ਖੇਤਰੀ ਪਾਰਟੀਆਂ ਦਾ ਮਮਤਾ ਨੂੰ ਸਮਰਥਨ

Monday, May 06, 2019 - 06:31 AM (IST)

ਰਾਹਿਲ ਨੋਰਾ ਚੋਪੜਾ

ਜੇ ਰਾਜਗ ਲੋਕ ਸਭਾ ਚੋਣਾਂ ਤੋਂ ਬਾਅਦ ਬਹੁਮਤ ਹਾਸਿਲ ਕਰਨ ’ਚ ਅਸਫਲ ਰਹਿੰਦਾ ਹੈ ਤਾਂ ਵਿਰੋਧੀ ਧਿਰ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ, ਇਸ ਦੇ ਲਈ ਦੌੜ ਸ਼ੁਰੂ ਹੋ ਗਈ ਹੈ। ਹਾਲ ਹੀ ’ਚ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਸਮਰਥਨ ਕੀਤਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਸਪਾ ਮੁਖੀ ਮਾਇਆਵਤੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬਿਹਤਰ ਬਦਲ ਹਨ। ਤਿੰਨਾਂ ’ਚੋਂ ਮਮਤਾ ਬੈਨਰਜੀ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਮਹਾਗੱਠਜੋੜ ਬਣਾਉਣ ’ਚ ਉਸ ਦੀ ਮੁੱਖ ਭੂਮਿਕਾ ਸੀ ਪਰ ਲਖਨਊ ’ਚ ਇਕ ਸੀਨੀਅਰ ਬਸਪਾ ਨੇਤਾ ਨੇ ਕਿਹਾ ਕਿ ਇਸ ਵਾਰ ਜਿੱਤੀਆਂ ਗਈਆਂ ਸੀਟਾਂ ਦੇ ਆਧਾਰ ’ਤੇ ਸਰਵਉੱਚ ਅਹੁਦੇ ਲਈ ਨੇਤਾ ’ਤੇ ਵਿਚਾਰ ਕੀਤਾ ਜਾਵੇਗਾ ਪਰ ਜ਼ਿਆਦਾਤਰ ਖੇਤਰੀ ਪਾਰਟੀਆਂ, ਜਿਵੇਂ ਕਿ ‘ਆਪ’, ਤੇਦੇਪਾ, ਟੀ. ਆਰ. ਐੱਸ., ਬੀਜਦ ਅਤੇ ਸਪਾ ਦੇ ਨੇਤਾ ਉੱਚ ਅਹੁਦੇ ਲਈ ਮਮਤਾ ਬੈਨਰਜੀ ਦੇ ਪੱਖ ’ਚ ਹਨ।

ਚੋਣਾਂ ’ਚ ਗਾਂਧੀ

ਸੋਨੀਆ ਗਾਂਧੀ ਰਾਇਬਰੇਲੀ ਤੋਂ ਚੋਣ ਲੜ ਰਹੀ ਹੈ ਅਤੇ ਉਥੇ ਆਪਣੀ ਪਹਿਲੀ ਤੇ ਇਕੋ-ਇਕ ਜਨਸਭਾ ਤੋਂ ਬਾਅਦ ਉਹ ਸਹਿਜ ਮਹਿਸੂਸ ਕਰ ਰਹੀ ਹੈ, ਜਦਕਿ ਰਾਇਬਰੇਲੀ ’ਚ ਅਜਿਹਾ ਦਿਖਾਈ ਦਿੰਦਾ ਹੈ ਕਿ ਉਥੇ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਵਿਰੋਧੀ ਇਕ ਪੁਰਾਣੇ ਕਾਂਗਰਸੀ ਹਨ ਅਤੇ ਰਾਇਬਰੇਲੀ ’ਚ ਕੋਈ ਪ੍ਰਭਾਵ ਛੱਡਣ ’ਚ ਅਸਫਲ ਹਨ। ਦੂਜੇ ਪਾਸੇ ਮੇਨਕਾ ਗਾਂਧੀ ਲਈ ਸੁਲਤਾਨਪੁਰ ’ਚ ਰਾਹ ਆਸਾਨ ਨਹੀਂ ਹੈ ਅਤੇ ਉਹ ਸਖਤ ਮਿਹਨਤ ਕਰ ਰਹੀ ਹੈ ਕਿਉਂਕਿ ਉਨ੍ਹਾਂ ਦੇ ਵਿਰੋਧੀ ਸੰਜੇ ਗਾਂਧੀ ਨੂੰ ਲੈ ਕੇ ਜਾਤੀਵਾਦ ਦੇ ਪੱਤੇ ਖੇਡ ਰਹੇ ਹਨ ਪਰ ਇਨ੍ਹਾਂ ਅਫਵਾਹਾਂ ਨਾਲ ਲੜਨ ਲਈ ਮੇਨਕਾ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ ਪਰ ਫਿਰ ਵੀ ਕੁਝ ਖਦਸ਼ੇ ’ਚ ਨਜ਼ਰ ਆਉਂਦੀ ਹੈ, ਜਦਕਿ ਉਨ੍ਹਾਂ ਦਾ ਬੇਟਾ ਵਰੁਣ ਗਾਂਧੀ ਪੀਲੀਭੀਤ ਦੀ ਸੀਟ ਲਿਜਾ ਸਕਦਾ ਹੈ।

