ਸੜਕ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ''ਤੇ ਅਮਲ ਕਰਨਾ ਜ਼ਰੂਰੀ
Thursday, Feb 07, 2019 - 05:45 AM (IST)

ਹਰ ਸਾਲ ਦੇਸ਼ 'ਚ 'ਕੌਮੀ ਸੜਕ ਸੁਰੱਖਿਆ ਦਿਵਸ' ਮਨਾਇਆ ਜਾਂਦਾ ਹੈ। ਪੰਜਾਬ ਦੇ ਹਰ ਜ਼ਿਲੇ 'ਚ ਟ੍ਰੈਫਿਕ ਪੁਲਸ 'ਟ੍ਰੈਫਿਕ ਸੁਰੱਖਿਆ ਹਫਤਾ' ਮਨਾਉਂਦੀ ਹੈ ਅਤੇ ਵੱਖ-ਵੱਖ ਢੰਗਾਂ ਨਾਲ ਲੋਕਾਂ ਨੂੰ ਜਾਗਰੂਕ ਕਰਦੀ ਹੈ, ਪਿੰਡਾਂ ਤੇ ਸ਼ਹਿਰਾਂ 'ਚ ਰੈਲੀਆਂ, ਸਕੂਲਾਂ 'ਚ ਟ੍ਰੈਫਿਕ ਨਿਯਮਾਂ ਬਾਰੇ ਸੈਮੀਨਾਰ ਕਰਵਾਉਂਦੀ ਹੈ। ਸੜਕ ਸੁਰੱਖਿਆ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਹਰੇਕ ਨਾਗਰਿਕ ਦੀ ਮੁੱਢਲੀ ਜ਼ਿੰਮੇਵਾਰੀ ਹੈ, ਜਿਸ ਨੂੰ ਸਹੀ ਢੰਗ ਨਾਲ ਅਪਣਾ ਕੇ ਅਸੀਂ ਮੌਤ ਦੇ ਮੂੰਹ 'ਚ ਜਾਣ ਵਾਲੀਆਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ 'ਚ ਅਹਿਮ ਭੂਮਿਕਾ ਨਿਭਾਅ ਸਕਦੇ ਹਾਂ।
ਨਵਾਂ ਸਾਲ ਸ਼ੁਰੂ ਹੁੰਦਿਆਂ ਹੀ 'ਸੜਕ ਸੁਰੱਖਿਆ ਹਫਤਾ' ਸਮਾਰੋਹ ਕੀਤੇ ਜਾਂਦੇ ਹਨ ਤੇ ਨਿੱਤ ਵਧ ਰਹੇ ਸੜਕ ਹਾਦਸਿਆਂ 'ਤੇ ਚਿੰਤਾ ਪ੍ਰਗਟਾਈ ਜਾਂਦੀ ਹੈ। 'ਸੜਕ ਸੁਰੱਖਿਆ ਹਫਤਾ' ਮਨਾਉਣ ਦੀ ਕਾਰਵਾਈ ਮਹਿਜ਼ ਸਕੂਲਾਂ-ਕਾਲਜਾਂ 'ਚ ਰੈਲੀਆਂ, ਕਾਰਡ ਗੇਮਾਂ, ਕੁਇਜ਼ ਤੇ ਪੋਸਟਰ ਮੁਕਾਬਲਿਆਂ ਤਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ, ਬਲਕਿ ਇਸ ਨੂੰ ਅਮਲੀ ਰੂਪ ਦੇਣਾ ਲਾਜ਼ਮੀ ਬਣਦਾ ਹੈ ਤੇ ਪੂਰਾ ਸਾਲ ਸਾਨੂੰ ਇਸ 'ਤੇ ਪਹਿਰਾ ਦੇਣਾ ਚਾਹੀਦਾ ਹੈ।
ਭਾਰਤ 'ਚ ਹਰ ਸਾਲ ਸੜਕ ਹਾਦਸਿਆਂ 'ਚ ਤਕਰੀਬਨ 13 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਤੇ ਪੰਜ ਕਰੋੜ ਦੇ ਲੱਗਭਗ ਜ਼ਖਮੀ, ਵੱਖ-ਵੱਖ ਅੰਗਾਂ ਤੋਂ ਅਪਾਹਜ ਹੋ ਜਾਂਦੇ ਹਨ। ਵਿਸ਼ਵ ਸਿਹਤ ਸੰਸਥਾ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੂਰੀ ਦੁਨੀਆ 'ਚ ਟ੍ਰੈਫਿਕ ਨੂੰ ਸੁਰੱਖਿਅਤ ਨਾ ਬਣਾਇਆ ਗਿਆ ਤਾਂ 2020 ਤਕ ਮੌਤਾਂ ਦੀ ਗਿਣਤੀ ਹੁਣ ਨਾਲੋਂ ਦੁੱਗਣੀ ਹੋ ਜਾਵੇਗੀ। ਸਾਡੇ ਦੇਸ਼ 'ਚ ਔਸਤਨ 57 ਸੜਕ ਹਾਦਸੇ ਪ੍ਰਤੀ ਘੰਟਾ ਹੋ ਰਹੇ ਹਨ ਜਿਨ੍ਹਾਂ 'ਚ 17 ਦੇ ਕਰੀਬ ਵਿਅਕਤੀ ਮੌਤ ਦੇ ਮੂੰਹ 'ਚ ਜਾ ਰਹੇ ਹਨ।
ਇਕ ਅਖਬਾਰ ਦੀ ਰਿਪੋਰਟ ਮੁਤਾਬਕ ਪੰਜਾਬ ਭਰ 'ਚ ਲੰਘੇ ਵਰ੍ਹੇ ਦੌਰਾਨ 6638 ਸੜਕ ਹਾਦਸੇ ਹੋਏ ਅਤੇ 4893 ਲੋਕਾਂ ਦੀ ਮੌਤ ਹੋਈ। ਸੰਨ 2012 ਅਤੇ 2013 'ਚ ਪੰਜਾਬ ਵਿਚ 5253 ਅਤੇ 5426 ਸੜਕ ਹਾਦਸੇ ਹੋਏ, ਜਿਨ੍ਹਾਂ 'ਚ 3320 ਅਤੇ 3357 ਲੋਕ ਮੌਤ ਦਾ ਸ਼ਿਕਾਰ ਹੋਏ।
ਜ਼ਿਆਦਾਤਰ ਸੜਕ ਹਾਦਸੇ ਗੱਡੀਆਂ ਦੀ ਤੇਜ਼ ਰਫਤਾਰੀ, ਨਸ਼ਾ ਕਰ ਕੇ ਗੱਡੀ ਚਲਾਉਣ, ਰਾਤ ਨੂੰ ਤੇਜ਼ ਤੇ ਚਮਕਦਾਰ ਲਾਈਟਾਂ ਦੀ ਵਰਤੋਂ ਕਾਰਨ, ਗੱਡੀ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ, ਆਵਾਰਾ ਪਸ਼ੂਆਂ ਦੇ ਸੜਕਾਂ ਉੱਪਰ ਘੁੰਮਣ ਕਰਕੇ, ਟੁੱਟੀਆਂ ਤੇ ਇਕਹਿਰੀਆਂ ਸੜਕਾਂ ਕਰਕੇ ਅਤੇ ਡਰਾਈਵਰਾਂ ਦੀ ਥਕਾਵਟ ਤੇ ਉਨੀਂਦਰਾਪਣ ਹੋਣ, ਮਾੜੀ ਸਿਹਤ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ 'ਚ ਗੱਡੀ ਚਲਾਉਣ ਕਰਕੇ ਹੁੰਦੇ ਹਨ। ਇੰਜਣ ਦੀ ਖਰਾਬੀ, ਮੋਟਰ ਗੱਡੀਆਂ ਦੀ ਸਮੇਂ ਸਿਰ ਸਰਵਿਸ ਤੇ ਦੇਖਭਾਲ ਨਾ ਕਰਨਾ ਵੀ ਹਾਦਸਿਆਂ ਦੀ ਵਜ੍ਹਾ ਬਣਦਾ ਹੈ।
ਸੜਕ ਹਾਦਸਿਆਂ 'ਚ ਆਮ ਲੋਕਾਂ ਤੋਂ ਇਲਾਵਾ ਦੇਸ਼ ਦੇ ਸਾਬਕਾ ਰਾਸ਼ਟਰਪਤੀ, ਚੋਟੀ ਦੇ ਖਿਡਾਰੀ, ਕਲਾਕਾਰ, ਵਿਗਿਆਨੀ, ਡਾਕਟਰ, ਕਈ ਕੈਬਨਿਟ ਮੰਤਰੀ ਤੇ ਹੋਰ ਕਈ ਵੱਡੇ-ਵੱਡੇ ਅਧਿਕਾਰੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕਈ ਤਾਂ ਵਿਚਾਰੇ ਪੂਰੇ ਪਰਿਵਾਰਾਂ ਸਮੇਤ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ।
