‘ਆਪ੍ਰੇਸ਼ਨ ਸਿੰਧੂਰ’ ਨਾਲ ਸਿੱਧ ਹੋਈ ‘ਮੇਡ ਇਨ ਇੰਡੀਆ’ ਹਥਿਆਰਾਂ ਦੀ ਸ਼ਕਤੀ
Wednesday, Jun 04, 2025 - 08:56 PM (IST)

ਹਾਲ ਹੀ ’ਚ ਇੰਡੀਅਨ ਏਅਰੋਸਪੇਸ ਐਂਡ ਡਿਫੈਂਸ ਦੀ ਇਕ ਰਿਪੋਰਟ ’ਚ ਕਿਹਾ ਗਿਆ ਕਿ ‘ਆਪ੍ਰੇਸ਼ਨ ਸਿੰਧੂਰ’ ਇਸ ਸੱਚਾਈ ਦੀ ਇਕ ਠੋਸ ਉਦਾਹਰਣ ਹੈ ਕਿ ਤਕਨਾਲੋਜੀ ਅਤੇ ਆਤਮ-ਨਿਰਭਰਤਾ ਭਾਰਤ ਦੀ ਸਭ ਤੋਂ ਮਜ਼ਬੂਤ ਢਾਲ ਤੇ ਤਿੱਖਾ ਹਥਿਆਰ ਬਣ ਚੁੱਕੀ ਹੈ। ਇਹ ਸਿਰਫ ਇਕ ਨਾਅਰਾ ਨਹੀਂ ਸਗੋਂ ਹਾਲ ਹੀ ’ਚ ਪਾਕਿਸਤਾਨ ਵਿਰੁੱਧ ਹਵਾਈ ਰਣਭੂਮੀ ’ਚ ਪਰਖੀ ਗਈ ਹਕੀਕਤ ਹੈ। ਇਹ ਅਜਿਹਾ ਬਦਲਾਅ ਹੈ ਜਿਸ ’ਚ ਸਾਡੇ ਦੇਸ਼ ਦਾ ਡਿਫੈਂਸ ਮੈਨੂਫੈਕਚਰਿੰਗ ਸੈਕਟਰ ਫੌਜ ਦੇ ਨਾਲ ਕਦਮਤਾਲ ਮਿਲਾਉਂਦੇ ਹੋਏ ਦੇਸ਼ ਦੀ ਸੁਰੱਖਿਆ ਦਾ ਪਹਿਰੇਦਾਰ ਬਣਿਆ ਹੈ।
ਬੀਤੇ ਦਹਾਕੇ ’ਚ ਭਾਰਤ ਨੇ ਨਾ ਸਿਰਫ ਤੇਜ਼ੀ ਨਾਲ ਵਿਕਸਤ ਹੁੰਦੀ ਅਰਥਵਿਵਸਥਾ ਦਾ ਸਫਰ ਤੈਅ ਕੀਤਾ ਹੈ ਸਗੋਂ ਅੱਜ ਭਾਰਤ ਦੁਨੀਆ ਦੀ ਆਰਥਿਕ ਅਤੇ ਤਕਨੀਕੀ ਤਸਵੀਰ ਘੜਨ ਵਾਲੀ ਇਕ ਵੱਡੀ ਤਾਕਤ ਵਜੋਂ ਉਭਰਿਆ ਹੈ। ਜਾਪਾਨ ਦੀ 4.186 ਟ੍ਰਿਲੀਅਨ ਡਾਲਰ ਜੀ. ਡੀ. ਪੀ. ਨੂੰ ਪਛਾੜ ਕੇ ਭਾਰਤ 4.187 ਟ੍ਰਿਲੀਅਨ ਡਾਲਰ ਦੀ ਜੀ. ਡੀ. ਪੀ. ਦੇ ਨਾਲ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੈ। ਇਸ ਬਦਲਾਅ ਦੀਅਾਂ ਜੜ੍ਹਾਂ ’ਚ ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਦੀ ਮੁੜ-ਸੁਰਜੀਤੀ, ਰਣਨੀਤਿਕ ਆਤਮਨਿਰਭਰਤਾ ਅਤੇ ਇਨੋਵੇਸ਼ਨ ਹੈ। ‘ਆਪ੍ਰੇਸ਼ਨ ਸਿੰਧੂਰ’ ਇਸਦੀ ਤਾਜ਼ਾ ਉਦਾਹਰਣ ਹੈ ਜਿਸ ਨੇ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਨੂੰ ‘ਮੇਡ ਇਨ ਇੰਡੀਆ’ ਹਥਿਆਰ ਦਿੱਤਾ।