ਹਾਲਾਂਕਿ ਅਮੇਠੀ ’ਚ ਮੁਕਾਬਲਾ ਅਸਲ ’ਚ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਵਿਚਾਲੇ ਨਹੀਂ ਹੈ, ਬਲਕਿ ਕਾਂਗਰਸ ਮੁਖੀ ਦੇ ਵੱਕਾਰ ਅਤੇ ਇਰਾਨੀ ਦੇ ਘੁਮੰਡ ਵਿਚਾਲੇ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਭਿਮਾਨੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਲਈ ਪ੍ਰਚਾਰ ਤੋਂ ਦੂਰ ਰਹੇ ਹਨ ਪਰ ਅਮੇਠੀ ’ਚ ਪ੍ਰਿਯੰਕਾ ਗਾਂਧੀ ਵਲੋਂ ਪ੍ਰਚਾਰ ਤੋਂ ਬਾਅਦ ਰਾਹੁਲ ਅਤੇ ਉਨ੍ਹਾਂ ਦੇ ਵਿਰੋਧੀ ਵਿਚਾਲੇ ਹੁਣ ਸਪੱਸ਼ਟ ਧਾਰ ਨਜ਼ਰ ਆਉਂਦੀ ਹੈ।

ਲਾਲੂ ਦੇ ਪਰਿਵਾਰ ’ਚ ਮਤਭੇਦ

ਬਿਹਾਰ ’ਚ ਭਾਵੇਂ ਮਹਾਗੱਠਜੋੜ ਭਾਜਪਾ ਦੇ ਵਿਰੁੱਧ ਇਕਜੁੱਟ ਹੋ ਕੇ ਮਜ਼ਬੂਤੀ ਨਾਲ ਲੜ ਰਿਹਾ ਹੈ ਪਰ ਲਾਲੂ ਦੇ ਪਰਿਵਾਰ ’ਚ ਭਰਾਵਾਂ ਵਿਚਾਲੇ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਵੱਡਾ ਭਰਾ ਤੇਜਪ੍ਰਤਾਪ ਯਾਦਵ ਚੋਣ ਪ੍ਰਚਾਰ ’ਚ ਉਸ ਨੂੰ ਦਰਕਿਨਾਰ ਕਰਨ ਅਤੇ ਉਸ ਦੀ ਇਸ ਮੰਗ ’ਤੇ ਧਿਆਨ ਨਾ ਦੇਣ ਲਈ ਕਿ ਉਸ ਦੇ ਸਹੁਰੇ ਚੰਦ੍ਰਿਕਾ ਰਾਏ ਨੂੰ ਸਹਾਰਨ ਤੋਂ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ, ਛੋਟੇ ਭਰਾ ਤੇਜਸਵੀ ਯਾਦਵ ਤੋਂ ਖਫ਼ਾ ਹੈ। ਤੇਜਸਵੀ ਨੇ ਨਾ ਸਿਰਫ ਰਾਏ ਨੂੰ ਟਿਕਟ ਦਿੱਤੀ, ਸਗੋਂ 2 ਦਿਨਾਂ ਤਕ ਉਨ੍ਹਾਂ ਲਈ ਪ੍ਰਚਾਰ ਵੀ ਕੀਤਾ। ਤੇਜਸਵੀ ਲਈ ਇਕ ਹੋਰ ਚਿੰਤਾ ਇਹ ਹੈ ਕਿ ਉਨ੍ਹਾਂ ਦੀ ਭੈਣ ਮੀਸਾ ਭਾਰਤੀ ਪਾਟਲੀਪੁੱਤਰ ਤੋਂ ਚੋਣ ਲੜ ਰਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੀਸਾ ਨੇ ਤੇਜਪ੍ਰਤਾਪ ਨੂੰ ਤੇਜਸਵੀ ਨਾਲ ਮੇਲ-ਮਿਲਾਪ ਕਰਨ ਲਈ ਪ੍ਰੇਰਿਤ ਕੀਤਾ, ਜੋ ਪਾਟਲੀਪੁੱਤਰ ’ਚ ਮੁਕਾਬਲਾ ਸਖਤ ਹੋਣ ਦੇ ਬਾਵਜੂਦ ਆਪਣੀ ਭੈਣ ਲਈ ਪ੍ਰਚਾਰ ’ਚ ਨਜ਼ਰ ਨਹੀਂ ਆਇਆ। ਇਸ ਤੋਂ ਇਲਾਵਾ ਲਾਲੂ ਪ੍ਰਸਾਦ ਯਾਦਵ ਜੇਲ ’ਚ ਹਨ ਅਤੇ ਰਾਬੜੀ ਦੇਵੀ ਘਰ ’ਚ ਅਤੇ ਆਪਣੇ ਬੱਚਿਆਂ ਵਿਚਾਲੇ ਲੜਾਈ ਨੂੰ ਕੰਟਰੋਲ ਕਰਨ ਦੀ ਸਥਿਤੀ ’ਚ ਨਹੀਂ ਹੈ।

ਰਾਜਸਥਾਨ ’ਚ ਪਹਿਲੇ ਪੜਾਅ ’ਚ ਬੰਪਰ ਮਤਦਾਨ

ਰਾਜਸਥਾਨ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਪਹਿਲੇ ਪੜਾਅ ’ਚ ਮਤਦਾਨ ਦਾ ਫੀਸਦੀ ਕਾਫੀ ਉੱਚਾ ਰਿਹਾ ਅਤੇ ਭਾਜਪਾ ਤੇ ਕਾਂਗਰਸ ਦੋਹਾਂ ਲਈ ਇਕ ਸਮੱਸਿਆ ਬਣ ਗਿਆ ਹੈ ਕਿਉਂਕਿ ਦੋਵੇਂ ਹੀ ਪਾਰਟੀਆਂ ਦੁਚਿੱਤੀ ’ਚ ਹਨ ਕਿ ਵੋਟਾਂ ਦੇ ਮਤਦਾਨ ਫੀਸਦੀ ’ਚ ਇੰਨਾ ਜ਼ਿਆਦਾ ਵਾਧਾ ਕਿਉਂ? ਪਿਛਲੀ ਵਾਰ ਭਾਜਪਾ ਨੇ ਸਾਰੀਆਂ 25 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਨਤੀਜੇ ਵੱਖਰੇ ਦਿਖਾਈ ਦਿੰਦੇ ਹਨ। ਇਸ ਚੋਣ ’ਚ ਮੁੱਖ ਆਕਰਸ਼ਣ 2 ਸੀਟਾਂ ਨੂੰ ਲੈ ਕੇ ਹੈ, ਇਕ ਧੌਲਪੁਰ ਵਿਚ, ਜਿਥੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਬੇਟਾ ਰਾਣਾ ਦੁਸ਼ਯੰਤ ਸਿੰਘ ਚੋਣ ਲੜ ਰਿਹਾ ਹੈ ਤੇ ਦੂਜਾ ਜੋਧਪੁਰ ਹੈ, ਜਿਥੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਬੇਟਾ ਵੈਭਵ ਗਹਿਲੋਤ ਚੋਣ ਲੜ ਰਿਹਾ ਹੈ। ਦੋਹਾਂ ਹੀ ਸੀਟਾਂ ’ਤੇ ਮਤਦਾਨ ਦਾ ਫੀਸਦੀ ਬਹੁਤ ਉੱਚਾ ਹੈ। ਭਾਜਪਾ ਦਾਅਵਾ ਕਰ ਰਹੀ ਹੈ ਕਿ ਇਹ ਵਾਧਾ ਰਾਸ਼ਟਰਵਾਦ ਅਤੇ ਨਰਿੰਦਰ ਮੋਦੀ ਦੇ ਕਾਰਨ ਹੈ, ਜਦਕਿ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਇਸ ਦਾ ਕਾਰਨ ਕੇਂਦਰ ਸਰਕਾਰ ਵਿਰੋਧੀ ਨੀਤੀਆਂ ਹਨ। ਨਤੀਜਾ ਅਸਲ ਤਸਵੀਰ 23 ਮਈ ਨੂੰ ਦਿਖਾਏਗਾ।

