ਕਦੋਂ ਹੋਵੇਗਾ ਵਰਤਮਾਨ ਰਾਵਣ ਰੂਪੀ ਬੁਰਾਈਆਂ ਦਾ ਅੰਤ

Friday, Oct 19, 2018 - 06:49 AM (IST)

ਅੱਜ ਦੁਸਹਿਰਾ ਹੈ ਅਤੇ ਸਾਰੇ ਪਾਠਕਾਂ ਨੂੰ ਇਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਦੁਸਹਿਰੇ ਨੂੰ ਅਸੀਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਵਜੋਂ ਮਨਾਉਂਦੇ ਹਾਂ ਪਰ ਕੀ ਸੱਚਮੁਚ ਸਮਾਜ ਅੰਦਰ ਝੂਠ ਹਾਰ ਗਿਆ ਹੈ? ਮੈਂ ਮੰਨਦਾ ਹਾਂ ਕਿ ਚੰਗਿਆਈ ਤੇ ਬੁਰਾਈ ਵਿਚਾਲੇ ਸੰਘਰਸ਼ ਸਤਯੁੱਗ ਤੋਂ ਲੈ ਕੇ ਕਲਯੁੱਗ ਤਕ ਲਗਾਤਾਰ ਚੱਲ ਰਿਹਾ ਹੈ। ਅੱਜ ਚੰਗਿਆਈ ਦੇ ਮੁਕਾਬਲੇ ਬੁਰਾਈ ਦਾ ਪੱਲੜਾ ਭਾਰੀ ਹੈ। 
ਅਸਲ ’ਚ ਦੁਸਹਿਰੇ ਦਾ ਤਿਉਹਾਰ ਸੰਘਰਸ਼ ਦਾ ਪ੍ਰਤੀਕ ਹੈ, ਜਿਸ ’ਚ ਸਮਾਜ ਤੇ ਵਿਅਕਤੀ ਅੰਦਰ ਵਸੀਆਂ ਰਾਵਣ ਰੂਪੀ ਬੁਰਾਈਆਂ ਨੂੰ ਖਤਮ ਕਰਨ ਦਾ ਸੰਕਲਪ ਹਰ ਸਾਲ ਜਾਂ ਹਰ ਰੋਜ਼ ਨਹੀਂ ਸਗੋਂ ਹਰ ਪਲ ਲੈਣਾ ਹੈ। ਪਿਛਲੇ ਕੁਝ ਦਿਨਾਂ ’ਚ ਵਾਪਰੀਆਂ ਘਟਨਾਵਾਂ ਇਸ ਦਾ ਅਮਲੀ ਰੂਪ ਹਨ। 
‘ਮੀ ਟੂ’ ਅੰਦੋਲਨ ਦੇ ਗਰਭ ’ਚੋਂ ਨਿਕਲਿਆ ਰਾਜ ਸਭਾ ਮੈਂਬਰ ਅਤੇ ਸਾਬਕਾ ਸੰਪਾਦਕ ਐੱਮ. ਜੇ. ਅਕਬਰ ਨਾਲ ਸੰਬੰਧਤ ਜਿਨਸੀ ਸ਼ੋਸ਼ਣ ਦਾ ਮਾਮਲਾ ਜਨਤਕ ਬਹਿਸ ਦਾ ਵਿਸ਼ਾ ਬਣ ਚੁੱਕਾ ਹੈ। ਉਹ ਕੇਂਦਰੀ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਪੱਤਰਕਾਰੀ ਦੇ ਸਮੇਂ ਉਨ੍ਹਾਂ ’ਤੇ ਕਈ ਮਹਿਲਾ ਪੱਤਰਕਾਰਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। 
ਹੁਣ ਅਕਬਰ ਦੋਸ਼ੀ ਹਨ ਜਾਂ ਨਹੀਂ, ਇਹ ਫੈਸਲਾ ਅਦਾਲਤ ਸ਼ਾਇਦ ਹੀ ਕਰ ਸਕੇ ਪਰ ਸਮਾਜ ਦਾ ਜੋ ਵਰਗ, ਖਾਸ ਕਰ ਕੇ ਮਹਿਲਾ ਅਧਿਕਾਰਵਾਦੀ ਸੰਗਠਨ, ਅਕਬਰ ਦੇ ਅਸਤੀਫੇ ਨੂੰ ਲੈ ਕੇ ਭਾਰੀ ਦਬਾਅ ਬਣਾ ਰਹੇ ਸਨ, ਉਹ ਕੇਰਲ ਦੀ ਇਕ ਨਨ ਨਾਲ 13 ਵਾਰ ਬਲਾਤਕਾਰ ਕਰਨ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਮੁਲੱਕਲ ਦੇ ਮਾਮਲੇ ’ਚ ਚੁੱਪ ਕਿਉਂ ਹਨ?
