ਸੈਕਸ ਸ਼ੋਸ਼ਣ ਦੇ ਦੋਸ਼ਾਂ ਕਾਰਨ ਘਟੀ ਐੱਮ. ਜੇ. ਅਕਬਰ ਦੀ ਭਰੋਸੇਯੋਗਤਾ
Monday, Oct 15, 2018 - 06:30 AM (IST)
ਲੱਗਭਗ 25 ਸਾਲ ਪਹਿਲਾਂ ਮੈਂ ਕੰਮ ਦੀ ਭਾਲ ’ਚ ਸੂਰਤ ਤੋਂ ਬਾਂਬੇ (ਜੋ ਉਦੋਂ ਉਸ ਦਾ ਨਾਂ ਸੀ) ਆਇਆ ਸੀ। ਪਾਲਿਸਟਰ ਨਿਰਮਾਣ ਦਾ ਸਾਡਾ ਪਰਿਵਾਰਕ ਕਾਰੋਬਾਰ ਠੱਪ ਹੋ ਗਿਆ ਸੀ। ਮੇਰੀ ਵਿੱਦਿਅਕ ਯੋਗਤਾ ਇਹ ਸੀ ਕਿ ਮੈਂ ਟੈਕਸਟਾਈਲ ਟੈਕਨਾਲੋਜੀ ’ਚ ਡਿਪਲੋਮਾ ਕੀਤਾ ਹੋਇਆ ਸੀ। ਇਹ ਡਿਪਲੋਮਾ ਮੈਂ ਸਕੂਲ ਛੱਡਣ ਤੋਂ ਬਾਅਦ ਆਪ੍ਰੇਟਿੰਗ ਮਸ਼ੀਨਰੀ ’ਚ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਹਾਸਿਲ ਕੀਤਾ ਸੀ। ਇਸ ਦਾ ਮਤਲਬ ਇਹ ਸੀ ਕਿ ਦਫਤਰੀ ਕੰਮ ਦੇ ਮੈਂ ਯੋਗ ਨਹੀਂ ਸੀ।
ਮੈਂ ਦਰਾਮਦ-ਬਰਾਮਦ ਕਾਰੋਬਾਰ ਅਤੇ ਸਟਾਕ ਮਾਰਕੀਟ ’ਚ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਸ ’ਚ ਸਫਲ ਨਹੀਂ ਹੋ ਸਕਿਆ ਕਿਉਂਕਿ ਉਦੋਂ ਹਰਸ਼ਦ ਮਹਿਤਾ ਘਪਲਾ ਹੋਇਆ ਸੀ।
ਮੈਂ ਵਿਲੇ ਪਾਰਲੇ ਵਿਖੇ ਆਪਣੇ ਇਕ ਦੋਸਤ ਦੀ ਭੈਣ ਅਤੇ ਉਸ ਦੇ ਪਰਿਵਾਰ ਨਾਲ ਰਹਿ ਰਿਹਾ ਸੀ। ਕੰਮ ਦੀ ਭਾਲ ’ਚ ਇਧਰ-ਓਧਰ ਜਾਂਦਾ ਸੀ। ਇਕ ਦਿਨ ਇਕ ਲੋਕਲ ਟਰੇਨ ’ਚ ਮੇਰੀ ਨਜ਼ਰ ਇਕ ਅਖ਼ਬਾਰ ’ਚ ਨੌਕਰੀ ਸਬੰਧੀ ਵਿਗਿਆਪਨ ’ਤੇ ਪਈ। ਮੈਂ ਉਸ ਨੌਕਰੀ ਲਈ ਅਰਜ਼ੀ ਦਿੱਤੀ। ਮੈਂ ਇਸ ਗੱਲ ’ਤੇ ਹੈਰਾਨ ਹੋ ਗਿਆ ਕਿ ਮੈਨੂੰ ਉਹ ਨੌਕਰੀ ਮਿਲ ਗਈ। ਉਦੋਂ ਪੱਤਰਕਾਰਿਤਾ ’ਚ ਕਿਸੇ ਖਾਸ ਹੁਨਰ ਦੀ ਲੋੜ ਨਹੀਂ ਹੁੰਦੀ ਸੀ। 