16 ਸਾਲਾ ਸ਼ੈਫਾਲੀ ਟੀ-20 ''ਚ ਬਣੀ ਨੰਬਰ-1

3/4/2020 8:14:27 PM

 ਮੁੰਬਈ— ਆਈ. ਸੀ. ਸੀ. ਟੀ-20 ਮਹਿਲਾ ਵਿਸ਼ਵ ਕੱਪ 'ਚ ਧਮਾਕੇਦਾਰ ਪ੍ਰਦਰਸ਼ਨ ਕਰ ਰਹੀ ਭਾਰਤ ਦੀ 16 ਸਾਲਾ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਆਈ. ਸੀ. ਸੀ. ਦੀ ਤਾਜ਼ਾ ਟੀ-20 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ। ਸ਼ੈਫਾਲੀ ਨੇ ਆਸਟਰੇਲੀਆ 'ਚ ਚੱਲ ਰਹੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਦਾ ਫਾਇਦਾ ਉਸ ਨੂੰ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਮਿਲਿਆ। ਸ਼ੈਫਾਲੀ ਨੇ 19 ਸਥਾਨਾਂ ਦੀ ਲੰਮੀ ਛਲਾਂਗ ਲਾ ਕੇ 761 ਰੇਟਿੰਗ ਅੰਕਾਂ ਨਾਲ ਇਸ ਸੂਚੀ 'ਚ ਪਹਿਲਾ ਸਥਾਨ ਹਾਸਲ ਕਰ ਲਿਆ, ਜਦਕਿ ਨਿਊਜ਼ੀਲੈਂਡ ਦੀ ਸੂਜੀ ਬੇਟਸ 750 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਭਾਰਤ ਦੀ ਸਮ੍ਰਿਤੀ ਮੰਧਾਨਾ ਹਾਲਾਂਕਿ 2 ਸਥਾਨ ਡਿਗ ਕੇ 701 ਅੰਕਾਂ ਨਾਲ 7ਵੇਂ ਸਥਾਨ 'ਤੇ ਆ ਗਈ ਹੈ, ਜਦਕਿ ਜੇਮਿਮਾ ਰੋਡ੍ਰਿਗਜ਼ ਵੀ 2 ਸਥਾਨ ਖਿਸਕ ਕੇ 658 ਅੰਕਾਂ ਨਾਲ 9ਵੇਂ ਨੰਬਰ 'ਤੇ ਪਹੁੰਚ ਗਈ ਹੈ। ਭਾਰਤੀ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 617 ਅੰਕਾਂ ਨਾਲ 12ਵੇਂ ਸਥਾਨ 'ਤੇ ਕਾਬਜ਼ ਹੈ। ਗੇਂਦਬਾਜ਼ਾਂ ਦੀ ਸੂਚੀ 'ਚ ਭਾਰਤ ਦੀ ਪੂਨਮ ਯਾਦਵ 4 ਸਥਾਨਾਂ ਦਾ ਸੁਧਾਰ ਕਰਦੇ ਹੋਏ 704 ਰੇਟਿੰਗ ਅੰਕਾਂ ਨਾਲ 8ਵੇਂ ਸਥਾਨ 'ਤੇ ਪਹੁੰਚ ਗਈ ਹੈ। ਦੀਪਤੀ ਸ਼ਰਮਾ 723 ਅੰਕਾਂ ਨਾਲ 5ਵੇਂ ਸਥਾਨ 'ਤੇ ਅਤੇ ਰਾਧਾ ਯਾਦਵ 7ਵੇਂ ਸਥਾਨ 'ਤੇ ਹੈ। ਇਸ ਸੂਚੀ 'ਚ ਇੰਗਲੈਂਡ ਦੀ ਸੋਫੀ ਐਕਲਸਟੋਨ 779 ਅੰਕਾਂ ਨਾਲ ਪਹਿਲੇ ਅਤੇ ਆਸਟਰੇਲੀਆ ਦੀ ਮੇਗਨ ਸ਼ੱਟ ਦੂਜੇ ਸਥਾਨ 'ਤੇ ਹੈ।

ਟਾਪ 5 ਬੱਲੇਬਾਜ਼

ਖਿਡਾਰੀ ਦੇਸ਼ ਰੇਟਿੰਗ ਅੰਕ
ਸ਼ੈਫਾਲੀ ਵਰਮਾ ਭਾਰਤ 761
ਸੂਜੀ ਬੇਟਸ   ਨਿਊਜ਼ੀਲੈਂਡ 750
ਬੇਥ ਮੂਨੀ ਆਸਟਰੇਲੀਆ 746
ਸੋਫੀ ਡਿਵਾਈਨ ਨਿਊਜ਼ੀਲੈਂਡ  742
ਮੇਗ ਲੇਨਿੰਗ   ਆਸਟਰੇਲੀਆ  708

ਮਿਤਾਲੀ ਰਾਜ ਤੋਂ ਬਾਅਦ ਦੂਜੀ ਭਾਰਤੀ

PunjabKesari
ਸ਼ੈਫਾਲੀ ਨੇ ਮੌਜੂਦਾ ਟੂਰਨਾਮੈਂਟ 'ਚ ਹੁਣ ਤੱਕ 4 ਪਾਰੀਆਂ 'ਚ 161 ਦੌੜਾਂ ਬਣਾਈਆਂ ਹਨ। ਉਸ ਨੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਖਿਲਾਫ ਕ੍ਰਮਵਾਰ 47 ਅਤੇ 46 ਦੌੜਾਂ ਦੀਆਂ ਪਾਰੀਆਂ ਖੇਡੀਆਂ। ਸ਼ੈਫਾਲੀ ਮਹਿਲਾ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ 'ਤੇ ਜਗ੍ਹਾ ਬਣਾਉਣ ਵਾਲੀ ਮਿਤਾਲੀ ਰਾਜ ਤੋਂ ਬਾਅਦ ਦੂਜੀ ਭਾਰਤੀ ਬੱਲੇਬਾਜ਼ ਹੈ।


Gurdeep Singh

Edited By Gurdeep Singh