ਅੱਜ 7ਵਾਂ ਏਸ਼ੀਆ ਕੱਪ ਜਿੱਤਣ ਉਤਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ, ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Saturday, Oct 15, 2022 - 11:27 AM (IST)

ਅੱਜ 7ਵਾਂ ਏਸ਼ੀਆ ਕੱਪ ਜਿੱਤਣ ਉਤਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ, ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

ਸਿਲਹਟ (ਭਾਸ਼ਾ) – ਹੁਣ ਤਕ ਜ਼ਿਆਦਾਤਰ ਮੈਚਾਂ ਵਿਚ ਇਕਪਾਸੜ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਅੱਜ ਸ਼੍ਰੀਲੰਕਾ ਵਿਰੁੱਧ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਰਿਕਾਰਡ 7ਵੀਂ ਵਾਰ ਖਿਤਾਬ ਜਿੱਤ ਕੇ ਇਸ ਮਹਾਦੀਪੀ ਪ੍ਰਤੀਯੋਗਿਤਾ ਵਿਚ ਆਪਣੀ ਬਾਦਸ਼ਾਹਤ ਫਿਰ ਤੋਂ ਕਾਇਮ ਕਰਨ ਲਈ ਉਤਰੇਗੀ। ਇਸ ਪ੍ਰਤੀਯੋਗਿਤਾ ਵਿਚ ਭਾਰਤ ਨੂੰ ਆਪਣੇ ਦੂਜੀ ਸ਼੍ਰੇਣੀ ਦੇ ਖਿਡਾਰੀਆਂ ਨੂੰ ਅਜਮਾਉਣ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੀ ਮਜ਼ਬੂਤੀ ਦਾ ਵੀ ਪਤਾ ਲੱਗਿਆ, ਕਿਉਂਕਿ ਕਪਤਾਨ ਹਰਮਨਪ੍ਰੀਤ ਕੌਰ ਤੇ ਉਪ ਕਪਤਾਨ ਸ੍ਰਮਿਤੀ ਮੰਧਾਨਾ ਦੇ ਜ਼ਿਆਦਾ ਯੋਗਦਾਨ ਨਾ ਦੇਣ ਦੇ ਬਾਵਜੂਦ ਆਸਾਨੀ ਨਾਲ ਫਾਈਨਲ ਵਿਚ ਜਗ੍ਹਾ ਬਣਾ ਲਈ।

PunjabKesari

ਭਾਰਤੀ ਟੀਮ ਦਾ ਅਸਰ ਇਸ ਕਦਰ ਰਿਹਾ ਕਿ ਕਪਤਾਨ ਹਰਮਨਪ੍ਰੀਤ ਨੇ ਸਿਰਫ਼ 4 ਮੈਚ ਖੇਡੇ, ਜਿਨ੍ਹਾਂ ਵਿਚ ਉਸ ਨੇ 81 ਦੌੜਾਂ ਬਣਾਈਆਂ ਅਤੇ 72 ਗੇਂਦਾਂ ਦਾ ਸਾਹਮਣਾ ਕੀਤਾ। ਇੱਥੋਂ ਤਕ ਕਿ 3 ਮੈਚਾਂ ਵਿਚ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਮੰਧਾਨਾ ਵੀ ਇਕ ਮੈਚ ਵਿਚ ਨਹੀਂ ਖੇਡੀ ਸੀ। ਉਸ ਨੇ ਵੀ ਆਪਣੇ ਵਲੋਂ ਜ਼ਿਆਦਾ ਯੋਗਦਾਨ ਨਹੀਂ ਦਿੱਤਾ। ਟੂਰਨਾਮੈਂਟ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਰਹੀ ਕਿ ਜੂਨੀਅਰ ਖਿਡਾਰਨਾਂ ਨੇ ਦਬਾਅ ਦੇ ਹਾਲਾਤ ਵਿਚ ਚੰਗਾ ਪ੍ਰਦਰਸ਼ਨ ਕੀਤਾ। ਤਿੰਨ ਨੌਜਵਾਨ ਖਿਡਾਰਨਾਂ 18 ਸਾਲਾ ਸ਼ੈਫਾਲੀ ਵਰਮਾ (161 ਦੌੜਾਂ ਤੇ 3 ਵਿਕਟਾਂ), 22 ਸਾਲਾ ਜੇਮਿਮਾ ਰੋਡ੍ਰਿਗਜ਼ (215 ਦੌੜਾਂ) ਤੇ 25 ਸਾਲਾ ਦੀਪਤੀ ਸ਼ਰਮਾ (94 ਦੌੜਾਂ ਤੇ 13 ਵਿਕਟਾਂ) ਨੇ ਬਾਖੂਬੀ ਜ਼ਿੰਮੇਵਾਰੀ ਸੰਭਾਲੀ।

