ ਸੀ ਇਹ ਤਾਂ ਹੁਣ ਪੁਲਸ ਇਹਨਾਂ ਨੌਜਵਾਨਾਂ ਨੂੰ ਫੜ ਕੇ ਹੀ ਪਤਾ ਲਗਾ ਸਕਦੀ ਹੈ। ਇਸ ਘਟਨਾ ਦੀ ਚਰਚਾ ਸਾਰੇ ਸ਼ਹਿਰ ਵਿੱਚ ਹੋ ਰਹੀ ਹੈ ਪਰਿਵਾਰਿਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਹਨਾਂ ਨੌਜਵਾਨਾਂ ਦੀ ਪਹਿਚਾਨ ਕਰਕੇ ਇਹਨਾਂ ਨੂੰ ਫੜਿਆ ਜਾਵੇ ਅਤੇ ਪੁੱਛਗਿੱਛ ਕੀਤੀ ਜਾਵੇ ਅਤੇ ਇਹਨਾਂ ਦੇ ਕੀ ਇਰਾਦੇ ਸਨ ਅਤੇ ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।