ਭਾਜਪਾ ਨੂੰ ਹਰਾਉਣ ਦਾ ਸੁਪਨਾ ਦੇਖਣ ਵਾਲੇ ਉਸ ਦੀ ਰਣਨੀਤੀ ਨੂੰ ਸਮਝਣ

Friday, Apr 28, 2017 - 07:33 AM (IST)

ਇਸ ਸਮੇਂ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਜਿੱਤ ਦੇ ਝੰਡੇ ਲਹਿਰਾ ਰਹੀ ਹੈ, ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਤਿੰਨ ਦਿਨਾ ਦੌਰੇ ''ਤੇ ਹਨ। ਉਥੇ ਅਗਲੇ ਸਾਲ ਲੋਕਲ ਬਾਡੀਜ਼ ਚੋਣਾਂ ਹੋਣੀਆਂ ਹਨ ਅਤੇ ਭਾਜਪਾ ਨੇ ਹੁਣ ਤੋਂ ਹੀ ''ਮਿਸ਼ਨ ਬੰਗਾਲ'' ਤੈਅ ਕਰ ਦਿੱਤਾ ਹੈ।ਅਮਿਤ ਸ਼ਾਹ ਨੇ ਜ਼ਮੀਨੀ ਵਰਕਰਾਂ ਨੂੰ ਤਿਆਰ ਕਰਨ ਲਈ ਨਕਸਲਬਾੜੀ ਤੋਂ ਬੂਥ ਪੱਧਰ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਹ ਮਮਤਾ ਬੈਨਰਜੀ ਦੇ ਵਿਧਾਨ ਸਭਾ ਹਲਕੇ ਭਵਾਨੀਪੁਰ ਵਿਚ ਵੀ ਵਰਕਰਾਂ ਦੇ ਘਰ ਜਾਣਗੇ। ਆਪਣੇ ਸਿਆਸੀ ਵਿਰੋਧੀ ਦੇ ਗੜ੍ਹ ਵਿਚ ਸਿੱਧੇ ਜਾ ਕੇ ਲਲਕਾਰਨ ਦੀ ਹਿੰਮਤ ਕਿਸੇ ਹੋਰ ਪਾਰਟੀ ਦਾ ਪ੍ਰਧਾਨ ਜਾਂ ਸਥਾਨਕ ਪੱਧਰ ਦਾ ਨੇਤਾ ਨਹੀਂ ਦਿਖਾ ਸਕਦਾ। 
ਇਹ ਮਿਸਾਲ ਦੱਸਦੀ ਹੈ ਕਿ ਭਾਜਪਾ ਲਈ ਉਥੋਂ ਦੀਆਂ ਲੋਕਲ ਬਾਡੀਜ਼ ਚੋਣਾਂ ਕਿੰਨੀਆਂ ਅਹਿਮ ਹਨ। ਮੋਦੀ-ਸ਼ਾਹ ਦੇ ਦੌਰ ਵਿਚ ਭਾਜਪਾ ਨੇ ਪੰਚਾਇਤ ਪੱਧਰ ਤੋਂ ਲੈ ਕੇ ਨਿਗਮ ਤਕ ਦੀਆਂ ਚੋਣਾਂ ਨੂੰ ਹਾਈ-ਪ੍ਰੋਫਾਈਲ ਬਣਾ ਦਿੱਤਾ ਹੈ। ਆਮ ਤੌਰ ''ਤੇ ਅਜਿਹੀਆਂ ਚੋਣਾਂ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰਹਿੰਦੀਆਂ ਹਨ ਪਰ ਭਾਜਪਾ ਲਈ ਇਹ ਚੋਣਾਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਘੱਟ ਨਹੀਂ ਹਨ, ਤਾਂ ਹੀ ਬੰਗਾਲ ਵਿਚ ਹੋਣ ਵਾਲੀਆਂ ਲੋਕਲ ਬਾਡੀਜ਼ ਚੋਣਾਂ ਲਈ ਭਾਜਪਾ ਇਕ ਸਾਲ ਪਹਿਲਾਂ ਤੋਂ ਹੀ ਤਿਆਰੀ ਕਰ ਰਹੀ ਹੈ ਤੇ ਇਸ ਦੀ ਸ਼ੁਰੂਆਤ ਪਾਰਟੀ ਦੇ ਸੂਬਾ ਪ੍ਰਧਾਨ ਨੇ ਨਹੀਂ, ਸਗੋਂ ਕੌਮੀ ਪ੍ਰਧਾਨ ਨੇ ਕੀਤੀ ਹੈ। 