ਗੱਲ ਸਿਰਫ ਐੱਮ. ਜੇ. ਅਕਬਰ ਤਕ ਸੀਮਿਤ ਨਹੀਂ ਹੈ। ਬਲਾਤਕਾਰ ਦੇ ਦੋਸ਼ੀ ਅਤੇ ਬਿਸ਼ਪ ਮੁਲੱਕਲ ਦੇ ਮੁਕਾਬਲੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਫਸੇ ਬਾਪੂ ਆਸਾਰਾਮ ਦੀ ਸਥਿਤੀ ਕੀ ਹੈ? ਨਾਬਾਲਗਾ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ 31 ਅਗਸਤ 2013 ਨੂੰ ਗ੍ਰਿਫਤਾਰੀ ਤੋਂ ਲੈ ਕੇ 25 ਅਪ੍ਰੈਲ 2018 ਨੂੰ ਅਦਾਲਤ ਵਲੋਂ ਦੋਸ਼ੀ ਐਲਾਨੇ ਜਾਣ ਤਕ ਆਸਾਰਾਮ ਜੇਲ ’ਚ ਬੰਦ ਰਹੇ। 
ਉਨ੍ਹਾਂ ਦੀ ਜ਼ਮਾਨਤ ਸਬੰਧੀ ਹਰੇਕ ਪਟੀਸ਼ਨ ਨੂੰ ਅਦਾਲਤ ਵਲੋਂ ਖਾਰਜ ਕੀਤਾ ਗਿਆ ਜਦਕਿ ਦੂਜੇ ਪਾਸੇ ਬਿਸ਼ਪ ਫ੍ਰੈਂਕੋ ’ਤੇ 44 ਸਾਲਾ ਨਨ ਦੀ ਸ਼ਿਕਾਇਤ ’ਤੇ ਜੂਨ 2018 ’ਚ ਕੇਰਲ ਪੁਲਸ ਨੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ, ਜਿਸ ਦੇ ਤਿੰਨ ਮਹੀਨੇ ਚੱਲੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ 21 ਸਤੰਬਰ ਨੂੰ ਬਿਸ਼ਪ ਦੀ ਗ੍ਰਿਫਤਾਰੀ ਹੋਈ ਤੇ 15 ਅਕਤੂਬਰ ਨੂੰ  ਕੇਰਲ ਹਾਈਕੋਰਟ ਨੇ ਉਨ੍ਹਾਂ ਨੂੰ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ। 
ਉਸ ਤੋਂ ਦੋ ਦਿਨਾਂ ਬਾਅਦ ਜਦੋਂ ਉਹ ਜਲੰਧਰ ਪਹੁੰਚੇ ਤਾਂ ਉਨ੍ਹਾਂ ਦੇ ਸਮਰਥਕਾਂ ਅਤੇ ਚਰਚ ਨੇ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰ ਕੇ ਜ਼ੋਰਦਾਰ ਸਵਾਗਤ ਕੀਤਾ।
ਮੇਰੀ ਹਮਦਰਦੀ ਨਾ ਬਾਪੂ ਆਸਾਰਾਮ ਨਾਲ ਹੈ  ਤੇ ਨਾ ਹੀ ਬਿਸ਼ਪ ਫ੍ਰੈਂਕੋ ਨਾਲ। ਜਦੋਂ ਬਲਾਤਕਾਰ ਜਾਂ ਜਿਨਸੀ ਸ਼ੋਸ਼ਣ ਜਾਂ ਫਿਰ ਔਰਤਾਂ ਨਾਲ ਸੰਬੰਧਤ ਕੋਈ ਵੀ ਅਪਰਾਧ ਸਾਹਮਣੇ ਆਉਂਦਾ ਹੈ ਤਾਂ ਉਹ ਸਾਰੇ ਸਮਾਜ ’ਤੇ ਕਲੰਕ ਹਨ ਤੇ ਦੋਸ਼ੀ ਨੂੰ ਸਖਤ ਸਜ਼ਾ ਦੇਣ ਦੀ ਵਿਵਸਥਾ ਭਾਰਤੀ ਦੰਡਾਵਲੀ ’ਚ ਹੈ। ਫਿਰ ਨਿਆਂ ਪ੍ਰਣਾਲੀ, ਮੀਡੀਆ ਤੇ ਗੈਰ-ਸਰਕਾਰੀ ਸੰਗਠਨਾਂ ਦਾ ਇਕ ਵਰਗ ਬਾਪੂ ਆਸਾਰਾਮ ਤੇ ਫ੍ਰੈਂਕੋ ਨਾਲ ਵੱਖ-ਵੱਖ ਸਲੂਕ ਕਿਉਂ ਕਰੇ?
‘ਮੀ ਟੂ’ ਅੰਦੋਲਨ ਦੇ ਤਹਿਤ ਦੇਸ਼ ’ਚ ਸਾਹਮਣੇ ਆ ਰਹੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਸੱਚਾਈ ਕੀ ਹੈ, ਇਹ ਸ਼ਾਇਦ ਹੀ ਭਵਿੱਖ ’ਚ ਤੈਅ ਹੋਵੇਗਾ ਪਰ ਇਸ ਮੁਹਿੰਮ ਦੀ ਕੁੱਖ ’ਚੋਂ ਜਨਮੇ ਲੇਖਕ-ਕਾਲਮਨਵੀਸ ਚੇਤਨ ਭਗਤ ਤੇ ਇਰਾ ਤ੍ਰਿਵੇਦੀ  ਦੇ ਮਾਮਲੇ ਨੇ ਉਸ ਕੌੜੀ ਸੱਚਾਈ ਨੂੰ ਜ਼ਾਹਿਰ ਕੀਤਾ ਹੈ, ਜਿਸ ’ਤੇ ਨਿਰਪੱਖਤਾ ਅਤੇ ਈਮਾਨਦਾਰੀ ਨਾਲ ਚਰਚਾ ਕਰਨ ਤੋਂ ਅੱਜ ਤਕ  ਬਚਿਆ ਜਾਂਦਾ ਰਿਹਾ ਹੈ। 
ਨੌਜਵਾਨ ਲੇਖਿਕਾ ਤੇ ਯੋਗਾਚਾਰੀਆ ਇਰਾ ਤ੍ਰਿਵੇਦੀ ਨੇ 13 ਅਕਤੂਬਰ ਨੂੰ ਇਕ ਅੰਗਰੇਜ਼ੀ ਰਸਾਲੇ ’ਚ ਲਿਖੇ ਆਪਣੇ ਲੇਖ ’ਚ ਦੋਸ਼ ਲਾਇਆ ਹੈ ਕਿ ਲਗਭਗ ਇਕ ਦਹਾਕਾ ਪਹਿਲਾਂ (ਜਦੋਂ ਉਹ 22 ਸਾਲਾਂ ਦੀ ਸੀ) ਪ੍ਰਸਿੱਧ ਲੇਖਕ ਤੇ ਨਾਵਲਕਾਰ ਚੇਤਨ ਭਗਤ ਨੇ ਦਿੱਲੀ ’ਚ ਸਥਿਤ ਇੰਡੀਅਨ ਇੰਟਰਨੈਸ਼ਨਲ ਸੈਂਟਰ (ਆਈ. ਆਈ. ਸੀ.) ਦੇ ਇਕ ਕਮਰੇ ’ਚ ਬੁਲਾ ਕੇ ਉਸ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ ਸੀ। 
ਇਸੇ ਦੋਸ਼ ’ਤੇ ਚੇਤਨ ਭਗਤ ਨੇ 15 ਅਕਤੂਬਰ ਨੂੰ ਇਰਾ ਦੇ ਪੰਜ ਸਾਲ ਪੁਰਾਣੇ ਇਕ ਈਮੇਲ ਦਾ ਸਕ੍ਰੀਨਸ਼ਾਟ  ਟਵੀਟ ਕੀਤਾ ਹੈ, ਜਿਸ ਦੇ ਹਿੰਦੀ ਅਨੁਵਾਦ ਮੁਤਾਬਕ ‘‘ਤੁਸੀਂ ਇਥੇ ਕਦੋਂ ਆ ਰਹੇ ਹੋ? ਮੈਂ ਤੁਹਾਡੀ ਉਡੀਕ ਕਰ ਰਹੀ ਹਾਂ। ਮੈਂ ਹੁਣ ਆਈ. ਆਈ. ਸੀ. ਸੀ. ਮੈਂਬਰ ਬਣਨ ਦੀ ਉਡੀਕ ਨਹੀਂ ਕਰ ਸਕਦੀ, ਹਾ ਹਾ ਹਾ। ਪਤਾ ਨਹੀਂ ਜਦੋਂ ਤੁਸੀਂ ਹੁੰਦੇ ਹੋ, ਉਦੋਂ ਹੀ ਮੈਂ ਕਿਉਂ ਜਾਂਦੀ ਹਾਂ? ਸ਼ਾਇਦ ਮੈਂ ਆਪਣੇ ਬੁਢਾਪੇ ’ਚ ਇਕੱਲੀ ਜਾਵਾਂ।’’ ਇਸੇ ਈਮੇਲ ’ਚ ਇਰਾ ਨੇ ਅਖੀਰ ’ਚ ਲਿਖਿਆ ਹੈ ‘‘ਮਿੱਸ ਯੂ, ਕਿੱਸ ਯੂ’’।
ਜੇ ਇਰਾ ਨੂੰ ਚੇਤਨ ਭਗਤ ਵਲੋਂ ਇਕ ਦਹਾਕਾ ਪਹਿਲਾਂ ਕੀਤਾ ਇਹ ਸਲੂਕ ਬੁਰਾ ਲੱਗਾ ਸੀ ਤਾਂ ਉਸ ਨੇ ਇੰਨੇ ਸਾਲਾਂ ਤਕ ਚੇਤਨ ਨਾਲ ਜਨਤਕ ਜੀਵਨ ’ਚ ਸੰਪਰਕ ਕਿਉਂ ਬਣਾ ਕੇ ਰੱਖਿਆ? ਕਿਉਂ 25 ਅਕਤੂਬਰ 2013 ਨੂੰ ਆਈ. ਆਈ. ਸੀ. ਦੀ ਮੈਂਬਰਸ਼ਿਪ ਲੈਣ ਸੰਬੰਧੀ ਈਮੇਲ ਕੀਤਾ? ਕੀ ਇਹ ਸੱਚ ਨਹੀਂ ਕਿ ਜਿਸ ਘਟਨਾ ਦਾ ਜ਼ਿਕਰ ਇਰਾ ਕਰ ਰਹੀ ਹੈ, ਉਸ ਦੇ ਲਗਭਗ 5-6 ਸਾਲਾਂ ਬਾਅਦ 2015-16 ’ਚ ਇਕ ਪ੍ਰੋਗਰਾਮ ਦੌਰਾਨ ਉਸ ਦੀ ਕਿਤਾਬ ਚੇਤਨ ਭਗਤ ਨੇ ਹੀ ਰਿਲੀਜ਼ ਕੀਤੀ ਸੀ?
ਆਖਿਰ ਕੋਈ ਵੀ ਆਤਮ-ਸਨਮਾਨ ਵਾਲੀ ਔਰਤ ਅਜਿਹੇ ਕਿਸੇ ਮਰਦ ਨੂੰ ਆਪਣੇ ਨਿੱਜੀ ਪ੍ਰੋਗਰਾਮ ’ਚ ਸੱਦੇਗੀ, ਜਿਸ ਨੇ ਕਦੇ ਮਰਿਆਦਾ ਟੱਪ ਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੋਵੇ?
