ਮਿੱਠੇ ਬੋਲਾਂ ਦੀ ਰੂਹ, ਸਟੇਜਾਂ ਦੀ ਮਲਿਕਾ-ਆਸ਼ਾ ਸ਼ਰਮਾ

Friday, May 02, 2025 - 12:15 PM (IST)

ਮਿੱਠੇ ਬੋਲਾਂ ਦੀ ਰੂਹ, ਸਟੇਜਾਂ ਦੀ ਮਲਿਕਾ-ਆਸ਼ਾ ਸ਼ਰਮਾ

ਆਸ਼ਾ ਸ਼ਰਮਾ, ਪੰਜਾਬੀ ਸੱਭਿਆਚਾਰ, ਕਲਾ ਅਤੇ ਸਟੇਜ ਦੀ ਉਹ ਸ਼ਖ਼ਸੀਅਤ ਹਨ, ਜੋ ਹਰ ਵਕਤ ਪੰਜਾਬੀਅਤ ਵਿੱਚ ਰੰਗੀ ਪੰਜਾਬੀ ਮਾਂ ਬੋਲੀ ਨੂੰ ਪਿਆਰਨ, ਸਤਿਕਾਰਨ ਵਿੱਚ ਲੱਗੀ ਰਹਿੰਦੀ ਹੈ। ਧੂਰੀ ਸ਼ਹਿਰ ਦੇ ਲਾਗਲੇ ਪਿੰਡ ਸੇਖਾ (ਬਰਨਾਲਾ) ਵਿੱਚ ਜਨਮ ਲੈਣ ਵਾਲੀ ਆਸ਼ਾ ਸ਼ਰਮਾ ਜੀ ਨੇ ਆਪਣੇ ਜੀਵਨ ਦਾ ਜ਼ਿਆਦਾ ਸਮਾਂ ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਬਿਤਾਇਆ। ਇਹਨਾਂ ਨੇ ਐਮ. ਏ. ਅੰਗਰੇਜ਼ੀ ਅਤੇ ਬੀ ਐਡ ਤੱਕ ਦੀ ਪੜ੍ਹਾਈ ਸਰਵੋਤਮ ਸਟੂਡੈਂਟ ਦੇ ਤੌਰ 'ਤੇ ਪੂਰੀ ਕੀਤੀ। ਇਹ ਕਾਲਜ ਸਮੇਂ ਏਥੋਂ ਦੇ ਮੈਗਜ਼ੀਨ ਦੇ ਐਡੀਟਰ ਵੀ ਰਹੇ। ਪੰਜਾਬੀ ਯੂਨੀਵਰਸਿਟੀ ਦੇ ਵਿੱਸਟ ਡਿਬੇਟਰ ਵੀ ਰਹੇ। ਪੜ੍ਹਾਈ ਪੂਰੀ ਕਰਨ ਉਪਰੰਤ ਇਹਨਾਂ ਨੇ ਲੁਧਿਆਣਾ ਸ਼ਹਿਰ ਦੇ ਸੇਕਰਡ ਹਾਰਟ ਸਕੂਲ (ਸਰਾਭਾ ਨਗਰ) ਅਤੇ ਬੀ. ਸੀ. ਐਮ. ਆਰੀਆ ਸਕੂਲ ਲੁਧਿਆਣਾ ਵਿੱਚ ਪੜ੍ਹਾਇਆ ‘ਤੇ ਫਿਰ ਸ਼ਹਿਣੇ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਵਜੋਂ ਆਪਣੇ ਵਿਦਿਆਰਥੀਆਂ ਨੂੰ ਗਿਆਨ ਦੀ ਰੌਸ਼ਨੀ ਵੰਡੀ। ਬਾਅਦ ਵਿੱਚ ਪੰਜਾਬ ਸਿੱਖਿਆ ਵਿਭਾਗ ਵੱਲੋਂ ਇਹਨਾਂ ਨੂੰ ਸੀਨੀਅਰ ਪ੍ਰੋਜੈਕਟ ਆਫੀਸਰ (ਕਲਚਰ) ਵੀ ਲਗਾਇਆ ਗਿਆ।

