ਦੀਵਾਲੀ ਦੇ ਤਿਉਹਾਰ ਮੌਕੇ ਨਵਾਂਸ਼ਹਿਰ ''ਚ ਪਟਾਕਿਆਂ ਕਾਰਨ 9 ਥਾਵਾਂ ’ਤੇ ਲੱਗੀ ਅੱਗ

Saturday, Nov 02, 2024 - 03:50 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪੁਲਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜ਼ਿਲ੍ਹੇ ਭਰ ਵਿੱਚੋਂ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਹਾਲਾਂਕਿ ਕਸਬਾ ਬੰਗਾ ਦੇ ਹੈਪੋਵਾਲ ਰੋਡ ਸਥਿਤ ਇਕ ਕੱਪੜੇ ਦੀ ਦੁਕਾਨ ਦੀ ਤੀਜੀ ਮੰਜ਼ਿਲ 'ਤੇ ਪਏ ਵੇਸਟ ਸਾਮਾਨ ਸਮੇਤ 9 ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਪਰ ਇਨ੍ਹਾਂ ਹਾਦਸਿਆਂ ਵਿਚ ਕਿਸੇ ਵੱਡਾ ਨੁਕਸਾਨ ਹੋਣ ਤੋ ਬਚਾਅ ਹੋ ਗਿਆ। ਨਵਾਂਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਦੀਵਾਲੀ ਦਾ ਤਿਉਹਾਰ ਪੂਰੀ ਅਮਨ ਸ਼ਾਂਤੀ, ਭਾਈਚਾਰੇ ਅਤੇ ਉਮੰਗ ਨਾਲ ਮਨਾਇਆ ਗਿਆ।

ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ, ਰਾਤ 10 ਵਜੇ ਤੋਂ ਬਾਅਦ ਵੀ ਚੱਲਦੇ ਰਹੇ ਪਟਾਕੇ
ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਜ਼ਿਲਾ ਪ੍ਰਸ਼ਾਸਨ ਨੇ ਪਟਾਕੇ ਚਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮ ਦਿੱਤੇ ਸਨ, ਪਰ ਉਪਰੋਕਤ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਲੋਕ ਅੱਧੀ ਰਾਤ ਤੋਂ ਬਾਅਦ ਵੀ ਪਟਾਕੇ ਚਲਾ ਰਹੇ ਸਨ। ਬਜ਼ਾਰਾਂ ਵਿੱਚ ਪਟਾਕਿਆਂ ਦੀ ਵਿਕਰੀ ’ਤੇ ਪਾਬੰਦੀ ਦੇ ਬਾਵਜੂਦ ਪਟਾਕਿਆਂ ਦੀ ਵਿਕਰੀ ਜਾਰੀ ਰਹੀ, ਹਾਲਾਂਕਿ ਪ੍ਰਸ਼ਾਸਨ ਵੱਲੋਂ ਨਵਾਂਸ਼ਹਿਰ ਦੇ ਰਾਹੋਂ ਰੋਡ ’ਤੇ ਸਥਿਤ ਦੋਆਬਾ ਆਰੀਆ ਸਕੂਲ ਵਿੱਚ ਪਟਾਕੇ ਵੇਚਣ ਲਈ ਥਾਂ ਨਿਰਧਾਰਿਤ ਕੀਤੀ ਗਈ ਸੀ। ਇਸਦੇ ਬਾਵਜੂਦ ਜ਼ਿਲੇ ਦੇ ਕਿਸੇ ਵੀ ਥਾਣੇ ਵਿੱਚ ਇਸ ਸਬੰਧੀ ਕੋਈ ਕੇਸ ਦਰਜ ਹੋਣ ਦੀ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ- ਕਪੂਰਥਲਾ 'ਚ MBBS ਦੀ ਵਿਦਿਆਰਥਣ ਦੀ ਕਮਰੇ 'ਚ ਇਸ ਹਾਲ 'ਚ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼

ਇਲੈਕਟ੍ਰਾਨਿਕ, ਹਲਵਾਈਆਂ ਅਤੇ ਪਟਾਕਿਆਂ ਦੇ ਸਟਾਲਾਂ ’ਤੇ ਰਹੀ ਚਹਿਲ ਪਹਿਲ
ਦੀਵਾਲੀ ਦੇ ਸ਼ੁਭ ਮੌਕੇ ’ਤੇ ਸ਼ਹਿਰ ਦੇ ਬਾਜ਼ਾਰਾਂ ’ਚ ਕਾਫ਼ੀ ਸਰਗਰਮੀ ਵੇਖਣ ਨੂੰ ਮਿਲੀ। ਇਲੈਕਟ੍ਰਾਨਿਕ ਦੀਆਂ ਦੁਕਾਨਾਂ, ਮਠਿਆਈਆਂ ਦੀਆਂ ਦੁਕਾਨਾਂ ਅਤੇ ਪਟਾਕਿਆਂ ਦੇ ਸਟਾਲਾਂ ’ਤੇ ਕਾਫ਼ੀ ਸਰਗਰਮੀ ਰਹੀ। ਉਂਝ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਹੋਰ ਸਾਮਾਨ ਵੇਚਣ ਵਾਲੇ ਵਿਕਰੇਤਾਵਾਂ ਵੱਲੋਂ ਕੀਤੇ ਗਏ ਕਬਜ਼ੇ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਇਲੈਕਟ੍ਰਾਨਿਕ ਸਾਮਾਨ ਦੀ ਖ਼ਰੀਦਦਾਰੀ ਲਈ ਕਾਫ਼ੀ ਦਿਲਚਸਪੀ ਵਿਖਾਈ ਅਤੇ ਇਲੈਕਟ੍ਰਾਨਿਕ ਦੀਆਂ ਦੁਕਾਨਾਂ ’ਤੇ ਕਾਫ਼ੀ ਚਹਿਲ ਪਹਿਲ ਵੇਖਣ ਨੂੰ ਮਿਲੀ। ਹਾਲਾਂਕਿ, ਆਨਲਾਈਨ ਸ਼ਾਪਿੰਗ ’ਤੇ ਉਪਲੱਬਧ ਸੁਵਿਧਾਵਾਂ ਅਤੇ ਆਕਰਸ਼ਕ ਪੇਸ਼ਕਸ਼ਾਂ ਕਾਰਨ, ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਆਨਲਾਈਨ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਸੀ।

ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਜਾਰੀ ਰਹੀ ਪਟਾਕਿਆਂ ਦੀ ਵਿਕਰੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲੇ ਭਰ ਵਿੱਚ ਪਟਾਕਿਆਂ ਦੀ ਵਿਕਰੀ ਲਈ ਵੱਖ-ਵੱਖ ਕਸਬਿਆਂ ਵਿੱਚ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਸਨ। ਪ੍ਰਸ਼ਾਸਨ ਵੱਲੋਂ ਉਪਰੋਕਤ ਸਥਾਨਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਪਟਾਕੇ ਵੇਚਣ ’ਤੇ ਪੂਰਨ ਪਾਬੰਦੀ ਦੇ ਬਾਵਜੂਦ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਕਈ ਥਾਵਾਂ ’ਤੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਪਟਾਕੇ ਵੇਚਣ ਵਾਲੇ ਖੁੱਲ੍ਹੇਆਮ ਪਟਾਕੇ ਵੇਚਦੇ ਦੇਖੇ ਗਏ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਵਾਪਰੇ ਹਾਦਸੇ ਦੀ ਖ਼ੌਫ਼ਨਾਕ CCTV ਆਈ ਸਾਹਮਣੇ, ਪਿਓ-ਪੁੱਤ ਦੀ ਗਈ ਜਾਨ

