ਯੂ. ਪੀ. ਦੇ ਵਿਕਾਸ ਲਈ ਆਪਣੇ ਪਿਤਾ ਦੀ ਨਸੀਹਤ ''ਤੇ ਗੌਰ ਕਰਨ ਯੋਗੀ ਆਦਿੱਤਿਆਨਾਥ

03/26/2017 8:00:24 AM

ਆਨੰਦਸਿੰਘ ਬਿਸ਼ਟ ਬਹੁਤ ਸਮਝਦਾਰ ਵਿਅਕਤੀ ਹਨ। ਉੱਤਰ ਪ੍ਰਦੇਸ਼ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ 85 ਸਾਲਾ ਪਿਤਾ ਨੇ ਉਸ ਨਸੀਹਤ ਦਾ ਖੁਲਾਸਾ ਕੀਤਾ ਹੈ, ਜੋ ਉਨ੍ਹਾਂ ਨੇ ਆਪਣੇ ਬੇਟੇ ਨੂੰ ਦਿੱਤੀ। ਯੋਗੀ ਹੁਣ ਜਿਸ ਰਾਹ ''ਤੇ ਅੱਗੇ ਵਧ ਰਹੇ ਹਨ, ਉਸ ''ਤੇ ਆਪਣੀ ਨਵੀਂ ਭੂਮਿਕਾ ਨੂੰ ਅੰਜਾਮ ਦਿੰਦਿਆਂ ਉਨ੍ਹਾਂ ਨੂੰ ਆਪਣੇ ਪਿਤਾ ਜੀ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ। 
ਸ਼੍ਰੀ ਬਿਸ਼ਟ ਦਾ ਕਹਿਣਾ ਹੈ, ''''ਮੈਂ ਆਦਿੱਤਿਆਨਾਥ ਨੂੰ ਇਹ ਦੱਸਣ ਤੋਂ ਨਹੀਂ ਖੁੰਝਦਾ ਕਿ ਆਪਣੇ ਭਾਸ਼ਣਾਂ ''ਤੇ ਉਸ ਨੂੰ ਕੁਝ ਰੋਕ ਲਾਉਣੀ ਚਾਹੀਦੀ ਹੈ ਪਰ ਉਹ ਆਪਣੀ ਧੁਨ ਦਾ ਪੱਕਾ ਹੈ ਅਤੇ ਜੋ ਇਰਾਦਾ ਧਾਰ ਲੈਂਦਾ ਹੈ, ਉਸੇ ''ਤੇ ਚੱਲਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਉਹ ਭਾਜਪਾ ਦੇ ''ਸਬ ਕਾ ਸਾਥ, ਸਬ ਕਾ ਵਿਕਾਸ'' ਏਜੰਡੇ ਨੂੰ ਅਪਣਾਏਗਾ। ਮੇਰੀ ਤਾਂ ਉਸ ਨੂੰ ਇਹੋ ਨਸੀਹਤ ਹੈ ਕਿ ਉਹ ਭਾਜਪਾ ਦੇ ਏਜੰਡੇ ਨੂੰ ਹੀ ਅਪਣਾਏ ਕਿਉਂਕਿ ਇਸ ''ਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਗਰੀਬ ਅਤੇ ਅਮੀਰ ਸਾਰੇ ਸ਼ਾਮਿਲ ਹਨ।'''' 
ਯੋਗੀ ਦੀ ਭਰਜਾਈ ਨੇ ਪਿਓ-ਪੁੱਤ ਦੇ ਰਿਸ਼ਤੇ ਬਾਰੇ ਕੁਝ ਜ਼ਿਆਦਾ ਹੀ ਚਾਨਣਾ ਪਾਉਂਦਿਆਂ ਕਿਹਾ, ''''ਜਦੋਂ ਕਦੀ ਵੀ ਮਹੰਤ ਜੀ ਘਰ ਆਉਂਦੇ ਹਨ ਤਾਂ ਪਿਤਾ ਜੀ ਉਨ੍ਹਾਂ ਨਾਲ ਬੈਠਦੇ ਹਨ ਅਤੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਨਸੀਹਤ ਦਿੰਦੇ ਹਨ। ਪਿਤਾ ਜੀ ਉਨ੍ਹਾਂ ਨੂੰ ਕਹਿੰਦੇ ਹਨ ਕਿ ਕੁਝ ਗੱਲਾਂ ਆਪਣੇ ਦਿਲ ਵਿਚ ਹੀ ਰੱਖਣੀਆਂ ਚਾਹੀਦੀਆਂ ਹਨ ਅਤੇ ਜੋ ਕੁਝ ਉਹ ਮਹਿਸੂਸ ਕਰਦੇ ਹਨ, ਉਸ ਹਰੇਕ ਗੱਲ ਬਾਰੇ ਬਹੁਤ ਜ਼ਿਆਦਾ ਬੋਲਣਾ ਨਹੀਂ ਚਾਹੀਦਾ।''''