ਸੜਕ ਸੁਰੱਖਿਆ ਦੇ ਕੁਝ ਅਹਿਮ ਨਿਯਮ ਹਨ, ਜੋ ਸਾਰਿਆਂ ਨੂੰ ਧਿਆਨ 'ਚ ਰੱਖਣੇ ਚਾਹੀਦੇ ਹਨ, ਜਿਵੇਂ ਸੜਕ 'ਤੇ ਚੱਲਣ ਸਮੇਂ ਹਮੇਸ਼ਾ ਖੱਬੇ ਪਾਸੇ ਚੱਲੋ,ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ, ਨਾਬਾਲਗ ਗੱਡੀ ਨਾ ਚਲਾਉਣ, ਸੜਕ ਹਮੇਸ਼ਾ ਜ਼ੈਬਰਾ ਕਾਰਸਿੰਗ ਤੋਂ ਪਾਰ ਕਰੋ, ਕੋਈ ਵੀ ਨਸ਼ਾ ਕਰ ਕੇ ਗੱਡੀ ਨਾ ਚਲਾਓ, ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਜ਼ਰੂਰ ਪਹਿਨੋ ਜਾਂ ਪੱਗ ਬੰਨ੍ਹਣੀ ਚਾਹੀਦੀ ਹੈ, ਓਵਰਟੇਕ ਸਮਝਦਾਰੀ ਨਾਲ ਹੀ ਕਰੋ। ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਾਓ, ਵਾਹਨਾਂ ਦੇ ਇੰਡੀਕੇਟਰਾਂ ਦੀ ਸੱਜੇ-ਖੱਬੇ ਮੁੜਨ ਸਮੇਂ ਵਰਤੋਂ ਜ਼ਰੂਰ ਕਰੋ, ਬੱਤੀਆਂ ਵਾਲੇ ਚੌਕ 'ਚ ਲਾਲ ਬੱਤੀ ਹੋਣ 'ਤੇ ਵ੍ਹੀਕਲ ਨੂੰ ਰੋਕੋ, ਅਤੇ ਹਰੀ ਬੱਤੀ ਜਗਣ 'ਤੇ ਹੀ ਚੌਕ ਪਾਰ ਕਰੋ।
ਵ੍ਹੀਕਲਾਂ ਦੇ ਅਗਲੇ ਤੇ ਪਿਛਲੇ ਪਾਸੇ ਰਿਫਲੈਕਟਰ ਲਾਉਣ ਨਾਲ ਸੜਕ ਹਾਦਸਿਆਂ ਦੀ ਸੰਭਾਵਨਾ ਕਾਫੀ ਘਟ ਜਾਂਦੀ ਹੈ। ਚਾਲਕਾਂ ਨੂੰ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣ, ਨਸ਼ਿਆਂ ਦੀ ਵਰਤੋਂ ਨਾ ਕਰਨ, ਨਿਰਧਾਰਤ ਸਪੀਡ 'ਤੇ ਵਾਹਨ ਚਲਾਉਣ, ਢੋਆ-ਢੁਆਈ ਵਾਲੇ ਵਾਹਨਾਂ ਨੂੰ ਓਵਰਲੋਡ ਨਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਸਾਨੂੰ ਆਪਣੇ-ਆਪ 'ਚ ਸੁਧਾਰ ਕਰਨ ਦੀ ਲੋੜ ਹੈ। ਸਫਰ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ ਪਰ ਅਸੀਂ ਸੜਕ 'ਤੇ ਚਲਦਿਆਂ ਟ੍ਰੈਫਿਕ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ। ਸੜਕ ਸੁਰੱਖਿਆ ਦੇ ਵਿਸ਼ੇ ਨੂੰ ਸਕੂਲਾਂ 'ਚ ਲਾਜ਼ਮੀ ਕਰਨ ਦੀ ਲੋੜ ਹੈ। ਆਓ, ਟ੍ਰੈਫਿਕ ਨਿਯਮਾਂ ਨੂੰ ਅਪਣਾਈਏ ਅਤੇ ਜ਼ਿੰਦਗੀ ਨੂੰ ਸੁਰੱਖਿਅਤ ਬਣਾਈਏ।