ਪੱਛਮੀ ਬੰਗਾਲ ਵਿਚ ਇਕ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸਿਰਫ 3 ਸੀਟਾਂ ਮਿਲੀਆਂ ਸਨ। ਉਦੋਂ ਵੀ ਭਾਜਪਾ ਨੇ ਕਾਫੀ ਮਿਹਨਤ ਕੀਤੀ ਸੀ। ਰੋਜ਼ ਨੇਤਾ ਜੀ ਦੇ ਨਾਂ ''ਤੇ ਸਿਆਸਤ ਹੁੰਦੀ ਸੀ, ਉਨ੍ਹਾਂ ਦੀ ਮੌਤ ਨਾਲ ਜੁੜੀਆਂ ਫਾਈਲਾਂ ਜਨਤਕ ਹੁੰਦੀਆਂ ਸਨ ਤੇ ਭਾਜਪਾ ਪ੍ਰੇਰਿਤ ਮੀਡੀਆ ਹਰ ਰੋਜ਼ ਬਹਿਸ ਕਰਦਾ ਸੀ। ਹੁਣ ਮੀਡੀਆ ਤੇ ਭਾਜਪਾ ਨੇ ਨੇਤਾ ਜੀ ਨੂੰ ਭੁਲਾ ਦਿੱਤਾ ਹੈ। 
ਭਾਜਪਾ ਤੋਂ ਇਲਾਵਾ ਸ਼ਿਵ ਸੈਨਾ ਹੀ ਹੈ, ਜੋ ਲੋਕਲ ਬਾਡੀਜ਼ ਚੋਣਾਂ ਨੂੰ ਅਹਿਮੀਅਤ ਦਿੰਦੀ ਹੈ। ਬੀ. ਐੱਮ. ਸੀ. ਉੱਤੇ ਕਬਜ਼ਾ ਬਣਾਈ ਰੱਖ ਕੇ ਸ਼ਿਵ ਸੈਨਾ ਨੇ ਖ਼ੁਦ ਨੂੰ ਮਹਾਰਾਸ਼ਟਰ ਦੀ ਸਿਆਸਤ ਵਿਚ ਢੁੱਕਵੀਂ ਬਣਾਈ ਰੱਖਿਆ ਹੈ। ਭਾਜਪਾ ਨੇ ਇਹ ਖੇਡ ਸਮਝ ਲਈ ਹੈ ਤੇ ਉਸ ਨੇ ਸਭ ਤੋਂ ਪਹਿਲਾਂ ਸ਼ਿਵ ਸੈਨਾ ਨੂੰ ਹੀ ਚੁਣੌਤੀ ਦੇ ਦਿੱਤੀ ਤੇ ਇਸ ਵਾਰ ਦੀਆਂ ਚੋਣਾਂ ਵਿਚ 31 ਤੋਂ 82 ਸੀਟਾਂ ਤਕ ਪਹੁੰਚ ਗਈ। 
ਇਹ ਪਹਿਲੀ ਵਾਰ ਹੈ, ਜਦੋਂ ਬੀ. ਐੱਮ. ਸੀ. ਵਿਚ ਭਾਜਪਾ ਸ਼ਿਵ ਸੈਨਾ ਦੇ ਬਰਾਬਰ ਪਹੁੰਚੀ ਹੈ, ਬਾਕੀ ਮਹਾਰਾਸ਼ਟਰ ਦੀਆਂ ਸਥਾਨਕ ਚੋਣਾਂ ਨੂੰ ਵੀ ਭਾਜਪਾ ਨੇ ਕੌਮੀ ਪੱਧਰ ਦੀ ਮਹੱਤਤਾ ਦਿੱਤੀ ਹੈ ਤੇ ਨੋਟਬੰਦੀ ਉਤੇ ਫ਼ਤਵੇ ਵਜੋਂ ਪੇਸ਼ ਕੀਤਾ ਹੈ। ਗੁਜਰਾਤ ਤੋਂ ਲੈ ਕੇ ਸਾਰੇ ਸੂਬਿਆਂ ਦੀਆਂ ਲੋਕਲ ਬਾਡੀਜ਼ ਚੋਣਾਂ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ। 
