ਪੰਜਾਬ: ਆਸਟ੍ਰੇਲੀਆ ਦਾ ਵੀਜ਼ਾ ਨਾ ਲੱਗਣ ''ਤੇ 19 ਸਾਲਾ ਮੁੰਡੇ ਨੇ...
Wednesday, Mar 25, 2026 - 01:06 PM (IST)
ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਚਾਹਡ ਵਿਚ ਇਕ ਰਾਤ 19 ਸਾਲਾ ਨੌਜਵਾਨ ਨੇ ਆਪਣੇ ਹੀ ਘਰ ਵਿਚ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 12 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਚਾਹਡ ਵਿਚ ਇਕ ਨੌਜਵਾਨ ਨੇ ਫਾਹਾ ਲੈ ਲਿਆ ਹੈ। ਸੂਚਨਾ ਮਿਲਣ 'ਤੇ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅਮਰਜੋਤ ਸਿੰਘ (19 ਸਾਲ) ਪੁੱਤਰ ਗੁਰਦਿਆਲ ਸਿੰਘ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਨਵਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਮਰਜੋਤ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ ਤੇ ਉਸ ਦੇ ਕਈ ਦੋਸਤ ਵਿਦੇਸ਼ ਗਏ ਹੋਏ ਹਨ।
ਉਨ੍ਹਾਂ ਦੱਸਿਆ ਕਿ ਅਮਰਜੋਤ ਸਿੰਘ ਦੇ ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣ ਲਈ ਦੋ ਵਾਰ ਅਪਲਾਈ ਕੀਤਾ ਗਿਆ ਸੀ, ਪਰ ਉਸ ਦਾ ਵੀਜ਼ਾ ਰਿਜੈਕਟ ਹੋ ਗਿਆ। ਇਸ ਕਾਰਨ ਅਮਰਜੋਤ ਪਿਛਲੇ 4 ਮਹੀਨਿਆਂ ਤੋਂ ਡਿਪ੍ਰੈਸ਼ਨ ਵਿਚ ਰਹਿਣ ਲੱਗ ਪਿਆ। ਉਸ ਦਾ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਤੋਂ ਇਲਾਜ ਵੀ ਚੱਲ ਰਿਹਾ ਸੀ ਤੇ ਇਸੇ ਦੌਰਾਨ ਅਮਰਜੋਤ ਆਪਣੇ ਪਰਿਵਾਰ ਦੇ ਨਾਲ ਬਹੁਤ ਘੱਟ ਗੱਲਬਾਤ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਾਰੇ ਪਰਿਵਾਰਕ ਮੈਂਬਰਾਂ ਨੇ ਰਾਤ ਦੀ ਰੋਟੀ ਖਾਧੀ ਤੇ ਪਰਿਵਾਰ ਦੇ ਮੈਂਬਰ ਆਪੋ-ਆਪਣੇ ਕਮਰਿਆਂ ਵਿਚ ਚਲੇ ਗਏ, ਜਦਕਿ ਅਮਰਜੋਤ ਕਮਰੇ ਵਿਚ ਨਹੀਂ ਆਇਆ, ਇਸ ਮਗਰੋਂ ਸਾਰਾ ਪਰਿਵਾਰ ਉਸ ਦੀ ਭਾਲ ਕਰਨ ਵਿਚ ਲੱਗ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਭਾਲ ਕਰਦਿਆਂ ਜਦੋਂ ਉਸ ਦਾ ਪਰਿਵਾਰ ਸਟੋਰ ਵਿਚ ਪਹੁੰਚਿਆ ਤਾਂ ਅਮਰਜੋਤ ਫਾਹੇ ਨਾਲ ਲਟਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਨੇੜਿਓਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਇਸ ਮਗਰੋਂ ਉਨ੍ਹਾਂ ਨੇ ਰੌਲ਼ਾ ਪਾਇਆ ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਅੱਜ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇ ਭਰਾ ਨਵਜੋਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