ਚੇਤਨ ਵਲੋਂ ਇਰਾ ਦਾ ਈਮੇਲ ਜਨਤਕ ਕਰਨ ’ਤੇ ਉਹ ਕਹਿੰਦੀ ਹੈ ਕਿ ਈਮੇਲ ਦੇ ਆਖਿਰ ’ਚ ਲਿਖੇ ਸ਼ਬਦ ‘ਮਿੱਸ ਯੂ ਕਿੱਸ ਯੂ’ ਪੌਪ ਸੱਭਿਅਤਾ ਵਾਲੇ ਦੋਸਤਾਨਾ ਸਵਾਗਤ ਦਾ ਹਿੱਸਾ ਹਨ। ਨਿਰਵਿਵਾਦ ਤੌਰ ’ਤੇ ਕਿਸੇ ਸੱਭਿਅਕ ਸਮਾਜ ’ਚ ਔਰਤਾਂ ਦਾ ਸਨਮਾਨ ਆਦਰਸ਼ ਸਮਾਜ ਦੀ ਕਲਪਨਾ ਦਾ ਪਹਿਲਾ ਫਰਜ਼ ਹੈ ਪਰ ਇਕ ਸੱਚ ਇਹ ਵੀ ਹੈ ਕਿ ਅੱਜ ਪੱਛਮੀ ਮਾਹੌਲ ’ਚ ਜਕੜੇ ਸਮਾਜ ਅੰਦਰ ਔਰਤਾਂ ਦਾ ਇਕ ਵਰਗ ਬਹੁਤ ਖਾਹਿਸ਼ੀ ਵੀ ਹੈ ਜੋ ਆਪਣੇ ਨਿਰਧਾਰਤ ਟੀਚੇ ਦੀ ਪ੍ਰਾਪਤੀ ਲਈ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਰਹਿੰਦਾ ਹੈ। 
ਦੋਸ਼ਾਂ ਨਾਲ ਭਰਪੂਰ ਆਪਣੇ ਲੇਖ ’ਚ ਇਰਾ ਲਿਖਦੀ ਹੈ ਕਿ, ‘‘ਇਕ ਦਹਾਕਾ ਪਹਿਲਾਂ ਮੈਂ ਚੇਤਨ ਭਗਤ ਨੂੰ ਜੈਪੁਰ ਸਾਹਿਤ ਸਮਾਰੋਹ ’ਚ ਮਿਲੀ ਸੀ। ਉਹ ‘ਤੀਨ ਦੇਵੀ’ ਵਿਸ਼ੇ ’ਤੇ ਹੋ ਰਹੀ ਬਹਿਸ ਦਾ ਸੰਚਾਲਨ ਕਰ ਰਹੇ ਸਨ ਤੇ ਉਥੇ ਮੈਂ ਵੀ ਸ਼ਾਮਲ ਸੀ। ਚੇਤਨ ਭਗਤ ਸਾਹਿਤਕ ਦੁਨੀਆ ਦਾ ਸਿਤਾਰਾ ਬਣ ਚੁੱਕੇ ਸਨ। 
ਉਸ ਦੌਰਾਨ ਉਨ੍ਹਾਂ ਨੇ ਪੁੱਛਿਆ ਸੀ ਕਿ ਜੇ ਕੋਈ ਮਰਦ ਤੁਹਾਡੀ ਕਿਤਾਬ ਰਿਲੀਜ਼ ਦੇ ਸਮੇਂ ਟਕਰਾਅ ਜਾਵੇ ਤਾਂ ਤੁਸੀਂ ਕੀ ਕਰੋਗੇ? ਉਦੋਂ ਮੈਂ ਜਵਾਬ ਦਿੱਤਾ ਸੀ ਕਿ ਜੇ ਉਹ ਮੇਰੀਆਂ 100 ਕਿਤਾਬਾਂ ਖਰੀਦਦਾ ਹੈ ਤਾਂ ਮੈਂ ਉਸ ਨੂੰ ‘ਕਿੱਸ’ ਕਰਾਂਗੀ ਅਤੇ ਜੇ ਉਹ ਮੇਰੀਆਂ ਸਾਰੀਆਂ ਕਿਤਾਬਾਂ ਖਰੀਦ ਲੈਂਦਾ ਹੈ ਤਾਂ ਮੈਂ ਉਸ ਨਾਲ ਵਿਆਹ ਕਰ ਲਵਾਂਗੀ।’’