ਜਦ (ਯੂ) ਦਾ ਚੋਣ ਐਲਾਨ ਪੱਤਰ ਨਹੀਂ

ਬਿਹਾਰ ’ਚ ਭਾਜਪਾ ਅਤੇ ਜਦ (ਯੂ) ਵਿਚਾਲੇ ਗੱਠਜੋੜ ਦਾ ਦਿਲਚਸਪ ਪਹਿਲੂ ਇਹ ਹੈ ਕਿ ਗੱਠਜੋੜ ’ਚ ਮੁੱਖ ਮੰਤਰੀ ਨਿਤੀਸ਼ ਬਾਬੂ ਦੀ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲੀਆਂ ਹਨ ਪਰ ਉਨ੍ਹਾਂ ਦੀ ਪਾਰਟੀ ਨੇ ਇਸ ਵਾਰ ਕੋਈ ਚੋਣ ਐਲਾਨ ਪੱਤਰ ਜਾਰੀ ਨਹੀਂ ਕੀਤਾ। ਹਾਲਾਂਕਿ ਅਜਿਹਾ ਮੰਨਿਆ ਜਾਂਦਾ ਸੀ ਕਿ ਨਿਤੀਸ਼ ਬਾਬੂ ਨਿਸ਼ਚਿਤ ਤੌਰ ’ਤੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਐਲਾਨਣਗੇ ਪਰ ਜਦ (ਯੂ) ਨੇ ਇਹ ਐਲਾਨ ਨਹੀਂ ਕੀਤਾ, ਜਿਸ ਨੂੰ ਲੈ ਕੇ ਤੇਜਸਵੀ ਯਾਦਵ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਦਬਾਅ ’ਚ ਉਨ੍ਹਾਂ ਦੇ ‘ਚਾਚੇ’ ਨੇ ਐਲਾਨ ਪੱਤਰ ਜਾਰੀ ਨਹੀਂ ਕੀਤਾ ਕਿਉਂਕਿ ਉਹ ਧਾਰਾ-370, ਰਾਮ ਮੰਦਰ ਦੇ ਮੁੱਦੇ ਅਤੇ ਬਰਾਬਰ ਨਾਗਰਿਕ ਜ਼ਾਬਤੇ ਦਾ ਸਮਰਥਨ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਉਹ ਐਲਾਨ ਕਰ ਦਿੰਦੇ ਤਾਂ ਭਾਜਪਾ ਗੱਠਜੋੜ ਨੂੰ ਤੋੜ ਦਿੰਦੀ, ਜਿਸ ਕਾਰਨ ਉਨ੍ਹਾਂ ਦੇ ਚਾਚੇ ਨੇ ਐਲਾਨ ਪੱਤਰ ਜਾਰੀ ਨਹੀਂ ਕੀਤਾ। ਤੇਜਸਵੀ ਇਹ ਵੀ ਦਾਅਵਾ ਕਰ ਰਹੇ ਹਨ ਕਿ ਨਿਤੀਸ਼ ਬਾਬੂ ਹੁਣ ਬਿਹਾਰ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਿਉਂ ਨਹੀਂ ਕਰ ਰਹੇ, ਜਦੋਂ ਉਹ ਭਾਜਪਾ ਨਾਲ ਗੱਠਜੋੜ ’ਚ ਹਨ। ਪਟਨਾ ’ਚ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨਿਤੀਸ਼ ਬਾਬੂ ਭਾਜਪਾ ਨਾਲ ਸਹਿਜ ਨਹੀਂ ਹਨ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਬੁਲਾ ਰਹੇ ਸਨ ਤਾਂ ਉਹ ਸੀਟ ’ਤੇ ਬੈਠੇ ਰਹੇ। ਇਕ ਜਨਸਭਾ ’ਚ ਨਿਤੀਸ਼ ਨਾ ਤਾਂ ਖੜ੍ਹੇ ਹੋਏ ਅਤੇ ਨਾ ਹੀ ਕੁਝ ਕਿਹਾ, ਜਦਕਿ ਭਾਜਪਾ ਨੇਤਾ ਅਤੇ ਰਾਮਵਿਲਾਸ ਪਾਸਵਾਨ ਖੜ੍ਹੇ ਸਨ ਅਤੇ ਵੰਦੇ ਮਾਤਰਮ ਦਾ ਨਾਅਰਾ ਲਾ ਰਹੇ ਸਨ।

