53 ਸਾਲਾ ਮੁਕੇਸ਼ ਨੇ ਪੀ. ਜੀ. ਟੀ. ਆਈ. ''ਚ ਜਿੱਤਿਆ 20ਵਾਂ ਖਿਤਾਬ
Friday, May 10, 2019 - 08:58 PM (IST)

ਪੰਚਕੂਲਾ— ਤਜਰਬੇਕਾਰ ਮੁਕੇਸ਼ ਕੁਮਾਰ ਨੇ ਆਪਣੇ ਤਜਰਬੇ ਦਾ ਪੂਰਾ ਇਸਤੇਮਾਲ ਕਰਦੇ ਹੋਏ ਚੌਥੇ ਤੇ ਆਖਰੀ ਰਾਊਂਡ ਵਿਚ ਸ਼ੁੱਕਰਵਾਰ 7 ਅੰਡਰ 65 ਦਾ ਬਿਹਤਰੀਨ ਕਾਰਡ ਖੇਡ ਕੇ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਟਾਟਾ ਸਟੀਲ ਪੀ. ਜੀ. ਟੀ. ਆਈ. ਪਲੇਅਰ ਗੋਲਫ ਚੈਂਪੀਅਨਸ਼ਿਪ 'ਚ ਖਿਤਾਬ ਜਿੱਤ ਲਿਆ। ਮੱਧ ਪ੍ਰਦੇਸ਼ ਦੇ ਮਹੂ ਦੇ 53 ਸਾਲਾ ਮੁਕੇਸ਼ ਦਾ ਪੰਚਕੂਲਾ ਵਿਚ ਇਹ ਪਹਿਲਾ ਖਿਤਾਬ ਤੇ ਪੀ. ਜੀ. ਟੀ. ਆਈ. ਵਿਚ ਓਵਰਆਲ 20ਵਾਂ ਖਿਤਾਬ ਹੈ। ਅੰਗਦ ਚੀਮਾ ਨੂੰ ਦੂਸਰਾ ਤੇ ਦਿੱਲੀ ਦੇ ਨਵੀਦ ਕੌਲ ਨੂੰ ਤੀਸਰਾ ਸਥਾਨ ਮਿਲਿਆ। ਮੁਕੇਸ਼ ਦਾ ਚਾਰ ਰਾਊਂਡ ਦਾ ਕੁੱਲ ਸਕੋਰ 15 ਅੰਡਰ 273 ਰਿਹਾ ਤੇ ਉਨ੍ਹਾਂ ਨੇ ਇਕ ਸ਼ਾਟ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ। ਮੁਕੇਸ਼ ਨੇ ਚਾਰ ਰਾਊਂਡ 'ਚ 70,67,71,65 ਦੇ ਕਾਰਡ ਖੇਡੇ। ਆਪਣੇ 35 ਸਾਲ ਦੇ ਲੰਮੇ ਕਰੀਅਰ 'ਚ 100 ਤੋਂ ਜ਼ਿਆਦਾ ਖਿਤਾਬ ਜਿੱਤਣ ਵਾਲੇ ਮੁਕੇਸ਼ ਦਾ ਪੀ. ਜੀ. ਟੀ. ਆਈ. 'ਚ ਇਹ 20ਵਾਂ ਖਿਤਾਬ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਦੋ ਸਾਲ ਦਾ ਖਿਤਾਬੀ ਸੋਕਾ ਖਤਮ ਕਰ ਦਿੱਤਾ। ਉਸਦੀ ਆਖਰੀ ਖਿਤਾਬੀ ਜਿੱਤ ਅਪ੍ਰੈਲ 2017 'ਚ ਕੋਚਿਨ ਮਾਸਟਰਸ 'ਚ ਸੀ। ਇਸ ਜਿੱਤ ਨਾਲ ਉਸ ਨੂੰ 4,84,950 ਰੁਪਏ ਮਿਲੇ ਤੇ ਉਹ ਪੀ. ਜੀ. ਟੀ. ਆਈ. ਆਡਰਰ ਆਫਰ ਮੈਰਿਟ 'ਚ 11ਵੇਂ ਸਥਾਨ ਤੋਂ ਚੌਥੇ ਸਥਾਨ 'ਤੇ ਪਹੁੰਚ ਗਏ।