ਅਧਿਆਪਨ ਦੇ ਦੌਰ ਤੋਂ ਹੀ ਆਸ਼ਾ ਸਰਮਾ ਨੇ ਸਟੇਜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਇਹਨਾਂ ਨੇ ਪੰਜਾਬ ਵਿੱਚ ਸੈਂਕੜੇ ਸਟੇਜਾਂ ਕਰਕੇ ਅਜਿਹੀ ਵਾਹ ਵਾਹ ਖੱਟੀ ਕਿ ਉਸ ਤੋਂ ਪਿੱਛੋਂ ਫਿਰ ਇਹਨਾਂ ਨੇ ਕਦੇ ਪਿੱਛੇ-ਮੁੜਕੇ ਨਹੀਂ ਵੇਖਿਆ ।ਓਸ ਸਮੇਂ ਤੋਂ ਲੈ ਕੇ ਅੱਜ ਤੱਕ ਉਹ ਹਰ ਵੱਡੀ-ਛੋਟੀ ਸਟੇਜ ਦੀ ਸ਼ਾਹ ਰਗ ਬਣੇ ਹੋਏ ਹਨ। ਕਾਫੀ ਸਮੇਂ ਤੋਂ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿੱਚ ਵੱਸਦਿਆਂ ਆਸ਼ਾ ਜੀ ਨਾ ਸਿਰਫ਼ ਸਟੇਜ ਦੀ ਰੌਣਕ ਬਣੇ, ਸਗੋਂ ਅਮਰੀਕਾ ਦੀ ਧਰਤੀ ਤੋਂ ਗੀਤ-ਸੰਗੀਤ ਰੇਡੀਓ ਦੇ ਮਾਧਿਅਮ ਜਰੀਏ ਹਰ ਘਰ ਦੇ ਵਿਹੜੇ ਦੀ ਰੌਣਕ ਵੀ ਬਣੇ।ਅੱਜ ਵੀ ਉਹ ਸਟੇਜਾਂ ਅਤੇ ਰੇਡੀਓ, ਦੋਹਾਂ ਰਾਹੀਂ ਭਾਈਚਾਰੇ ਦੀ ਸੇਵਾ ਕਰ ਰਹੇ ਹਨ।

PunjabKesari

ਕੋਈ ਵੀ ਪੰਜਾਬੀ ਮੇਲਾ ਜਾਂ ਸਮਾਗਮ ਉਹਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰਾ ਲੱਗਦਾ ਹੈ। ਸਟੇਜ ’ਤੇ ਉਹ ਜਦ ਕਿਸੇ ਕਲਾਕਾਰ ਨੂੰ ਪੇਸ਼ ਕਰਦੇ ਹਨ, ਤਾਂ ਉਸ ਕਲਾਕਾਰ ਦੀ ਕਲਾ, ਮਿਹਨਤ ਅਤੇ ਯਾਤਰਾ ਨੂੰ ਇੰਨੇ ਸੁਚੱਜੇ ਢੰਗ ਨਾਲ ਦਰਸਾਉਂਦੇ ਹਨ ਕਿ ਦਰਸ਼ਕ ਅਸ਼-ਅਸ਼ ਕਰ ਉੱਠਦੇ ਹਨ। ਉਹਨਾਂ ਦੀ ਸ਼ਾਇਰੀ ਦੀ ਪਕੜ ਐਸੀ ਹੈ, ਜਿਵੇਂ ਕਿਤਾਬਾਂ ਦੀਆਂ ਕਿਤਾਬਾਂ ਉਨ੍ਹਾਂ ਦੇ ਜ਼ਿਹਨ ‘ਚ ਹੋਣ। ਬੇਹੱਦ ਮਿੱਠਾ ਬੋਲ, ਨਿਮਰਤਾ ਭਰਿਆ ਸੁਭਾਅ, ਤੇ ਸਾਦਗੀ ਉਨ੍ਹਾਂ ਦੀ ਪਹਚਾਣ ਹੈ। ਵਡਿਆਈ ਦੇ ਬਾਵਜੂਦ ਉਹ ਧਰਤੀ ਨਾਲ ਜੁੜੇ ਰਹਿੰਦੇ ਨੇ, ਹੰਕਾਰ ਨੂੰ ਕਦੇ ਉਹ ਕੋਲ ਨਹੀਂ ਆਉਣ ਦਿੰਦੇ। ਹਰ ਇੱਕ ਨੂੰ ਖੁੱਲ੍ਹੀ ਮੁਸਕਾਨ ਨਾਲ ਮਿਲਣਾ ਉਨ੍ਹਾਂ ਦੀ ਆਦਤ ਨਹੀਂ, ਸਗੋਂ ਫਿਤਰਤ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-'PM ਮੋਦੀ ਨੂੰ ਸਾਡਾ ਪੂਰਾ ਸਮਰਥਨ', ਅਮਰੀਕਾ ਦੇ ਤਾਜ਼ਾ ਬਿਆਨ ਨਾਲ ਪਾਕਿਸਤਾਨ 'ਚ ਦਹਿਸ਼ਤ

