ਹੁਣ ਹੁਨਰ ਹੀ ਹੈ ਭਾਰਤ ਦੀ ਨਵੀਂ ਕਰੰਸੀ
Monday, May 26, 2025 - 04:46 PM (IST)

ਹਾਲ ਹੀ ’ਚ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਪੀਰੀਅਡਿਕ ਲੇਬਰ ਫੋਰਸ ਸਰਵੇਖਣ (ਪੀ. ਐੱਲ. ਐੱਫ. ਐੱਸ.) ਦੀ ਰਿਪੋਰਟ ਨੇ ਅੱਖਾਂ ਖੋਲ੍ਹਣ ਵਾਲੇ ਅੰਕੜੇ ਪੇਸ਼ ਕੀਤੇ ਹਨ ਕਿ ਭਾਰਤ ਜੋ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਦਾ ਨੌਜਵਾਨ ਬੇਰੁਜ਼ਗਾਰੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ।
ਦੇਸ਼ ਭਰ ਵਿਚ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ 13.8 ਫੀਸਦੀ ਹੈ। ਇਹ ਅੰਕੜਾ ਸ਼ਹਿਰੀ ਨੌਜਵਾਨਾਂ ਵਿਚ 17.2 ਫੀਸਦੀ ਹੈ, ਜਦੋਂ ਕਿ ਸ਼ਹਿਰੀ ਔਰਤਾਂ ਦੇ ਮਾਮਲੇ ਵਿਚ ਇਹ 23.7 ਫੀਸਦੀ ਦੇ ਖਤਰਨਾਕ ਪੱਧਰ ’ਤੇ ਹੈ। ਇਹ ਸਿਰਫ਼ ਅੰਕੜੇ ਨਹੀਂ ਹਨ ਸਗੋਂ ਅਧੂਰੇ ਸੁਪਨਿਆਂ, ਵਧਦੀ ਨਿਰਾਸ਼ਾ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਨ।
ਭਾਰਤ ਜਿਸ ਜਨਸੰਖਿਅਕੀ ਦੇ ਲਾਭਅੰਸ਼ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਮੰਨਦਾ ਸੀ, ਹੁਣ ਇਕ ਬੋਝ ਵਿਚ ਬਦਲਣ ਦੇ ਕੰਢੇ ’ਤੇ ਹੈ। ਹਰ ਸਾਲ ਲੱਖਾਂ ਪੜ੍ਹੇ-ਲਿਖੇ ਨੌਜਵਾਨ ਨੌਕਰੀਆਂ ਦੇ ਬਾਜ਼ਾਰ ਵਿਚ ਦਾਖਲ ਹੋ ਰਹੇ ਹਨ, ਪਰ ਉਨ੍ਹਾਂ ਦੇ ਹੁਨਰ ਅਤੇ ਬਾਜ਼ਾਰ ਦੀਆਂ ਜ਼ਰੂਰਤਾਂ ਵਿਚਕਾਰ ਕੋਈ ਮੇਲ ਨਹੀਂ ਹੈ।
ਇਸ ਪਿਛੋਕੜ ’ਚ ਸਭ ਤੋਂ ਪ੍ਰਭਾਵਸ਼ਾਲੀ ਉਪਾਵਾਂ ਵਿਚੋਂ ਇਕ ਹੈ ਕਿੱਤਾਮੁਖੀ ਸਿਖਲਾਈ ਅਤੇ ਹੁਨਰ ਵਿਕਾਸ ਵਿਚ ਵੱਡੇ ਪੱਧਰ ’ਤੇ ਨਿਵੇਸ਼ ਕਰਨਾ, ਉਹ ਵੀ ਆਨਸਾਈਟ ਅਤੇ ਆਨਲਾਈਨ ਦੋਵਾਂ ਢੰਗਾਂ ਰਾਹੀਂ।
ਤੇਜ਼ੀ ਨਾਲ ਬਦਲ ਰਹੇ ਭਾਰਤੀ ਰੁਜ਼ਗਾਰ ਬਾਜ਼ਾਰ ਵਿਚ ਸਰਕਾਰੀ ਅਤੇ ਰਵਾਇਤੀ ਨਿੱਜੀ ਨੌਕਰੀਆਂ ਦੇ ਮੌਕੇ ਘੱਟ ਰਹੇ ਹਨ। ਇਸ ਦੇ ਨਾਲ ਹੀ ਲੌਜਿਸਟਿਕਸ, ਨਿਰਮਾਣ, ਸਿਹਤ ਸੰਭਾਲ, ਨਵਿਆਉਣਯੋਗ ਊਰਜਾ ਅਤੇ ਗਿਗ ਅਰਥਵਿਵਸਥਾ ਵਰਗੇ ਖੇਤਰਾਂ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਵਧ ਰਹੇ ਹਨ। ਇਨ੍ਹਾਂ ਖੇਤਰਾਂ ਵਿਚ ਜ਼ਿਆਦਾਤਰ ਨੌਕਰੀਆਂ ਲਈ ਯੂਨੀਵਰਸਿਟੀ ਦੀਆਂ ਡਿਗਰੀਆਂ ਦੀ ਲੋੜ ਨਹੀਂ ਹੁੰਦੀ ਪਰ ਵਿਹਾਰਕ ਹੁਨਰਾਂ ਦੀ ਲੋੜ ਹੁੰਦੀ ਹੈ ਜੋ ਅੱਜ ਦੀ ਰਸਮੀ ਸਿੱਖਿਆ ਪ੍ਰਣਾਲੀ ਵਿਚੋਂ ਲਗਭਗ ਗਾਇਬ ਹਨ।
ਇਹ ਉਹ ਥਾਂ ਹੈ ਜਿੱਥੇ ਹੁਨਰ ਸਿਖਲਾਈ ਕੰਮ ਆਉਂਦੀ ਹੈ। ਜੇਕਰ ਸਿਖਲਾਈ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਹੈ, ਤਾਂ ਇਕ ਬੇਰੁਜ਼ਗਾਰ ਗ੍ਰੈਜੂਏਟ ਇਕ ਹੁਨਰਮੰਦ ਪੇਸ਼ੇਵਰ ਵਿਚ ਬਦਲ ਸਕਦਾ ਹੈ, ਭਾਵੇਂ ਉਹ ਇਲੈਕਟ੍ਰੀਸ਼ੀਅਨ ਹੋਵੇ, ਸੋਲਰ ਟੈਕਨੀਸ਼ੀਅਨ ਹੋਵੇ, ਹੈਲਥ ਜਾਂ ਬਿਊਟੀ-ਵੈੱਲਨੈੱਸ ਅਸਿਸਟੈਂਟ, ਡਿਜੀਟਲ ਮਾਰਕੀਟਰ ਹੋਵੇ ਜਾਂ 3ਡੀ ਪ੍ਰਿੰਟਿੰਗ ਆਪ੍ਰੇਟਰ ਹੋਵੇ। ਹੁਨਰ ਅਾਧਾਰਿਤ ਸਿੱਖਿਆ ਨੌਜਵਾਨਾਂ ਨੂੰ ਸਿੱਧੇ ਤੌਰ ’ਤੇ ਅਰਥਵਿਵਸਥਾ ਨਾਲ ਜੋੜਨ ਦਾ ਸਾਧਨ ਬਣ ਸਕਦੀ ਹੈ।
ਪਿੰਡਾਂ ਅਤੇ ਛੋਟੇ ਕਸਬਿਆਂ ਦੇ ਨੌਜਵਾਨਾਂ, ਜੋ ਡਿਜੀਟਲ ਪਹੁੰਚ ਤੋਂ ਵਾਂਝੇ ਹਨ ਜਾਂ ਜਿਨ੍ਹਾਂ ਨੂੰ ਵਿਵਹਾਰਕ ਸਿਖਲਾਈ ਦੀ ਲੋੜ ਹੈ, ਲਈ ਆਨਸਾਈਟ ਸਕਿੱਲ ਪ੍ਰੋਗਰਾਮ ਬਹੁਤ ਜ਼ਰੂਰੀ ਹਨ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਵਰਗੀਆਂ ਯੋਜਨਾਵਾਂ ਨੇ ਬੁਨਿਆਦੀ ਢਾਂਚਾ ਬਣਾਇਆ ਹੈ, ਪਰ ਹੁਣ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਵਧਾਉਣ, ਬਿਹਤਰ ਨਿਗਰਾਨੀ ਕਰਨ ਅਤੇ ਸਥਾਨਕ ਉਦਯੋਗਾਂ ਨਾਲ ਜੋੜਨ ਦੀ ਲੋੜ ਹੈ।