30 ਦਿਨਾਂ ਬਾਅਦ ਉਕਤ ਅਖ਼ਬਾਰ ਬੰਦ ਹੋ ਗਈ ਪਰ ਮੈਂ ਕਿਸੇ ਹੋਰ ਅਖ਼ਬਾਰ ’ਚ ਨੌਕਰੀ ਹਾਸਿਲ ਕਰਨ ’ਚ ਸਫਲ ਹੋ ਗਿਆ। ਉਹ ਅਖ਼ਬਾਰ ਸੀ ‘ਦਿ ਏਸ਼ੀਅਨ ਏਜ’। ਇਸ ਦੇ ਸੰਪਾਦਕ ਸਨ ਐੱਮ. ਜੇ. ਅਕਬਰ, ਜਿਨ੍ਹਾਂ ਨੂੰ ਮੈਂ ਉਨ੍ਹਾਂ ਦੀ ਪ੍ਰਸਿੱਧੀ ਕਾਰਨ ਨਹੀਂ ਜਾਣਦਾ ਸੀ ਕਿਉਂਕਿ ਸੂਰਤ ’ਚ ਉਸ ਸਮੇਂ ਕੋਈ ਅੰਗਰੇਜ਼ੀ ਅਖ਼ਬਾਰ ਨਹੀਂ ਸੀ। ਮੈਂ ਅਖ਼ਬਾਰ ਦੇ ਮੁੰਬਈ (ਉਸ ਸਮੇਂ ਦੌਰਾਨ ਸ਼ਹਿਰ ਦਾ ਨਾਂ ਬਦਲ ਚੁੱਕਾ ਸੀ) ਦਫਤਰ ’ਚ 1995 ਤੋਂ 1998 ਤਕ ਕੰਮ ਕੀਤਾ ਅਤੇ ਕਾਫੀ ਤਜਰਬਾ ਹਾਸਿਲ ਕਰ ਲਿਆ। ਮੈਂ ਇਕ ਅਜਿਹੇ ਪਿਛੋਕੜ ਤੋਂ ਆਇਆ ਸੀ, ਜਿਥੇ ਦਫਤਰ ’ਚ ਔਰਤਾਂ ਨੂੰ ਨਹੀਂ ਰੱਖਿਆ ਜਾਂਦਾ ਸੀ। ਮੇਰੇ ਪਰਿਵਾਰ ਵਲੋਂ ਜੋ ਫੈਕਟਰੀਅਾਂ ਚਲਾਈਅਾਂ ਜਾਂਦੀਅਾਂ ਸਨ, ਉਹ ਨਿਰਮਾਣ ਯੂਨਿਟ ਸਨ। ਉਥੇ ਬਹੁਤ ਘੱਟ ਮਹਿਲਾ ਮੁਲਾਜ਼ਮ ਸਨ, ਸਭ ਮਜ਼ਦੂਰ ਸਨ। ਉਦਯੋਗ ਦੀ ਭਾਸ਼ਾ ’ਚ ਉਨ੍ਹਾਂ ਨੂੰ ਹੈਲਪਰ ਕਿਹਾ ਜਾਂਦਾ ਸੀ, ਜਿਨ੍ਹਾਂ ਦਾ ਕੰਮ ਹਲਕੇ ਕਾਰਟਨਾਂ ਨੂੰ ਇਧਰੋਂ-ਓਧਰ ਲਿਜਾਣਾ ਅਤੇ ਸਫਾਈ ਆਦਿ ਕਰਨਾ ਹੁੰਦਾ ਸੀ। ਉਨ੍ਹਾਂ ਦੀ ਭਾਈਵਾਲੀ ਇੰਨੀ ਹੀ ਸੀ। ਅਖ਼ਬਾਰ ਦੇ ਦਫਤਰ ’ਚ ਜਿਥੇ ਮੇਰੀ ਪਹਿਲੀ ਨੌਕਰੀ ਸੀ, ਉਥੇ ਔਰਤਾਂ ਨਾਲ ਹੀ ਕੰਮ ਕਰਦੀਅਾਂ ਸਨ। ਅਸਲ ’ਚ ਮੇਰੀ ਬੌਸ ਵੀ ਇਕ ਔਰਤ ਸੀ। ਇਥੇ ਇਕ ਸਿੱਖਣ ਵਾਲਾ ਤਜਰਬਾ ਸੀ, ਜਿਸ ਨੂੰ ਛੋਟੇ ਕਸਬਿਅਾਂ ਦੇ ਸਭ ਮਰਦਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ। ਮੈਂ ਇਥੇ ਔਰਤਾਂ ਬਾਰੇ ਆਪਣੇ ਦ੍ਰਿਸ਼ਟੀਕੋਣ ’ਚ ਤਬਦੀਲੀ ਲਿਆਉਣੀ ਸਿੱਖੀ, ਜੋ ਬਹੁਤ ਚੰਗੀ ਗੱਲ ਸੀ।
ਦੂਜੀ ਗੱਲ, ਜਿਹੜੀ ਬਹੁਤ ਤਬਦੀਲੀ ਲਿਆਉਣ ਵਾਲੀ ਸੀ, ਉਹ ਸੀ ਲੋਕਾਂ ਨਾਲ ਮਿਲਣਾ, ਜਿਹੜੇ ਮੇਰੇ ਤੋਂ ਵੀ ਵੱਧ ਹੁਸ਼ਿਆਰ ਅਤੇ ਪੜ੍ਹੇ-ਲਿਖੇ ਸਨ। ਦਿੱਲੀ, ਮੁੰਬਈ, ਹੈਦਰਾਬਾਦ ਜਾਂ ਕੋਲਕਾਤਾ ਵਰਗੇ ਸ਼ਹਿਰਾਂ ’ਚ ਪੜ੍ਹ-ਲਿਖ ਕੇ ਵੱਡੇ ਹੋਏ ਲੋਕਾਂ ਨੂੰ ਇਹ ਗੱਲ ਸਮਝਾਉਣੀ ਕਾਫੀ ਔਖੀ ਹੈ ਕਿ ਸੂਰਤ ਵਰਗੇ ਸ਼ਹਿਰ ਦੇ ਲੋਕਾਂ ਦਾ ਖੁੱਲ੍ਹਾਪਣ ਕਿੰਨਾ ਸੀਮਤ ਹੁੰਦਾ ਹੈ। ਉਸ ਜ਼ਮਾਨੇ ’ਚ ਤਾਂ ਇਹ ਹੋਰ ਵੀ ਵਿਸ਼ੇਸ਼ ਸੀ ਕਿਉਂਕਿ ਉਦੋਂ ਨਾ ਤਾਂ ਇੰਟਰਨੈੱਟ ਸੀ ਅਤੇ ਨਾ ਹੀ ਕੋਈ ਨਿੱਜੀ ਟੈਲੀਵਿਜ਼ਨ। ਸੂਰਤ ਅਜਿਹਾ ਸ਼ਹਿਰ ਨਹੀਂ ਸੀ ਅਤੇ ਨਾ ਹੀ ਹੁਣ ਵੀ ਹੈ, ਜੋ ਪੜ੍ਹਨ ਅਤੇ ਗਿਆਨ ਹਾਸਿਲ ਕਰਨ ’ਚ ਉਦੋਂ ਤਕ ਦਿਲਚਸਪੀ ਰੱਖਦਾ ਹੋਵੇ, ਜਦੋਂ ਤਕ ਇਹ ਪੈਸੇ ਕਮਾਉਣ ਨਾਲ ਨਾ ਜੁੜਿਆ ਹੋਵੇ।