ਉਨ੍ਹਾਂ ਦੇ ਜੀਵਨ ਸਾਥੀ  ਹਰਮੋਹਨ ਸਿੰਘ ਜੀ ਇਕ ਪੜ੍ਹੇ ਲਿਖੇ, ਨਿਮਰ ਤੇ ਕਿਰਤ ਕਰਨ ਵਾਲੇ ਬਹੁਤ ਪਿਆਰੇ ਇਨਸਾਨ ਹਨ। ਉਨ੍ਹਾਂ ਦੀ ਇੱਕ ਲਾਇਕ ਧੀ ਵੀ ਹੈ, ਜਿਸਦਾ ਬਹੁਤ ਪਿਆਰਾ ਨਾਮ ਸੁਕ੍ਰਿਤੀ ਹੈ। ਜੋ ਆਪਣੀ ਮਾਂ ਵਾਂਗ ਹੀ ਇੱਕ ਨਿੱਖਰੀ ਹੋਈ ਸ਼ਖ਼ਸੀਅਤ ਰੱਖਦੀ ਹੈ। ਇਹਨਾਂ ਦੇ ਜਵਾਈ ਅਭੀਨਵ ਸਿੰਘ ਪਲਾਹੀ, ਮਸ਼ਹੂਰ ਕਹਾਣੀਕਾਰ ਤੇ ਸਮਾਜਸੇਵੀ ਸ. ਗੁਰਮੀਤ ਸਿੰਘ ਪਲਾਹੀ ਦੇ ਬੇਟੇ ਹਨ। ਆਸ਼ਾ ਸ਼ਰਮਾ ਜੀ ਆਪਣੀ ਬੇਟੀ ਦੇ ਸਹੁਰਾ ਪਰਿਵਾਰ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ। ਆਸ਼ਾ ਸ਼ਰਮਾ ਜੀ ਦਾ ਆਪਣੇ ਦੋ ਦੋਹਤਿਆਂ ਨਾਲ ਵੱਖਰਾ ਹੀ ਪਿਆਰ ਹੈ। ਆਸ਼ਾ ਸ਼ਰਮਾ ਆਪਣੇ ਪਿਤਾ ਸਵ. ਮਾਸਟਰ ਸਰੂਪ ਸਿੰਘ ਜੀ ਨੂੰ ਆਪਣਾ ਅਦਰਸ਼ ਮੰਨਦੇ ਹਨ ‘ਤੇ ਉਹ ਅਦਰਸ਼ ਜੋ ਉਨ੍ਹਾਂ ਦੀ ਸੋਚ, ਕਿਰਦਾਰ ਅਤੇ ਜੀਵਨ ਰਾਹ ਨੂੰ ਅੱਜ ਵੀ ਰੁਸ਼ਨਾ ਰਿਹਾ ਹੈ। ਆਸ਼ਾ ਸ਼ਰਮਾ ਨਾ ਸਿਰਫ ਸਟੇਜ ਤੇ ਰੇਡੀਓ ਦੀ ਆਵਾਜ਼ ਹਨ, ਸਗੋਂ ਪੰਜਾਬੀਅਤ ਦੀ ਮਿੱਠੀ ਮਹਿਕ ਹਨ, ਜੋ ਜਿੱਥੇ ਵੀ ਜਾਂਦੇ ਨੇ, ਸਭਨੂੰ ਆਪਣਾ ਬਣਾ ਲੈਂਦੇ ਹਨ, ਸਭ ਦੇ ਦਿਲਾਂ ਨੂੰ ਛੂਹ ਜਾਂਦੇ ਹਨ। ਦੁਆ ਹੈ ਕਿ ਸਾਡੀ ਭੈਣ ਆਸ਼ਾ ਸ਼ਰਮਾ ਲੰਮੀਆਂ ਉਮਰਾਂ ਮਾਣੇ ਤੇ ਇਸੇ ਤਰਾਂ ਪੰਜਾਬੀਅਤ ਦੀ ਮਹਿਕ ਖਿਲਾਰਦੀ ਰਹੇ।

ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Vandana

Content Editor

Related News