ਡਾ. ਸੁਬਰਾਮਣੀਅਮ ਸਵਾਮੀ ਦਾ ਦੋਸ਼ ਪੱਤਰ ਤੇ ਮੇਰੇ ਜਵਾਬ
Monday, Aug 06, 2018 - 05:52 AM (IST)

ਰਾਜ ਸਭਾ ਦੇ ਮੈਂਬਰ ਡਾ. ਸੁਬਰਾਮਣੀਅਮ ਸਵਾਮੀ ਨੇ ਮੇਰੇ ਉਪਰ ਹਮਲਾ ਕਰਦੇ ਹੋਏ ਦੋਸ਼ ਲਾਏ ਕਿ ਮੈਂ 21ਵੀਂ ਸਦੀ ਦਾ ਸਭ ਤੋਂ ਵੱਡਾ 'ਨਟਵਰ ਲਾਲ' ਹਾਂ ਅਤੇ ਮੇਰੇ ਵਿਰੁੱਧ ਉਨ੍ਹਾਂ ਨੇ 8 ਪੇਜਾਂ ਦੀ ਸ਼ਿਕਾਇਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਭੇਜ ਕੇ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦਾ ਸ਼ਿਕਾਇਤ ਪੱਤਰ ਲੈ ਕੇ ਉਨ੍ਹਾਂ ਦੇ ਦੋ ਸਹਿਯੋਗੀ ਵਕੀਲ ਹਵਾਈ ਜਹਾਜ਼ ਰਾਹੀਂ ਪਿਛਲੇ ਹਫਤੇ ਲਖਨਊ ਗਏ ਅਤੇ ਮੁੱਖ ਮੰਤਰੀ ਯੋਗੀ ਨੂੰ ਸ਼ਿਕਾਇਤ ਦਾ ਹਰ ਨੁਕਤਾ ਸਮਝਾਇਆ। ਇਸ ਦੇ ਨਾਲ ਹੀ ਡਾ. ਸਵਾਮੀ ਨੇ ਆਪਣੇ ਸ਼ਿਕਾਇਤ ਪੱਤਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਸ ਸ਼ਿਕਾਇਤ ਪੱਤਰ ਵਿਚ ਲਾਏ ਗਏ ਦੋਸ਼ਾਂ ਨੂੰ ਪੜ੍ਹ ਕੇ ਕਿਸੇ ਨੂੰ ਡਾ. ਸਵਾਮੀ ਵਲੋਂ ਲਾਏ ਗਏ ਦੋਸ਼ਾਂ 'ਤੇ ਯਕੀਨ ਨਹੀਂ ਹੋਇਆ। ਅਸੀਂ ਵੀ ਬਿਨਾਂ ਕਿਸੇ ਦੇਰੀ ਦੇ ਸਾਰੇ ਦੋਸ਼ਾਂ ਦਾ ਜਵਾਬ ਸਮੇਤ ਸਬੂਤਾਂ ਦੇ ਪੇਸ਼ ਕਰ ਦਿੱਤਾ। ਜਦਕਿ ਡਾ. ਸਵਾਮੀ ਤੋਂ ਅਸੀਂ 2 ਮਹੀਨੇ ਪਹਿਲਾਂ ਪੁੱਛਿਆ ਸੀ ਕਿ ਅੱਜ ਤਕ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਕਿੰਨੇ ਮੁੱਦੇ ਉਠਾਏ ਅਤੇ ਉਨ੍ਹਾਂ 'ਚੋਂ ਕਿੰਨਿਆਂ ਵਿਚ ਸਜ਼ਾ ਦਿਵਾਈ। ਜੈੱਟ ਏਅਰਵੇਜ਼-ਇਤਿਹਾਦ ਡੀਲ ਦੇ ਵਿਰੁੱਧ ਉਨ੍ਹਾਂ ਨੇ ਖੂਬ ਰੌਲਾ ਪਾਇਆ ਅਤੇ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਅਤੇ ਫਿਰ ਹੌਲੀ-ਹੌਲੀ ਆਪਣੀ ਪਟੀਸ਼ਨ ਨੂੰ ਕਈ ਵਾਰ ਬਦਲ ਕੇ ਠੰਡਾ ਕਰ ਦਿੱਤਾ। ਅਸੀਂ ਪੁੱਛਿਆ ਸੀ ਕਿ ਅੱਯਾਸ਼ ਅਤੇ ਬੈਂਕਾਂ ਦਾ ਹਜ਼ਾਰਾਂ-ਕਰੋੜਾਂ ਰੁਪਿਆ ਲੁੱਟ ਕੇ ਵਿਦੇਸ਼ ਦੌੜਨ ਵਾਲੇ, ਸ਼ਰਾਬ ਨਿਰਮਾਤਾ ਵਿਜੇ ਮਾਲਿਆ ਤੋਂ ਬਿਹਤਰ ਚਰਿੱਤਰ ਵਾਲਾ ਕੀ ਕੋਈ ਵਿਅਕਤੀ ਡਾ. ਸਵਾਮੀ ਨੂੰ ਜੀਵਨ 'ਚ ਆਪਣੀ ਜਨਤਾ ਪਾਰਟੀ ਲਈ ਨਹੀਂ ਮਿਲਿਆ? ਵਰਣਨਯੋਗ ਹੈ ਕਿ ਡਾ. ਸਵਾਮੀ ਨੇ 2003 ਤੋਂ 2010 ਵਿਚਾਲੇ ਵਿਜੇ ਮਾਲਿਆ ਨੂੰ ਆਪਣੀ ਜਨਤਾ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਸੀ।
ਅਸੀਂ ਪੁੱਛਿਆ ਕਿ ਕੀ ਡਾ. ਸਵਾਮੀ ਭਾਜਪਾ ਦੇ ਮੁੱਢਲੇ ਮੈਂਬਰ ਹਨ? ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਭਾਜਪਾ ਦਾ ਸੀਨੀਅਰ ਨੇਤਾ ਕਿਉਂ ਕਿਹਾ ਜਾਂਦਾ ਹੈ? ਅਸੀਂ ਪੁੱਛਿਆ ਕਿ ਜੇਕਰ ਉਹ ਇੰਨੇ ਹੀ ਪਾਕ-ਸਾਫ ਹਨ ਤਾਂ ਕੌਮਾਂਤਰੀ ਦਲਾਲ, ਹਥਿਆਰਾਂ ਦੇ ਸੌਦਾਗਰ ਦੇ ਏਜੰਟ, ਬਦਨਾਮ ਤਾਂਤਰਿਕ ਚੰਦਰਾਸਵਾਮੀ ਅਤੇ ਅਦਨਾਨ ਖਗੋਸ਼ੀ ਨਾਲ ਡਾ. ਸੁਬਰਾਮਣੀਅਮ ਸਵਾਮੀ ਦੇ ਇੰਨੇ ਗੂੜ੍ਹੇ ਸਬੰਧ ਕਿਉਂ ਸਨ? ਡਾ. ਸਵਾਮੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜਲੇ ਲੋਕਾਂ 'ਤੇ ਹਮਲੇ ਕਰਦੇ ਰਹਿੰਦੇ ਹਨ। ਅਸੀਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਮੋਦੀ ਜੀ ਦੀ ਯੋਗਤਾ 'ਤੇ ਸ਼ੱਕ ਹੈ ਅਤੇ ਉਹ ਖ਼ੁਦ ਨੂੰ ਮੋਦੀ ਤੋਂ ਬਿਹਤਰ ਪ੍ਰਸ਼ਾਸਕ ਮੰਨਦੇ ਹਨ? ਪਿਛਲੇ ਦਿਨੀਂ ਡਾ. ਸਵਾਮੀ ਨੇ ਖੁੱਲ੍ਹੇਆਮ ਕਿਹਾ ਸੀ ਕਿ ਭਾਰਤ ਦੀ ਅਰਥ ਵਿਵਸਥਾ ਨੂੰ ਸੁਧਾਰਨ ਦੀ ਸਮਰੱਥਾ ਸਿਰਫ ਉਨ੍ਹਾਂ ਵਿਚ ਹੈ, ਇਸ ਲਈ ਉਨ੍ਹਾਂ ਨੂੰ ਭਾਰਤ ਦਾ ਵਿੱਤ ਮੰਤਰੀ ਬਣਾਉਣਾ ਚਾਹੀਦਾ ਹੈ। ਅਸੀਂ ਪੁੱਛਿਆ ਕਿ ਕਿਤੇ ਇਹ ਵਿਸ਼ਵਨਾਥ ਪ੍ਰਤਾਪ ਸਿੰਘ ਵਾਂਗ ਇਤਿਹਾਸ ਤਾਂ ਨਹੀਂ ਦੁਹਰਾਉਣਗੇ? ਪਹਿਲਾਂ ਵਿੱਤ ਮੰਤਰੀ ਬਣਾਓ, ਫਿਰ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੇ ਵਿਰੁੱਧ ਮੋਰਚਾ ਖੋਲ੍ਹਣਗੇ ਅਤੇ ਫਿਰ ਖ਼ੁਦ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰਨਗੇ।
ਅਸੀਂ ਪੁੱਛਿਆ ਕਿ ਉਹ ਭ੍ਰਿਸ਼ਟਾਚਾਰ ਦੇ ਸਭ ਮੁੱਦੇ ਟਵਿਟਰ ਅਤੇ ਮੀਡੀਆ 'ਤੇ ਹੀ ਕਿਉਂ ਉਛਾਲਦੇ ਹਨ, ਜਦਕਿ ਉਨ੍ਹਾਂ ਕੋਲ ਰਾਜ ਸਭਾ ਵਿਚ ਬੋਲਣ ਦਾ ਠੋਸ ਮਾਧਿਅਮ ਹੈ। ਕਾਰਨ ਸਪੱਸ਼ਟ ਹੈ ਕਿ ਰਾਜ ਸਭਾ ਵਿਚ ਉਠਾਏ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਜੁਆਬਦੇਹੀ ਬਣ ਹੀ ਜਾਵੇਗੀ। ਫਿਰ ਉਨ੍ਹਾਂ ਨੂੰ ਡੀਲ ਕਰ ਕੇ ਠੰਡਾ ਕਰਨਾ ਆਸਾਨੀ ਨਾਲ ਸੰਭਵ ਨਹੀਂ ਹੋਵੇਗਾ।
ਇਧਰ ਮੇਰੇ 'ਤੇ ਡਾ. ਸਵਾਮੀ ਦਾ ਪਹਿਲਾ ਦੋਸ਼ ਹੈ ਕਿ ਮੈਂ ਬ੍ਰਜ ਵ੍ਰਿੰਦਾਵਨ ਵਿਚ ਸੈਂਕੜੇ ਕਰੋੜ ਦੀ ਜਨਤਕ ਭੂਮੀ 'ਤੇ ਕਬਜ਼ਾ ਕਰ ਲਿਆ। ਮੇਰਾ ਉਨ੍ਹਾਂ ਨੂੰ ਜਵਾਬ ਹੈ ਕਿ ਵਿੰ੍ਰਦਾਵਨ ਵਿਚ ਮੇਰੇ ਜੱਦੀ ਨਿਵਾਸ ਤੋਂ ਇਲਾਵਾ ਮੇਰੇ ਨਾਂ ਜਾਂ ਮੇਰੀ ਸੰਸਥਾ ਬ੍ਰਜ ਫਾਊਂਡੇਸ਼ਨ ਦੇ ਨਾਂ ਮਥੁਰਾ ਦੇ ਮਾਲ ਰਿਕਾਰਡ ਵਿਚ ਉਹ ਇਕ ਇੰਚ ਜ਼ਮੀਨ ਵੀ ਸਿੱਧ ਕਰ ਕੇ ਦਿਖਾ ਦੇਣ ਤਾਂ ਮੈਂ ਸਖਤ ਤੋਂ ਸਖਤ ਸਜ਼ਾ ਭੁਗਤਣ ਲਈ ਤਿਆਰ ਹਾਂ।
ਉਨ੍ਹਾਂ ਦਾ ਦੂਜਾ ਦੋਸ਼ ਇਹ ਹੈ ਕਿ ਮੇਰੇ ਸਹਿਯੋਗੀ ਆਈ. ਆਈ. ਟੀ. ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਰਾਘਵ ਮਿੱਤਲ ਨੇ ਮਥੁਰਾ ਦੀ ਨੌਜਵਾਨ ਸੀ. ਡੀ. ਓ. ਨਾਲ ਬਦਤਮੀਜ਼ੀ ਕੀਤੀ। ਸਾਡਾ ਜਵਾਬ ਇਹ ਹੈ ਕਿ ਅਸੀਂ ਯੋਗੀ ਸਰਕਾਰ ਨੂੰ ਦੋ ਵੱਡੇ ਘਪਲਿਆਂ ਵਿਚ ਫਸਣ ਤੋਂ ਬਚਾਇਆ, ਜਿਸ ਦੇ ਸਬੂਤ ਮੌਜੂਦ ਹਨ, ਜਿਸ ਨਾਲ ਮਥੁਰਾ ਦੇ ਕੁਝ ਭ੍ਰਿਸ਼ਟ ਨੇਤਾ ਬੇਚੈਨ ਹੋ ਗਏ, ਜੋ ਇਨ੍ਹਾਂ ਘਪਲਿਆਂ ਵਿਚ ਮੋਟਾ ਕਮਿਸ਼ਨ ਖਾਂਦੇ ਸਨ। ਇਸ ਲਈ ਪਿਛਲੇ ਸਾਲ ਤੋਂ ਬ੍ਰਜ ਫਾਊਂਡੇਸ਼ਨ 'ਤੇ ਤਰ੍ਹਾਂ-ਤਰ੍ਹਾਂ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ।
ਸਾਡੇ 'ਤੇ ਉਨ੍ਹਾਂ ਦਾ ਤੀਜਾ ਦੋਸ਼ ਇਹ ਸੀ ਕਿ ਬ੍ਰਜ ਦਾ ਸੈਰ-ਸਪਾਟਾ ਮਾਸਟਰ ਪਲਾਨ ਬਣਾਉਣ ਲਈ ਅਸੀਂ ਉੱਤਰ ਪ੍ਰਦੇਸ਼ ਸ਼ਾਸਨ ਤੋਂ 57 ਲੱਖ ਰੁਪਏ ਦੀ ਫੀਸ ਲਈ, ਕੰਮ ਵਿਗਾੜ ਦਿੱਤਾ ਅਤੇ ਝਗੜਾ ਕਰ ਲਿਆ। ਸਾਡਾ ਜਵਾਬ ਹੈ ਕਿ ਪੈਸਾ ਬ੍ਰਜ ਫਾਊਂਡੇਸ਼ਨ ਨੂੰ ਨਹੀਂ, 'ਆਈ. ਐੱਲ. ਐੱਫ. ਐੱਸ.' ਨੂੰ ਮਿਲਿਆ, ਜੋ ਸਾਡੇ ਲੀਡ ਪਾਰਟਨਰ ਸਨ। ਫੀਸ 2 ਕਰੋੜ 17 ਲੱਖ ਮਿਲਣੀ ਸੀ ਪਰ ਸੈਰ-ਸਪਾਟਾ ਵਿਭਾਗ ਅਤੇ ਐੱਮ. ਵੀ. ਡੀ. ਏ. ਇਕ-ਦੂਸਰੇ 'ਤੇ ਟਾਲਦੇ ਰਹੇ ਅਤੇ 1.5 ਕਰੋੜ ਰੁਪਿਆ ਫੀਸ ਉਨ੍ਹਾਂ 'ਤੇ ਅੱਜ ਵੀ ਬਕਾਇਆ ਹੈ, ਜਦਕਿ ਬ੍ਰਜ ਫਾਊਂਡੇਸ਼ਨ ਦੇ ਬਣਾਏ ਮਾਸਟਰ ਪਲਾਨ ਦੇ ਤੱਤਕਾਲੀ ਸੈਰ-ਸਪਾਟਾ ਸਕੱਤਰ ਸੁਸ਼ੀਲ ਕੁਮਾਰ ਅਤੇ ਭਾਰਤ ਦੇ ਯੋਜਨਾ ਕਮਿਸ਼ਨ ਦੇ ਸਕੱਤਰ ਡਾ. ਸੁਭਾਸ਼ ਪਾਣੀ ਨੇ ਲਿਖ ਕੇ ਭਾਰੀ ਸ਼ਲਾਘਾ ਕੀਤੀ ਅਤੇ ਇਸ ਨੂੰ ਬੇਮਿਸਾਲ ਦੱਸਿਆ।
(www.vineetnarain.net)