ਦੂਜੇ ਪਾਸੇ ਕਾਂਗਰਸ ਵੀ ਲੋਕਲ ਬਾਡੀਜ਼ ਚੋਣਾਂ ਲੜਦੀ ਰਹੀ ਹੈ ਪਰ ਉਸ ਜ਼ਿੱਦ ਅਤੇ ਜੋਸ਼ ਨਾਲ ਨਹੀਂ, ਜਿਸ ਤਰ੍ਹਾਂ ਭਾਜਪਾ ਲੜ ਰਹੀ ਹੈ। ਦਿੱਲੀ ਅਤੇ ਮੁੰਬਈ ਦੀਆਂ ਨਗਰ ਪਾਲਿਕਾਵਾਂ ਵਿਚ ਕਾਂਗਰਸ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਹਰ ਹੈ। ਵਾਪਸੀ ਲਈ ਉਸ ਨੇ ਭਾਜਪਾ ਵਾਂਗ ਸੰਘਰਸ਼ ਨਹੀਂ ਕੀਤਾ। 
ਕਾਂਗਰਸ ਦੇ ਸੰਸਦ ਮੈਂਬਰ, ਵਿਧਾਇਕ ਤਾਂ ਲੋਕਲ ਬਾਡੀਜ਼ ਚੋਣਾਂ ਤੋਂ ਦੂਰ ਹੀ ਰਹਿੰਦੇ ਹਨ। ਉਹ ਇਨ੍ਹਾਂ ਚੋਣਾਂ ਨੂੰ ਨੱਕ ਦਾ ਸਵਾਲ ਨਹੀਂ ਬਣਾਉਂਦੇ। ਬਾਕੀ ਪਾਰਟੀਆਂ ਵੀ ਇਨ੍ਹਾਂ ਚੋਣਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕਲ ਬਾਡੀਜ਼ ਚੋਣਾਂ ਉਨ੍ਹਾਂ ਦੀ ਹੈਸੀਅਤ ਮੁਤਾਬਿਕ ਨਹੀਂ ਹਨ। ਬਸਪਾ ਨੇ ਤਾਂ 20 ਸਾਲ ਲੋਕਲ ਬਾਡੀਜ਼ ਚੋਣਾਂ ਨੂੰ ਅਹਿਮੀਅਤ ਨਹੀਂ ਦਿੱਤੀ। ਇਸੇ ਲਈ ਉਹ ਕਦੇ ਵੀ ਇਹ ਚੋਣਾਂ ਨਹੀਂ ਲੜਦੀ ਸੀ। 
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਬਸਪਾ ਨੇ ਤੈਅ ਕੀਤਾ ਹੈ ਕਿ ਜੂਨ ਵਿਚ ਹੋਣ ਵਾਲੀਆਂ ਯੂ. ਪੀ. ਦੀਆਂ ਲੋਕਲ ਬਾਡੀਜ਼ ਚੋਣਾਂ ਵਿਚ ਪਾਰਟੀ ਆਪਣੇ ਚੋਣ ਨਿਸ਼ਾਨ ''ਤੇ ਉਮੀਦਵਾਰ ਮੈਦਾਨ ਵਿਚ ਉਤਾਰੇਗੀ। ਇਹ ਭਾਜਪਾ ਦੇ ਉਭਾਰ ਦਾ ਅਸਰ ਹੈ। 
ਭਾਜਪਾ ਦਾਅਵਾ ਕਰਦੀ ਹੈ ਕਿ ਉਹ ਮੈਂਬਰਸ਼ਿਪ ਦੇ ਲਿਹਾਜ਼ ਨਾਲ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਮੋਦੀ ਦੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿਚ ਨੌਜਵਾਨ ਭਾਜਪਾ ਵੱਲ ਝੁਕੇ ਹਨ। ਇਸ ਤੋਂ ਪਹਿਲਾਂ ਕਿ ਇਹ ਨੌਜਵਾਨ ਭਾਜਪਾ ਵਿਚ ਰਹਿੰਦਿਆਂ ''ਸੜਨ'' ਮਹਿਸੂਸ ਕਰਨ ਲੱਗਣ, ਭਾਜਪਾ ਨੇ ਖ਼ੁਦ ਨੂੰ ਲੋਕਲ ਬਾਡੀਜ਼ ਚੋਣਾਂ ਵਿਚ ਝੋਕ ਕੇ ਇਨ੍ਹਾਂ ਨੌਜਵਾਨਾਂ ਨੂੰ ਸਰਗਰਮ ਕਰ ਦਿੱਤਾ ਹੈ। ਪਾਰਟੀ ਹਰ ਸਮੇਂ ਕੋਈ ਨਾ ਕੋਈ ਚੋਣ ਲੜ ਰਹੀ ਹੁੰਦੀ ਹੈ। 
ਇਨ੍ਹਾਂ ਚੋਣਾਂ ਵਿਚ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ਦੀ ਸਿਆਸੀ ਇੱਛਾ ਬਣੀ ਰਹਿੰਦੀ ਹੈ ਅਤੇ ਵਿਧਾਇਕ, ਸੰਸਦ ਮੈਂਬਰ ਬਣਨ ਦਾ ਸੁਪਨਾ ਵੀ। ਲੋਕਲ ਬਾਡੀਜ਼ ਚੋਣਾਂ ਨੂੰ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਾਂਗ ਬਣਾ ਦੇਣ ਦੀ ਇਸ ਰਣਨੀਤੀ ਨੇ ਭਾਜਪਾ ਨੂੰ ਨਵੀਂ ਊਰਜਾ ਦੇ ਦਿੱਤੀ ਹੈ, ਇਸ ਲਈ ਪਾਰਟੀ ਦਾ ਹਰੇਕ ਵਰਕਰ ਹਰ ਸਮੇਂ ਪਾਰਟੀ ਨਾਲ ਜੁੜਿਆ ਰਹਿੰਦਾ ਹੈ ਤੇ ਇਸ ਬਹਾਨੇ ਉਸ ਦੀ ਦਿਲਚਸਪੀ ਦੂਜੇ ਸੂਬਿਆਂ ਦੀਆਂ ਚੋਣਾਂ ਵਿਚ  ਬਣੀ ਰਹਿੰਦੀ ਹੈ। 
ਵਿਰੋਧੀਆਂ ਦੀ ਨਜ਼ਰ ਸਿਰਫ ਮੋਦੀ ''ਤੇ ਹੁੰਦੀ ਹੈ, ਜਦਕਿ ਮੋਦੀ-ਸ਼ਾਹ ਜੋੜੀ ਦੀ ਨਜ਼ਰ ਪਾਰਟੀ ਤੇ ਜਿੱਤ ''ਤੇ ਹੁੰਦੀ ਹੈ। ਉਨ੍ਹਾਂ ਨੇ ਭਾਜਪਾ ਨੂੰ ''ਆਈ. ਪੀ. ਐੱਲ. ਲੀਗ'' ਦੇ ਖਿਡਾਰੀ ਵਿਚ ਬਦਲ ਦਿੱਤਾ ਹੈ, ਭਾਵ ਹਰ ਸ਼ਾਮ ਕੋਈ ਨਾ ਕੋਈ ਮੈਚ ਖੇਡਣਾ ਹੈ। ਭਾਜਪਾ ਨੂੰ ਹਰਾਉਣ ਦਾ ਸੁਪਨਾ ਦੇਖਣ ਵਾਲੇ ਭਾਜਪਾ ਨੂੰ ਸਹੀ ਤਰ੍ਹਾਂ ਨਹੀਂ ਦੇਖਦੇ। ਉਨ੍ਹਾਂ ਨੂੰ ਭਾਜਪਾ ਦੀ ਇਸ ਰਣਨੀਤੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਥਾਨਕ ਪੱਧਰ ''ਤੇ ਚੋਣਾਂ ਲੜਨ ਲਈ ਉਨ੍ਹਾਂ ਕੋਲ ਵਰਕਰ ਨਹੀਂ ਬਚਣਗੇ ਤੇ ਉਹ ਸਾਰੇ ਭਾਜਪਾ ਵਿਚ ਜਾ ਚੁੱਕੇ ਹੋਣਗੇ। 
ਮਹਾਰਾਸ਼ਟਰ ਦੀਆਂ ਲੋਕਲ ਬਾਡੀਜ਼ ਚੋਣਾਂ ਵਿਚ ਵੱਡੇ-ਵੱਡੇ ਮੰਤਰੀ ਤੇ ਸੰਸਦ ਮੈਂਬਰ ਰੈਲੀਆਂ ਕਰ ਰਹੇ ਸਨ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਵੀ ਕਈ ਸੰਸਦ ਮੈਂਬਰਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਬੱਸ ਵਿਚ ਪਾਰਟੀ ਦੇ ਪਰਚੇ ਵੰਡ ਰਹੇ ਸਨ। 
