ਚੀਨ ’ਤੇ ਵਿੱਤੀ ਸੰਕਟ ਦੀ ਮਾਰ, ਬੈਂਕਾਂ ਦੀ ਰੱਖਿਆ ਲਈ ਸੜਕਾਂ ’ਤੇ ਟੈਂਕ ਉਤਾਰੇ

08/12/2022 4:36:31 PM

ਦੁਨੀਆ ਦੀ ਦੂਜੀ ਆਰਥਿਕ ਮਹਾਸ਼ਕਤੀ ਚੀਨ ਹੁਣ ਇਕ ਬੜੀ ਵੱਡੀ ਆਰਥਿਕ ਤਬਾਹੀ ਵੱਲ ਵਧ ਰਿਹਾ ਹੈ। ਸ਼ਾਇਦ ਇਸ ਗੱਲ ’ਤੇ ਕਈ ਲੋਕਾਂ ਨੂੰ ਭਰੋਸਾ ਨਾ ਹੋਵੇ ਪਰ ਸੱਚਾਈ ਇਹ ਹੈ ਕਿ ਚੀਨ ਦੇ ਬੈਂਕ ਹੁਣ ਦਿਵਾਲੀਆ ਹੋਣ ਜਾ ਰਹੇ ਹਨ। ਇਨ੍ਹਾਂ ’ਚ ਜਿਹੜੇ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਜਮ੍ਹਾ ਕੀਤੀ ਸੀ ਉਹ ਉਨ੍ਹਾਂ ਨੂੰ ਵਾਪਸ ਨਹੀਂ ਮਿਲ ਰਹੀ। ਇਨ੍ਹਾਂ ਲੋਕਾਂ ਵੱਲੋਂ ਕਿਸੇ ਬਗਾਵਤ ਅਤੇ ਿਹੰਸਾ ਦੀ ਭਿਣਕ ਲੱਗਦੇ ਹੀ ਚੀਨ ਨੇ ਅੱਧੀ ਰਾਤ ਨੂੰ ਆਪਣੇ ਕੁਝ ਸ਼ਹਿਰਾਂ ਦੀਆਂ ਆਮ ਸੜਕਾਂ ’ਤੇ ਟੈਂਕ ਉਤਾਰ ਦਿੱਤੇ। ਇਹ ਟੈਂਕ ਉਤਾਰੇ ਗਏ ਹਨ ਬੈਂਕਾਂ ਦੀ ਰੱਖਿਆ ਲਈ, ਤਾਂ ਕਿ ਇਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ। ਦੁਨੀਆ ਨੂੰ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਚੀਨ ’ਚ 20 ਜੁਲਾਈ ਨੂੰ ਵਾਪਰੀ। 33 ਸਾਲ ਪਹਿਲਾਂ 1989 ਵਿਚ ਤਿਨਾਨਮਿਨ ਚੌਕ ਉਤੇ ਚੀਨ ’ਚ ਲੋਕਤੰਤਰ ਸਮਰਥਕ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਦਰੜਣ ਲਈ ਚੀਨ ਸਰਕਾਰ ਨੇ ਉਨ੍ਹਾਂ ਉਤੇ ਟੈਂਕ ਚਲਵਾ ਦਿੱਤੇ ਸਨ । ਇਸ ਵਾਰ ਵੀ ਚੀਨ ਦੀ ਸਰਕਾਰ ਲੋਕਾਂ ਨੂੰ 33 ਸਾਲ ਪੁਰਾਣੀ ਗੱਲ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਜੇਕਰ ਬੈਂਕਾਂ ਨੂੰ ਜਨਤਾ ਨੇ ਨੁਕਸਾਨ ਪਹੁੰਚਾਇਆ ਤਾਂ ਉਨ੍ਹਾਂ ਦੀ ਬਗਾਵਤ ਨੂੰ ਦਰੜਣ ਲਈ ਸਰਕਾਰ ਫਿਰ ਤੋਂ ਤਿਨਾਨਮਿਨ ਵਾਲੀ ਘਟਨਾ ਨੂੰ ਦੋਹਰਾ ਸਕਦੀ ਹੈ। ਪਿਛਲੇ ਕੁਝ ਦਿਨਾਂ ’ਚ ਚੀਨ ’ਚ ਰੀਅਲ ਅਸਟੇਟ ਦੀਆਂ ਕੀਮਤਾਂ ’ਚ 50 ਫੀਸਦੀ ਤੋਂ ਵੀ ਵੱਧ ਦੀ ਕਮੀ ਆਈ ਹੈ। ਜਿਹੜੇ ਲੋਕਾਂ ਨੇ ਮਕਾਨ ਅਤੇ ਦੂਜੀ ਅਚੱਲ ਜਾਇਦਾਦ ਖਰੀਦਣ ਲਈ ਬੈਂਕਾਂ ਤੋਂ ਉਧਾਰ ਲਿਆ ਸੀ ਹੁਣ ਉਹ ਬੈਂਕਾਂ ਦੀਆਂ ਕਿਸ਼ਤਾਂ ਨਹੀਂ ਮੋੜ ਰਹੇ। ਪ੍ਰਾਪਰਟੀ ਦੀਆਂ ਕੀਮਤਾਂ ’ਚ ਅੱਧੇ ਤੋਂ ਵੱਧ ਗਿਰਾਵਟ ਦੇ ਬਾਅਦ ਲੋਕਾਂ ਨੇ ਇਹ ਕਹਿੰਦੇ ਹੋਏ ਕਿਸ਼ਤਾਂ ਅਦਾ ਕਰਨ ਤੋਂ ਨਾਂਹ ਕਰ ਦਿੱਤੀ ਕਿ ਜਦੋਂ ਪ੍ਰਾਪਰਟੀ ਦੇ ਭਾਅ ਅੱਧੇ ਤੋਂ ਵੱਧ ਡਿੱਗ ਚੁੱਕੇ ਹਨ ਤਾਂ ਅਸੀਂ ਹੁਣ ਕਿਸ਼ਤਾਂ ਕਿਉਂ ਦੇਈਏ। ਅਸੀਂ ਤਾਂ ਜਿੰਨੀ ਕਿਸ਼ਤ ਬੈਂਕ ਨੂੰ ਦਿੱਤੀ ਹੈ ਉਹ ਜਾਇਦਾਦ ਦੀਆਂ ਮੌਜੂਦਾ ਕੀਮਤਾਂ ਦੇ ਹਿਸਾਬ ਨਾਲ ਪੂਰੀ ਹੋ ਚੁੱਕੀ ਹੈ। ਇਸ ਨਾਲ ਚੀਨ ਦੇ ਵੱਡੇ ਬੈਂਕਾਂ ਨੂੰ ਹੁਣ ਪੈਸਾ ਨਹੀਂ ਮਿਲ ਰਿਹਾ ਅਤੇ ਇਸ ਦਾ ਅਸਰ ਚੀਨ ਦੀ ਅਰਥਵਿਵਸਥਾ ’ਤੇ ਦਿਸਣ ਵੀ ਲੱਗਾ ਹੈ।