ਇਹ ਨਸੀਹਤ ਸਿਰਫ ਨੇਕ ਇਰਾਦਿਆਂ ਵਾਲੀ ਨਹੀਂ, ਸਗੋਂ ਲਾਜ਼ਮੀ ਵੀ ਹੈ। ਆਖਿਰ ਯੋਗੀ ਨੇ ਹਮਲਾਵਰ ਅਤੇ ਭੜਕਾਊ ਗੱਲਾਂ ਕਰ ਕੇ ਹੀ ਆਪਣਾ ਸਿਆਸੀ ਕੈਰੀਅਰ ਅੱਗੇ ਵਧਾਇਆ ਹੈ। ਹੁਣ ਤਾਂ ਯਕੀਨੀ ਤੌਰ ''ਤੇ ਤਬਦੀਲੀ ਦਾ ਸਮਾਂ ਆ ਗਿਆ ਹੈ, ਜਿਵੇਂ ਕਿ ਉਨ੍ਹਾਂ ਦੇ ਪਿਤਾ ਜੀ ਕਹਿੰਦੇ ਹਨ, ''''ਹੁਣ ਜ਼ਿੰਮੇਵਾਰੀ ਵੱਡੀ ਹੋ ਗਈ ਹੈ।''''
ਯੋਗੀ ਨੂੰ ਬਿਨਾਂ ਸ਼ੱਕ ਬਹੁਤ ਜ਼ਿਆਦਾ ਨਸੀਹਤਾਂ ਮਿਲ ਰਹੀਆਂ ਹਨ। ਫਿਰ ਵੀ ਦੋ ਵਿਸ਼ੇਸ਼ ਚਿੱਤਰ ਅਜਿਹੇ ਹਨ, ਜਿਥੇ ਪਾਰਟੀ ਚੋਣ ਮੈਨੀਫੈਸਟੋ ਦੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਫੂਕ-ਫੂਕ ਕੇ ਕਦਮ ਰੱਖਣਾ ਜ਼ਰੂਰੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇਸ ਧਮਾਕੇਦਾਰ ਫਤਵੇ ਤੋਂ ਬਾਅਦ ਉਨ੍ਹਾਂ ਨੂੰ ਜ਼ਰੂਰ ਹੀ ਇਹ ਮਹਿਸੂਸ ਹੋ ਜਾਣਾ ਚਾਹੀਦਾ ਹੈ ਕਿ ਭਾਜਪਾ ਦੇ ਚੋਣ ਮੈਨੀਫੈਸਟੋ ਨੂੰ ਵਿਆਪਕ ਰੂਪ ''ਚ ਮਨਜ਼ੂਰੀ ਹਾਸਿਲ ਹੋਈ ਹੈ ਅਤੇ ਇਸੇ ਕਾਰਨ ਇਸ ਨੂੰ ਅੱਖਰ-ਅੱਖਰ ਲਾਗੂ ਕਰਨਾ ਲਾਜ਼ਮੀ ਹੈ ਪਰ ਦੋ ਖੇਤਰ ਅਜਿਹੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਨਵੇਂ ਸਿਰਿਓਂ ਚਿੰਤਨ ਕਰਨਾ ਚਾਹੀਦਾ ਹੈ। 
ਯੂ. ਪੀ. ਦਾ ਵਿੱਤੀ ਘਾਟਾ 5.85 ਫੀਸਦੀ ਹੈ ਅਤੇ 2013-14 ਤੋਂ ਬਾਅਦ ਇਹ ਦੁੱਗਣਾ ਹੋ ਗਿਆ। ਬੇਸ਼ੱਕ ਯੂ. ਪੀ. ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਤਾਂ ਵੀ ਇਸ ਦੀ ਵਿੱਤੀ ਦਰ ਘੱਟ ਤੋਂ ਘੱਟ ਦਰਾਂ ''ਚੋਂ ਇਕ ਹੈ। ਇਸ ਦੀ ਪ੍ਰਤੀ ਵਿਅਕਤੀ ਆਮਦਨ ਵੀ ਕੌਮੀ ਔਸਤ ਨਾਲੋਂ ਅੱਧੀ ਹੈ ਅਤੇ ਗਰੀਬੀ ਦੀ ਦਰ 30 ਫੀਸਦੀ ਹੈ, ਜੋ ਕਿ ਸਭ ਤੋਂ ਬੁਰੀਆਂ ਦਰਾਂ ''ਚੋਂ ਇਕ ਹੈ। ਦੇਸ਼ ਦੀ ਕੁਲ ਜੀ. ਡੀ. ਪੀ. ਵਿਚ ਯੂ. ਪੀ. ਦੀ ਹਿੱਸੇਦਾਰੀ ਸਿਰਫ 7 ਫੀਸਦੀ ਹੈ, ਜਦਕਿ ਦੇਸ਼ ਦੀ 17 ਫੀਸਦੀ ਆਬਾਦੀ ਇਸ ਸੂਬੇ ''ਚ ਰਹਿੰਦੀ ਹੈ। ਇਸ ਪਿਛੋਕੜ ਦਰਮਿਆਨ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਉਨ੍ਹਾਂ ਨੂੰ ਵਿਆਜ ਮੁਕਤ ਨਵੇਂ ਕਰਜ਼ੇ ਦੇਣਾ ਯਕੀਨੀ ਬਣਾਉਣ ਲਈ ਭਾਜਪਾ ਦੇ ਚੋਣ ਮੈਨੀਫੈਸਟੋ ਨੂੰ ਫੌਰਨ ਅਤੇ ਪੂਰੀ ਤਰ੍ਹਾਂ ਲਾਗੂ ਕਰਨਾ ਕੀ ਸਮਝਦਾਰੀ ਵਾਲਾ ਕੰਮ ਹੋਵੇਗਾ? 
ਸਟੇਟ ਬੈਂਕ ਨੇ ਅੰਦਾਜ਼ਾ ਲਾਇਆ ਹੈ ਕਿ ਕਰਜ਼ਾ ਮੁਆਫੀ ''ਤੇ 27420 ਕਰੋੜ ਰੁਪਏ ਲਾਗਤ ਆਏਗੀ, ਜੋ ਯੂ. ਪੀ. ਦੇ ਕੁਲ ਮਾਲੀਏ ਦਾ 8 ਫੀਸਦੀ ਹੋਵੇਗੀ। ਇੰਨੀ ਵੱਡੀ ਰਕਮ ਦੀ ਕਰਜ਼ਾ ਮੁਆਫੀ ਨਾਲ ਸੂਬੇ ਦੇ ਖਜ਼ਾਨੇ ''ਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਯੋਗੀ ਨੂੰ ਇਕ ਪਾਸੇ ਤਾਂ ਆਪਣੀ ਭਰੋਸੇਯੋਗਤਾ ਬਣਾਈ ਰੱਖਣੀ ਪਵੇਗੀ ਅਤੇ ਦੂਜੇ ਪਾਸੇ ਲਾਜ਼ਮੀ ਹੀ ਕੋਈ ਅਜਿਹਾ ਢੰਗ ਲੱਭਣਾ ਪਵੇਗਾ ਕਿ ਅੰਨ੍ਹੇਵਾਹ ਢੰਗ ਨਾਲ ਵਾਅਦੇ ਪੂਰੇ ਨਾ ਕੀਤੇ ਜਾਣ।
ਜਿਸ ਦੂਜੇ ਵਾਅਦੇ ''ਤੇ ਨਵੇਂ ਸਿਰਿਓਂ ਵਿਚਾਰ ਕਰਨ ਦੀ ਲੋੜ ਹੈ, ਉਹ ਹੈ ਮਸ਼ੀਨੀਕ੍ਰਿਤ  ਅਤੇ ਨਾਜਾਇਜ਼ ਢੰਗ ਨਾਲ ਚੱਲ ਰਹੇ ਬੁੱਚੜਖਾਨਿਆਂ ਨੂੰ ਬੰਦ ਕਰਨ ਦੀ ਵਚਨਬੱਧਤਾ। ਇਸ ਵਾਅਦੇ ''ਤੇ ਤਾਂ ਕਦੇ ਵੀ ਚੰਗੀ ਤਰ੍ਹਾਂ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਯੂ. ਪੀ. ਵਿਚ ਨਾਜਾਇਜ਼ ਢੰਗ ਨਾਲ ਚੱਲ ਰਹੇ ਮਸ਼ੀਨੀਕ੍ਰਿਤ ਬੁੱਚੜਖਾਨਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਥੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਅਤੇ ਇਨ੍ਹਾਂ ਕਾਰਨ ਹੀ ਭਾਰਤ ਮੱਝਾਂ ਦੇ ਮਾਸ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਇਸ ਦਾ ਦੇਸ਼ ਦੀ ਕੁਲ ਬਰਾਮਦ ''ਚ 1.56 ਫੀਸਦੀ ਹਿੱਸਾ ਹੈ ਅਤੇ ਇਹ ਸਾਲਾਨਾ 30 ਫੀਸਦੀ ਦੀ ਦਰ ਨਾਲ ਵਾਧਾ ਕਰ ਰਿਹਾ ਹੈ। 
ਇਸ ਮੁੱਦੇ ''ਤੇ ਨਵੇਂ ਸਿਰਿਓਂ ਵਿਚਾਰ ਕਰਨ ਦੇ ਤਰਕਸੰਗਤ ਕਾਰਨ ਮੌਜੂਦ ਹਨ। ਨਾਜਾਇਜ਼ ਬੁੱਚੜਖਾਨੇ ਤਾਂ ਕਦੀ ਖੁੱਲ੍ਹਣੇ ਹੀ ਨਹੀਂ ਚਾਹੀਦੇ ਸਨ ਅਤੇ ਉਨ੍ਹਾਂ ਨੂੰ ਜ਼ਰੂਰ ਹੀ ਬੰਦ ਕੀਤਾ ਜਾਣਾ ਚਾਹੀਦਾ ਹੈ ਪਰ ਮਸ਼ੀਨੀਕ੍ਰਿਤ ਬੁੱਚੜਖਾਨਿਆਂ, ਜੋ ਸਰਕਾਰ ਤੋਂ ਮਨਜ਼ੂਰੀ ਲੈ ਕੇ ਚੱਲ ਰਹੇ ਹਨ, ਨੂੰ ਹਰ ਹਾਲ ਵਿਚ ਕੰਮ ਜਾਰੀ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇਹ ਤਾਂ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਉਹ ਆਪਣੇ ਲਾਇਸੈਂਸ ਦੀ ਦੁਰਵਰਤੋਂ ਨਾ ਕਰਨ। ਉਨ੍ਹਾਂ ਨੂੰ ਬੰਦ ਕਰਨਾ ਤਾਂ ਸਿੱਧੇ ਤੌਰ ''ਤੇ ਗਲਤ ਹੋਵੇਗਾ। 
ਜੇਕਰ ਯੋਗੀ ''ਸਬ ਕਾ ਸਾਥ, ਸਬ ਕਾ ਵਿਕਾਸ'' ਲਈ ਵਚਨਬੱਧ ਹਨ ਅਤੇ ਸੂਬੇ ਦਾ ਵਿਕਾਸ ਕਰਨਾ ਉਨ੍ਹਾਂ ਦਾ ਮੁੱਖ ਏਜੰਡਾ ਹੈ, ਤਾਂ ਜੋ ਨਸੀਹਤ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਦਿੱਤੀ ਹੈ, ਉਸ ''ਤੇ ਬਹੁਤ ਸਾਵਧਾਨੀ ਨਾਲ ਅਮਲ ਕੀਤਾ ਜਾਣਾ ਚਾਹੀਦਾ ਹੈ। ਜੇਕਰ ਉਹ ਇਸ ਨੂੰ ਰੱਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਤੱਥ ਪ੍ਰਤੀ ਚੌਕਸ ਰਹਿਣਾ ਪਵੇਗਾ ਕਿ ਇਸ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਜੇਕਰ ਉਹ ਸਫਲ ਹੋਣਾ ਚਾਹੁੰਦੇ ਹਨ ਤਾਂ ਕੁਝ ਵਾਅਦਿਆਂ ਨੂੰ ਅਧੂਰੇ ਛੱਡ ਦੇਣਾ ਬਹੁਤ ਵੱਡੀ ਕੀਮਤ ਨਹੀਂ ਹੋਵੇਗੀ।          


Related News