''ਨਰਮ ਹਿੰਦੂਵਾਦ'' ਦੀ ਨੀਤੀ ਨਾਲ ਗੁਜਰਾਤ ''ਚ ਡਾਵਾਂਡੋਲ ਹਿੰਦੂ ਵੋਟਾਂ ਬਟੋਰ ਸਕਦੇ ਨੇ ਰਾਹੁਲ

12/12/2017 7:05:19 AM

ਜੇ ਨਕਲਚੀਪੁਣੇ ਨੂੰ ਚਾਪਲੂਸੀ ਦਾ ਬਿਹਤਰੀਨ ਰੂਪ ਮੰਨਿਆ ਜਾਵੇ ਤਾਂ ਫਟਕਾਰ ਹੀ ਹਮਲੇ ਦਾ ਸਭ ਤੋਂ ਵਧੀਆ ਰੂਪ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹਮਲਾਵਰ ਸ਼ਬਦੀ ਤੀਰਾਂ ਨਾਲ ਰਾਹੁਲ ਗਾਂਧੀ ਦੀ ਚੋਣ ਸ਼ੈਲੀ 'ਤੇ ਖੂਬ ਚੁਟਕੀਆਂ ਲੈਂਦੇ ਹਨ। ਸੰਨ 2012 ਅਤੇ 2014 ਵਿਚ ਮੋਦੀ ਭਾਰਤੀ ਲੋਕਤੰਤਰ ਦੇ  ਮੁੱਖ ਤਫ਼ਤੀਸ਼ਕਾਰ ਸਨ, ਜਿਨ੍ਹਾਂ ਨੇ ਤੱਤਕਾਲੀ ਯੂ. ਪੀ. ਏ. ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਸਨ। 
ਗਾਂਧੀ ਪਰਿਵਾਰ ਅਤੇ ਸਰਕਾਰ ਵਿਚ ਇਸ ਦੀ ਗੈਰ-ਸੰਵਿਧਾਨਿਕ ਭੂਮਿਕਾ ਉੱਤੇ ਵਾਰ ਕਰਨਾ ਮੋਦੀ ਦਾ ਪਸੰਦੀਦਾ ਸ਼ੌਕ ਸੀ। ਨਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਨਾ ਹੀ ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਮੋਦੀ ਦੇ ਦੋਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੱਦ ਕਰ ਸਕੇ ਸਨ। 
ਮੋਦੀ ਨੇ ਭ੍ਰਿਸ਼ਟਾਚਾਰ, ਸੁਸਤ ਰਫਤਾਰ ਵਾਲੇ ਵਿਕਾਸ, ਔਰਤਾਂ ਦੇ ਸਸ਼ਕਤੀਕਰਨ ਵਿਚ ਨਕਾਰਾਪਨ, ਬੁਜ਼ਦਿਲੀ ਭਰੀ ਰੱਖਿਆ ਨੀਤੀ, ਅੱਤਵਾਦ ਵਿਰੋਧੀ ਕਮਜ਼ੋਰ ਤੰਤਰ ਅਤੇ ਵੰਸ਼ਵਾਦੀ ਸ਼ਾਸਨ ਦੀ ਤਰਫਦਾਰੀ ਵਰਗੇ ਮੁੱਦਿਆਂ 'ਤੇ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਇਕ ਤੋਂ ਬਾਅਦ ਇਕ ਵਿਸਫੋਟਕ ਸਵਾਲਾਂ ਦੀ ਵਾਛੜ ਕੀਤੀ ਸੀ। ਇਹ ਸਵਾਲ ਉਨ੍ਹਾਂ ਦੀ ਹਰੇਕ ਛੋਟੀ-ਵੱਡੀ ਮੀਟਿੰਗ ਵਿਚ ਉਠਾਏ ਜਾਂਦੇ ਸਨ ਅਤੇ ਸਰੋਤਿਆਂ ਦੀ ਵੱਡੀ ਗਿਣਤੀ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਸਵਾਲਾਂ ਨੂੰ ਆਪਣੀ ਮਨਜ਼ੂਰੀ ਦਿੰਦੀ ਸੀ।
ਆਮ ਚੋਣਾਂ ਤੋਂ ਬਾਅਦ ਵੀ ਮੋਦੀ ਨੇ ਕਾਂਗਰਸ ਤੇ ਇਸ ਦੀ ਲੀਡਰਸ਼ਿਪ ਨੂੰ ਛੋਟੇ-ਵੱਡੇ ਝਟਕੇ ਦੇਣੇ ਜਾਰੀ ਰੱਖੇ ਅਤੇ ਪਿਛਲੇ 3 ਸਾਲਾਂ ਦੌਰਾਨ ਜਿੰਨੀਆਂ ਵੀ ਵਿਧਾਨ ਸਭਾ ਚੋਣਾਂ ਹੋਈਆਂ, ਲੱਗਭਗ ਉਨ੍ਹਾਂ ਸਾਰੀਆਂ ਵਿਚ ਕਾਂਗਰਸ ਨੂੰ ਖਦੇੜ ਦਿੱਤਾ। ਜਿਥੋਂ ਤਕ ਬਾਕੀ ਸੂਬਿਆਂ ਦਾ ਸਬੰਧ ਹੈ, ਉਥੇ ਮੋਦੀ ਦੇ ਸਿਪਾਹਸਾਲਾਰ ਅਮਿਤ ਸ਼ਾਹ ਨੇ ਅਜਿਹੀ ਰਣਨੀਤੀ ਘੜੀ ਕਿ ਬਹੁਮਤ ਨਾ ਹੋਣ ਦੇ ਬਾਵਜੂਦ ਉਥੇ ਭਾਜਪਾ ਦੀਆਂ ਸਰਕਾਰਾਂ ਬਣ ਗਈਆਂ। 
ਗਵਰਨੈਂਸ ਅਤੇ ਸਿਆਸਤ 'ਤੇ ਮੋਦੀ-ਸ਼ਾਹ ਜੋੜੀ ਹੀ ਛਾਈ ਹੋਈ ਹੈ। ਉਨ੍ਹਾਂ ਨੇ ਹੀ ਸਿਆਸੀ ਵਿਚਾਰ-ਵਟਾਂਦਰੇ ਦੀ ਸਕ੍ਰਿਪਟ ਲਿਖੀ ਤੇ ਇਸ 'ਤੇ ਜੋ ਵੀ ਬਹਿਸ ਜਾਂ ਚਰਚਾ ਹੁੰਦੀ ਹੈ, ਉਹ ਉਨ੍ਹਾਂ ਵਲੋਂ ਹੀ ਤੈਅ ਮੁਹਾਵਰੇ ਨੂੰ ਅਪਣਾਉਂਦੀ ਹੈ। ਉਨ੍ਹਾਂ ਨੇ ਗੱਠਜੋੜ ਬਣਾਏ ਵੀ ਤੇ ਤੋੜੇ ਵੀ। ਮੋਦੀ-ਸ਼ਾਹ ਨੇ ਭਾਰਤ ਦੇ ਵਿਸ਼ਾਲ ਭੂਗੋਲਿਕ ਖੇਤਰ ਦੀਆਂ ਲੰਮੀਆਂ ਪੱਟੀਆਂ ਵਿਚ ਭਗਵਾ ਰੰਗ ਭਰ ਦਿੱਤਾ ਹੈ। 
ਸੱਤਾ ਵਿਚ 40 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮੋਦੀ ਇਕ ਸਾਫ-ਸੁਥਰੇ ਅਕਸ ਵਾਲੇ ਨੇਤਾ ਬਣੇ ਹੋਏ ਹਨ, ਜੋ ਪੂਰੀ ਤਰ੍ਹਾਂ ਆਪਣੇ ਉਦੇਸ਼ ਨੂੰ ਸਮਰਪਿਤ ਹਨ। ਉਨ੍ਹਾਂ ਦੀ ਆਪਣੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾਵਾਂ ਦੀ ਸਾਂਝੀ ਸਵੀਕਾਰਤਾ ਮੋਦੀ ਦੀ ਸਵੀਕਾਰਤਾ ਨਾਲੋਂ ਕਿਤੇ ਘੱਟ ਹੈ। ਗੁਜਰਾਤ ਦੇ ਲੋਕ ਮੋਦੀ ਉੱਤੇ ਅਤੇ ਉਨ੍ਹਾਂ ਦੇ ਮੂੰਹੋਂ ਨਿਕਲੇ ਹਰੇਕ ਸ਼ਬਦ 'ਤੇ ਭਰੋਸਾ ਕਰਦੇ ਹਨ। 
ਫਿਰ ਵੀ ਭਾਜਪਾ ਦੇ ਚੋਣ ਯਤਨਾਂ ਦਾ ਵਿਸ਼ਾ-ਵਸਤੂ ਅਤੇ ਦਾਇਰਾ ਪ੍ਰਧਾਨ ਮੰਤਰੀ ਦੀ ਗਲੋਬਲ ਸਵੀਕਾਰਤਾ ਵਾਲੇ ਕੌਮੀ ਪੱਧਰ ਦੇ ਨੇਤਾ ਵਾਲੇ ਅਕਸ ਦੀ ਬਜਾਏ ਰਾਹੁਲ ਗਾਂਧੀ ਦੇ ਚੋਣ ਰਾਗ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਭਾਜਪਾ ਦੀ ਪ੍ਰਚਾਰ ਸ਼ੈਲੀ ਦੀ ਨਕਲ ਕਰ ਲਈ ਹੈ। ਉਹ ਗੱਠਜੋੜ ਬਣਾ ਰਹੇ ਹਨ ਅਤੇ ਬਹੁਤ ਪ੍ਰੇਸ਼ਾਨ ਕਰਨ ਵਾਲੇ ਸਵਾਲ ਪੁੱਛ ਰਹੇ ਹਨ। ਉਨ੍ਹਾਂ ਦਾ 10 ਸਵਾਲਾਂ ਵਾਲਾ ਫਾਰਮੂਲਾ ਮੋਦੀ ਦੇ ਵਿਕਾਸ ਮਾਡਲ ਨੂੰ ਨਿਸ਼ਾਨਾ ਬਣਾਉਂਦਾ ਹੈ। 
ਕਾਂਗਰਸ ਦਾ 'ਬੇਟਾ ਨੰ. 1' ਭਾਜਪਾ ਸਰਕਾਰ ਦੇ ਇਕ-ਇਕ ਦਾਅਵੇ ਨੂੰ ਚੁਣੌਤੀ ਦੇ ਰਿਹਾ ਹੈ, ਚਾਹੇ ਇਹ ਦਾਅਵਾ ਆਰਥਿਕ ਵਿਕਾਸ ਦਾ ਹੋਵੇ ਜਾਂ ਮਹਿਲਾ ਸਸ਼ਕਤੀਕਰਨ ਵਿਚ ਨਵੇਂ ਵਾਧੇ ਦਾ। ਰਾਹੁਲ ਨੇ ਮੋਦੀ ਸਰਕਾਰ ਵਲੋਂ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਦਾ ਸਬੂਤ ਮੰਗਿਆ ਹੈ। 