ਨਿਰਮਾਣ ਕ੍ਰਾਂਤੀ : ਸਾਲ 2014 ’ਚ ਸ਼ੁਰੂ ਹੋਈ ‘ਮੇਕ ਇਨ ਇੰਡੀਆ’ ਪਹਿਲ ਨੇ ਉਸ ਦੌਰ ਨੂੰ ਰੋਕ ਦਿੱਤਾ ਹੈ ਜਦੋਂ ਭਾਰਤ ਵਿਸ਼ਵ ਪੱਧਰੀ ਉਤਪਾਦਨ ’ਚ ਸਿਰਫ ਇਕ ਮੂਕਦਰਸ਼ਕ ਸੀ। ਦੇਸ਼ ’ਚ ਹੁਣ ਤੱਕ ਆਤਮਵਿਸ਼ਵਾਸੀ ’ਤੇ ਮੁੱਲ ਆਧਾਰਿਤ ਨਵੀਂ ਉਦਯੋਗਿਕ ਕ੍ਰਾਂਤੀ ਦਾ ਵੱਡਾ ਬਦਲਾਅ ਡਿਫੈਂਸ ਮੈਨੂਫੈਕਚਰਿੰਗ ਸੈਕਟਰ ’ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਭਾਰਤ ਨੇ ਇੰਪੋਰਟ ਨੂੰ ਤੇਜ਼ੀ ਨਾਲ ਘਟਾਇਆ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਅਨੁਸਾਰ, ‘‘2015-24 ਦੇ ਦਰਮਿਆਨ ਭਾਰਤ ’ਚ ਹਥਿਆਰਾਂ ਦੀ ਇੰਪੋਰਟ ’ਚ 9.3 ਦੀ ਗਿਰਾਵਟ ਘਰੇਲੂ ਰੱਖਿਆ ਉਤਪਾਦਨ ਦੀ ਵਧਦੀ ਸਮਰੱਥਾ ਨੂੰ ਦਰਸਾਉਂਦੀ ਹੈ।’’ ਭਾਰਤ ਨੇ ਹੁਣ ਡਿਫੈਂਸ, ਸੈਟੇਲਾਈਟ, ਡਰੋਨ, ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਵਰਗੇ ਸੈਕਟਰਾਂ ਨੂੰ ਸਿਰਫ ਆਰਥਿਕ ਨਜ਼ਰੀਏ ਤੋਂ ਨਹੀਂ ਸਗੋਂ ਰਾਸ਼ਟਰੀ ਸੁਰੱਖਿਆ ਦੀਆਂ ਲੋੜਾਂ ਦੇ ਪੱਖੋਂ ਪਹਿਲ ਦਿੱਤੀ ਹੈ।
ਆਤਮਨਿਰਭਰਤਾ ਤੋਂ ਅੱਗੇ : ਭਾਰਤ ਦੇ ਡਿਫੈਂਸ ਮੈਨੂਫੈਕਚਰਿੰਗ ਸੈਕਟਰ ਦੀ ਸਮਰੱਥਾ ਇਕ ਅਜਿਹੇ ਮੁਕਾਮ ’ਤੇ ਪਹੁੰਚ ਗਈ ਹੈ ਜਿੱਥੇ ਅਤਿਆਧੁਨਿਕ ਤੋਪਾਂ, ਜਹਾਜ਼ ਅਤੇ ਸਮੁੰਦਰੀ ਫੌਜ ਦੇ ਯੰਤਰ ਦੇਸੀ ਫੈਕਟਰੀਆਂ ’ਚ ਬਣ ਰਹੇ ਹਨ। ਵਿੱਤੀ ਸਾਲ 2023-24 ’ਚ ਭਾਰਤ ਦੇ ਡਿਫੈਂਸ ਮੈਨੂਫੈਕਚਰਿੰਗ ਸੈਕਟਰ ਦਾ ਪ੍ਰੋਡਕਸ਼ਨ 1.27 ਲੱਖ ਕਰੋੜ ਰੁਪਏ ਦਾ ਰਿਹਾ। ਉੱਧਰ ਇਕ ਦਹਾਕਾ ਪਹਿਲਾਂ ਦੀ ਤੁਲਨਾ ’ਚ 10 ਗੁਣਾ ਵਾਧੇ ਨਾਲ ਐਕਸਪੋਰਟ ਕਾਰੋਬਾਰ 2024-25 ’ਚ 23,622 ਕਰੋੜ ਜਾ ਪਹੁੰਚਿਆ। 