ਨਿੱਜੀ ਤੌਰ ’ਤੇ ਨਾ ਮੈਂ ਚੇਤਨ ਭਗਤ ਤੋਂ ਜਾਣੂ ਹਾਂ ਤੇ ਨਾ ਹੀ ਉਨ੍ਹਾਂ ਨਾਲ ਮੇਰੀ ਕੋਈ ਵਿਸ਼ੇਸ਼ ਹਮਦਰਦੀ ਹੈ। ਇਰਾ ਵਲੋਂ ਲਾਏ ਦੋਸ਼ਾਂ ਮੁਤਾਬਕ ਉਦੋਂ ਚੇਤਨ ਭਗਤ ਦਾ ਜੋ ਆਚਰਣ ਰਿਹਾ ਸੀ, ਉਹ ਕਿਸੇ ਵੀ ਸੱਭਿਅਕ ਸਮਾਜ ’ਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਕੀ ਇਹ ਦੋਹਰਾ ਪੈਮਾਨਾ ਨਹੀਂ ਕਿ ਜਿਸ ਪੌਪ ਸੱਭਿਅਤਾ ਨੂੰ ਆਧਾਰ ਬਣਾ ਕੇ ਇਰਾ ਆਪਣੀ ਵਿਸ਼ੇਸ਼ ‘ਆਜ਼ਾਦੀ’ ਨੂੰ ਜਾਇਜ਼ ਠਹਿਰਾ ਰਹੀ ਹੈ, ਸ਼ਾਇਦ ਉਸੇ ਸੱਭਿਅਤਾ ਨਾਲ ਪੈਦਾ ਹੋਈ ‘ਆਜ਼ਾਦੀ’ ਮੁਤਾਬਕ ਹੀ ਇਰਾ ਪ੍ਰਤੀ ਚੇਤਨ ਭਗਤ ਦਾ ਦਹਾਕਾ ਪੁਰਾਣਾ ਆਚਰਣ ਰਿਹਾ ਹੋਵੇ? ਕੀ ਪੌਪ ਸੱਭਿਅਤਾ ਦੀਆਂ ਹੱਦਾਂ ਔਰਤਾਂ ਤੇ ਮਰਦਾਂ ਲਈ ਵੱਖ-ਵੱਖ ਹੁੰਦੀਆਂ ਹਨ? ਇਸ ਸੱਭਿਅਤਾ ’ਚ ਜੋ ਚੀਜ਼ ਇਰਾ ਨੂੰ ਮਨਜ਼ੂਰ ਹੈ, ਉਹ ਚੇਤਨ ਭਗਤ ਲਈ ਅਪਰਾਧ ਕਿਵੇਂ ਹੋ ਸਕਦੀ ਹੈ?
ਚੇਤਨ-ਇਰਾ ਦੇ ਮਾਮਲੇ ਦਾ ਅੰਤ ਕਿੱਥੇ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਜਿਹੇ ਮਾਮਲੇ ਨੇ ਉਨ੍ਹਾਂ ਈਮਾਨਦਾਰ ਔਰਤਾਂ ਦਾ ਪੱਖ ਜ਼ਰੂਰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ, ਜੋ ਕਿਸੇ ਬਹੁਕੌਮੀ ਕੰਪਨੀ, ਨਿੱਜੀ ਦਫਤਰ, ਮਾਲ, ਸਰਕਾਰੀ ਦਫਤਰ ਜਾਂ ਫਿਰ ਕਿਸੇ ਵੀ ਨਿੱਜੀ  ਰਿਹਾਇਸ਼ ’ਤੇ ਰੋਜ਼ਾਨਾ ਵਾਸਨਾ ਦੇ ਭੁੱਖੇ ਤੇ ਚਰਿੱਤਰਹੀਣ ਮਰਦਾਂ ਦਾ ਸਾਹਮਣਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਠੋਕ ਕੇ ਜਵਾਬ ਦਿੰਦੀਆਂ ਹਨ। 
