ਪੰਜਾਬ ’ਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਤਿਉਹਾਰਾਂ ਮੌਕੇ ਫਿੱਕਾ ਪਿਆ ਕਾਰੋਬਾਰ, ਦੁਕਾਨਾਂ ’ਚ ਘਟੇ ਗਾਹਕ

Sunday, Oct 27, 2024 - 08:41 AM (IST)

ਜਲੰਧਰ - ਫੈਸਟੀਵਲ ਸੀਜ਼ਨ ਦੌਰਾਨ ਪੰਜਾਬ ’ਚ ਆਏ ਦਿਨ ਕਿਸਾਨਾਂ ਵੱਲੋਂ ਸੜਕਾਂ ’ਤੇ ਲਾਏ ਜਾ ਰਹੇ ਜਾਮ ਤੇ ਧਰਨੇ-ਪ੍ਰਦਰਸ਼ਨਾਂ ਦਾ ਖਮਿਆਜ਼ਾ ਵਪਾਰੀ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਜਲੰਧਰ ’ਚ ਹੀ ਕਿਸਾਨਾਂ ਨੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ’ਚ 3 ਵਾਰ ਟ੍ਰੈਫਿਕ ਜਾਮ ਕੀਤਾ ਗਿਆ ਹੈ, ਜਦਕਿ 25 ਅਕਤੂਬਰ ਨੂੰ ਪੰਜਾਬ ਭਰ ’ਚ ਕਿਸਾਨਾਂ ਨੇ 4 ਘੰਟਿਆਂ ਲਈ ਚੱਕਾ ਜਾਮ ਕੀਤਾ। ਫੈਸਟੀਵਲ ਸੀਜ਼ਨ ਦੌਰਾਨ ਆਵਾਜਾਈ ’ਚ ਇਸ ਤਰ੍ਹਾਂ ਨਾਲ ਪਈ ਰੁਕਾਵਟ ਵਪਾਰੀ ਵਰਗ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਪੰਜਾਬ ਦੇ ਉਦਯੋਗ ਤੇ ਵਪਾਰ ਜਗਤ ਨਾਲ ਜੁੜੇ ਕਈ ਕਾਰੋਬਾਰੀਆਂ ਨੇ ਕਿਸਾਨੀ ਮਸਲੇ ਦਾ ਠੋਸ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰ ਤੇ ਕਿਸਾਨਾਂ ਦਰਮਿਆਨ ਚੱਲ ਰਹੇ ਟਕਰਾਅ ਦਾ ਖਮਿਆਜ਼ਾ ਵਪਾਰੀਆਂ ਨੂੰ ਨਾ ਝੱਲਣਾ ਪਵੇ।

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ CM ਨੇ ਕਰ 'ਤਾ ਅਲਰਟ ਜਾਰੀ, ਕਿਹਾ-ਕੁਝ ਵੀ ਹੋ ਸਕਦੈ

ਕਿਸਾਨਾਂ ਦੇ ਧਰਨੇ ਕਾਰਨ ਵਪਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ : ਰਵਿੰਦਰ ਧੀਰ
‘ਵਪਾਰ ਸੈਨਾ ਪੰਜਾਬ’ ਦੇ ਪ੍ਰਧਾਨ ਰਵਿੰਦਰ ਧੀਰ ਨੇ ਕਿਹਾ ਕਿ ਫੈਸਟੀਵਲ ਸੀਜ਼ਨ ਸਮਾਜ ’ਚ ਇਕ-ਦੂਜੇ ਨਾਲ ਰਿਸ਼ਤੇ ਨਿਭਾਉਣ ਦਾ ਸਮਾਂ ਹੁੰਦਾ ਹੈ। ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰਾਂ ’ਚ ਆਉਂਦੇ-ਜਾਂਦੇ ਹਨ ਤੇ ਵਪਾਰੀਆਂ ਨੂੰ ਵੀ ਇਸ ਸੀਜ਼ਨ ’ਚ ਪੂਰੇ ਸਾਲ ਦੀ ਕਮਾਈ ਕਰਨ ਦੀ ਉਮੀਦ ਹੁੰਦੀ ਹੈ। ਕਿਸਾਨਾਂ ਦੇ ਧਰਨਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਲੋਕ ਘਰਾਂ ’ਚੋਂ ਨਹੀਂ ਨਿਕਲ ਰਹੇ। ਇਹ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਕਿਸਾਨਾਂ ਦੇ ਮਸਲੇ ਦਾ ਗੱਲਬਾਤ ਜ਼ਰੀਏ ਹੱਲ ਕੱਢੇ ਤਾਂ ਕਿ ਇਸ ਦਾ ਖਮਿਆਜ਼ਾ ਵਪਾਰੀ ਵਰਗ ਨੂੰ ਨਾ ਭੁਗਤਣਾ ਪਵੇ। ਪੰਜਾਬ ’ਚ ਪਹਿਲਾਂ ਤੋਂ ਹੀ ਕੋਈ ਵੱਡਾ ਨਿਵੇਸ਼ ਨਹੀਂ ਆ ਰਿਹਾ ਤੇ ਇਸ ਤਰ੍ਹਾਂ ਦੇ ਧਰਨੇ-ਪ੍ਰਦਰਸ਼ਨਾਂ ਨਾਲ ਸੂਬੇ ਦਾ ਅਕਸ ਪ੍ਰਭਾਵਿਤ ਹੁੰਦਾ ਹੈ। ਲਿਹਾਜ਼ਾ ਸਰਕਾਰ ਤੁਰੰਤ ਇਸ ਮਸਲੇ ਦਾ ਹੱਲ ਕੱਢੇ।

