ਪਰਾਲੀ ਸਾੜਨ ਨਾਲ ਵਾਤਾਵਰਣ ’ਤੇ ਪੈ ਰਹੇ ਮਾੜੇ ਪ੍ਰਭਾਵ

Wednesday, Oct 17, 2018 - 06:44 AM (IST)

ਕੁਦਰਤ ਦੇ ਕਾਨੂੰਨ ਬਹੁਤ ਅਟੱਲ ਹਨ। ਜੇਕਰ ਅਸੀਂ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਾਂ ਤਾਂ ਉਹ ਇੰਨੀ ਬਲਵਾਨ ਹੈ ਕਿ ਉਸ ਦੀ ਸਜ਼ਾ ਵੀ ਉਹ ਖ਼ੁਦ ਹੀ ਤੈਅ ਕਰਦੀ ਹੈ। ਹੜ੍ਹ, ਭੂਚਾਲ ਅਤੇ ਹੋਰ ਕੁਦਰਤੀ ਆਫਤਾਂ ਦਾ ਆਉਣਾ ਕੁਦਰਤੀ ਅਜ਼ਾਬ ਦੀਅਾਂ ਪ੍ਰਤੱਖ ਉਦਾਹਰਣਾਂ ਹਨ। ਸੰਸਾਰ ਵਿਚ ਜੋ ਵੀ ਅਸੀਂ ਵੇਖਦੇ ਹਾਂ, ਉਹ ਕੁਦਰਤ ਦੇ ਨਿਯਮਾਂ ’ਚ ਬੱਝਿਆ ਹੋਇਆ ਹੈ।
ਇਹ ਵੀ ਇਕ ਤਲਖ ਸੱਚਾਈ ਹੈ ਕਿ ਮਨੁੱਖ ਜਾਤੀ ਤੋਂ ਇਲਾਵਾ ਕੋਈ ਵੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਹਿੰਮਤ ਨਹੀਂ ਕਰਦਾ ਅਤੇ ਅਸੀਂ ਇਹ ਵੀ ਵੇਖਦੇ ਹਾਂ ਕਿ ਜਦੋਂ ਵੀ ਮਨੁੱਖ ਕੁਦਰਤ ਦੇ ਨਿਯਮਾਂ ਦੀ ਅਣਦੇਖੀ ਜਾਂ ਉਸ ਦੇ ਨਿਯਮਾਂ ਵਿਚ ਆਪਣੀ ਜ਼ਰੂਰਤ ਤੋਂ ਜ਼ਿਆਦਾ ਦਖਲਅੰਦਾਜ਼ੀ ਜਾਂ ਫਿਰ ਨਿਯਮਾਂ ਨੂੰ ਤੋੜਨ ਦੀ ਹਿਮਾਕਤ ਕਰਦਾ ਹੈ ਤਾਂ ਕੁਦਰਤ ਮਨੁੱਖ ਨੂੰ ਆਪਣੇ ਹਿਸਾਬ ਨਾਲ ਬਣਦੀ ਸਜ਼ਾ ਬਰਾਬਰ ਦਿੰਦੀ ਹੈ। 
ਕੁਦਰਤ ਨੇ ਜਿਨ੍ਹਾਂ ਅਨਮੋਲ ਜੜ੍ਹੀਅਾਂ-ਬੂਟੀਅਾਂ ਅਤੇ ਪੇੜ-ਪੌਦਿਅਾਂ ਨਾਲ ਸਾਨੂੰ ਇਸ ਧਰਤੀ ’ਤੇ ਨਿਵਾਜਿਆ ਹੈ, ਉਨ੍ਹਾਂ ਸਭਨਾਂ ਵਿਚ ਮਨੁੱਖ ਦੀ ਭਲਾਈ ਲਈ ਕੋਈ ਨਾ ਕੋਈ ਹਿਕਮਤ ਛੁਪੀ ਹੋਈ ਹੈ, ਇਹ ਵੱਖਰੀ ਗੱਲ ਹੈ ਕਿ ਸਾਨੂੰ ਉਸ ਦਾ ਗਿਆਨ ਨਾ ਹੋਵੇ ਪਰ ਰੱਬ ਨੇ ਕੋਈ ਵੀ ਚੀਜ਼ ਬੇਕਾਰ ਪੈਦਾ ਨਹੀਂ ਕੀਤੀ। 
ਹਰ ਸਾਲ ਵਾਂਗ ਇਸ ਸਾਲ ਵੀ ਸਰਕਾਰ ਆਪਣੇ ਸਭਨਾਂ ਸਾਧਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨਾ ਸਾੜਨ ਦੀ ਪ੍ਰੇਰਨਾ ਦੇਣ ਲਈ ਬਹੁਤ ਸਾਰੀਅਾਂ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਲੋਕਾਂ ਵਲੋਂ ਪੂਰਾ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਧਰੇ-ਧਰਾਏ ਹੀ ਰਹਿ  ਜਾਂਦੇ ਹਨ, ਜਿਸ ਕਾਰਨ ਜਿੱਥੇ ਸਰਕਾਰ ਵਲੋਂ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰਾਂ ਆਦਿ ਉਪਰ ਖਰਚ ਕੀਤੀਅਾਂ ਜਾਣ ਵਾਲੀਅਾਂ ਭਾਰੀ ਰਕਮਾਂ ਫਜ਼ੂਲ ਅਤੇ ਅਜਾਈਂ ਜਾਂਦੀਅਾਂ ਹਨ, ਉਥੇ ਹੀ ਇਨ੍ਹੀਂ ਦਿਨੀਂ ਸੜਕ ਹਾਦਸਿਅਾਂ ਵਿਚ ਬਹੁਤ ਜ਼ਿਆਦਾ ਵਾਧਾ ਵੇਖਣ ਨੂੰ ਮਿਲਦਾ ਹੈ। 
ਪਿਛਲੇ ਸਾਲ ਦੀ ਗੱਲ ਹੈ, ਜਦੋਂ ਧੂੰਏਂ ਦੇ ਬਣੇ ਬੱਦਲਾਂ ਦੀ ਲਪੇਟ ’ਚ ਆਏ ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਵਿਚ ਵੀ ਕਈ ਦਿਨਾਂ ਤਕ ਹਨੇਰਾ ਛਾਇਆ ਰਿਹਾ, ਜਿਸ ਕਾਰਨ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਵਾਪਰੇ ਹਾਦਸੇ ਕਾਰਨ ਬਹੁਤ ਸਾਰੀਅਾਂ ਕੀਮਤੀ ਜਾਨਾਂ ਗਈਅਾਂ ਸਨ। 
ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਥੇ ਝੋਨੇ ਦੀ ਬੀਜਾਈ ਵਾਲੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸੂਬੇ ’ਚ ਲੱਗਭਗ 65 ਲੱਖ ਏਕੜ ਰਕਬੇ ’ਚ ਝੋਨੇ ਦੀ ਕਾਸ਼ਤ ਹੁੰਦੀ ਹੈ। ਝੋਨੇ ਦੀ ਫਸਲ ਦੀ ਪ੍ਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਉਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ, ਉਸ ਦੇ ਤੱਥ ਯਕੀਨੀ ਤੌਰ ’ਤੇ ਚਿੰਤਾਜਨਕ ਹਨ।
 ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ 2.5 ਤੋਂ ਲੈ ਕੇ 3 ਟਨ ਤਕ ਪਰਾਲੀ ਦੀ ਪੈਦਾਵਾਰ ਹੁੰਦੀ ਹੈ, ਜਿਸ ਨੂੰ ਸਾੜਨ ਨਾਲ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ. ਏ. ਪੀ. ਅਤੇ 51 ਕਿਲੋ ਪੋਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ’ਚ ਭਾਰੀ ਕਮੀ ਆਉਂਦੀ ਹੈ।
 ਇਸ ਤੋਂ ਪਹਿਲਾਂ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰੱਖਤ ਪਰਾਲੀ ਨੂੰ ਲਾਈ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਪਹਿਲੇ ਸਮਿਅਾਂ ’ਚ ਛੋਟੀ ਮੱਖੀ ਦਾ ਸ਼ਹਿਦ ਆਮ ਮਿਲ ਜਾਇਆ ਕਰਦਾ ਸੀ ਪਰ ਜਦੋਂ ਤੋਂ ਪਰਾਲੀ ਸਾੜਨ ਦੀ ਪਿਰਤ ਪਈ ਹੈ, ਉਸ ਨਾਲ ਸ਼ਹਿਦ ਦੀਅਾਂ ਅਣਗਿਣਤ ਮੱਖੀਅਾਂ ਮਰ ਚੁੱਕੀਅਾਂ ਹਨ, ਜਿਸ ਦੇ ਸਿੱਟੇ ਵਜੋਂ  ਅੱਜ ਸ਼ੁੱਧ ਸ਼ਹਿਦ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਪੰਛੀ, ਜਿਵੇਂ ਕਿ ਚਿੜੀਅਾਂ ਆਦਿ ਸਾਡੇ ਸਮਾਜ ’ਚੋਂ ਅਲੋਪ ਹੁੰਦੀਅਾਂ ਜਾ ਰਹੀਅਾਂ ਹਨ ਅਤੇ ਬਹੁਤ ਸਾਰੇ ਹੋਰ ਪੰਛੀਅਾਂ ਤੇ ਜੀਵ-ਜੰਤੂਅਾਂ ਦੀ ਮੌਤ ਵੀ ਹੋ ਜਾਂਦੀ ਹੈ। 
ਦੂਸਰੇ ਪਾਸੇ ਪਰਾਲੀ ਸਾੜਨ ਨਾਲ ਜ਼ਹਿਰੀਲੀਅਾਂ ਗੈਸਾਂ ਕਾਰਬਨ ਮੋਨੋਆਕਸਾਈਡ ਲਾਲ ਕਣਾਂ ਨਾਲ ਕਿਰਿਆ ਕਰ ਕੇ  ਖੂਨ ਦੀ ਆਕਸੀਜਨ  ਲਿਜਾਣ  ਦੀ  ਸਮਰੱਥਾ  ਘਟਾਉਂਦੀਅਾਂ  ਹਨ।  ਇਸ ਦੇ ਨਾਲ ਹੀ ਕਾਰਬਨਡਾਈਅਾਕਸਾਈਡ ਅੱਖਾਂ ਅਤੇ ਸਾਹ ਦੀ ਨਲੀ ਵਿਚ ਜਲਨ ਪੈਦਾ ਕਰਦੀ ਹੈ।
 ਇਸ ਤੋਂ ਇਲਾਵਾ ਸਲਫਰ ਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਫੇਫੜਿਅਾਂ, ਖੂਨ, ਚਮੜੀ ਅਤੇ ਸਾਹ ਕਿਰਿਆ ’ਤੇ ਸਿੱਧਾ ਅਸਰ ਕਰਦੀਅਾਂ ਹਨ, ਜੋ ਕਿ ਕੈਂਸਰ ਵਰਗੀਅਾਂ ਬੀਮਾਰੀਅਾਂ ਨੂੰ ਸੱਦਾ ਦਿੰਦੀਅਾਂ ਹਨ। ਉਕਤ ਜ਼ਹਿਰੀਲੀਅਾਂ ਗੈਸਾਂ ਦੇ ਪ੍ਰਕੋਪ ਦਾ ਸ਼ਿਕਾਰ ਸਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ। ਉਕਤ ਗੈਸਾਂ ਗਰਭਵਤੀ ਔਰਤਾਂ ’ਤੇ ਵੀ ਬਹੁਤ ਮਾੜਾ ਅਸਰ ਪਾਉਂਦੀਅਾਂ ਹਨ। 