ਇਸ ਨਜ਼ਰੀਏ ਤੋਂ ਦੇਖੀਏ ਤਾਂ ਭਾਰਤ ਦੀ ਵਿਰੋਧੀ ਧਿਰ ਦੇ ਨੇਤਾ ਆਲਸੀ ਹੋ ਗਏ ਹਨ। ਉਹ ਹਰੇਕ ਚੋਣ ਦੈਵੀ ਕ੍ਰਿਪਾ ਨਾਲ ਲੜਦੇ ਹਨ ਕਿ ਕਾਸ਼! ਇਸ ਵਾਰ ਭਾਜਪਾ ਹਾਰ ਜਾਵੇ। ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਮੋਦੀ-ਸ਼ਾਹ ਦੀ ਜੋੜੀ ਹਿੱਟ ਵਿਕਟ ਨਾਲ ਆਊਟ ਹੋਣ ਵਾਲੀ ਨਹੀਂ। ਉਨ੍ਹਾਂ ਨੂੰ ਆਊਟ ਕਰਨ ਲਈ ਮੈਚ ਖੇਡਣਾ ਪਵੇਗਾ ਤੇ ਮੈਚ ਖੇਡਣ ਲਈ ਦੁਪਹਿਰ ਨੂੰ ਮੈਦਾਨ ਵਿਚ ਜਾ ਕੇ ਧੁੱਪੇ ਅਭਿਆਸ ਕਰਨਾ ਪਵੇਗਾ। 
ਹਰੇਕ ਹਾਰ ਤੋਂ ਬਾਅਦ ਵਿਰੋਧੀ ਧਿਰ ਨੂੰ ਸੱਪ ਸੁੰਘ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਬਚਿਆ। ਮੈਂ ਇਸ ਲੇਖ ਦੇ ਸ਼ੁਰੂ ਵਿਚ ਬੰਗਾਲ ਦੀ ਮਿਸਾਲ ਦਿੱਤੀ। ਜਦੋਂ 11 ਮਾਰਚ ਨੂੰ ਭਾਜਪਾ ਨੇ ਯੂ. ਪੀ. ਵਿਚ ਇਤਿਹਾਸਿਕ ਜਿੱਤ ਦਰਜ ਕੀਤੀ, ਉਸ ਤੋਂ ਠੀਕ 10 ਦਿਨਾਂ ਬਾਅਦ 21 ਮਾਰਚ ਨੂੰ ਅਮਿਤ ਸ਼ਾਹ ਕੋਇੰਬਟੂਰ ਵਿਚ ਸਨ, ਜਿਥੇ ਆਰ. ਐੱਸ. ਐੱਸ. ਦੀ ਸਾਲਾਨਾ ਮੀਟਿੰਗ ਹੋਣੀ ਸੀ। ਉਥੇ ਜਾ ਕੇ ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ। 
ਜਿਸ ਤਾਮਿਲਨਾਡੂ ਵਿਚ ਇਕ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ, ਇਹ ਉਥੇ ਵੀ ਦੁਬਾਰਾ ਚੋਣਾਂ ਲੜਨ ਲਈ ਚਲੀ ਜਾਂਦੀ ਹੈ। ਵਿਰੋਧੀ ਪਾਰਟੀਆਂ ਤਾਂ ''ਜ਼ੀਰੋ'' ਮਿਲਣ ਤੋਂ ਬਾਅਦ ਲੜਨਾ ਹੀ ਭੁੱਲ ਜਾਂਦੀਆਂ ਹਨ ਤੇ ਟੀ. ਵੀ. ਲਗਾ ਕੇ ਭਾਜਪਾ ਪ੍ਰੇਰਿਤ ਮੀਡੀਆ ਦੀ ਕਵਰੇਜ ਦੇਖਦਿਆਂ ਆਪਣੀ ਛਾਤੀ ਪਿੱਟ ਰਹੀਆਂ ਹੁੰਦੀਆਂ ਹਨ।  

 


Related News