ਰੋਸ਼ਨੀ ਦੇ ਤਿਉਹਾਰ ਮੌਕੇ ਬਾਜ਼ਾਰ ’ਚ ਗਾਹਕ ਨਹੀਂ : ਅਮਿਤ ਸਹਿਗਲ
ਜਲੰਧਰ ਦੀ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਨੇ ਕਿਹਾ ਕਿ ਫੈਸਟੀਵਲ ਸੀਜ਼ਨ ਦੌਰਾਨ ਗਾਹਕ ਆਉਣ ਦੀ ਉਮੀਦ ’ਚ ਦੁਕਾਨਦਾਰ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਦੁਕਾਨਾਂ ਖੋਲ੍ਹ ਰਹੇ ਹਨ ਪਰ ਹੋਲ ਸੇਲ ਮਾਰਕੀਟ ’ਚ ਜਿਹੜੇ ਗਾਹਕਾਂ ਨੇ ਦੂਰ-ਦੂਰੇਡੇ ਤੋਂ ਆਉਣਾ ਹੈ, ਉਹ ਆਏ ਦਿਨ ਸੜਕਾਂ ਜਾਮ ਹੋਣ ਕਾਰਨ ਖਰੀਦ ਲਈ ਨਹੀਂ ਆ ਰਹੇ, ਜਿਸ ਕਾਰਨ ਫੈਸਟੀਵਲ ਸੀਜ਼ਨ ’ਚ ਆਮ ਦਿਨਾਂ ਵਾਂਗ ਵੀ ਵਿਕਰੀ ਨਹੀਂ ਹੋ ਰਹੀ। ਦੀਵਾਲੀ ਖਾਸ ਤੌਰ ’ਤੇ ਰੋਸ਼ਨੀ ਦਾ ਤਿਉਹਾਰ ਹੈ ਤੇ ਇਸ ਮੌਕੇ ਬਿਜਲੀ ਨਾਲ ਜੁੜੇ ਉਪਕਰਨਾਂ ਦੀ ਖਰੀਦ ਹੁੰਦੀ ਹੈ ਪਰ ਇਹ ਦੀਵਾਲੀ ਫਿਲਹਾਲ ਹੁਣ ਤੱਕ ਫਿੱਕੀ ਹੈ। ਸਰਕਾਰ ਨੂੰ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਤੁਰੰਤ ਕੱਢਣਾ ਚਾਹੀਦਾ ਹੈ ਤਾਂ ਕਿ ਵਪਾਰ ਦਾ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ - ਵੱਡੀ ਖ਼ਬਰ : 10 ਵੱਡੇ ਹੋਟਲਾਂ 'ਚ ਬੰਬ, ਤੁਰੰਤ ਕਰਵਾਏ ਖਾਲੀ

