ਨਿਖਤ, ਮਨਿਕਾ ਅਤੇ ਸ਼੍ਰੀਸ਼ੰਕਰ ਲਈ ਵਿੱਤੀ ਸਹਾਇਤਾ ਮਨਜ਼ੂਰ

Wednesday, Apr 03, 2024 - 07:56 PM (IST)

ਨਵੀਂ ਦਿੱਲੀ, (ਭਾਸ਼ਾ) ਮੁੱਕੇਬਾਜ਼ ਨਿਖਤ ਜ਼ਰੀਨ, ਲੰਬੀ ਛਾਲ ਅਥਲੀਟ ਮੁਰਲੀ ਸ਼੍ਰੀਸ਼ੰਕਰ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਅਤੇ ਸ਼ਾਟਗਨ ਨਿਸ਼ਾਨੇਬਾਜ਼ ਭਵਨੀਸ਼ ਮੈਂਦਿਰਤਾ ਸਮੇਤ ਕਈ ਚੋਟੀ ਦੇ ਖਿਡਾਰੀਆਂ ਨੂੰ ਵਿਦੇਸ਼ ਵਿਚ ਸਿਖਲਾਈ ਦਾ ਮੌਕਾ ਮਿਲਿਆ ਹੈ। ਖੇਡ ਮੰਤਰਾਲੇ ਨੇ ਬੁੱਧਵਾਰ ਨੂੰ ਇੱਥੇ ਇੱਕ ਬੈਠਕ ਵਿੱਚ ਵਿੱਤੀ ਸਹਾਇਤਾ ਦੀ ਬੇਨਤੀ ਨੂੰ ਮਨਜ਼ੂਰੀ ਦਿੱਤੀ। ਮੁੱਕੇਬਾਜ਼ ਨਿਖਤ, ਪ੍ਰੀਤੀ ਪਵਾਰ, ਪ੍ਰਵੀਨ ਹੁੱਡਾ ਅਤੇ ਲਵਲੀਨਾ ਬੋਰਗੋਹੇਨ ਆਪਣੇ ਕੋਚਾਂ ਅਤੇ ਫਿਜ਼ੀਓਜ਼ ਨਾਲ ਵਿਸ਼ੇਸ਼ ਅਭਿਆਸ ਕੈਂਪ ਲਈ ਤੁਰਕੀ ਜਾਣਗੇ। ਪਹਿਲਵਾਨ ਸੁਜੀਤ (65 ਕਿਲੋ), ਦੀਪਕ ਪੂਨੀਆ (86 ਕਿਲੋ) ਅਤੇ ਨਵੀਨ (74 ਕਿਲੋ) ਅਪ੍ਰੈਲ ਵਿੱਚ ਹੋਣ ਵਾਲੇ ਏਸ਼ੀਆਈ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ਤੋਂ ਪਹਿਲਾਂ ਅਭਿਆਸ ਲਈ ਰੂਸ ਜਾਣਗੇ।

ਮੰਤਰਾਲੇ ਦੇ ਟਾਰਗੇਟ ਓਲੰਪਿਕ ਪੋਡੀਅਮ ਪ੍ਰੋਗਰਾਮ (TOPS) ਦੇ ਤਹਿਤ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਸ਼ਾਟਗਨ ਨਿਸ਼ਾਨੇਬਾਜ਼ ਮੇਂਦਿਰੱਤਾ ਬਾਕੂ ਵਿੱਚ ਆਈਐਸਐਸਐਫ ਵਿਸ਼ਵ ਕੱਪ ਲਈ ਨਿੱਜੀ ਕੋਚ ਡੇਨੀਏਲ ਡੀ ਸਪਿਗਨੋ ਨਾਲ ਸਿਖਲਾਈ ਲੈਣ ਲਈ ਇਟਲੀ ਜਾਣਗੇ, ਜਦੋਂ ਕਿ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜੇਤੂ ਸ਼੍ਰੀਸ਼ੰਕਰ ਸੁਜ਼ੌ ਅਤੇ ਦੋਹਾ ਵਿੱਚ ਡਾਇਮੰਡ ਲੀਗ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਤਿੰਨ ਨਿਸ਼ਾਨੇਬਾਜ਼ ਅਨੰਤਜੀਤ ਸਿੰਘ ਨਰੂਕਾ ਅਤੇ ਰਾਇਜ਼ਾ ਢਿੱਲੋਂ (ਸਕਿਟ) ਅਤੇ ਰਾਜੇਸ਼ਵਰੀ ਕੁਮਾਰੀ (ਟ੍ਰੈਪ) ਅਤੇ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੂੰ ਵੀ ਇਸ ਓਲੰਪਿਕ ਚੱਕਰ ਲਈ ਟਾਪਸ ਕੋਰ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ।


Tarsem Singh

Content Editor

Related News