ਹਰ ਤਰ੍ਹਾਂ ਦਾ ਪ੍ਰਦੂਸ਼ਣ ਸਾਡੀ ਧਰਤੀ ਦੁਆਲੇ ਘੇਰਾ ਪਾਈ ਬੈਠੀ ਓਜ਼ੋਨ ਪਰਤ ਵਿਚਕਾਰ ਸੁਰਾਖ ਕਰਦਾ ਹੈ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਜੋ ਸੂਰਜੀ ਕਿਰਨਾਂ ਓਜ਼ੋਨ ਪਰਤ ਵਿਚੋਂ ਦੀ ਪੁਣ-ਪੁਣ ਕੇ ਸਾਡੀ ਜ਼ਮੀਨ ਰੁਸ਼ਨਾਉਂਦੀਅਾਂ ਹਨ ਅਤੇ ਸਾਨੂੰ ਵਿਟਾਮਿਨ-ਡੀ ਪ੍ਰਦਾਨ ਕਰਦੀਅਾਂ ਹਨ, ਉਹ ਸਿੱਧੇ ਰੂਪ ’ਚ ਧਰਤੀ ’ਤੇ ਪੈਣ ਲੱਗਦੀਅਾਂ ਹਨ, ਜਿਸ ਦਾ ਮਨੁੱਖ ਦੇ ਨਾਲ  ਪਸ਼ੂਅਾਂ ਅਤੇ ਪੰਛੀਅਾਂ ਨੂੰ ਵੀ ਖਤਰਨਾਕ ਹੱਦ ਤਕ ਨੁਕਸਾਨ ਪੁੱਜਦਾ ਹੈ। 
ਇਕ ਅੰਦਾਜ਼ੇ ਮੁਤਾਬਿਕ ਪਰਾਲੀ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਲੱਗਭਗ 500 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਦੇ ਧੂੰਏਂ ਅਤੇ ਅੱਗ ਕਾਰਨ ਸੜਕਾਂ ਉਪਰ ਸਫ਼ਰ ਕਰ ਰਹੇ ਕਿੰਨੇ ਹੀ ਮੁਸਾਫਿਰ ਹਾਦਸਿਅਾਂ ਦਾ ਸ਼ਿਕਾਰ ਹੁੰਦੇ ਹਨ। 
ਇਸ ’ਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜਨ ਦੀਅਾਂ ਸਮੱਸਿਆਵਾਂ ਨਾਲ ਨਜਿੱਠਣਾ ਇਕੱਲੀ ਸੂਬਾ ਸਰਕਾਰ ਦੇ ਵੱਸ ਦੀ ਗੱਲ ਨਹੀਂ, ਸਗੋਂ ਇਹ ਸਮੁੱਚੇ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਹੱਲ ਲਈ ਸੂਬਾਈ ਅਤੇ ਕੇਂਦਰੀ ਸਰਕਾਰ, ਦੋਵਾਂ ਨੂੰ ਹੀ ਸਾਂਝੇ ਰੂਪ ’ਚ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਨਾਲ ਹੀ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਦੇ ਤਮਾਮ ਹਿੱਤਾਂ ਨੂੰ ਧਿਆਨ ’ਚ ਰੱਖਦਿਅਾਂ ਸੁਚਾਰੂ ਅਤੇ ਯੋਗ ਹੱਲ ਲੱਭਣੇ ਚਾਹੀਦੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਧਰਤੀ ’ਤੇ ਅਸੀਂ ਰਹਿੰਦੇ ਹਾਂ, ਇਸ ਦੇ ਚੌਗਿਰਦੇ ਤੇ ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਸਰਕਾਰਾਂ ਦਾ ਹੀ ਕੰਮ ਨਹੀਂ ਹੈ, ਸਗੋਂ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਵੀ ਸਾਰਿਅਾਂ ਨੂੰ ਉਪਰਾਲੇ ਕਰ ਕੇ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। 
                     


Related News