ਦੇਸ਼ ਨੂੰ ਚਾਹੀਦੀ ਹੈ ‘ਵਾਅਦੇ ਨਿਭਾਉਣ’ ਵਾਲੀ ਸਰਕਾਰ

04/09/2019 7:14:26 AM

ਦੇਵੀ ਚੇਰੀਅਨ
ਚੋਣਾਂ ਕਾਰਨ ਅਪ੍ਰੈਲ ਅਤੇ ਮਈ ਦਾ ਮਹੀਨਾ ਪੂਰੀ ਤਰ੍ਹਾਂ ਉਤੇਜਿਤ ਕਰਨ ਵਾਲੇ ਅਤੇ ਰੁਝੇਵੇਂ ਵਾਲੇ ਰਹਿਣਗੇ। ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰ ਇਸ ਦੌਰਾਨ ਚੋਣ ਪ੍ਰਚਾਰ, ਧਨ ਇਕੱਠਾ ਕਰਨ ਅਤੇ ਘਰ-ਘਰ ਜਾਣ ’ਚ ਰੁੱਝੇ ਰਹਿਣਗੇ। ਇਹ ਇਕ ਅਜਿਹਾ ਕੰਮ ਹੈ, ਜੋ 5 ਸਾਲਾਂ ’ਚ ਇਕ ਵਾਰ ਕਰਨਾ ਪੈਂਦਾ ਹੈ ਤਾਂ ਕਿ ਉਹ ਦੁਬਾਰਾ ਸੰਸਦ ਲਈ ਚੁਣੇ ਜਾ ਸਕਣ। ਦੂਜੇ ਪਾਸੇ ਵੋਟਰ ਹਮੇਸ਼ਾ ਇਹ ਸੋਚਦਾ ਹੈ ਕਿ ਉਸ ਦੇ ਨੇਤਾ ’ਚ ਕੀ ਗੁਣ ਹੋਣੇ ਚਾਹੀਦੇ ਹਨ? ਬਹੁਤ ਵਾਰ ਵੋਟਰ ਕਿਸੇ ਨੇਤਾ ਵਲੋਂ ਦਿੱਤੇ ਨਾਅਰੇ ਦੇ ਪ੍ਰਭਾਵ ਹੇਠ ਆ ਜਾਂਦੇ ਹਨ ਜਾਂ ਉਸ ਦੇ ਕੰਮ ਦੇ ਹਿਸਾਬ ਨਾਲ ਫੈਸਲਾ ਲੈਂਦੇ ਹਨ। ਪਿਛਲੇ 2 ਹਫਤਿਆਂ ’ਚ ਮੈਂ ਬਹੁਤ ਸਾਰੇ ਨੌਜਵਾਨਾਂ ਨਾਲ ਗੱਲ ਕੀਤੀ ਤੇ ਜਾਣਿਆ ਕਿ ਉਹ ਅੱਜ ਦੇ ਨੇਤਾਵਾਂ ਤੋਂ ਕੀ ਚਾਹੁੰਦੇ ਹਨ? ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹਨ। ਉਹ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਨੇਤਾ ਕੀ ਹਨ ਅਤੇ ਉਨ੍ਹਾਂ ਲਈ ਕੀ ਕੰਮ ਕਰ ਸਕਦੇ ਹਨ?

ਕੀ ਇਸ ਵਾਰ ਵੀ ਚੱਲੇਗਾ ਮੋਦੀ ਦਾ ਜਾਦੂ

ਪਿਛਲੀਆਂ ਲੋਕ ਸਭਾ ਚੋਣਾਂ ’ਚ ਮੋਦੀ ਦੇ ਜਾਦੂ ਤੇ ਉਨ੍ਹਾਂ ਦੇ ਵਾਅਦਿਆਂ ਨੇ ਕੰਮ ਕਰ ਦਿੱਤਾ ਸੀ, ਚਾਹੇ ਇਹ ਸਵੱਛ ਭਾਰਤ ਦੀ ਗੱਲ ਹੋਵੇ ਜਾਂ ਪਖਾਨਿਆਂ ਦੀ ਜਾਂ ਇਹ ਕਿ ਲੋਕ ਮਨਮੋਹਨ ਸਰਕਾਰ ਤੋਂ ਅੱਕ ਚੁੱਕੇ ਹਨ ਪਰ ਉਦੋਂ ਹਰ ਪਾਸੇ ਮੋਦੀ ਦਾ ਹੀ ਨਾਂ ਸੀ। ਪਿਛਲੀਆਂ ਲੋਕ ਸਭਾ ਚੋਣਾਂ ’ਚ ਐੱਨ. ਡੀ. ਏ. ਵਲੋਂ ਜਿੱਤਣ ਵਾਲੇ ਉਮੀਦਵਾਰਾਂ ਦੀ ਜਿੱਤ ਦੀ ਵੱਡੀ ਵਜ੍ਹਾ ਮੋਦੀ ਹੀ ਸਨ। ਹੁਣ ਸਵਾਲ ਹੈ ਕਿ ਕੀ ਇਸ ਵਾਰ ਵੀ ਮੋਦੀ ਦਾ ਜਾਦੂ ਚੱਲੇਗਾ? ਕੀ ਮੋਦੀ ਦੇ ਨਾਂ ’ਤੇ ਇਸ ਵਾਰ ਫਿਰ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਜਿੱਤ ਸਕਣਗੇ? ਅੱਜ ਜਾਤ, ਧਰਮ ਅਤੇ ਆਸਥਾ ਨੂੰ ਵੇਚਿਆ ਜਾ ਰਿਹਾ ਹੈ ਤੇ ਇਹੋ ਚੀਜ਼ਾਂ ਤੁਹਾਡਾ ਉਮੀਦਵਾਰ ਤੈਅ ਕਰਦੀਆਂ ਹਨ। ਇਹ ਵੀ ਦੇਖਿਆ ਜਾਂਦਾ ਹੈ ਕਿ ਹਰੇਕ ਲੋਕ ਸਭਾ ਹਲਕੇ ’ਚ ਕਿਸ ਦੀਆਂ ਕਿੰਨੀਆਂ ਵੋਟਾਂ ਹਨ। ਜੇ ਕੋਈ ਲੋਕ ਸਭਾ ਹਲਕਾ ਬ੍ਰਾਹਮਣ ਬਹੁਲਤਾ ਵਾਲਾ ਹੈ ਤਾਂ ਤੁਹਾਡਾ ਉਮੀਦਵਾਰ ਬ੍ਰਾਹਮਣ ਹੋਵੇਗਾ। ਜੇ ਰਾਜਪੂਤ ਬਹੁਲਤਾ ਵਾਲਾ ਹਲਕਾ ਹੋਵੇ ਤਾਂ ਉਮੀਦਵਾਰ ਵੀ ਰਾਜਪੂਤ ਹੋਵੇਗਾ। ਕੀ ਇਸ ਨਾਲ ਕੰਮ ਚੱਲੇਗਾ? ਮੈਂ ਅਜਿਹਾ ਨਹੀਂ ਮੰਨਦੀ, ਨੌਜਵਾਨ ਇਸ ਆਧਾਰ ’ਤੇ ਆਪਣਾ ਫੈਸਲਾ ਨਹੀਂ ਲੈਂਦੇ। ਪਿਛਲੇ ਦਿਨੀਂ ਮੈਂ ਇਕ ਲੈਕਚਰ ਦੇਣ ਲਈ ਕਿਸੇ ਕਾਲਜ ’ਚ ਗਈ ਸੀ ਤੇ ਉਥੇ ਕਿਹਾ ਕਿ ਜਾਤ, ਧਰਮ ਅਤੇ ਆਸਥਾ ਤੋਂ ਉਪਰ ਉੱਠੋ ਤੇ ਉਸ ਆਦਮੀ ਨੂੰ ਵੋਟ ਦਿਓ, ਜੋ ਤੁਹਾਡੇ ਲਈ ਕੰਮ ਕਰੇ। ਉਨ੍ਹਾਂ ਨੇ ਮੈਨੂੰ ਦੋ-ਤਿੰਨ ਉਮੀਦਵਾਰਾਂ ਦੇ ਨਾਂ ਵੀ ਦੱਸੇ, ਜਿਨ੍ਹਾਂ ਨੇ ਉਨ੍ਹਾਂ ਦੇ ਹਲਕਿਆਂ ’ਚ ਕੰਮ ਕੀਤਾ ਸੀ ਤੇ ਉਹ ਮੁੜ ਉਨ੍ਹਾਂ ’ਤੇ ਭਰੋਸਾ ਕਰਨਗੇ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਵਿਦਿਆਰਥੀਆਂ ਦਾ ਉਨ੍ਹਾਂ ਉਮੀਦਵਾਰਾਂ ਦੇ ਭਾਈਚਾਰੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮੈਂ ਇਕ ਮਜ਼ਬੂਤ ਸਰਕਾਰ ਚਾਹੁੰਦੀ ਹਾਂ, ਜੋ ਕੰਮ ਕਰੇ, ਜਿਸ ’ਚ ਹੰਕਾਰ ਨਾ ਹੋਵੇ, ਜੋ ਮੇਰੇ ਨਾਲ ਬੈਠ ਕੇ ਮੇਰੀਆਂ ਸਮੱਸਿਆਵਾਂ ’ਤੇ ਚਰਚਾ ਕਰ ਸਕੇ, ਜੋ ਆਪਣਾ ਕੀਤਾ ਵਾਅਦਾ ਨਿਭਾਏ, ਨਹੀਂ ਤਾਂ ਅਗਲੀ ਵਾਰ ਮੇਰੀ ਵੋਟ ਦੀ ਉਮੀਦ ਨਾ ਰੱਖੇ। ਮੈਂ ਇਕ ਅਜਿਹੀ ਸਰਕਾਰ ਚਾਹੁੰਦੀ ਹਾਂ, ਜੋ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਦੇਵੇ, ਸੰਸਥਾਵਾਂ ਨੂੰ ਬਰਬਾਦ ਨਾ ਕਰੇ ਅਤੇ ਜਿੱਥੇ ਹਰੇਕ ਸੰਸਥਾ ਦਾ ਸਨਮਾਨ ਕੀਤਾ ਜਾਵੇ। ਜੇ ਕੋਈ ਸਰਕਾਰ ਖ਼ੁਦ ਹੀ ਸੰਸਥਾਵਾਂ ਦਾ ਸਨਮਾਨ ਨਹੀਂ ਕਰੇਗੀ ਤਾਂ ਉਹ ਆਮ ਆਦਮੀ ਤੋਂ ਅਜਿਹੀ ਉਮੀਦ ਕਿਵੇਂ ਕਰ ਸਕਦੀ ਹੈ?