ਦਰਅਸਲ ਕੁਝ ਸਾਲ ਪਹਿਲਾਂ ਚੀਨ ਦੇ ਬੈਂਕਾਂ ’ਚ ਇਕ ਮੁਕਾਬਲੇਬਾਜ਼ੀ ਹੋ ਰਹੀ ਸੀ ਜੋ ਲੋਕਾਂ ਨੂੰ ਪੈਸਾ ਉਧਾਰ ਦੇਣ ਲਈ ਸੀ। ਉਸ ਸਮੇਂ ਚੀਨ ਦੇ ਰੀਅਲ ਅਸਟੇਟ ’ਚ ਚੜ੍ਹਾਅ ਦਾ ਦੌਰ ਸੀ ਅਤੇ ਦਰਮਿਆਨੇ ਅਤੇ ਹੇਠਲੇ ਵਰਗ ਦੇ ਚੀਨੀ ਲੋਕ ਪੈਸੇ ਬਚਾ ਕੇ ਪ੍ਰਾਪਰਟੀ ’ਚ ਨਿਵੇਸ਼ ਕਰ ਰਹੇ ਸਨ। ਉਹ ਲੋਕ ਮਕਾਨ ਖਰੀਦ ਰਹੇ ਸਨ ਤਾਂ ਕਿ ਆਉਣ ਵਾਲੇ ਸਮੇਂ ’ਚ ਉਨ੍ਹਾਂ ਮਕਾਨਾਂ ਦੀਆਂ ਕੀਮਤਾਂ ’ਚ ਉਛਾਲ ਆਉਣ ’ਤੇ ਉਹ ਉਨ੍ਹਾਂ ਨੂੰ ਵੇਚ ਕੇ ਲਾਭ ਕਮਾ ਸਕਣ ਪਰ ਜਦੋਂ ਲੋਕ ਬੈਂਕਾਂ ’ਚ ਪੈਸੇ ਨਹੀਂ ਜਮ੍ਹਾ ਕਰਵਾ ਰਹੇ ਹਨ ਤਾਂ ਬੈਂਕਾਂ ਕੋਲ ਪੈਸਾ ਿਕੱਥੋਂ ਆਵੇਗਾ? ਚੀਨ ਸਰਕਾਰ ਨੂੰ ਭਿਣਕ ਲੱਗ ਚੁੱਕੀ ਸੀ ਕਿ ਲੋਕ ਬੈਂਕਾਂ ’ਚੋਂ ਆਪਣਾ ਜਮ੍ਹਾ ਪੈਸਾ ਕੱਢਣਾ ਚਾਹੁੰਦੇ ਹਨ, ਤਾਂ ਸਰਕਾਰ ਦੇ ਇਸ਼ਾਰੇ ’ਤੇ ਬੈਂਕਾਂ ਨੇ ਲੋਕਾਂ ਦੇ ਖਾਤਿਆਂ ਨੂੰ ਫ੍ਰੀਜ਼ ਕਰ ਿਦੱਤਾ ਭਾਵ ਹੁਣ ਕੋਈ ਵੀ ਜਮ੍ਹਾਕਰਤਾ ਆਪਣਾ ਪੈਸਾ ਬੈਂਕਾਂ ’ਚੋਂ ਨਹੀਂ ਕੱਢ ਸਕਦਾ। ਬੈਂਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਨਕਦ ਪੈਸਾ ਨਹੀਂ ਹੈ, ਇਸ ਲਈ ਬੈਂਕ ਲੋਕਾਂ ਦਾ ਪੈਸਾ ਮੋੜਨ ’ਚ ਅਸਮਰੱਥ ਹਨ। ਆਰਥਿਕ ਮਾਮਲਿਆਂ ਦੇ ਜਾਣਕਾਰਾਂ ਅਨੁਸਾਰ ਚੀਨ ਦੇ ਬੈਂਕਾਂ ’ਚ ਉੱਥੋਂ ਦੀ ਆਮ ਜਨਤਾ ਦਾ ਲਗਭਗ 1 ਖਰਬ ਰੁਪਏ ਜਮ੍ਹਾ ਹੈ। ਪਿਛਲੇ ਹਫਤੇ ਹੇਨਾਨ ਸੂਬੇ ’ਚ ਲੋਕਾਂ ਦੇ ਖਾਤੇ ਬੈਂਕਾਂ ਨੇ ਫ੍ਰੀਜ਼ ਕੀਤੇ ਸਨ, ਉਸ ਸਮੇਂ ਸੜਕਾਂ ’ਤੇ 5 ਹਜ਼ਾਰ ਵਿਅਕਤੀਆਂ ਨੇ 2 ਦਿਨਾਂ ਤੱਕ ਰੋਸ ਵਿਖਾਵਾ ਕੀਤਾ ਸੀ ਅਤੇ ਪੁਲਸ ਨਾਲ ਲੋਕਾਂ ਦੀ ਹਿੰਸਕ ਝੜਪ ਵੀ ਹੋਈ ਸੀ। ਉਸ ਸਮੇਂ ਚੀਨ ਸਰਕਾਰ ਦੀਆਂ ਸਾਰੀਆਂ ਤਿਕੜਮਬਾਜ਼ੀਆਂ ਅਸਫਲ ਹੋਈਆਂ ਸਨ। ਉਦੋਂ ਚੀਨ ਦੀ ਕਮਿਊਨਿਸਟ ਸਰਕਾਰ ਨੇ ਕਿਹਾ ਸੀ ਕਿ ਉਹ ਲੋਕਾਂ ਦਾ ਪੈਸਾ ਜਲਦੀ ਹੀ ਮੋੜ ਦੇਵੇਗੀ।