90 ਤੋਂ ਵੱਧ ਦੇਸ਼ਾਂ ਨੂੰ ਭਾਰਤ ਤੋਂ ਹਥਿਆਰਾਂ ਦੇ ਐਕਸਪੋਰਟ ’ਚ ਪ੍ਰਾਈਵੇਟ ਸੈਕਟਰ ਦਾ 15,000 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਇਹ ਸਾਬਿਤ ਕਰਦਾ ਹੈ ਕਿ ਭਾਰਤ ਦਾ ਼ਡਿਫੈਂਸ ਮੈਨੂਫੈਕਚਰਿੰਗ ਸੈਕਟਰ ਆਤਮਨਿਰਭਰ ਹੀ ਨਹੀਂ ਸਗੋਂ ਵਿਸ਼ਵ ਪੱਧਰੀ ਮਾਪਦੰਡਾਂ ’ਤੇ ਖਰਾ ਉਤਰ ਰਿਹਾ ਹੈ। ਸਾਲ 2029 ਤੱਕ ਭਾਰਤ ਦੇ ਡਿਫੈਂਸ ਮੈਨੂਫੈਕਚਰਿੰਗ ਸੈਕਟਰ ਦਾ ਐਕਸਪੋਰਟ 50,000 ਕਰੋੜ ਰੁਪਏ ਟੱਪ ਜਾਣ ਦੀ ਸੰਭਾਵਨਾ ਹੈ।
ਆਪ੍ਰੇਸ਼ਨ ਸਿੰਧੂਰ ਦੀ ਸਫਲਤਾ ’ਚ ਸਭ ਤੋਂ ਵੱਡੀ ਭੂਮਿਕਾ ਮੇਡ ਇਨ ਇੰਡੀਆ ਬ੍ਰਹਮੋਸ ਅਤੇ ਆਕਾਸ਼ ਮਿਜ਼ਾਈਲ ਦੀ ਰਹੀ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਹੁਣ ਸਿਰਫ ਕਾਬਲ ਹੀ ਨਹੀਂ ਸਗੋਂ ਮੁਕਾਬਲੇਬਾਜ਼ ਵੀ ਬਣ ਚੁੱਕਾ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ. ਆਰ. ਡੀ. ਓ.) ਦੇ ਆਕਾਸ਼ ਮਿਜ਼ਾਈਲ ਪ੍ਰਾਜੈਕਟ ਦੇ ਸਾਬਕਾ ਡਾਇਰੈਕਟਰ ਡਾ. ਪ੍ਰਹਿਲਾਦ ਰਾਮਾਰਾਓ ਦਾ ਦਾਅਵਾ ਹੈ ਕਿ ਦੁਨੀਆ ’ਚ ਕਿਤੇ ਵੀ ਸਿਰਫ 500 ਕਰੋੜ ਰੁਪਏ ’ਚ ਇੰਨੀ ਅਸਰਦਾਰ ਅਤੇ ਸਸਤੀ ਮਿਜ਼ਾਈਲ ਤਕਨੀਕ ਨਹੀਂ ਬਣਾਈ ਜਾ ਸਕੀ ਜੋ ਨਿਗਰਾਨੀ, ਖੁਫੀਆ ਜਾਣਕਾਰੀ ’ਤੇ ਸਿੱਧੇ ਹਮਲੇ ਦੀ ਸਭ ਤੋਂ ਵਧੀਆ ਪ੍ਰਣਾਲੀ ਹੈ।
‘ਆਕਾਸ਼ਤੀਰ’, ਡਿਜੀਟਲ ਜੰਗ ਦੀ ਸ਼ੁਰੂਆਤ : ਆਪ੍ਰੇਸ਼ਨ ਸਿੰਧੂਰ ’ਚ ਇਕ ਵੱਡਾ ਮੋਰਚਾ ਸੰਭਾਲਿਆ ਭਾਰਤ ਹੈਵੀ ਇਲੈਕਟ੍ਰਾਨਿਕਸ ਲਿਮਟਿਡ (ਡੀ. ਐੱਚ. ਈ. ਐੱਲ.) ਵਲੋਂ ਬਣਾਏ ਗਏ ‘ਆਕਾਸ਼ਤੀਰ’ ਨੇ। ਇਹ ਇਕ ਅਜਿਹੀ ਡਿਜੀਟਲ ਜੰਗ ਪ੍ਰਣਾਲੀ ਹੈ ਜਿਸ ਨੇ ਰਾਡਾਰ ਸੂਚਨਾਵਾਂ ਨੂੰ ਨੈੱਟਵਰਕ ਨਾਲ ਜੋੜਦੇ ਹੋਏ ਇਕ ਲਾਈਵ ਇੰਟੀਗ੍ਰੇਟਿਡ ਕਮਾਂਡ ਸੈਂਟਰ ਤਿਆਰ ਕੀਤਾ ਜਿਸ ਨਾਲ ਸਰਹੱਦ ਪਾਰ ਅਤੇ ਆਕਾਸ਼ ’ਚ ਫੈਲੇ ਦੁਸ਼ਮਣ ਦੇ ਸਾਰੇ ਖਤਰਿਆਂ ਦੀ ਸਟੀਕ ਟ੍ਰੈਕਿੰਗ ਅਤੇ ਜਵਾਬੀ ਕਾਰਵਾਈ ਸੰਭਵ ਹੋ ਸਕੀ।
ਸੁਰੱਖਿਆ ਕਵਚ : ਅੱਜ ਦੀ ਦੁਨੀਆ ’ਚ ਕਿਸੇ ਵੀ ਦੇਸ਼ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਤਕਨਾਲੋਜੀ ’ਚ ਕਿੰਨਾ ਅੱਗੇ ਹੈ। ਭਾਰਤ ਦਾ ਕਵਾਂਟਮ ਮਿਸ਼ਨ ਅਤੇ ਇਸਰੋ ਦੀਆਂ ਤਾਜ਼ਾ ਪ੍ਰਾਪਤੀਆਂ ’ਚ ਚੰਦਰਯਾਨ 3 ਦੀ ਸਫਲ ਸਾਫਟ ਲੈਂਡਿੰਗ ਹੋਵੇ ਜਾਂ ਗਗਨਯਾਨ ਦੀ ਤਿਆਰੀ, ਇਹ ਦਿਖਾਉਂਦੀ ਹੈ ਕਿ ਭਾਰਤ ਮੁਸ਼ਕਲ ਅਤੇ ਭਵਿੱਖ-ਨਿਰਧਾਰਤ ਖੇਤਰਾਂ ’ਚ ਵੀ ਅੱਗੇ ਵਧ ਰਿਹਾ ਹੈ। ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਖੁਲਾਸਾ ਕੀਤਾ ‘10 ਤੋਂ ਵੱਧ ਸੈਟੇਲਾਈਟ ਲਗਾਤਾਰ ਦੇਸ਼ ਦੀਆਂ ਸਰਹੱਦਾਂ ’ਤੇ 7,000 ਕਿਲੋਮੀਟਰ ਲੰਬੀ ਸਮੁੰਦਰੀ ਕੰਢੇ ਵਾਲੀ ਰੇਖਾ ਤੋਂ ਲੈ ਕੇ ਉੱਤਰੀ ਸਰਹੱਦਾਂ ਤੱਕ ਨਜ਼ਰ ਰੱਖ ਰਹੇ ਹਨ। ਸੈਟੇਲਾਈਟ ਤੇ ਡਰੋਨ ਸਾਡੇ ਅਜਿਹੇ ਪਹਿਰੇਦਾਰ ਹਨ ਜੋ ਦੇਸ਼ ਦੀ ਸੁਰੱਖਿਆ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਡਰੋਨ ਨੇ ਬਦਲੀ ਜੰਗ ਦੀ ਤਸਵੀਰ : ਦੁਨੀਆ ਭਰ ’ਚ ਆਧੁਨਿਕ ਜੰਗ ਦੇ ਨਵੇਂ ਚਿਹਰੇ ਦੇ ਤੌਰ ’ਤੇ ਡਰੋਨ ਤੇਜ਼ੀ ਨਾਲ ਉਭਰਿਆ ਹੈ। ਆਪ੍ਰੇਸ਼ਨ ਸਿੰਧੂਰ ’ਚ ਦੇਸੀ ‘ਕਾਮਿਕਾਜੇ’ ਡਰੋਨ ਦੀ ਵਰਤੋਂ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਹੁਣ ਇਸ ਖੇਤਰ ’ਚ ਵੀ ਬਹੁਤ ਵੱਡੀ ਤਾਕਤ ਬਣ ਚੁੱਕਾ ਹੈ। 2021 ’ਚ ਸਰਕਾਰ ਨੇ ਡਰੋਨ ਦੀ ਦਰਾਮਦ ’ਤੇ ਰੋਕ ਲਗਾ ਕੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਦੇ ਪ੍ਰੋਤਸਾਹਨ ਨਾਲ ਦੇਸ਼ ਦੀ ਘਰੇਲੂ ਡਰੋਨ ਇੰਡਸਟਰੀ ਨੂੰ ਅੱਗੇ ਵਧਣ ਦੀ ਪਹਿਲ ਕੀਤੀ।