ਇਕੱਠੀਆਂ ਚੋਣਾਂ ਕਰਵਾਉਣ ਦਾ ਵਿਚਾਰ

ਮੈਂ ਇਸ ਗੱਲ ਨੂੰ ਵੀ ਤਰਜੀਹ ਦੇਵਾਂਗੀ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ। ਇਸ ਨਾਲ ਜਿਥੇ ਪੈਸੇ ਤੇ ਸਮੇਂ ਦੀ ਬੱਚਤ ਹੋਵੇਗੀ, ਉਥੇ ਹੀ ਟੀ. ਵੀ. ਐਂਕਰਾਂ ਦਾ ਹੱਲਾ ਵੀ ਘਟੇਗਾ। ਹਰ ਦੂਜੇ ਸਾਲ ਕਿਸੇ ਨਾ ਕਿਸੇ ਸੂਬੇ ’ਚ ਚੋਣਾਂ ਆ ਜਾਂਦੀਆਂ ਹਨ ਤੇ ਸਾਨੂੰ ਆਏ ਦਿਨ ਟੀ. ਵੀ. ’ਤੇ ਉਹੀ ਡਰਾਮਾ ਦੇਖਣਾ ਪੈਂਦਾ ਹੈ। ਬੇਸ਼ੱਕ ਮੀਡੀਆ ਵਾਲੇ ਕਿਸੇ ਪਾਰਟੀ ਪ੍ਰਤੀ ਨੇੜਤਾ ਦਿਖਾ ਸਕਦੇ ਹਨ ਪਰ ਖੁਸ਼ਕਿਸਮਤੀ ਨਾਲ ਅੱਜਕਲ ਅਨਪੜ੍ਹ ਜਾਂ ਪੜ੍ਹੇ-ਲਿਖੇ ਲੋਕ ਵੀ ਇਨ੍ਹਾਂ ਗੱਲਾਂ ਨੂੰ ਸਮਝਦੇ ਹਨ। ਉਹ ਜਾਣਦੇ ਹਨ ਕਿ ਜਾਂ ਤਾਂ ਚੈਨਲ ਦਾ ਮਾਲਕ ਮੁਸ਼ਕਿਲ ’ਚ ਹੈ ਜਾਂ ਉਸ ਨੂੰ ਸਰਕਾਰ ਨਾਲ ਕੋਈ ਕੰਮ ਹੈ। ਮੈਂ ਅੱਜ ਵੀ ਦੂਰਦਰਸ਼ਨ ਦੇਖਣਾ ਪਸੰਦ ਕਰਦੀ ਹਾਂ ਕਿਉਂਕਿ ਇਹ ਸੰਤੁਲਿਤ ਖ਼ਬਰਾਂ ਪੇਸ਼ ਕਰਦਾ ਹੈ। ਜੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਹੋ ਜਾਣ ਤਾਂ 5 ਸਾਲਾਂ ’ਚ ਸਿਰਫ ਇਕ ਵਾਰ ਚੋਣਾਂ ਹੋਣਗੀਆਂ। ਅਜਿਹਾ ਕਰਨ ਨਾਲ ਹਰੇਕ ਸਰਕਾਰ ਨੂੰ ਕੰਮ ਕਰਨ ਲਈ ਕਾਫੀ ਸਮਾਂ ਮਿਲ ਜਾਵੇਗਾ। ਮੈਨੂੰ ਯਕੀਨ ਹੈ ਕਿ ਅਜਿਹਾ ਹੋਣ ਨਾਲ ਕੇਂਦਰ ਤੇ ਸੂਬਿਆਂ ਵਿਚਾਲੇ ਤਾਲਮੇਲ ਵਧੇਗਾ। ਫਿਲਹਾਲ ਇਨ੍ਹਾਂ 2 ਮਹੀਨਿਆਂ ’ਚ ਦੂਸ਼ਣਬਾਜ਼ੀ ਤੇ ਇਕ-ਦੂਜੇ ਨੂੰ ਠਿੱਬੀ ਲਾਉਣ ਦੀ ਖੇਡ ਚੱਲਦੀ ਰਹੇਗੀ। ਚੋਣਾਂ ਦੌਰਾਨ ਨੌਕਰਸ਼ਾਹੀ ਦਾ ਸਾਰਾ ਕੰਮਕਾਜ ਠੱਪ ਹੋ ਜਾਂਦਾ ਹੈ। ਚੋਣ ਜ਼ਾਬਤਾ ਲਾਗੂ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਕੀਤਾ ਜਾਵੇ ਪਰ ਅੱਜਕਲ ਚੋਣ ਜ਼ਾਬਤੇ ਦੀ ਪਰਵਾਹ ਕੌਣ ਕਰਦਾ ਹੈ। ਹਰ ਕੋਈ ਆਪਣੀ ਮਨਮਰਜ਼ੀ ਕਰਦਾ ਹੈ। ਫਿਰ ਹਰ ਕੰਮ ’ਚ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਂਦਾ ਹੈ, ਜਦਕਿ ਇਹ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ।