ਚੀਨ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਦਾ ਪੈਸਾ ਮੋੜਨ ਦੀ ਜੋ ਸਮਾਂ-ਹੱਦ ਦਿੱਤੀ ਸੀ, ਉਹ ਪੂਰੀ ਹੋਣ ’ਤੇ ਸਰਕਾਰ ਲੋਕਾਂ ਦਾ ਪੈਸਾ ਮੋੜਨ ਤੋਂ ਮੁੱਕਰ ਗਈ ਅਤੇ ਉਨ੍ਹਾਂ ਨੂੰ ਡਰਾਉਣ ਲਈ ਸੜਕਾਂ ’ਤੇ ਟੈਂਕਾਂ ਦੀ ਤਾਇਨਾਤੀ ਕਰ ਦਿੱਤੀ। ਇਸ ਦੇ ਨਾਲ ਹੀ ਚੀਨ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜੇ ਲੋਕਾਂ ਦਾ ਪੈਸਾ ਬੈਂਕਾਂ ’ਚ ਜਮ੍ਹਾ ਹੈ, ਉਹ ਉਨ੍ਹਾਂ ਦਾ ਨਿਵੇਸ਼ ਮੰਨਿਆ ਜਾਵੇਗਾ ਪਰ ਇਸ ਨਿਵੇਸ਼ ਦੀ ਕੋਈ ਸਮਾਂ-ਹੱਦ ਸਰਕਾਰ ਨੇ ਨਹੀਂ ਦੱਸੀ ਭਾਵ ਸਰਕਾਰ ਨੇ ਲੋਕਾਂ ਦਾ ਪੈਸਾ ਮੋੜਨ ਤੋਂ ਨਾਂਹ ਕਰਨ ਲਈ ਅਨੋਖਾ ਬਹਾਨਾ ਲੱਭ ਲਿਆ। ਸਿੱਧੇ ਤੌਰ ’ਤੇ ਇਸ ਖਤਰੇ ਦੀ ਗੰਭੀਰਤਾ ਤੋਂ ਸਮਝਿਆ ਜਾ ਸਕਦਾ ਹੈ ਕਿ ਜਿਸ ਢੰਗ ਨਾਲ ਚੀਨ ਸਰਕਾਰ ਨੇ ਲੋਕਾਂ ਦੀ ਸੰਭਾਵਿਤ ਬਗਾਵਤ ਨੂੰ ਦਬਾਉਣ ਲਈ ਟੈਂਕਾਂ ਨੂੰ ਸੜਕਾਂ ’ਤੇ ਉਤਾਰ ਦਿੱਤਾ, ਉਸ ਦਾ ਕੀ ਅੰਜਾਮ ਹੋਵੇਗਾ। ਦੁਨੀਆ ਭਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਬਗਾਵਤ ਨੂੰ ਰੋਕਣ ਲਈ ਚੀਨ ਸਰਕਾਰ ਨੇ ਸੜਕਾਂ ’ਤੇ ਜੋ ਟੈਂਕ ਉਤਾਰੇ ਹਨ, ਉਸ ਨਾਲ ਲੋਕਾਂ ’ਚ ਗਲਤ ਸੰਦੇਸ਼ ਜਾਵੇਗਾ ਅਤੇ ਇਹ ਬਗਾਵਤ ਖਤਮ ਹੋਣ ਦੀ ਥਾਂ ਹੋਰ ਤੇਜ਼ੀ ਨਾਲ ਭੜਕੇਗੀ। ਅੱਜ ਛੋਟੀ ਤੋਂ ਛੋਟੀ ਘਟਨਾ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੁੰਦੀ ਹੈ। ਚੀਨ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਾਲ 1989 ਨਹੀਂ ਹੈ, ਜਦੋਂ ਖਬਰਾਂ ਨੂੰ ਦਬਾ ਦਿੱਤਾ ਜਾਂਦਾ ਸੀ। ਇੰਟਰਨੈੱਟ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ’ਚ ਲੈਣਾ ਚੀਨ ਸਰਕਾਰ ਦੇ ਵੱਸੋਂ ਬਾਹਰ ਦੀ ਗੱਲ ਹੈ। ਪਿਛਲੇ ਹਫਤੇ ਹੇਨਾਨ ’ਚ ਜੋ ਵੱਡਾ ਰੋਸ ਵਿਖਾਵਾ ਹੋਇਆ, ਉਸ ਨੂੰ ਵੀ ਚੀਨ ਦੀ ਸਰਕਾਰ ਰੋਕਣ ’ਚ ਅਸਫਲ ਰਹੀ ਹੈ।


Anuradha

Content Editor

Related News