ਬੇਰੋਜ਼ਗਾਰੀ ਅਤੇ ਸਸਤੇ ਮਕਾਨਾਂ ਦੇ ਮੁੱਦੇ ਨੂੰ ਲੈ ਕੇ ਮੋਦੀ ਅਤੇ ਭਾਜਪਾ 'ਤੇ ਲਗਾਤਾਰ ਨਿਸ਼ਾਨਾ ਲਾ ਕੇ ਰਾਹੁਲ ਗਾਂਧੀ ਭਾਜਪਾ ਦੇ ਵਾਅਦਿਆਂ ਨੂੰ ਕੋਰਾ ਝੂਠ ਕਰਾਰ ਦੇ ਕੇ ਗੁਜਰਾਤੀ ਵੋਟਰਾਂ ਦੇ ਮਨ ਵਿਚ ਉਸ ਪ੍ਰਤੀ ਜ਼ਹਿਰ ਭਰ ਰਹੇ ਹਨ। ਉਨ੍ਹਾਂ ਨੇ ਸੱਤਾਧਾਰੀ ਪਾਰਟੀ 'ਤੇ ਗੁਜਰਾਤ ਨੂੰ 'ਦੀਵਾਲੀਆ' ਬਣਾਉਣ ਅਤੇ ਔਰਤਾਂ, ਬੱਚਿਆਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦਾ ਵੀ ਦੋਸ਼ ਲਾਇਆ ਹੈ। ਅੰਕੜਿਆਂ 'ਤੇ ਆਧਾਰਿਤ ਚੁਸਤੀ ਇਸਤੇਮਾਲ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਹਰੇਕ ਵੋਟਰ 'ਤੇ ਘੱਟੋ-ਘੱਟ 37,000 ਰੁਪਏ ਦੇ ਕਰਜ਼ੇ ਦਾ ਬੋਝ ਪਾ ਦਿੱਤਾ ਹੈ। 
'ਟੀਮ ਰਾਹੁਲ' ਭਾਜਪਾ ਵਲੋਂ ਅਪਣਾਈਆਂ ਗਈਆਂ ਸੋਸ਼ਲ ਮੀਡੀਆ ਤਕਨੀਕਾਂ ਦੀ ਵੀ ਨਕਲ ਕਰ ਰਹੀ ਹੈ। ਸਾਡੇ ਯੁੱਗ ਦੀ ਭਾਵਨਾ ਮੁਤਾਬਿਕ ਇਹ ਖੂੰਖਾਰ ਸ਼ਬਦੀ ਜੰਗ ਗੁਜਰਾਤ ਦੀਆਂ ਸੜਕਾਂ 'ਤੇ ਨਹੀਂ, ਸਗੋਂ 'ਸਾਈਬਰ ਸਪੇਸ' ਵਿਚ ਲੜੀ ਗਈ ਹੈ। ਪਿਛਲੇ ਸਿਰਫ ਇਕ ਮਹੀਨੇ ਦੌਰਾਨ ਗੂਗਲ ਅਤੇ ਹੋਰ ਇੰਟਰਨੈੱਟ ਪਲੇਟਫਾਰਮਾਂ ਨੇ ਸਿਆਸੀ ਵਾਲੰਟੀਅਰਾਂ ਦੀਆਂ ਦੋਵੇਂ ਵਿਰੋਧੀ ਫੌਜਾਂ ਵਲੋਂ ਪੋਸਟ ਕੀਤੀਆਂ ਗਈਆਂ ਟਿੱਪਣੀਆਂ ਅਤੇ ਤੋਹਮਤਬਾਜ਼ੀਆਂ ਕਾਰਨ ਕਾਫੀ ਜ਼ਿਆਦਾ ਇੰਟਰਨੈੱਟ ਟਰੈਫਿਕ ਅਤੇ ਮਾਲੀਆ ਆਕਰਸ਼ਿਤ ਕੀਤਾ ਹੈ। 
ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਹੈ ਕਿ ਮੋਦੀ ਰਾਹੁਲ ਗਾਂਧੀ ਤੋਂ ਡਰੇ ਹੋਏ ਹਨ ਅਤੇ ਉਨ੍ਹਾਂ ਨੂੰ ਹਰ ਵੇਲੇ ਰਾਹੁਲ ਗਾਂਧੀ ਦਾ ਹੀ ਪਰਛਾਵਾਂ ਨਜ਼ਰ ਆਉਂਦਾ ਹੈ। ਉਸ ਨੇਤਾ ਨੇ ਦੱਸਿਆ ਕਿ 7 ਦਸੰਬਰ ਤਕ ਪ੍ਰਧਾਨ ਮੰਤਰੀ ਨੇ ਆਪਣੀਆਂ 29 ਰੈਲੀਆਂ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਰਾਹੁਲ ਗਾਂਧੀ ਦਾ 427 ਵਾਰ, ਸਰਦਾਰ ਪਟੇਲ ਦਾ 209 ਵਾਰ, ਵਿਕਾਸ ਦਾ 103 ਵਾਰ ਅਤੇ ਹਿੰਦੂ, ਰਾਮ ਦਾ 27 ਵਾਰ ਜ਼ਿਕਰ ਕੀਤਾ ਪਰ ਆਪਣੇ ਵਿਕਾਸ ਮਾਡਲ ਦਾ ਮੋਦੀ ਨੇ ਇਕ ਵਾਰ ਵੀ ਜ਼ਿਕਰ ਨਹੀਂ ਕੀਤਾ। 
ਜਦੋਂ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਵਾਲਿਆਂ ਨੇ ਪ੍ਰਧਾਨ ਮੰਤਰੀ 'ਤੇ ਕਾਂਗਰਸ ਦੇ ਮੂੰਹਫਟ ਨੇਤਾ ਮਣੀਸ਼ੰਕਰ ਅਈਅਰ ਦੇ ਮੰਦਭਾਗੇ ਹਮਲੇ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਰਾਹੁਲ ਨੇ ਅਈਅਰ ਨੂੰ ਕਾਂਗਰਸ 'ਚੋਂ ਮੁਅੱਤਲ ਕਰਕੇ ਭਾਜਪਾ ਹੱਥੋਂ ਇਹ ਮੁੱਦਾ ਹੀ ਖੋਹ ਲਿਆ ਅਤੇ ਮੰਗ ਕੀਤੀ ਕਿ ਸੰਘ ਪਰਿਵਾਰ ਦੇ ਹਿੰਸਕ ਜਨੂੰਨੀ ਅਨਸਰਾਂ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ।
ਕੇਂਦਰ ਤੇ ਸੂਬਿਆਂ ਵਿਚ ਆਪਣੇ ਭਰੋਸੇਮੰਦ ਗਵਰਨੈਂਸ ਰਿਕਾਰਡ ਦੇ ਬਾਵਜੂਦ ਭਾਜਪਾ ਨੇ ਆਪਣੇ ਵਿਕਾਸ ਏਜੰਡੇ ਨੂੰ ਅੱਗੇ ਵਧਾਉਣ ਦੀ ਬਜਾਏ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਉਣ ਦੀ ਨੀਤੀ ਨੂੰ ਹੀ ਅਹਿਮੀਅਤ ਦਿੱਤੀ। ਪਿਛਲੇ ਇਕ ਦਹਾਕੇ ਵਿਚ ਪਹਿਲੀ ਵਾਰ ਰਾਹੁਲ ਗਾਂਧੀ ਆਪਣੀ ਆਵਾਜ਼ ਲੱਭ ਸਕੇ ਹਨ ਅਤੇ ਆਪਣੇ ਵਿਰੋਧੀ ਵਿਰੁੱਧ ਤਿੱਖੀਆਂ ਤੇ ਦਲੀਲਪੂਰਨ ਗੱਲਾਂ ਨਾਲ ਹੱਲਾ ਬੋਲ ਰਹੇ ਹਨ। 