ਸੰਵਿਧਾਨਿਕ ਸੰਸਥਾਵਾਂ ਦੀ ਮਜ਼ਬੂਤੀ ਜ਼ਰੂਰੀ

ਗੱਲ ਚਾਹੇ ਫਿਲਮ ਸਟਾਰਾਂ ਨੂੰ ਉਮੀਦਵਾਰ ਵਜੋਂ ਚੁਣਨ ਦੀ ਹੋਵੇ ਜਾਂ ਕ੍ਰਿਕਟਰਾਂ ਜਾਂ ਗਾਇਕਾਂ ਨੂੰ ਚੁਣਨ ਦੀ, ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜ਼ਿਆਦਾ ਭੀੜ ਕੌਣ ਖਿੱਚ ਸਕਦਾ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਜਾਂ ਕੰਮ ਦੀ ਕੋਈ ਹੱਦ ਨਹੀਂ ਹੁੰਦੀ। ਬਹੁਤ ਸਾਰੇ ਫਿਲਮ ਸਟਾਰ ਆਉਂਦੇ ਹਨ ਤੇ ਸੰਸਦ ’ਚ ਇਕ ਵੀ ਸ਼ਬਦ ਕਹੇ ਬਿਨਾਂ ਆਪਣਾ ਕਾਰਜਕਾਲ ਪੂਰਾ ਕਰ ਜਾਂਦੇ ਹਨ। ਕੀ ਤੁਸੀਂ ਅਜਿਹੇ ਲੋਕਾਂ ਲਈ ਆਪਣੀ ਵੋਟ ਗੁਆਉਣਾ ਚਾਹੋਗੇ, ਮੈਂ ਅਜਿਹਾ ਨਹੀਂ ਮੰਨਦੀ। ਮੌਕਾਪ੍ਰਸਤ ਅਤੇ ਦਲ-ਬਦਲੂ ਨੇਤਾਵਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਸਾਡੇ ਦੇਸ਼ ਦੇ ਲੋਕ ਇਸ ਵਾਰ ਇਕ ਅਜਿਹੀ ਸਰਕਾਰ ਚੁਣਨਗੇ, ਜੋ ਬਿਨਾਂ ਕਿਸੇ ਨਾਟਕਬਾਜ਼ੀ ਦੇ ਗਰੀਬ ਆਦਮੀ ਤੇ ਦੇਸ਼ ਦੇ ਵਿਕਾਸ ਲਈ ਕੰਮ ਕਰੇਗੀ। ਇਸ ਦੇਸ਼ ਦੇ ਬੱਚਿਆਂ ਦੇ ਭਵਿੱਖ ਅਤੇ ਸੰਸਥਾਵਾਂ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ। ਇਹ ਨਿਰਾਸ਼ਾਜਨਕ ਹੈ ਕਿ ਵੱਖ-ਵੱਖ ਸੰਵਿਧਾਨਿਕ ਸੰਸਥਾਵਾਂ ਦੀ ਭਰੋਸੇਯੋਗਤਾ ਘਟ ਰਹੀ ਹੈ। ਅਨਪੜ੍ਹ ਲੋਕਾਂ ਲਈ ਵੀ ਇਹ ਮਜ਼ਾਕ ਦਾ ਪਾਤਰ ਬਣ ਰਹੀਆਂ ਹਨ। ਉਮੀਦ ਹੈ ਕਿ ਇਹ ਸੰਸਥਾਵਾਂ ਆਪਣਾ ਖੁੱਸਿਆ ਸਨਮਾਨ ਮੁੜ ਹਾਸਿਲ ਕਰਨਗੀਆਂ, ਚਾਹੇ ਇਸ ਦੇ ਲਈ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ। ਆਓ, ਉਡੀਕ ਕਰੀਏ ਤੇ ਦੇਖੀਏ ਕਿ 23 ਮਈ ਨੂੰ ਕਿਸ ਤਰ੍ਹਾਂ ਦੀ ਸਰਕਾਰ ਚੁਣ ਹੋ ਕੇ ਆਉਂਦੀ ਹੈ ਤੇ ਨਾਲ ਹੀ ਇਹ ਪ੍ਰਾਰਥਨਾ ਕਰੀਏ ਕਿ ਨਵੀਂ ਸਰਕਾਰ ਦੇਸ਼ਵਾਸੀਆਂ ਨੂੰ ਰੋਟੀ, ਕੱਪੜੇ ਤੇ ਮਕਾਨ ਦੇ ਨਾਲ-ਨਾਲ ਰੋਜ਼ਗਾਰ ਵੀ ਦੇਵੇਗੀ ਤਾਂ ਕਿ ਹਰ ਆਦਮੀ ਸਨਮਾਨ ਨਾਲ ਜ਼ਿੰਦਗੀ ਕੱਟ ਸਕੇ। ਮੈਂ ਚਾਹੁੰਦੀ ਹਾਂ ਕਿ ਲੋਕ ਧਰਮ, ਜਾਤ ਅਤੇ ਫਿਰਕੇ ਤੋਂ ਉਪਰ ਉੱਠ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਕਿਉਂਕਿ ਸਭ ਦਾ ਰਚੇਤਾ ਈਸ਼ਵਰ ਹੈ। ਨੇਤਾ ਲੋਕ ਵੋਟ ਲਈ ਸਭ ਕੁਝ ਭੇਜਣਗੇ ਤੇ ਸਾਨੂੰ ਵੰਡਣ ਦੀ ਕੋਸ਼ਿਸ਼ ਵੀ ਕਰਨਗੇ। ਇਸ ਲਈ ਪ੍ਰਾਰਥਨਾ ਕਰੋ ਕਿ ਉਹ ਇਸ ’ਚ ਸਫਲ ਨਾ ਹੋਣ।
 


Bharat Thapa

Content Editor

Related News