ਕੀ ‘ਟਰੰਪ-ਮਸਕ’ ਦੀ ਤਲਖੀ ਹੋਰ ਵਧੇਗੀ ?

Sunday, Jun 08, 2025 - 04:44 PM (IST)

ਕੀ ‘ਟਰੰਪ-ਮਸਕ’ ਦੀ ਤਲਖੀ ਹੋਰ ਵਧੇਗੀ ?

ਇਕ ਪਾਸੇ ਦੁਨੀਆ ਵਿਚ ਕਈ ਅੰਤਰਰਾਸ਼ਟਰੀ ਸਮੀਕਰਨ ਬਦਲ ਰਹੇ ਹਨ। ਦੂਜੇ ਪਾਸੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਜਾਂ ਥਾਣੇਦਾਰ ਕਹਾਉਣ ਵਾਲਾ ਦੇਸ਼ ਖੁਦ ਅੰਦਰੂਨੀ ਟਕਰਾਅ ਅਤੇ ਨਿੱਜੀ ਦੁਸ਼ਮਣੀ ਦੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਕੀ ਇਸ ਦਾ ਮਤਲਬ ਹੈ ਕਿ ਇਸ ਸਭ ਲਈ ਰਾਸ਼ਟਰਪਤੀ ਟਰੰਪ ਜ਼ਿੰਮੇਵਾਰ ਹਨ ਜਾਂ ਕਾਰੋਬਾਰੀ ਟਰੰਪ? ਇਹ ਸਵਾਲ ਖੁਦ ਅਮਰੀਕੀਆਂ ਲਈ ਇਕ ਵੱਡੀ ਬੁਝਾਰਤ ਬਣ ਗਿਆ ਹੈ ਅਤੇ ਇਸ ਤੋਂ ਵੀ ਵੱਧ ਇਹ ਅਮਰੀਕਾ ਦੇ ਭਵਿੱਖ ਬਾਰੇ ਚਿੰਤਾ ਦਾ ਕਾਰਨ ਬਣ ਗਿਆ ਹੈ।

ਰਾਜਨੀਤੀ ਅਤੇ ਕਾਰੋਬਾਰ ਦੇ ਸਵਾਰਥੀ ਮਿਸ਼ਰਣ ਕਾਰਨ ਟਰੰਪ-ਮਸਕ ਵਿਵਾਦ ਇਕ ਅਜਿਹੇ ਮੁਕਾਮ ’ਤੇ ਪਹੁੰਚ ਗਿਆ ਹੈ, ਜਿਸ ਦਾ ਸਿੱਧਾ ਪ੍ਰਭਾਵ ਉੱਥੇ ਦੀ ਅੰਦਰੂਨੀ ਰਾਜਨੀਤੀ ’ਤੇ ਪਵੇਗਾ। ਇਕ ਪਾਸੇ ਸਭ ਤੋਂ ਅਮੀਰ ਆਦਮੀ, ਐਲਨ ਮਸਕ, ਟੇਸਲਾ ਅਤੇ ਸਪੇਸਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਹਨ ਅਤੇ ਦੂਜੇ ਪਾਸੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਨ। ਇਹ ਸਪੱਸ਼ਟ ਹੋ ਗਿਆ ਹੈ ਕਿ ਨਾ ਸਿਰਫ਼ ਭਾਰਤ ’ਚ ਹੀ ਨਹੀਂ, ਸਗੋਂ ਅਮਰੀਕਾ ਵਿਚ ਵੀ ਅਮੀਰਾਂ ਦਾ ਪ੍ਰਭਾਵ ਰਾਜਨੀਤੀ ਦੀ ਦਿਸ਼ਾ ਕਿਵੇਂ ਬਦਲਦਾ ਹੈ।

ਟਰੰਪ ਦਾ ਮਸ਼ਹੂਰ ‘ਵਨ ਬਿਗ ਬਿਊਟੀਫੁੱਲ ਬਿੱਲ’ ਤਾਂ ਇਕ ਪਾਸੇ ਰਹਿ ਗਿਆ ਪਰ ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਅਤੇ ਅਮਰੀਕੀ ਰਾਜਨੀਤੀ ਅਤੇ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਐਲਨ ਮਸਕ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਨੇ ਬੜਬੋਲੇ ਟਰੰਪ ਨੂੰ ਇਕ ਨਵੀਂ ਚੁਣੌਤੀ ਦੇ ਦਿੱਤੀ ਹੈ। ਮਸਕ ਨੇ ਆਪਣੇ ਐਕਸ ਅਕਾਊਂਟ ’ਤੇ ਨਵੀਂ ਪਾਰਟੀ ਦਾ ਸੰਭਾਵੀ ਨਾਂ ‘ਦ ਅਮਰੀਕਾ ਪਾਰਟੀ’ ਐਲਾਨ ਕੇ ਇਕ ਪੋਲ ਵੀ ਕਰਵਾ ਲਿਆ ਹੈ। ਇਸ ਵਿਚ 56 ਲੱਖ ਲੋਕਾਂ ਨੇ ਹਿੱਸਾ ਲਿਆ ਅਤੇ ਲਗਭਗ 80.4 ਫੀਸਦੀ ਭਾਵ 44 ਲੱਖ ਲੋਕਾਂ ਨੇ ਇਸ ਦਾ ਸਮਰਥਨ ਕੀਤਾ। ਟਰੰਪ ਦੇ ਖਿਲਾਫ ਬਦਲੇ ਹੋਏ ਰੁਖ਼ ਨਾਲ, ਇਸ ਨੇ ਉੱਥੇ ਰਾਜਨੀਤੀ ਵਿਚ ਇਕ ਵੱਡੀ ਉਥਲ-ਪੁਥਲ ਦੀਆਂ ਜਨਤਕ ਭਾਵਨਾਵਾਂ ਨੂੰ ਭੜਕਾਇਆ ਹੈ।

ਕੀ ਇਹ ਪੋਲ ਉੱਥੇ ਸਥਾਪਤ ਦੋ-ਪਾਰਟੀ ਪ੍ਰਣਾਲੀ ਲਈ ਵੀ ਇਕ ਚੁਣੌਤੀ ਸਾਬਤ ਹੋਵੇਗੀ? ਅਣਜਾਣੇ ਵਿਚ ਹੀ ਸਹੀ, ਇਸ ਨੇ ਇਹ ਵੀ ਸੰਕੇਤ ਦਿੱਤਾ ਕਿ ਅਮਰੀਕੀ ਰਾਜਨੀਤੀ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਨੇ ਉੱਥੋਂ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਦਿੱਤਾ ਹੈ।

ਇਹ ਵੀ ਸੱਚ ਹੈ ਕਿ ਟਰੰਪ ਦੀ ਚੋਣ ਤੋਂ ਬਾਅਦ, ਮਸਕ ਦੀ ਦੌਲਤ ਵਿਚ ਬਹੁਤ ਵਾਧਾ ਹੋਇਆ। ਉਸ ਦੀ ਦੌਲਤ ਵਿਚ ਸਿਰਫ਼ 45 ਦਿਨਾਂ ਵਿਚ 170 ਬਿਲੀਅਨ ਡਾਲਰ ਦਾ ਵਾਧਾ ਹੋਇਆ। ਜਦੋਂ ਕਿ ਮਸਕ ਨੇ ਟਰੰਪ ਦੀ ਚੋਣ ਮੁਹਿੰਮ ਵਿਚ 277 ਮਿਲੀਅਨ ਡਾਲਰ ਖਰਚ ਕੀਤੇ। ਯਕੀਨਨ, ਇਸ ਨੂੰ ‘ਗਿਵ ਐਂਡ ਟੇਕ’ ਕਿਹਾ ਜਾ ਸਕਦਾ ਹੈ। ਸ਼ਾਇਦ ਟਰੰਪ ਨੂੰ ਲੱਗਿਆ ਕਿ ਬਹੁਤ ਵੱਡੀ ਖੁਹਾਇਸ਼ ਵਾਲੇ ਮਸਕ ਹਰ ਮੋਰਚੇ ’ਤੇ ਉਨ੍ਹਾਂ ਤੋਂ ਅੱਗੇ ਨਾ ਨਿਕਲ ਜਾਣ? ਕੀ ਇਹ ਮਸਕ ਦੇ ਖੰਭ ਕੁਤਰਨ ਦਾ ਕਾਰਨ ਤਾਂ ਨਹੀਂ ਹੈ?

ਟਰੰਪ ਸੱਚਾਈ ਨੂੰ ਜਾਣਦੇ ਹੋਣਗੇ, ਪਰ ਮਾਮਲਾ ਬਹੁਤ ਵੱਧ ਗਿਆ ਹੈ। ਇਸ ਦੇ ਨਤੀਜੇ ਨਿਸ਼ਚਿਤ ਹਨ। ਟਰੰਪ ਦਾ ਦੂਜਾ ਕਾਰਜਕਾਲ ਸ਼ੁਰੂ ਤੋਂ ਹੀ ਵਿਵਾਦਪੂਰਨ ਸੀ। ਸਹੁੰ ਚੁੱਕਦੇ ਹੀ ਉਸ ਨੇ ਜੋ ਕਦਮ ਚੁੱਕੇ, ਉਨ੍ਹਾਂ ਨੇ ਅੰਤਰਰਾਸ਼ਟਰੀ ਰਾਜਨੀਤੀ ਵਿਚ ਉਥਲ-ਪੁਥਲ ਪੈਦਾ ਕਰ ਦਿੱਤੀ। ਪਹਿਲਾਂ ਉਸ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਕਿਹਾ, ਫਿਰ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਦਿੱਤਾ, ਪਨਾਮਾ ਨਹਿਰ ਵਾਪਸ ਮੰਗੀ, ਗਾਜ਼ਾ ’ਤੇ ਕਬਜ਼ਾ ਕਰਨ ਦੀ ਗੱਲ ਕੀਤੀ, ਯੂਕ੍ਰੇਨ ਨੂੰ ਭਰੋਸੇ ਵਿਚ ਲਏ ਬਿਨਾਂ ਜੰਗ ਖਤਮ ਕਰਨ ਲਈ ਸਾਊਦੀ ਅਰਬ ਵਿਚ ਰੂਸ ਨਾਲ ਗੱਲਬਾਤ ਕੀਤੀ।