ਕੱਪੜੇ ਦੀ ਦੁਕਾਨ ਦੀ ਤੀਜ਼ੀ ਮੰਜਿਲ 'ਤੇ ਸਥਿਤ ਵੇਸਟ ਸਾਮਾਨ ਨੂੰ ਲੱਗੀ ਅੱਗ
ਫਾਇਰ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਹੈਪੋਵਾਲ ਰੋਡ ਬੰਗਾ ਵਿੱਖੇ ਇਕ ਕੱਪੜੇ ਦੀ ਦੁਕਾਨ ਦੀ ਤੀਜੀ ਮੰਜ਼ਿਲ 'ਤੇ ਪਏ ਵੇਸਟ ਸਾਮਾਨ ਪਟਾਕਿਆਂ ਕਾਰਨ ਅੱਗ ਲੱਗ ਗਈ। ਜਿਸ 'ਤੇ ਦਮਕਲ ਵਿਭਾਗ ਦੀ ਗੱਡੀ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਕੱਪੜੇ ਦੀ ਦੁਕਾਨ 'ਤੇ ਪਏ ਕੱਪੜੇ ਆਦਿ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸੇ ਰੋਡ 'ਤੇ ਇਕ ਝੁੱਗੀ ਅੱਗ ਲੱਗਣ ਨਾਲ ਸੁਆਹ ਹੋ ਗਈ। ਇਸੇ ਤਰ੍ਹਾਂ ਕਸਬਾ ਰਾਹੋ ਅਤੇ ਨਵਾਂਸ਼ਹਿਰ ਵਿਖੇ ਪਟਾਕਿਆਂ ਕਾਰਨ ਕਮਾਦ ਦੇ ਖੇਤਾਂ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ। ਜਾਡਲਾ ਵਿੱਖੇ ਪਰਾਲੀ ਦੇ ਕੁੱਪ ਅਤੇ ਬੰਗਾ ਵਿੱਖੇ ਇਕ ਕੋਠੀ ਵਿਚ ਲੱਗੀ ਅੱਗ ਨਾਲ ਪਲਾਸਟਿਕ ਕਾ ਸਾਮਾਨ ਸੜ ਗਿਆ ਅਤੇ ਘਰ ਦੇ ਸ਼ੀਸ਼ੇ ਟੁੱਟ ਗਏ। ਬਹਿਰਾਮ ਥਾਣੇ ਆਧੀਨ ਪੈਂਦੇ ਪਿੰਡ ਘੁੰਮਣਾ ਵਿੱਖੇ ਤੂੜੀ ਦੇ ਕੁੱਪ ਨੂੰ ਅੱਗ ਲਗ ਗਈ। ਨਵਾਂਸ਼ਹਿਰ ਦੇ ਫ੍ਰੈਡਸ ਕਾਲੋਨੀ ਵਿਖੇ ਇਕ ਘਰ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਪਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਤੋਂ ਮੰਦਭਾਗੀ ਖ਼ਬਰ, ਕਿਸਾਨ ਮੋਰਚੇ 'ਚ ਡਟੇ ਕਿਸਾਨ ਆਗੂ ਦੀ ਮੌਤ

ਲਕਸ਼ਮੀ ਮਾਤਾ ਦੀ ਪੂਜਾ ਅਤੇ ਦੀਵੇ ਜਗਾਉਣ ਲਈ ਮੰਦਰਾਂ ਵਿੱਚ ਰਹੀ ਭੀੜ
ਦੇਵੀ ਲਕਸ਼ਮੀ ਮਾਤਾ ਨੂੰ ਖ਼ੁਸ਼ ਕਰਨ ਲਈ ਲੋਕਾਂ ਨੇ ਆਪਣੇ ਘਰਾਂ ਨੂੰ ਬਹੁਤ ਸਜਾਇਆ। ਔਰਤਾਂ ਨੇ ਵੀ ਰੰਗੋਲੀ ਬਣਾ ਕੇ ਆਪਣੇ ਘਰਾਂ ਨੂੰ ਸਜਾਇਆ। ਘਰਾਂ ਦੇ ਬਾਹਰ ਦੀਵਾਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਲਗਾ ਕੇ ਸਜਾਇਆ ਗਿਆ ਸੀ। ਸ਼ਾਮ 5 ਵਜੇ ਤੋਂ ਹੀ ਲੋਕਾਂ ਨੇ ਸ਼ੁਭ ਸਮੇਂ ਅਨੁਸਾਰ ਗਲੀਆਂ, ਸੜਕਾਂ ਦੇ ਚੌਰਾਹਿਆਂ ਅਤੇ ਮੰਦਿਰਾਂ ਵਿੱਚ ਦੀਵੇ ਜਗਾਏ ਅਤੇ ਆਪਣੇ ਘਰਾਂ ਵਿੱਚ ਦੇਵੀ ਲਕਸ਼ਮੀ ਦੀ ਪੂਜਾ ਕੀਤੀ।

ਦੀਵਾਲੀ ’ਤੇ ਮੁਸਤੈਦ ਰਹੀ ਪੁਲਸ
ਦੀਵਾਲੀ ਮੌਕੇ ਅਮਨ-ਕਾਨੂੰਨ ਬਣਾਈ ਰੱਖਣ ਲਈ ਜ਼ਿਲਾ ਪੁਲਸ ਮੁੱਖੀ ਡਾ. ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇਖੇ ਗਏ। ਪੁਲਸ ਮੁਲਾਜ਼ਮ ਸ਼ਹਿਰ ਦੇ ਬਾਜ਼ਾਰਾਂ ਅਤੇ ਮੁੱਖ ਚੌਰਾਹਿਆਂ ’ਤੇ ਗੁੰਡਿਆਂ ’ਤੇ ਨਜ਼ਰ ਰੱਖਦੇ ਹੋਏ ਦਿਖਾਈ ਦਿੱਤੇ ਜੋ ਕਿਸੇ ਨਾ ਕਿਸੇ ਤਰ੍ਹਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜ ਰਹੇ ਸਨ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News