ਇਸ ਵਿਚ ਜਨਤਕ-ਨਿੱਜੀ ਭਾਈਵਾਲੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ। ਸੂਰਤ ਦੇ ਟੈਕਸਟਾਈਲ ਕਲੱਸਟਰ, ਔਰੰਗਾਬਾਦ ਦੀ ਆਟੋ ਪਾਰਟਸ ਇੰਡਸਟਰੀ, ਪੰਜਾਬ ਦਾ ਫੂਡ ਪ੍ਰੋਸੈਸਿੰਗ ਸੈਕਟਰ ਜੇਕਰ ਇਨ੍ਹਾਂ ਸੈਕਟਰਾਂ ਨੂੰ ਸਥਾਨਕ ਸਿਖਲਾਈ ਕੇਂਦਰਾਂ ਨਾਲ ਜੋੜਿਆ ਜਾਵੇ, ਤਾਂ ਨੌਜਵਾਨਾਂ ਨੂੰ ਸਿਖਲਾਈ ਤੋਂ ਬਾਅਦ ਸਿੱਧੇ ਤੌਰ ’ਤੇ ਨੌਕਰੀਆਂ ਨਾਲ ਜੋੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਹ ਮਾਡਲ ਸੈਕਟਰ-ਵਿਸ਼ੇਸ਼ ਪ੍ਰਮਾਣੀਕਰਨਾਂ ਅਤੇ ਅਪ੍ਰੈਂਟਿਸਸ਼ਿਪਾਂ ਰਾਹੀਂ ਸਿਖਲਾਈ ਨੂੰ ਬਾਜ਼ਾਰ-ਮੁਖੀ ਬਣਾ ਸਕਦਾ ਹੈ।
ਸ਼ਹਿਰੀ ਨੌਜਵਾਨਾਂ ਅਤੇ ਖਾਸ ਕਰ ਕੇ ਔਰਤਾਂ ਲਈ, ਆਨਲਾਈਨ ਹੁਨਰ ਇਕ ਨਵੀਂ ਦੁਨੀਆ ਦੇ ਦਰਵਾਜ਼ੇ ਖੋਲ੍ਹਦਾ ਹੈ। ਨੈਸ਼ਨਲ ਸਕਿੱਲ ਡਿਵੈਲਪਮੈਂਟ ਕੌਂਸਲ ਦੇ ਈ-ਸਕਿੱਲ ਇੰਡੀਆ, ਕੋਰਸੇਰਾ, ਅਪਗ੍ਰੇਡ ਅਤੇ ਗੂਗਲ ਸਕਿੱਲਸ਼ਾਪ ਵਰਗੇ ਪਲੇਟਫਾਰਮਾਂ ਰਾਹੀਂ ਨੌਜਵਾਨ ਹੁਣ ਕੋਡਿੰਗ, ਡੇਟਾ ਵਿਸ਼ਲੇਸ਼ਣ, ਡਿਜੀਟਲ ਮਾਰਕੀਟਿੰਗ, ਕੰਟੈਂਟ ਕ੍ਰਿਏਸ਼ਨ ਅਤੇ ਵਿੱਤੀ ਸੇਵਾਵਾਂ ਵਰਗੇ ਖੇਤਰਾਂ ਵਿਚ ਆਪਣੀ ਸਹੂਲਤ ਨਾਲ ਘਰ ਬੈਠੇ ਹੁਨਰ ਸਿੱਖ ਸਕਦੇ ਹਨ।
ਆਨਲਾਈਨ ਸਿਖਲਾਈ ਉਨ੍ਹਾਂ ਸਮਾਜਿਕ, ਆਰਥਿਕ ਅਤੇ ਭੂਗੋਲਿਕ ਰੁਕਾਵਟਾਂ ਨੂੰ ਵੀ ਤੋੜਦੀ ਹੈ ਜੋ ਖਾਸ ਕਰ ਕੇ ਕੁੜੀਆਂ ਨੂੰ ਆਪਣੇ ਕਰੀਅਰ ਵਿਚ ਪਿੱਛੇ ਰੱਖਦੀਆਂ ਹਨ। ਇਕ ਕੁੜੀ ਜੋ ਛੋਟੇ ਜਿਹੇ ਸ਼ਹਿਰ ਜਾਂ ਪਿੰਡ ਵਿਚ ਰਹਿੰਦੀ ਹੈ ਅਤੇ ਪਰਿਵਾਰਕ ਕਾਰਨਾਂ ਕਰ ਕੇ ਬਾਹਰ ਨਹੀਂ ਜਾ ਸਕਦੀ, ਉਹ ਘਰ ਬੈਠ ਕੇ ਜਾਵਾ ਪ੍ਰੋਗਰਾਮਿੰਗ ਜਾਂ ਵਿੱਤੀ ਮਾਡਲਿੰਗ ਸਿੱਖ ਕੇ ਆਨਲਾਈਨ ਕੰਮ ਕਰ ਸਕਦੀ ਹੈ।