ਆਪਣੀ ਪਾਰਟੀ ਤੇ ਖੁਦ ਬਾਰੇ ਹਿੰਦੂ ਵਿਰੋਧੀ ਹੋਣ ਦੀਆਂ ਜਨ-ਧਾਰਨਾਵਾਂ ਦੀ ਧੁੰਦ ਨੂੰ ਖਿੰਡਾਉਣ ਲਈ ਨਵੇਂ ਸਿਰਿਓਂ ਬਣਾਈ ਆਪਣੀ ਧਾਰਦਾਰ ਹਮਲਾਵਰ ਨੀਤੀ ਨਾਲ ਰਾਹੁਲ ਨੇ ਭਾਜਪਾ ਨੂੰ ਹੈਰਾਨ ਕਰ ਦਿੱਤਾ ਹੈ। ਮੰਦਿਰਾਂ ਵਿਚ ਦਰਸ਼ਨਾਂ ਲਈ ਜਾ ਕੇ ਰਾਹੁਲ ਗਾਂਧੀ ਇਹ ਨੁਕਤਾ ਦਰਸਾਉਣਾ ਚਾਹੁੰਦੇ ਹਨ ਕਿ ਗਾਂਧੀ-ਨਹਿਰੂ ਪਰਿਵਾਰ ਦੇ ਲੋਕ ਵੀ ਸ਼ਰਧਾਵਾਨ ਹਿੰਦੂ ਹਨ ਪਰ ਆਪਣੇ ਵਿਰੋਧੀਆਂ ਵਾਂਗ ਇਸ ਦਾ ਢਿੰਡੋਰਾ ਨਹੀਂ ਪਿੱਟਦੇ।
ਉਂਝ ਹਿੰਦੂਵਾਦ ਪ੍ਰਤੀ ਰਾਹੁਲ ਗਾਂਧੀ ਦੇ ਨਵੇਂ ਉੱਠੇ ਲਗਾਅ ਅਤੇ ਦੇਵੀ-ਦੇਵਤਿਆਂ ਪ੍ਰਤੀ ਉਨ੍ਹਾਂ ਦੀ ਸ਼ਰਧਾ ਭਾਵਨਾ ਦੇ ਜਨਤਕ ਦਿਖਾਵੇ ਨੂੰ ਸਿਆਸੀ ਮੌਕਾਪ੍ਰਸਤੀ ਕਹਿ ਕੇ ਨਕਾਰਿਆ ਜਾ ਸਕਦਾ ਹੈ ਪਰ ਉਨ੍ਹਾਂ ਦੀ ਸ਼ਰਧਾ ਅਤੇ ਮਜ਼੍ਹਬ 'ਤੇ ਸਵਾਲ ਉਠਾ ਕੇ ਭਾਜਪਾ ਖੁਦ ਉਨ੍ਹਾਂ ਦੇ ਜਾਲ ਵਿਚ ਫਸ ਗਈ ਹੈ। ਗੁਜਰਾਤ ਵਿਚ ਕਾਂਗਰਸ ਦੀ ਚੋਣ ਰਣਨੀਤੀ ਦੇ ਸੁਰ, ਸ਼ੈਲੀ, ਵਿਸ਼ਾ-ਵਸਤੂ ਅਤੇ ਰਾਗ ਤੋਂ ਇਹ ਸਪੱਸ਼ਟ ਹੈ ਕਿ ਉਹ ਮੋਦੀ ਦੇ ਕੱਟੜ ਹਿੰਦੂਵਾਦ ਵਿਰੁੱਧ ਨਰਮ ਹਿੰਦੂਵਾਦ ਦਾ ਪੱਤਾ ਖੇਡ ਰਹੀ ਹੈ। 
ਦਰਮਿਆਨੇ ਪੱਧਰ ਦੇ ਭਾਜਪਾ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ 'ਖਿਲਜੀ ਦਾ ਬੇਟਾ' ਕਹਿ ਕੇ ਅਤੇ ਉਨ੍ਹਾਂ ਦੇ ਹਿੰਦੂ ਮੂਲ 'ਤੇ ਖਦਸ਼ੇ ਜ਼ਾਹਿਰ ਕਰਕੇ ਸੋਮਨਾਥ ਮੰਦਿਰ ਦੀ 'ਵਿਜ਼ਟਰ ਬੁੱਕ' ਵਿਚ ਦਸਤਖਤ ਕਰਨ ਦਾ ਜਿਸ ਤਰ੍ਹਾਂ ਮਜ਼ਾਕ ਉਡਾਇਆ ਹੈ, ਉਸ ਨਾਲ ਰਾਹੁਲ ਦਾ ਕੰਮ ਸੌਖਾ ਹੋ ਗਿਆ ਹੈ।
