IPL 2023 ਦੀ ਨਿਲਾਮੀ ਲਈ 991 ਖਿਡਾਰੀਆਂ ਨੇ ਕੀਤਾ ਰਜਿਸਟਰ
Friday, Dec 02, 2022 - 11:19 AM (IST)
ਨਵੀਂ ਦਿੱਲੀ (ਭਾਸ਼ਾ)- ਕੋਚੀ ਵਿੱਚ 23 ਦਸੰਬਰ ਨੂੰ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਦੀ ਖਿਡਾਰੀਆਂ ਦੀ ਨਿਲਾਮੀ ਲਈ 714 ਭਾਰਤੀਆਂ ਸਮੇਤ ਕੁੱਲ 991 ਕ੍ਰਿਕਟਰਾਂ ਨੇ ਰਜਿਸਟਰੇਸ਼ਨ ਕਰਵਾਇਆ ਹੈ। ਇਸ ਸੂਚੀ 'ਚ ਭਾਰਤ ਤੋਂ ਇਲਾਵਾ 14 ਹੋਰ ਦੇਸ਼ਾਂ ਦੇ ਖਿਡਾਰੀ ਸ਼ਾਮਲ ਹਨ। ਵਿਦੇਸ਼ੀ ਖਿਡਾਰੀਆਂ ਦੀ ਸੂਚੀ ਵਿੱਚ ਆਸਟਰੇਲੀਆ ਦੇ ਸਭ ਤੋਂ ਵੱਧ 57 ਕ੍ਰਿਕਟਰ ਇਸ ਨਿਲਾਮੀ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ 52 ਖਿਡਾਰੀ ਹਨ। ਸੂਚੀ ਵਿੱਚ ਵੈਸਟਇੰਡੀਜ਼ (33), ਇੰਗਲੈਂਡ (31), ਨਿਊਜ਼ੀਲੈਂਡ (27), ਸ੍ਰੀਲੰਕਾ (23), ਅਫਗਾਨਿਸਤਾਨ (14), ਆਇਰਲੈਂਡ (8), ਨੀਦਰਲੈਂਡ (7), ਬੰਗਲਾਦੇਸ਼ (6), ਯੂਏਈ (6), ਜ਼ਿੰਬਾਬਵੇ (6), ਨਾਮੀਬੀਆ (5) ਅਤੇ ਸਕਾਟਲੈਂਡ 2) ਦੇ ਖਿਡਾਰੀ ਵੀ ਸ਼ਾਮਲ ਹਨ।
ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਜਾਰੀ ਬਿਆਨ ਵਿਚ ਸਕੱਤਰ ਜੈ ਸ਼ਾਹ ਨੇ ਕਿਹਾ, "ਜੇਕਰ ਹਰੇਕ ਫਰੈਂਚਾਈਜ਼ੀ ਆਪਣੀ ਟੀਮ ਵਿੱਚ ਵੱਧ ਤੋਂ ਵੱਧ 25 ਖਿਡਾਰੀ ਸ਼ਾਮਲ ਕਰਦੀ ਹੈ, ਤਾਂ ਇਸ ਨਿਲਾਮੀ ਵਿੱਚ ਕੁੱਲ 87 ਖਿਡਾਰੀਆਂ ਲਈ ਬੋਲੀ ਲਗਾਈ ਜਾਵੇਗੀ।" ਇਸ ਵਿਚ 30 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ।” ਖਿਡਾਰੀਆਂ ਦੀ ਸੂਚੀ ਵਿੱਚ 185 ਕੈਪਡ (ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ), 786 ਅਨਕੈਪਡ ਅਤੇ 20 ਐਸੋਸੀਏਟ ਦੇਸ਼ਾਂ ਦੇ 20 ਖਿਡਾਰੀ ਸ਼ਾਮਲ ਹਨ। ਇਸ ਸੂਚੀ ਵਿੱਚ 604 ਅਨਕੈਪਡ ਭਾਰਤੀ ਖਿਡਾਰੀ ਹਨ, ਜਿਨ੍ਹਾਂ ਵਿੱਚੋਂ 91 ਇਸ ਤੋਂ ਪਹਿਲਾਂ ਆਈ.ਪੀ.ਐੱਲ. ਦਾ ਹਿੱਸਾ ਰਹਿ ਚੁੱਕੇ ਹਨ।