ਪਰ ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ‘ਡਿਜੀਟਲ ਡਿਵਾਈਡ’ ਨੂੰ ਖਤਮ ਕਰਾਂਗੇ। ਕਿਫਾਇਤੀ ਇੰਟਰਨੈੱਟ, ਡਿਜੀਟਲ ਸਾਖਰਤਾ ਅਤੇ ਸਬਸਿਡੀ ਵਾਲੇ ਯੰਤਰਾਂ ਵਰਗੇ ਉਪਾਵਾਂ ਨੂੰ ਆਨਲਾਈਨ ਹੁਨਰ ਨਾਲ ਜੋੜਨ ਦੀ ਲੋੜ ਹੈ। ਸਾਨੂੰ ਸਕੂਲ ਅਤੇ ਕਾਲਜ ਸਿੱਖਿਆ ਵਿਚ ਵੀ ਕਿੱਤਾਮੁਖੀ ਸਿਖਲਾਈ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਲੋੜ ਹੈ।
ਨਵੀਂ ਸਿੱਖਿਆ ਨੀਤੀ 2020 ਨੇ ਸਕੂਲ ਪੱਧਰ ਤੋਂ ਹੀ ਹੁਨਰ ਵਿਕਾਸ ’ਤੇ ਜ਼ੋਰ ਦੇ ਕੇ ਇਕ ਚੰਗੀ ਸ਼ੁਰੂਆਤ ਕੀਤੀ ਹੈ, ਪਰ ਇਸ ਦੀ ਗਤੀ ਬਹੁਤ ਹੌਲੀ ਹੈ। ਹੁਣ ਸਮਾਂ ਆ ਗਿਆ ਹੈ ਕਿ ਹੁਨਰ ਕੋਰਸਾਂ ਨੂੰ ਬਦਲ ਦੀ ਬਜਾਏ ਸਿੱਖਿਆ ਦਾ ਲਾਜ਼ਮੀ ਹਿੱਸਾ ਬਣਾਇਆ ਜਾਵੇ।
ਜਰਮਨੀ ਅਤੇ ਸਵਿਟਜ਼ਰਲੈਂਡ ਵਿਚ ਅਪਣਾਇਆ ਗਿਆ ਦੋਹਰਾ ਸਿੱਖਿਆ ਮਾਡਲ ਭਾਰਤ ਵਿਚ ਵੀ ਲਾਗੂ ਕੀਤਾ ਜਾ ਸਕਦਾ ਹੈ, ਜਿੱਥੇ ਵਿਦਿਆਰਥੀ ਕਲਾਸਰੂਮ ਅਤੇ ਹੁਨਰ ਸਿਖਲਾਈ ਵਿਚਕਾਰ ਸੰਤੁਲਨ ਬਣਾ ਸਕਦੇ ਹਨ।
ਕਾਲਜਾਂ, ਯੂਨੀਵਰਸਿਟੀਆਂ ਅਤੇ ਆਨਲਾਈਨ ਪਲੇਟਫਾਰਮਾਂ ਵਿਚਕਾਰ ਮਜ਼ਬੂਤ ਭਾਈਵਾਲੀ ਅੱਜ ਸਭ ਤੋਂ ਵੱਡੀ ਲੋੜ ਹੈ। ਇਸ ਲਈ ਸਮਾਜਿਕ ਮਾਨਸਿਕਤਾ ਨੂੰ ਬਦਲਣ, ਸਫਲ ਹੁਨਰਮੰਦ ਪੇਸ਼ੇਵਰਾਂ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਹੁਨਰਮੰਦ ਨੌਕਰੀਆਂ ਚੰਗੀ ਤਨਖਾਹ, ਸਮਾਜਿਕ ਸੁਰੱਖਿਆ ਅਤੇ ਤਰੱਕੀ ਦੇ ਮੌਕੇ ਪ੍ਰਦਾਨ ਕਰਨ। ਬੇਰੁਜ਼ਗਾਰੀ ਵਿਰੁੱਧ ਇਸ ਜੰਗ ਵਿਚ ‘ਹੁਨਰ’ ਹੀ ਨਵੀਂ ਕਰੰਸੀ ਹੈ।
-ਦਿਨੇਸ਼ ਸੂਦ