ਉਨ੍ਹਾਂ ਨੇ ਤਾਂ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਸੋਨੀਆ ਗਾਂਧੀ ਤਕ ਰਾਹੁਲ ਗਾਂਧੀ ਦੇ ਖਾਨਦਾਨ 'ਤੇ ਚਿੱਕੜ ਉਛਾਲਿਆ ਹੈ ਪਰ ਕਾਂਗਰਸ ਨੇ ਇਸ ਚੁਣੌਤੀ ਦਾ ਬਹੁਤ ਸਲੀਕੇ ਨਾਲ ਸਾਹਮਣਾ ਕੀਤਾ। ਰਾਹੁਲ ਨੇ ਇਸ ਮੌਕੇ ਦਾ ਇਸਤੇਮਾਲ ਉਸ ਹਿੰਦੂ ਲੇਬਲ ਨੂੰ ਮੁੜ ਹਾਸਿਲ ਕਰਨ ਲਈ ਕੀਤਾ, ਜੋ ਉਹ ਕਈ ਸਾਲ ਪਹਿਲਾਂ ਗੁਆ ਚੁੱਕੇ ਸਨ। 
ਨਹਿਰੂ-ਗਾਂਧੀ ਪਰਿਵਾਰ ਦੀ ਪ੍ਰਾਪੇਗੰਡਾ ਮਸ਼ੀਨ ਪੂਰੀ ਤਾਕਤ ਨਾਲ 'ਗੋਲਾਬਾਰੀ' ਕਰ ਰਹੀ ਸੀ। ਪਰਿਵਾਰ ਦੇ ਵਿਆਹਾਂ ਦੌਰਾਨ ਹਿੰਦੂ ਰੀਤੀ-ਰਿਵਾਜਾਂ ਦੀ ਪਾਲਣਾ ਦੀਆਂ ਤਸਵੀਰਾਂ ਵੱਡੇ ਪੱਧਰ 'ਤੇ ਪ੍ਰਚਾਰਿਤ ਕੀਤੀਆਂ ਗਈਆਂ। ਰਾਹੁਲ ਨੂੰ ਬੜੇ ਮਾਣਮੱਤੇ ਢੰਗ ਨਾਲ ਪੂਰੀ ਤਰ੍ਹਾਂ ਹਿੰਦੂ ਜੀਵਨਸ਼ੈਲੀ ਨੂੰ ਸਮਰਪਿਤ 'ਜਨੇਊਧਾਰੀ' ਹਿੰਦੂ ਦੱਸ ਕੇ ਕਾਂਗਰਸ ਨੇ ਅਜਿਹਾ ਅਹਿਸਾਸ ਕਰਵਾਇਆ, ਜਿਵੇਂ ਹਿੰਦੂਵਾਦ ਦੀ ਮਾਲਾ ਜਪੇ ਬਿਨਾਂ ਇਹ ਜ਼ਿੰਦਾ ਰਹਿ ਹੀ ਨਾ ਸਕਦੀ ਹੋਵੇ।
ਭਾਜਪਾ ਦੇ ਮੂੰਹਫੱਟ ਬ੍ਰਿਗੇਡ ਨੇ ਕਾਂਗਰਸ ਦੇ ਇਸ ਨਵੇਂ ਰਾਗ ਦਾ ਮਜ਼ਾਕ ਉਡਾਇਆ ਤੇ ਦੂਜੇ ਪਾਸੇ ਭਾਜਪਾ ਦੀ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਨੇ ਰਾਹੁਲ ਵਲੋਂ ਮੰਦਿਰਾਂ ਵਿਚ ਜਾਣ ਦਾ ਸਵਾਗਤ ਕੀਤਾ। ਪਾਰਟੀ ਦੇ ਅਖਬਾਰ 'ਸਾਮਨਾ' ਨੇ ਗਰਜਦਿਆਂ ਕਿਹਾ ਕਿ ਭਾਜਪਾ ਨੂੰ ਰਾਹੁਲ ਗਾਂਧੀ ਦੀਆਂ ਮੰਦਿਰ ਯਾਤਰਾਵਾਂ ਦਾ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਇਹ ਹਿੰਦੂਵਾਦੀ ਤਾਕਤਾਂ ਦਾ ਪ੍ਰਤੀਕ ਹੈ। 