ਦਿੱਗੀ ਰਾਜਾ ਲਈ ਸਾਧੂ ਕਰਨਗੇ ਪ੍ਰਚਾਰ

ਦੇਸ਼ ਭਰ ਦੇ 13 ਅਖਾੜਿਆਂ ਤੋਂ 7000 ਸਾਧੂ 7 ਮਈ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਪਹੁੰਚਣਗੇ ਅਤੇ ਉਥੇ 3 ਦਿਨਾਂ ਤਕ ਰਹਿ ਕੇ ਹੱਠ ਯੋਗ ਕਰਨਗੇ ਅਤੇ ਦਿੱਗਵਿਜੇ ਸਿੰਘ ਲਈ ਰੋਡ ਸ਼ੋਅ ਅਤੇ ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਵਿਰੁੱਧ ਪ੍ਰਚਾਰ ਕਰਨਗੇ। ਇਹ ਐਲਾਨ ਕੰਪਿਊਟਰ ਬਾਬਾ ਉਰਫ ਨਾਮਦੇਵ ਤਿਆਗੀ ਨੇ ਕੀਤਾ ਹੈ। ਉਨ੍ਹਾਂ ਅਨੁਸਾਰ ਸਾਧੂ ਉਨ੍ਹਾਂ ਦੇ ਨਾਲ ਹਨ, ਜਿਨ੍ਹਾਂ ਨੇ ਨਰਮਦਾ ਪਰਿਕਰਮਾ ਕੀਤੀ ਹੈ, ਨਾ ਕਿ ਉਨ੍ਹਾਂ ਦੇ ਨਾਲ, ਜੋ ਜੇਲ ਯਾਤਰਾ ’ਤੇ ਸਨ। ਕੰਪਿਊਟਰ ਬਾਬਾ ਅਨੁਸਾਰ ਭਾਜਪਾ ਨੇ ਪ੍ਰੱਗਿਆ ਨੂੰ ਇਸ ਲਈ ਮੈਦਾਨ ’ਚ ਉਤਾਰਿਆ ਹੈ ਕਿਉਂਕਿ ਸਾਬਕਾ ਮੁੱਖ ਮੰਤਰੀਆਂ ਉਮਾ ਭਾਰਤੀ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਸ਼ਿਵਰਾਜ ਸਿੰਘ ਚੌਹਾਨ ਵਲੋਂ ਬਾਬਾ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ।


Bharat Thapa

Content Editor

Related News