ਭਾਰਤ ਨੂੰ ਟੂਰਨਾਮੈਂਟ ਵਿਚ ਇਕਲੌਤੀ ਹਾਰ ਪੁਰਾਣੇ ਵਿਰੋਧੀ ਪਾਕਿਸਤਾਨ ਹੱਥੋਂ ਮਿਲੀ। ਭਾਰਤ ਨੂੰ ਪਾਕਿਸਤਾਨ ਤੋਂ ਬਦਲਾ ਲੈਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਸ਼੍ਰੀਲੰਕਾ ਨੇ ਸੈਮੀਫਾਈਨਲ ਵਿਚ ਉਸ ਨੂੰ 1 ਦੌੜਾਂ ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ। ਜਿੱਥੋਂ ਤਕ ਫਾਈਨਲ ਦਾ ਸਵਾਲ ਹੈ ਤਾਂ ਭਾਰਤ ਦਾ ਪੱਲੜਾ ਭਾਰੀ ਨਜ਼ਰ ਆਉਂਦਾ ਹੈ, ਕਿਉਂਕਿ ਸ਼੍ਰੀਲੰਕਾ ਵਲੋਂ ਸਿਰਫ਼ ਇਕ ਬੱਲੇਬਾਜ਼ ਓਸ਼ਾਦੀ ਰਣਸਿੰਘੇ ਨੇ 100 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਇੱਥੇ ਹੀ ਨਹੀਂ, ਉਸਦੀਆਂ ਸਿਰਫ਼ ਦੋ ਬੱਲੇਬਾਜ਼ਾਂ ਹਰਸ਼ਿਤਾ ਮਡਾਵੀ (201 ਦੌੜਾਂ) ਤੇ ਨਿਲਾਕਸ਼ੀ ਡੀ ਸਿਲਵਾ (124 ਦੌੜਾਂ) ਨੇ ਟੂਰਨਾਮੈਂਟ ਵਿਚ ਹੁਣ ਤਕ 100 ਤੋਂ ਵੱਧ ਦੌੜਾਂ ਬਣਾਈਆਂਹਨ। ਉਸਦੀ ਨਾਮੀ ਬੱਲੇਬਾਜ਼ ਚਮਾਰੀ ਅਟਾਪੱਟੂ ਸਿਰਫ਼ 96 ਦੌੜਾਂ ਹੀ ਬਣਾ ਸਕੀ ਅਤੇ ਉਸਦੀ ਸਟ੍ਰਾਈਕ ਰੇਟ 85 ਹੈ।

PunjabKesari

ਗੇਂਦਬਾਜ਼ੀ ਵਿਚ ਸਿਰਫ਼ ਇਕ ਗੇਂਦਬਾਜ਼ ਖੱਬੇ ਹੱਥ ਦੀ ਸਪਿਨਰ ਇਨੋਕਾ ਰਣਵੀਰਾ (12 ਵਿਕਟਾਂ) ਹੀ ਅਸਰ ਛੱਡ ਸਕੀ ਹੈ। ਅਜਿਹੇ ਵਿਚ ਸ਼੍ਰੀਲੰਕਾ ਲਈ ਭਾਰਤ ਵਰਗੀ ਮਜ਼ਬੂਤ ਟੀਮ ਨੂੰ ਟੱਕਰ ਦੇਣਾ ਬਹੁਤ ਮੁਸ਼ਕਿਲ ਹੋਵੇਗਾ। ਹਾਲਾਂਕਿ 4 ਸਾਲ ਪਹਿਲਾਂ ਮਲੇਸ਼ੀਆ ਵਿਚ ਬੰਗਲਾਦੇਸ਼ ਨੇ ਭਾਰਤ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਖਿਤਾਬ ਜਿੱਤ ਲਿਆ ਸੀ। ਸੈਮੀਫਾਈਨਲ ਵਿਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਸ਼੍ਰੀਲੰਕਾ ਦੇ ਹੌਂਸਲੇ ਬੁਲੰਦ ਹੋਣਗੇ ਪਰ ਫਾਈਨਲ ਉਸਦੇ ਲਈ ਸਖ਼ਤ ਪ੍ਰੀਖਿਆ ਬਣਨ ਜਾ ਰਿਹਾ ਹੈ। ਭਾਰਤੀ ਖਿਡਾਰਨਾਂ ਵਿਚ ਜੇਮਿਮਾ ਨੇ ਆਪਣੀ ਖੇਡ ਵਿਚ ਨਿਰੰਤਰਤਾ ਦਿਖਾਈ ਹੈ, ਜਦਕਿ ਦੀਪਤੀ ਨੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਵਿਚ ਜ਼ਿੰਮੇਵਾਰੀ ਭਰਿਆ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਤੋਂ ਪਹਿਲਾਂ ਖ਼ਰਾਬ ਫਾਰਮ ਵਿਚ ਚੱਲ ਰਹੀ ਸ਼ੈਫਾਲੀ ਨੇ ਲੈਅ ਹਾਸਲ ਕਰ ਲਈ ਹੈ।