ਉੱਥੇ ਹੀ ਟ੍ਰੇਡਰ ਫੋਰਮ ਜਲੰਧਰ ਦੇ ਸੰਸਥਾਪਕ ਮੈਂਬਰ ਰਾਕੇਸ਼ ਗੁਪਤਾ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ਕਾਰਨ ਵਪਾਰ ਦੇ ਨਾਲ-ਨਾਲ ਸਿਹਤ ਖੇਤਰ ਵੀ ਪ੍ਰਭਾਵਿਤ ਹੋਇਆ ਹੈ। ਐਮਰਜੈਂਸੀ ਦੀ ਸੂਰਤ ’ਚ ਮਰੀਜ਼ਾਂ ਤੱਕ ਦਵਾਈਆਂ ਸਮੇਂ ਸਿਰ ਨਹੀਂ ਪਹੁੰਚ ਰਹੀਆਂ, ਜਿਸ ਕਾਰਨ ਦੁਕਾਨਦਾਰਾਂ ਦਾ ਤਾਂ ਨੁਕਸਾਨ ਹੋ ਰਿਹਾ ਹੈ ਤੇ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਹੋਲਸੇਲ ਦਵਾਈਆਂ ਦਾ ਵੱਡਾ ਕੇਂਦਰ ਹੈ ਤੇ ਇੱਥੋਂ ਪੂਰੇ ਦੁਆਬੇ ਤੇ ਮਾਝੇ ’ਚ ਦਵਾਈਆਂ ਜਾ ਰਹੀਆਂ ਹਨ ਪਰ ਕਿਸਾਨਾਂ ਦੇ ਰੋਸ-ਪ੍ਰਦਰਸ਼ਨ ਕਾਰਨ ਸੜਕਾਂ ਬੰਦ ਹਨ, ਜਿਸ ਕਾਰਨ ਹਸਪਤਾਲਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਬਾਰੇ ਸੋਚਣ ਕਿਸਾਨ ਸੰਗਠਨ : ਇੰਦਰਦੀਪ ਸਿੰਘ
ਲੁਧਿਆਣਾ ਦੀ ਏ. ਸੀ. ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਦੀਪ ਸਿੰਘ ਪਿੰਕਾ ਨੇ ਕਿਹਾ ਕਿ ਲੋਕਤੰਤਰ ’ਚ ਭਾਵੇਂ ਹਰ ਕਿਸੇ ਨੂੰ ਆਪਣੀਆਂ ਮੰਗਾਂ ਉਠਾਉਣ ਜਾਂ ਸਰਕਾਰ ਅੱਗੇ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ ਪਰ ਢੰਗ ਅਜਿਹਾ ਹੋਣਾ ਚਾਹੀਦਾ ਹੈ, ਜਿਸ ਕਾਰਨ ਕਿਸੇ ਹੋਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਲੋਕਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਹੋਵੇਗਾ ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਖਰੀਦਦਾਰੀ ਕਰਨ ਲਈ ਜਾਣ ’ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦਾ ਪ੍ਰਭਾਵ ਤਿਉਹਾਰਾਂ ਨਾਲ ਜੁੜੇ ਹਰ ਤਰ੍ਹਾਂ ਦੇ ਬਿਜ਼ਨੈੱਸ ’ਤੇ ਵੀ ਪੈ ਰਿਹਾ ਹੈ ਤੇ ਬਾਜ਼ਾਰਾਂ ’ਚੋਂ ਰੌਣਕ ਗਾਇਬ ਹੈ।

ਇਹ ਵੀ ਪੜ੍ਹੋ - ਵੱਡੀ ਵਾਰਦਾਤ: 100 ਰੁਪਏ ਕਾਰਨ ਲੈ ਲਈ ਦੋਸਤ ਦੀ ਜਾਨ, ਫੋਨ ਕਰ ਘਰ ਸੱਦਿਆ ਤੇ ਫਿਰ...

ਕਿਸਾਨਾਂ ਦੇ ਧਰਨੇ ਕਾਰਨ ਹੌਜ਼ਰੀ ਕਾਰੋਬਾਰ ’ਤੇ ਬੁਰਾ ਅਸਰ : ਸੰਦੀਪ ਬਹਿਲ
ਲੁਧਿਆਣਾ ਗਾਰਮੈਂਟ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਬਹਿਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਧਰਨਿਆਂ ਦਾ ਸਿੱਧਾ ਅਸਰ ਤਿਉਹਾਰਾਂ ਦੇ ਨਾਲ-ਨਾਲ ਹੌਜ਼ਰੀ ਦੇ ਸਰਦੀ ਦੇ ਸੀਜ਼ਨ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਕ ਤਾਂ ਸਰਦੀਆਂ ਦੀ ਆਮਦ ਲੇਟ ਹੋਣ ਕਾਰਨ ਬਾਜ਼ਾਰ ’ਚ ਮੰਦੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਇਸ ਤੋਂ ਇਲਾਵਾ ਸੜਕਾਂ ਬੰਦ ਹੋਣ ਕਾਰਨ ਸਥਾਨਕ ਤੇ ਬਾਹਰੀ ਮੰਡੀਆਂ ਦੇ ਵਪਾਰੀਆਂ ਜਾਂ ਹੋਲਸੇਲਰਾਂ ਨੂੰ ਲੁਧਿਆਣਾ ’ਚ ਹੌਜ਼ਰੀ ਦੀ ਖਰੀਦ ਲਈ ਪਹੁੰਚਣ ’ਚ ਰੁਕਾਵਟ ਆ ਰਹੀ ਹੈ। ਇਸੇ ਤਰ੍ਹਾਂ ਹੌਜ਼ਰੀ ਦੇ ਜੋ ਆਰਡਰ ਆਏ ਹਨ ਜਾਂ ਕੱਚਾ ਮਾਲ ਆਉਣਾ ਹੈ, ਉਸ ਦੀ ਟਰਾਂਸਪੋਰਟੇਸ਼ਨ ਰੁਕਣ ਕਾਰਨ ਇੰਡਸਟਰੀ ਨੂੰ ਦੋਹਰਾ ਨੁਕਸਾਨ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੂੰ ਹੌਜ਼ਰੀ ਉਦਯੋਗ ਨੂੰ ਰਾਹਤ ਦੇਣ ਲਈ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ।