ਮਹਾਕਾਵਿ ਰਾਮਾਇਣ ਤੇ ਮਹਾਭਾਰਤ ਦੇ ਪ੍ਰਸੰਗਾਂ ਅਨੁਸਾਰ ਮਾਇਆਵੀ ਰਾਖਸ਼ਸ ਕਈ ਰੂਪ ਧਾਰਨ ਕਰਨ ਦੀ ਸਮਰੱਥਾ ਰੱਖਦੇ ਸਨ, ਜਿਵੇਂ ਸੀਤਾਹਰਨ ਸਮੇਂ ਰਾਵਣ ਸਾਧੂ ਦੇ ਭੇਸ ’ਚ ਆਇਆ ਸੀ ਤੇ ਰਾਮ-ਲਕਸ਼ਮਣ ਦੇ ਸਾਹਮਣੇ ਸਰੂਪਨਖਾ ਇਕ ਸੁੰਦਰ ਔਰਤ ਬਣ ਕੇ ਵਿਆਹ ਦੀ ਪੇਸ਼ਕਸ਼ ਲੈ ਕੇ ਆਈ ਸੀ। ਉਸੇ ਤਰ੍ਹਾਂ ਅੱਜ ਵੀ ਕਈ ਬੁਰਾਈਆਂ ਤੇ ਝੂਠ ਵੱਖ-ਵੱਖ ਰੂਪਾਂ ’ਚ ਸਾਡੇ ਸਮਾਜ ’ਚ ਮੌਜੂਦ ਹਨ। ਇਸ ’ਚ ਮਜ਼੍ਹਬੀ ਕੱਟੜਵਾਦ ਤੇ ਧਰਮ ਪਰਿਵਰਤਨ ਵੀ ਸ਼ਾਮਲ ਹਨ, ਜੋ ਅਕਸਰ ਆਸਾਨੀ ਨਾਲ ਪਛਾਣ ’ਚ ਨਹੀਂ ਆਉਂਦੇ।
ਦੁਸਹਿਰੇ ਦੇ ਇਸ ਪਵਿੱਤਰ ਤਿਉਹਾਰ ’ਤੇ ਸਾਨੂੰ ਆਪਣੇ ਅੰਦਰਲੀਆਂ ਤੇ ਬਾਹਰਲੀਆਂ ਬੁਰਾਈਆਂ ਨਾਲ ਸੰਘਰਸ਼ ਦਾ ਸੰਕਲਪ ਦੁਹਰਾਉਣਾ ਚਾਹੀਦਾ ਹੈ। ਜੇ ਸਤਯੁੱਗ ’ਚ ਰਾਵਣ ਦੇ 10 ਸਿਰ ਸਨ ਤਾਂ ਕਲਯੁੱਗ ’ਚ ਬੁਰਾਈ ਦੇ ਪ੍ਰਤੀਕ ਰੂਪੀ 10 ਸਿਰ ਹਨ, ਜਿਨ੍ਹਾਂ ’ਚ ਭ੍ਰਿਸ਼ਟਾਚਾਰ ਅੱਜ ਦੇ ਰਾਵਣ ਦਾ ਮੁੱਖ  ਸਿਰ ਹੈ। ਇਸ ਤੋਂ ਇਲਾਵਾ ਝੂਠ, ਲਾਲਚ, ਨਫਰਤ, ਕੱਟੜਤਾ, ਅੱਤਵਾਦ, ਨਕਸਲਵਾਦ, ਫੁੱਟ-ਪਾਊ ਸਿਆਸਤ, ਬਹੁਲਤਾਵਾਦ ਵਿਰੋਧੀ ਮਾਨਸਿਕਤਾ ਤੇ ਔਰਤਾਂ ਦਾ ਅਪਮਾਨ–ਰਾਵਣ ਦੇ ਬਾਕੀ 9 ਸਿਰਾਂ ਦੀ ਨੁਮਾਇੰਦਗੀ ਕਰਦੇ ਹਨ। 
ਆਖਿਰ ’ਚ ਅਧਰਮ ’ਤੇ ਧਰਮ ਦੀ ਜਿੱਤ ਦੀ ਉਮੀਦ  ਨਾਲ ਸਾਰੇ ਪਾਠਕਾਂ ਨੂੰ ਦੁਸਹਿਰੇ ਦੀਆਂ ਮੁੜ ਸ਼ੁੱਭਕਾਮਨਾਵਾਂ।

 


Related News