30 ਸਾਲ ਪਹਿਲਾਂ ਉਥੇ ਕਿਤਾਬਾਂ ਦੀ ਸਿਰਫ ਇਕ ਦੁਕਾਨ ਸੀ, ਜਿਥੇ ਅੰਗਰੇਜ਼ੀ ਦੀਅਾਂ ਕਿਤਾਬਾਂ ਹੀ ਵੇਚੀਅਾਂ ਜਾਂਦੀਅਾਂ ਸਨ। ਇਸ ਸ਼ਹਿਰ ’ਚ ਲੱਗਭਗ 15 ਲੱਖ ਲੋਕ ਉਦੋਂ ਰਹਿੰਦੇ ਸਨ। ਇਸ ਲਈ ਮੇਰੇ ਵਰਗੇ ਵਿਅਕਤੀ ਲਈ ਆਪਣੀ ਉਮਰ ਦੀਅਾਂ ਔਰਤਾਂ ਅਤੇ ਮਰਦਾਂ ਨਾਲ ਮਿਲਣਾ, ਜੋ ਦੁਨੀਆ ਨੂੰ ਤਜਰਬੇ ਦੀ ਬਜਾਏ ਸਿੱਖਿਆ ਦੇ ਕੇ ਸਮਝਾਉਂਦੇ ਸਨ, ਇਕ ਬਹੁਤ ਅਹਿਮ ਗੱਲ ਸੀ। ਇਨ੍ਹਾਂ ਲੋਕਾਂ ’ਚ ਐੱਮ. ਜੇ. ਅਕਬਰ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਸਨ। ਮੇਰੀ ਭੂਮਿਕਾ ਮੁੰਬਈ ’ਚ ਸੀ ਤੇ ਉਹ ਦਿੱਲੀ ਰਹਿੰਦੇ ਸਨ। ਇਸ ਲਈ ਮੈਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਬਹੁਤ ਘੱਟ ਮਿਲਦਾ ਸੀ। ਮੈਂ ਉਨ੍ਹਾਂ ਬਾਰੇ ਬਹੁਤਾ ਕੁਝ ਉਨ੍ਹਾਂ ਦੇ ਲੇਖਾਂ ਤੋਂ ਹੀ ਜਾਣਿਆ।
ਮੈਂ ਰਵਾਇਤੀ ਤੌਰ ’ਤੇ ਪੂਰਾ ਰਾਸ਼ਟਰਵਾਦੀ ਅਤੇ ਹਿੰਦੂ ਮਾਨਸਿਕਤਾ ਵਾਲਾ ਵਿਅਕਤੀ ਸੀ। ਅਕਬਰ ਧਰਮ ਤੋਂ ਪੂਰੀ ਤਰ੍ਹਾਂ ਉਪਰ ਸਨ, ਜਿਵੇਂ ਕਿ ਮੈਂ ਕਿਸੇ ਹੋਰ ਭਾਰਤੀ ਨੂੰ ਨਹੀਂ ਦੇਖਿਆ। ਅਕਬਰ ਆਪਣੇ ਧਰਮ ਕਾਰਨ ਨਹੀਂ, ਸਗੋਂ ਆਪਣੇ ਦਿਮਾਗ, ਦ੍ਰਿਸ਼ਟੀਕੋਣ ਅਤੇ ਲਿਖਣ ਤੇ ਪੜ੍ਹਨ ਤੋਂ ਪਰਿਭਾਸ਼ਿਤ ਹੁੰਦੇ ਸਨ। ਉਨ੍ਹਾਂ ਨੇ ਸਾਡੇ ’ਚੋਂ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਕਿ ਭਾਰਤੀ ਪਛਾਣ ਦਾ ਕੀ ਮਹੱਤਵ ਹੈ। ਉਨ੍ਹਾਂ ਇਸ ਪਰਿਭਾਸ਼ਾ ਨੂੰ ਵੱਡਾ, ਵਧੇਰੇ ਉਦਾਰਵਾਦੀ ਅਤੇ ਵਧੇਰੇ ਲਚਕੀਲਾ ਤੇ ਦਿਲਖਿੱਚਵਾਂ ਬਣਾਇਆ। ਇਸ ਤਰ੍ਹਾਂ ਭਾਰਤੀ ਹੋਣਾ ਚੰਗਾ ਲੱਗਦਾ ਸੀ। ਆਪਣੀ ਪਛਾਣ ਲਈ ਕਿਸੇ ਨੂੰ ਪਾਕਿਸਤਾਨ ਜਾਂ ਚੀਨ ਨਾਲ ਨਫਰਤ ਕਰਨ ਦੀ ਲੋੜ ਨਹੀਂ ਸੀ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਇਸ ਤਰੀਕੇ ਨਾਲ ਪ੍ਰਭਾਵਿਤ ਕੀਤਾ, ਅਕਬਰ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ। ਸਿਆਸਤ ’ਚ ਉਹ ਹਮੇਸ਼ਾ ਮੌਕਾਪ੍ਰਸਤ ਰਹੇ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਜਿਸ ਤਰ੍ਹਾਂ ਯੂ-ਟਰਨ ਲਈ ਅਤੇ ਚਮਚਾਗਿਰੀ ਕੀਤੀ, ਉਹ ਦਿਲ ਤੋੜ ਦੇਣ ਵਾਲੀ ਸੀ। ਇਸ ਗੱਲ ਨੂੰ ਕੁਝ ਲੋਕ ਹਾਸੇ ’ਚ ਉਡਾ ਸਕਦੇ ਹਨ ਕਿ ਸਿਆਸਤ ’ਚ ਤਾਂ ਅਜਿਹੇ ਲੋਕ ਹੁੰਦੇ ਹੀ ਹਨ। ਅਸੀਂ ਖ਼ੁਦ ਨੂੰ ਇਹ ਕਹਿ ਸਕਦੇ ਹਾਂ ਕਿ ਅਸਲ ਵਿਅਕਤੀ ਕੁਰਸੀ ਪਿੱਛੇ ਭੱਜਣ ਵਾਲੇ ਵਿਅਕਤੀ ਨਾਲੋਂ ਵੱਖਰਾ ਸੀ।
ਹਾਲਾਂਕਿ ਕੁਝ ਔਰਤਾਂ ਵਲੋਂ ਉਨ੍ਹਾਂ ’ਤੇ ਸੈਕਸ ਸ਼ੋਸ਼ਣ ਦੇ ਲਾਏ ਦੋਸ਼ਾਂ ਸਬੰਧੀ ਖੁਲਾਸੇ ਦਾ ਅਰਥ ਇਹ ਹੈ ਕਿ ਉਨ੍ਹਾਂ ਦਾ ਵੱਕਾਰ ਹਮੇਸ਼ਾ ਲਈ ਖਿੱਲਰ ਗਿਆ ਹੈ। ਇਕ ਲੇਖਕ ਵਜੋਂ ਵੀ ਉਨ੍ਹਾਂ ਦੀ ਭਰੋਸੇਯੋਗਤਾ ਘੱਟ ਹੋਈ ਹੈ। ਮੈਂ ਉਮੀਦ ਕਰਦਾ ਹਾਂ ਕਿ ਉਨ੍ਹਾਂ ਨੂੰ ਅਸਤੀਫਾ ਦੇਣ ਦੀ ਆਗਿਆ ਦੇਣ ਦੀ ਬਜਾਏ ਸਰਕਾਰ ’ਚੋਂ ਬਾਹਰ ਕਰ ਦੇਣਾ ਚਾਹੀਦਾ ਹੈ। (ਇਹ ਲੇਖਕ ਦੇ ਨਿੱਜੀ ਵਿਚਾਰ ਹਨ)