ਕਿਸਾਨਾਂ ਦੇ ਧਰਨਿਆਂ ਕਾਰਨ ਜਿੳੂਲਰੀ ਕਾਰੋਬਾਰ ਪ੍ਰਭਾਵਿਤ : ਆਨੰਦ ਸੀਕਰੀ
ਲੁਧਿਆਣਾ ਜਿਊਲਰ ਐਸੋਸੀਏਸ਼ਨ ਦੇ ਪ੍ਰਧਾਨ ਆਨੰਦ ਸੀਕਰੀ ਨੇ ਕਿਹਾ ਕਿ ਕਿਸਾਨਾਂ ਦੇ ਧਰਨਿਆਂ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਨਾ ਤਾਂ ਦੂਜੇ ਸ਼ਹਿਰਾਂ ਦੇ ਗਾਹਕ ਆਪਣੇ ਦੁਕਾਨਦਾਰ ਤੱਕ ਨਹੀਂ ਪਹੁੰਚ ਰਹੇ ਹਨ ਤੇ ਨਾ ਹੀ ਮਾਲ ਦੀ ਕਿਸੇ ਤਰ੍ਹਾਂ ਦੀ ਹਲਚਲ ਹੋ ਰਹੀ ਹੈ। ਇਸ ਦੌਰਾਨ ਕਾਰੋਬਾਰੀ ਬੇਵੱਸ ਹੋ ਕੇ ਰਹਿ ਗਏ ਹਨ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਤੇ ਕੇਂਦਰ ਸਰਕਾਰ ਨੂੰ ਆਰਥਿਕਤਾ ਨੂੰ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਰਾਹਤ ਦੇਣ ਲਈ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ

ਇਲੈਕਟ੍ਰਿਕ ਉਤਪਾਦਾਂ ਦੀ ਸਪਲਾਈ ਤੇ ਵਿਕਰੀ ਪ੍ਰਭਾਵਿਤ : ਬਲਬੀਰ ਭਸੀਨ
ਇਲੈਕਟ੍ਰਿਕ ਗੁਡਜ਼ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਬਲਬੀਰ ਭਸੀਨ ਨੇ ਕਿਹਾ ਕਿ ਦੀਵਾਲੀ ਮੌਕੇ ਸਜਾਵਟ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਵਸਤਾਂ ਦੂਜੇ ਸ਼ਹਿਰਾਂ ਦੀ ਹੋਲਸੇਲ ਮਾਰਕੀਟ ’ਚ ਆਉਂਦੀਆਂ ਹਨ, ਜਿੱਥੋਂ ਇਨ੍ਹਾਂ ਦੀ ਰਿਟੇਲ ਲਈ ਦੁਕਾਨਦਾਰਾਂ ਨੂੰ ਸਪਲਾਈ ਹੁੰਦੀ ਹੈ। ਇਨ੍ਹਾਂ ਦੀ ਸੀਜ਼ਨਲ ਵਿਕਰੀ ਇਕ ਹਫ਼ਤੇ ਦੀ ਹੁੰਦੀ ਹੈ। ਜੇਕਰ ਸਾਮਾਨ ਸਮੇਂ ’ਤੇ ਨਾ ਪਹੁੰਚੇ ਤਾਂ ਵਪਾਰੀਆਂ ਨੂੰ ਸਾਰਾ ਸਾਲ ਮਾਲ ਸਟੋਰ ਕਰਨਾ ਪੈਂਦਾ ਹੈ। ਇਸ ਕਾਰੋਬਾਰ ਦੀ ਸਾਰੀ ਜ਼ਿੰਮੇਵਾਰੀ ਟਰਾਂਸਪੋਰਟ ਦੀ ਹੈ। ਸੜਕਾਂ ਬੰਦ ਹੋਣ ਕਾਰਨ ਇਲੈਕਟ੍ਰਿਕ ਗੁੱਡਜ਼ ਦਾ ਸਮੁੱਚਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਲਿਹਾਜਾ ਕਿਸਾਨਾਂ ਵੱਲੋਂ ਆਏ ਦਿਨ ਰੋਕੀ ਜਾ ਰਹੀ ਆਵਾਜਾਈ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਕਾਰੋਬਾਰ ਪ੍ਰਭਾਵਿਤ ਨਾ ਹੋਵੇ।