ਉਸ ਨੇ ਦਾਅਵਾ ਕੀਤਾ ਕਿ ਕਾਂਗਰਸੀ ਨੇਤਾ ਆਪਣੀ ਪਾਰਟੀ ਨੂੰ 'ਨਰਮ ਹਿੰਦੂਵਾਦ' ਦੀ ਨੀਤੀ ਅਪਣਾਉਣ ਦੀ ਸਲਾਹ ਦੇ ਸਕਦੇ ਹਨ ਤੇ ਆਰ. ਐੱਸ. ਐੱਸ. ਨੂੰ ਚਾਹੀਦਾ ਹੈ ਕਿ ਅਜਿਹਾ ਕਦਮ ਚੁੱਕਣ ਲਈ ਰਾਹੁਲ ਨੂੰ ਸ਼ਰੇਆਮ ਸਨਮਾਨਿਤ ਕਰੇ।
ਰਾਹੁਲ ਦੇ ਹਿੰਦੂਵਾਦੀ ਕਾਇਆ-ਕਲਪ ਲਈ ਸ਼ਿਵ ਸੈਨਾ ਦਾ 'ਸਰਟੀਫਿਕੇਟ' ਕਾਂਗਰਸ ਵਾਸਤੇ ਇਸ ਤੋਂ ਬਿਹਤਰ ਸਮੇਂ 'ਤੇ ਨਹੀਂ ਆ ਸਕਦਾ ਸੀ। ਰਾਹੁਲ ਦੇ ਪੜਨਾਨੇ ਪੰ. ਜਵਾਹਰ ਲਾਲ ਨਹਿਰੂ ਨੂੰ ਬੇਸ਼ੱਕ 'ਪੰਡਿਤ ਜੀ' ਕਹਿ ਕੇ ਬੁਲਾਇਆ ਜਾਂਦਾ ਸੀ, ਫਿਰ ਵੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਆਖਰੀ ਦਮ ਤਕ ਆਪਣਾ ਅਕਸ ਉਦਾਰਵਾਦੀ ਤੇ ਸੈਕੁਲਰ ਬਣਾਈ ਰੱਖਿਆ ਸੀ। ਉਨ੍ਹਾਂ ਦੀ ਧੀ ਇੰਦਰਾ ਦਾ ਪੋਤਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੁਸਲਮਾਨ ਕਿਸੇ ਵੀ ਕੀਮਤ 'ਤੇ ਕਾਂਗਰਸ ਦਾ ਪੱਲਾ ਨਹੀਂ ਛੱਡਣਗੇ ਪਰ ਨਰਮ ਹਿੰਦੂਵਾਦ ਦੀ ਨੀਤੀ ਅਪਣਾਉਣ ਨਾਲ ਉਹ ਡਾਵਾਂਡੋਲ ਹੋਏ ਹਿੰਦੂ ਵੋਟਰਾਂ ਨੂੰ ਜ਼ਰੂਰ ਆਪਣੇ ਵੱਲ ਖਿੱਚ ਸਕਦੇ ਹਨ ਅਤੇ ਅਜਿਹੀ ਜ਼ਰੂਰਤ ਹੈ ਵੀ। 
ਭਾਜਪਾ ਨੂੰ ਮੇਰੀ ਸਲਾਹ ਹੈ ਕਿ ਉਹ ਇਸ ਗੱਲ 'ਤੇ ਵਿਚਾਰ ਕਰੇ ਕਿ ਕੀ ਰਾਹੁਲ ਦੀ ਗੁਜਰਾਤ ਮੁਹਿੰਮ 'ਪੰਡਿਤ ਰਾਹੁਲ ਗਾਂਧੀ' ਦਾ ਖਿਤਾਬ ਹਾਸਿਲ ਕਰਨ ਦੀ ਦਿਸ਼ਾ ਵਿਚ ਇਕ ਬੱਚੇ ਵਾਲਾ ਲੜਖੜਾਉਂਦਾ ਕਦਮ ਤਾਂ ਨਹੀਂ?


Related News