ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਕਾਰਨ ਐਡਵਾਈਜ਼ਰੀ ਜਾਰੀ
Wednesday, Oct 30, 2024 - 03:27 PM (IST)
ਬਠਿੰਡਾ (ਸੁਖਵਿੰਦਰ) : ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਡਾ. ਰਮਨਦੀਪ ਕਸ਼ਗਲਾ ਨੇ ਦੱਸਿਆ ਕਿ ਜਿਵੇਂ-ਜਿਵੇਂ ਮੌਸਮ ਠੰਡਾ ਹੁੰਦਾ ਹੈ, ਹਵਾ ਦੀ ਗੁਣਵੱਤਾ ਵਿਗੜਨ ਲੱਗ ਜਾਂਦੀ ਹੈ। ਪਰਾਲੀ ਸਾੜਨ ਅਤੇ ਦੀਵਾਲੀ ਮਨਾਉਣ ਕਾਰਨ ਸਥਿਤੀ ਬਦਤਰ ਹੋ ਜਾਂਦੀ ਹੈ।
ਇਸ ਦਾ ਖਮਿਆਜ਼ਾ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਸਾਹ ਦੀਆਂ ਭਿਆਨਕ ਬੀਮਾਰੀਆਂ ਤੋਂ ਪੀੜਤ ਲੋਕਾਂ, ਪੁਲਸ ਮੁਲਾਜ਼ਮਾਂ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਭੁਗਤਣਾ ਪੈਂਦਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਕਿਹਾ ਕਿ ਵੱਧਦੇ ਪ੍ਰਦੂਸ਼ਣ ਦੌਰਾਨ ਸਵੇਰੇ-ਸ਼ਾਮ ਸੈਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਖਿੜਕੀਆਂ, ਦਰਵਾਜ਼ੇ ਆਦਿ ਬੰਦ ਰੱਖਣੇ ਚਾਹੀਦੇ ਹਨ ਅਤੇ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।