ਉਸਦੀ ਲੈੱਗ ਬ੍ਰੇਕ ਗੇਂਦਬਾਜ਼ੀ ਉਪਯੋਗੀ ਸਾਬਤ ਹੋਈ ਹੈ। ਭਾਰਤ ਇਸ ਲਈ ਖਿਤਾਬ ਦਾ ਦਾਅਵੇਦਾਰ ਹੈ, ਕਿਉਂਕਿ ਉਸਦਾ ਸਪਿਨ ਹਮਲਾ ਬੇਹੱਦ ਮਜ਼ਬੂਤ ਹੈ, ਜਿਸ ਵਿਚ ਦੀਪਤੀ, ਰਾਜੇਸ਼ਵਰੀ ਗਾਇਕਵਾੜ ਤੇ ਸਨੇਹ ਰਾਣਾ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਾਲਾਤ ਵੈਸੇ ਵੀ ਸਪਿਨਰਾਂ ਦੇ ਅਨੁਕੂਲ ਹਨ ਅਤੇ ਅਜਿਹੇ ਵਿਚ ਭਾਰਤੀ ਟੀਮ ਫਾਈਨਲ ਵਿਚ ਕੋਈ ਕਸਰ ਨਹੀਂ ਛੱਡੇਗੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਰਾਊਂਡ ਰੌਬਿਨ ਮੁਕਾਬਲੇ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 150 ਦੌੜਾਂ ਬਣਾਈਅਆਂ ਸਨ ਤੇ ਫਿਰ ਸ਼੍ਰੀਲੰਕਾ ਨੂੰ 109 ਦੌੜਾਂ ’ਤੇ ਢੇਰ ਕਰ ਦਿੱਤਾ ਸੀ।

PunjabKesari

ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਐੱਸ. ਮੇਘਨਾ, ਜੇਮਿਮਾ ਰੋਡ੍ਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਦਿਆਲਨ ਹੇਮਲਤਾ, ਸਨੇਹ ਰਾਣਾ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਰੇਣਕੂ ਠਾਕੁਰ, ਮੇਘਨਾ ਸਿੰਘ, ਕਿਰਣ ਨਵਗਿਰੇ ਤੇ ਪੂਜਾ ਵਸਤਾਰਕਰ।

ਸ਼੍ਰੀਲੰਕਾ ਟੀਮ
ਚਮਾਰੀ ਅਟਾਪੱਟੂ (ਕਪਤਾਨ), ਨਿਲਕਾਸ਼ੀ ਡੀ ਸਿਲਵਾ, ਕਵਿਸ਼ਾ ਦਿਲਹਾਰੀ, ਅਚਿਨੀ ਕੁਲਸੁਰਿਆ, ਸੁਗੰਧਾ ਕੁਮਾਰੀ, ਹਰਸ਼ਿਤਾ ਸਰਮਵਿਕਰਮਾ, ਮਧੂਸ਼ਿਕਾ ਮੇਥਟਾਨੰਦ, ਹਸੀਨੀ ਪਰੇਰਾ, ਓਧਾਦੀ ਰਣਸਿੰਘੇ, ਇਨੋਕਾ ਰਣਵੀਰਾ, ਅਨੁਸ਼ਕਾ ਸੰਜੀਵਨੀ, ਕੌਸ਼ਾਨੀ ਨੁਥਯੰਗਨਾ, ਮਾਲਸ਼ਾ ਸ਼ੇਹਾਨੀ ਤੇ ਮਾਲਸ਼ਾ ਸ਼ੇਹਾਨੀ।


author

rajwinder kaur

Content Editor

Related News