44 ਸਾਲਾ ਗ੍ਰੈਂਡ ਮਾਸਟਰ ਰਹਿਮਾਨ ਪਹੁੰਚਿਆ ਸਿੰਗਲ ਬੜ੍ਹਤ ''ਤੇ

01/12/2018 4:17:33 AM

ਨਵੀਂ ਦਿੱਲੀ— ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਚੱਲ ਰਹੇ ਏਸ਼ੀਆ ਦੇ ਸਭ ਤੋਂ ਵੱਡੇ ਸ਼ਤਰੰਜ ਟੂਰਨਾਮੈਂਟ ਵਿਚ ਅੱਜ ਚੌਥੇ ਰਾਊਂਡ ਦੇ ਨਤੀਜੇ ਕੁਝ ਇਸ ਤਰ੍ਹਾਂ ਸਾਹਮਣੇ ਆਏ ਕਿ ਨੌਜਵਾਨਾਂ ਦੀ ਲਾਈਨ ਨੂੰ ਪਿੱਛੇ ਛੱਡ ਕੇ ਬੰਗਲਾਦੇਸ਼ ਦੇ ਧਾਕੜ 44 ਸਾਲਾ ਗ੍ਰੈਂਡ ਮਾਸਟਰ ਜਿਓਰ ਰਹਿਮਾਨ ਆਪਣੇ ਸਾਰੇ ਮੈਚ ਜਿੱਤ ਕੇ 4 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਆ ਗਿਆ। ਹਾਲਾਂਕਿ ਇਹ ਸ਼ੁਰੂਆਤੀ ਬੜ੍ਹਤ ਹੈ ਤੇ ਉਸਦੇ ਠੀਕ ਪਿੱਛੇ 21 ਖਿਡਾਰੀ 3.5 ਅੰਕਾਂ 'ਤੇ ਹਨ ਤੇ ਉਸ ਨੂੰ ਆਉਣ ਵਾਲੇ  ਕੁਝ ਮੁਕਾਬਲਿਆਂ ਵਿਚ ਪ੍ਰਮੁੱਖ ਖਿਡਾਰੀਆਂ ਨਾਲ ਖੇਡਣਾ ਪਵੇਗਾ ਤੇ ਅਜਿਹੇ ਵਿਚ ਉਸਦੇ ਲਈ ਬੜ੍ਹਤ ਬਰਕਰਾਰ ਰੱਖਣਾ ਕਾਫੀ ਮੁਸ਼ਕਿਲ ਹੋਵੇਗਾ। ਅੱਜ ਉਸ ਨੇ ਰੋਮਾਂਚਕ ਮੁਕਾਬਲੇ ਵਿਚ  ਵੀਅਤਨਾਮ ਦੇ ਟ੍ਰਾਨ ਤੂਆਨ ਮਿਨਹ ਨੂੰ ਟ੍ਰਾਮਪੋਸਕੀ ਓਪਨਿੰਗ ਵਿਚ 43 ਚਾਲਾਂ ਵਿਚ ਹਰਾਇਆ। 
ਖੈਰ ਗੱਲ ਕਰੀਏ ਚੋਟੀ ਦੇ ਬੋਰਡ ਦੀ ਤਾਂ  ਅੱਜ ਮੁਕਾਬਲਾ ਸੀ ਭਾਰਤ ਦੇ ਦੋ ਪ੍ਰਮੁੱਖ ਖਿਡਾਰੀਆਂ ਵਿਚਾਲੇ,  ਗ੍ਰੈਂਡ ਮਾਸਟਰ ਅਭਿਜੀਤ ਗੁਪਤਾ ਤੇ ਦੀਪਨ ਚਕਰਵਰਤੀ ਵਿਚਾਲੇ । ਇਹ ਮੁਕਾਬਲਾ ਕਵੀਨਸ  ਇੰਡੀਅਨ ਓਪਨਿੰਗ ਵਿਚ ਹੋਇਆ ਤੇ ਅਭਿਜੀਤ ਬਹੁਤ ਜ਼ੋਰ ਲਾਉਣ ਤੋਂ ਬਾਅਦ ਵੀ ਦੀਪਨ ਨੂੰ ਹਰਾ ਨਹੀਂ ਸਕਿਆ ਤੇ 54 ਚਾਲਾਂ ਵਿਚ ਇਹ ਸੰਘਰਸ਼ਪੂਰਨ ਮੁਕਾਬਲਾ ਬਰਾਬਰੀ 'ਤੇ ਛੁੱਟਿਆ। ਦੂਜੇ ਬੋਰਡ 'ਤੇ ਭਾਰਤ ਦੇ ਨੌਜਵਾਨ ਖਿਡਾਰੀ ਅਰਜਨ ਕਲਿਆਣ ਨੇ ਯੂਕ੍ਰੇਨ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਯੂਰੀ ਸੋਲੋਦੇਵਿੰਚਕੋ ਨੂੰ ਅੰਕ ਵੰਡਣ ਲਈ ਮਜਬੂਰ ਕਰ ਦਿੱਤਾ। 
ਹੋਰਨਾਂ ਮੁਕਾਬਲਿਆਂ ਵਿਚ ਅਰਜਨ ਐਰਗਾਸੀ ਨੇ ਵੈਭਵ ਸੂਰੀ ਨੂੰ ਤੇ ਮੁਹੰਮਦ ਨੂਬੇਰ ਸ਼ਾਹ ਨੇ ਨੀਦਰਲੈਂਡ ਦੇ ਗ੍ਰੈਂਡ ਮਾਸਟਰ ਰੋਏਲੰਦ ਪੂਰੀਜਸੇਰਸ ਨੂੰ ਬਰਾਬਰੀ 'ਤੇ ਰੱਕਿਆ। 
ਟਾਪ ਸੀਡ ਅਜਰਬੇਜਾਨ ਦੇ ਗ੍ਰੈਂਡ ਮਾਸਟਰ ਅਕਰਾਦੀ ਨਾਈਡਿਸ਼ ਨੇ ਰੇਜੂਮ ਇਵਾਨ ਨੂੰ ਹਰਾ ਕੇ ਉਲਟਫੇਰ ਕਰਨ ਵਾਲੇ ਮੁਹੰਮਦ ਸ਼ੇਟੇ 'ਤੇ ਜਿੱਤ ਦਰਜ ਕਰਦੇ ਹੋਏ ਵਾਪਸੀ ਦੇ ਸੰਕੇਤ ਦਿੱਤੇ। ਉਸਦੇ ਇਲਾਵਾ ਦੂਜੀ ਸੀਡ ਤਜ਼ਾਕਿਸਤਾਨ  ਦੇ ਓਮਾਨਤੋਵ ਨੇ ਭਾਰਤ ਦੇ ਸਿਧਾਂਤ ਮੋਹਾਪਤਰਾ ਨੂੰ ਹਰਾ ਕੇ ਦੁਬਾਰਾ ਚੋਟੀ ਵੱਲ ਕਦਮ ਵਧਾਏ।


Related News