ਡਰੋਨ ਫੈਡਰੇਸ਼ਨ ਆਫ ਇੰਡੀਆ 550 ਤੋਂ ਵੱਧ ਕੰਪਨੀਆਂ ਅਤੇ 5500 ਤੋਂ ਵੱਧ ਡਰੋਨ ਪਾਇਲਟਾਂ ਨੂੰ ਇਕੱਠਿਆਂ ਜੋੜ ਚੁੱਕੀ ਹੈ।ਸਾਲ 2030 ਤੱਕ ਭਾਰਤ ਨੂੰ ਗਲੋਬਲ ਡਰੋਨ ਹੱਬ ਬਣਾਉਣ ਦਾ ਟੀਚਾ ਹੈ। ਭਾਰਤ ਦੇ ਡਰੋਨ ਦੀ ਹੁਣ ਨਾ ਸਿਰਫ ਡਿਫੈਂਸ ਸੈਕਟਰ ’ਚ, ਸਗੋਂ ਖੇਤੀ ਉਦਯੋਗ ਅਤੇ ਹੋਰ ਨਾਗਰਿਕ ਸੇਵਾਵਾਂ ’ਚ ਵੀ ਵਰਤੋਂ ਹੋ ਰਹੀ ਹੈ। ਏ. ਆਈ. ਨਾਲ ਲੈਸ ਅਗਲੀ ਪੀੜ੍ਹੀ ਦੇ ਡਰੋਨ ਆਟੋਮੇਟਿਡ ਅਤੇ ਨੈੱਟਵਰਕ ਨਾਲ ਜੁੜੇ ਹੋਣਗੇ ਜੋ ਭਵਿੱਖ ਦੀਆਂ ਜੰਗਾਂ ’ਚ ਤੇਜ਼, ਸਟੀਕ ਅਤੇ ਸੁਰੱਖਿਅਤ ਫੈਸਲੇ ਲੈਣ ’ਚ ਅਹਿਮ ਭੂਮਿਕਾ ਨਿਭਾਉਣਗੇ।
ਅੱਗੇ ਦੀ ਰਾਹ : ਅੱਜ ਭਾਰਤ ਨੇ ਆਪਣੀ ਆਰਥਿਕ ਤਾਕਤ, ਨਵੀਂ ਤਕਨਾਲੋਜੀ ਅਤੇ ਇਨੋਵੇਸ਼ਨ ਨਾਲ ਇਕ ਅਜਿਹਾ ਮੰਚ ਤਿਆਰ ਕਰ ਲਿਆ ਹੈ, ਜਿੱਥੋਂ ਉਹ ਵਿਸ਼ਵ ਪੱਧਰੀ ਅਗਵਾਈ ਵੱਲ ਵਧ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ‘ਆਤਮਨਿਰਭਰਤਾ ਹੁਣ ਸਿਰਫ ਨੀਤੀ ਨਹੀਂ, ਜਨੂੰਨ ਬਣ ਚੁੱਕੀ ਹੈ।’ ਭਾਰਤ ਦਾ ਅਗਲਾ ਟੀਚਾ ਸਿਰਫ ਆਤਮਨਿਰਭਰ ਬਣਨਾ ਹੀ ਨਹੀਂ ਸਗੋਂ ਦੁਨੀਆ ਦੀ ਵੱਡੀ ਲੋੜ ਬਣਨਾ ਹੈ। ਆਪ੍ਰੇਸ਼ਨ ਸਿੰਧੂਰ ਸਾਡੀ ਫੌਜ ਦੀ ਜਿੱਤ ਦਾ ਇਕ ਅਜਿਹਾ ਜਸ਼ਨ ਹੈ ਜਿਸ ’ਚ ਫੌਜ ਦੇ ਆਤਮ ਬਲ ਦੇ ਨਾਲ ਇਨੋਵੇਸ਼ਨ ਤਕਨਾਲੋਜੀ ਅਤੇ ਮੇਡ ਇਨ ਇੰਡੀਆ ਦੇ ਸੁਨਹਿਰੇ ਭਵਿੱਖ ਦੀ ਝਲਕ ਦਿਖਾਈ ਦਿੰਦੀ ਹੈ।
ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)