ਮਾਰਕੀਟ ’ਚ ਕਾਰੋਬਾਰ 30 ਫੀਸਦੀ ਤੋਂ ਵੀ ਘੱਟ : ਗੌਰਵ ਭੱਲਾ
ਅੰਮ੍ਰਿਤਸਰ ਦੀ ਜੋਸਨ ਮਾਰਕੀਟ ਦੇ ਪ੍ਰਧਾਨ ਗੌਰਵ ਭੱਲਾ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਤੋਹਫ਼ੇ ਵਾਲੀਆਂ ਵਸਤਾਂ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਮਾਰਕੀਟ ’ਚ ਦੀਵਾਲੀ ਸਬੰਧੀ ਸੈਂਕੜੇ ਹੋਲਸੇਲ ਜਾਂ ਪ੍ਰਚੂਨ ਦੀਆਂ ਦੁਕਾਨਾਂ ਹਨ ਤੇ ਸਾਰੇ ਕਾਰੋਬਾਰੀ ਤਣਾਅ ’ਚ ਹਨ ਕਿਉਂਕਿ ਇਸ ਸਮੇਂ ਕਾਰੋਬਾਰ 30 ਫੀਸਦੀ ਤੋਂ ਵੀ ਘੱਟ ਰਹਿ ਗਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਮਾਲ ਦੀ ਸਪਲਾਈ ਅਚਾਨਕ ਕਿਸੇ ਸਮੇਂ ਵੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ, ਇਹ ਕਾਰੋਬਾਰ ਸਿਰਫ ਕੁਝ ਦਿਨਾਂ ਲਈ ਹੁੰਦਾ ਹੈ।

ਇਹ ਵੀ ਪੜ੍ਹੋ - ਦੀਵਾਲੀ ਮੌਕੇ ਹਿਮਾਚਲ ਜਾਣ ਵਾਲੇ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ

ਕਿਸਾਨਾਂ ਦੇ ਅੰਦੋਲਨ ਕਾਰਨ ਕਾਰੋਬਾਰ ਮੰਦਾ : ਹਰੀਸ਼ ਧਵਨ
ਅੰਮ੍ਰਿਤਸਰ ਦੀ ਫਾਇਰ ਕਰੈਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਸਭ ਪਾਸਿਓਂ ਮੰਦਾ ਹੈ ਤੇ ਲੋਕਾਂ ਕੋਲ ਖਰਚ ਕਰਨ ਲਈ ਬਜਟ ਨਹੀਂ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਪਟਾਕਿਆਂ ਦੀ ਵਿਕਰੀ 50 ਫੀਸਦੀ ਤੋਂ ਵੱਧ ਨਹੀਂ ਹੋਵੇਗੀ। ਇਸ ਵਾਰ ਦੀਵਾਲੀ ਮੰਦੀ ਜਾਵੇਗੀ, ਪੂਰੇ ਬਾਜ਼ਾਰ ’ਚ ਨਾ ਤਾਂ ਗਾਹਕ ਆ ਰਹੇ ਹਨ ਤੇ ਨਾ ਹੀ ਲੋਕਾਂ ’ਚ ਉਤਸ਼ਾਹ ਹੈ। ਆਤਿਸ਼ਬਾਜ਼ੀ ਤੇ ਪਟਾਕਿਆਂ ਦੀ ਵਿਕਰੀ ਅਜੇ ਤੱਕ ਬਿਲਕੁਲ ਨਹੀਂ ਹੈ ਤੇ ਜੇਕਰ ਹੈ ਤਾਂ ਖਰੀਦਦਾਰਾਂ ਦੀ ਸਮਰੱਥਾ ਬਹੁਤ ਘੱਟ ਹੈ। ਇਸ ਲਈ ਜੇਕਰ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਲੱਭਿਆ ਜਾਂਦਾ ਹੈ ਤਾਂ ਮੰਡੀ ’ਚ ਕੁਝ ਚਮਕ ਵਾਪਸ ਆ ਸਕਦੀ ਹੈ।

ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News