ਇਸ ਤੋਂ ਵੀ ਵੱਧ, ਉਸ ਦਾ ਅਮਰੀਕਾ ਆਏ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਝਗੜਾ ਹੋਇਆ, ਜਿਸ ਨੂੰ ਯੂਰਪੀਅਨ ਦੇਸ਼ਾਂ ਨੇ ਗੰਭੀਰਤਾ ਨਾਲ ਲਿਆ। ਇੰਨਾ ਹੀ ਨਹੀਂ, ਇਹ ਟਰੰਪ ਦੀ ਵਪਾਰਕ ਮਾਨਸਿਕਤਾ ਸੀ ਕਿ ਉਸ ਨੇ ਮਦਦ ਦੇ ਬਦਲੇ ਯੂਕ੍ਰੇਨ ਤੋਂ ਖਣਿਜਾਂ ਦਾ ਹਿੱਸਾ ਮੰਗਿਆ, ਜਿਸ ਕਾਰਨ ਬਹੁਤ ਸ਼ਰਮਿੰਦਗੀ ਹੋਈ। ਰੂਸ-ਯੂਕ੍ਰੇਨ ਜੰਗ ਨਹੀਂ ਰੁਕੀ ਅਤੇ ਟਰੰਪ ਦੀ ਗੁਟਰਗੂੰ ਵਿਅਰਥ ਸਾਬਤ ਹੋਈ।

ਪ੍ਰਗਟਾਵੇ ਦੀ ਆਜ਼ਾਦੀ ਭਾਵ ‘ਫ੍ਰੀ ਸਪੀਚ’ ’ਤੇ ਵਿਸ਼ਵ ਦਾ ਚੌਧਰੀ ਬਣਨ ਦੀਆਂ ਅਮਰੀਕਾ ਦੀਅਾਂ ਕੋਸ਼ਿਸ਼ਾਂ ਵੀ ਖ਼ਬਰਾਂ ਵਿਚ ਸਨ। ਜਦੋਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟੋਰਮਰ ਪਹਿਲੀ ਵਾਰ ਅਮਰੀਕਾ ਪਹੁੰਚੇ, ਓਵਲ ਦਫਤਰ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ, ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਕੀਰ ਸਟੋਰਮਰ ਨਾਲ ਬਹਿਸ ਹੋ ਗਈ ਅਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਸਟੋਰਮਰ ’ਤੇ ਅਜਿਹੀਆਂ ਟਿੱਪਣੀਆਂ ਕੀਤੀਆਂ ਕਿ ਲੋਕ ਠਹਾਕੇ ਲਗਾਉਣ ਲੱਗੇ, ਇਹ ਸ਼ੋਭਾ ਨਹੀਂ ਿਦੰਦਾ ਸੀ।

ਦੂਜੇ ਪਾਸੇ, ਟਰੰਪ ਦੇ ਹਾਲ ਹੀ ਵਿਚ ਲਗਾਏ ਗਏ ਪਰਸਪਰ ਟੈਰਿਫ ਨੇ ਪਹਿਲਾਂ ਹੀ ਦੁਨੀਆ ਦੀ ਜ਼ਬਰਦਸਤ ਚਿੰਤਾ ਵਧਾ ਦਿੱਤੀ ਸੀ ਅਤੇ ਟਰੰਪ-ਮਸਕ ਦੀ ਦੋਸਤੀ ਦੇ ਦੁਸ਼ਮਣੀ ਵਿਚ ਬਦਲਣ ਨਾਲ, ਅਮਰੀਕੀ ਰਾਜਨੀਤੀ ਇਸ ਸਦੀ ਵਿਚ ਇਕ ਅਜਿਹੇ ਪੜਾਅ ’ਤੇ ਪਹੁੰਚ ਗਈ ਹੈ ਜਿੱਥੇ ਟਰੰਪ ਲਈ ਸਿਰਫ਼ ਚੁਣੌਤੀਆਂ ਹੀ ਚੁਣੌਤੀਆਂ ਹਨ।

ਆਪਣੇ ਸਾਬਕਾ ਨਜ਼ਦੀਕੀ ਸਲਾਹਕਾਰ ਮਸਕ ਨੂੰ ਹਲਕੇ ’ਚ ਲੈਂਦੇ ਹੋਏ ਟਰੰਪ ਫਿਰ ਬੜਬੋਲੇਪਨ ’ਤੇ ਉਤਾਰੂ ਹੈ। ਉਹ ਕਹਿੰਦਾ ਹੈ ਕਿ ਮੈਂ ਚੀਨ, ਰੂਸ, ਈਰਾਨ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਵਿਚ ਰੁੱਝਿਆ ਹੋਇਆ ਹਾਂ। ਮੇਰੇ ਕੋਲ ਐਲਨ ਬਾਰੇ ਸੋਚਣ ਦਾ ਸਮਾਂ ਨਹੀਂ ਹੈ। ਐਲਨ ਮਸਕ ਕੋਲ ਬਹੁਤ ਜ਼ਿਆਦਾ ਦੌਲਤ, ਤਕਨੀਕੀ ਸ਼ਕਤੀ ਹੈ ਅਤੇ ਹੁਣ ਮਜ਼ਬੂਤ ​​ਰਾਜਨੀਤਿਕ ਇੱਛਾ ਸ਼ਕਤੀ ਵੀ ਹੈ। ਇਹ ਪਤਾ ਨਹੀਂ ਹੈ ਕਿ ਮਸਕ ਦੁਆਰਾ ਇਕ ਨਵੀਂ ਰਾਜਨੀਤਿਕ ਪਾਰਟੀ ਦਾ ਬੀਜ ਅਮਰੀਕਾ ਵਿਚ ਕਿਹੋ ਜਿਹਾ ਰੂਪ ਧਾਰਨ ਕਰੇਗਾ। ਪਰ ਜੇ ਇਹ ਮੌਜੂਦਾ ਉਥਲ-ਪੁਥਲ ਵਾਂਗ ਫੈਲਦਾ ਹੈ ਤਾਂ ਅਮਰੀਕੀ ਰਾਜਨੀਤੀ ਦਾ ਦੋ-ਦਲੀ ਰੂਪ ’ਚ ਬਦਲਣਾ ਲਾਜ਼ਮੀ ਹੈ।

ਇਹ ਵੀ ਦਿਖਾਈ ਦੇ ਰਿਹਾ ਹੈ ਕਿ ਅਮਰੀਕੀਆਂ ਦੀ ਦਿਲਚਸਪੀ ਅਤੇ ਹਵਾ ਦੀ ਦਿਸ਼ਾ ਟਰੰਪ ਨਾਲੋਂ ਮਸਕ ਵੱਲ ਜ਼ਿਆਦਾ ਹੈ। ਬਸ ਇਹ ਦੇਖਣਾ ਬਾਕੀ ਹੈ ਕਿ ਭਵਿੱਖ ਵਿਚ ਕੀ ਹੁੰਦਾ ਹੈ?

ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਹੀ ਟਰੰਪ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿਚ ਹੋਏ ਤਣਾਅ ਨੂੰ ਖਤਮ ਕਰਨ ਬਾਰੇ ਇਕਪਾਸੜ ਗੱਲ ਕਹਿਣ ਤੋਂ ਕਦੇ ਨਹੀਂ ਥੱਕਦਾ। ਇਸ ਬਾਰੇ ਉਸ ਦਾ ਭੜਕਾਊ ਬਿਆਨ ਹੈ।

ਦੂਜੇ ਪਾਸੇ, ਕੈਨੇਡਾ ਦੇ ਤਤਕਾਲੀ ਵਿਵਾਦਪੂਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ, ਭਾਰਤ-ਕੈਨੇਡਾ ਸਬੰਧ ਬਹੁਤ ਤਲਖੀ ਭਰੇ ਰਹੇ ਪਰ ਹੁਣ ਨਵੇਂ ਪ੍ਰਧਾਨ ਮੰਤਰੀ ਦਾ ਖੁਦ ਸਾਡੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਕੇ ਸੱਦਾ ਦੇਣਾ ਅਤੇ ਜੀ 7 ਦੇ 51ਵੇਂ ਸਾਲਾਨਾ ਸੰਮੇਲਨ ਵਿਚ ਬੁਲਾਉਣਾ ਭਾਰਤ ਦੀ ਦੁਨੀਆ ’ਚ ਹੈਸੀਅਤ ਦਿਖਾਉਣ ਦੇ ਨਾਲ-ਨਾਲ ਬਹੁਤ ਵੱਡਾ ਸੰਦੇਸ਼ ਵੀ ਹੈ।

-ਰਿਤੁਪਰਨ ਦਵੇ


author

Harpreet SIngh

Content Editor

Related News