ਪੀ. ਐੱਮ. ਮੋਦੀ ਨੂੰ ਸਮਝਣਾ ਇੰਨਾ ਸੌਖਾ ਨਹੀਂ

12/20/2022 7:54:17 PM

ਮੋਦੀ ਦੇ ਅਸਾਧਾਰਨ ਅਤੇ ਇਤਿਹਾਸਿਕ ਸਫਰ ’ਚ ਗੁਜਰਾਤ ਹੀ ਤਾਂ ਹੈ। ਇਹੀ ਕਾਰਨ ਹੈ ਕਿ ਮੋਦੀ ਨੂੰ ਆਪਣਾ ਗ੍ਰਹਿ ਸੂਬਾ ਜਿੱਤਣਾ ਹੀ ਸੀ। ਇਸ ਜਿੱਤ ’ਚ ਸਾਰੀ ਤਾਕਤ ਲਾ ਦੇਣੀ ਸੀ ਮੋਦੀ ਸਾਹਿਬ ਨੇ। ਉਨ੍ਹਾਂ ਲਾ ਦਿੱਤੀ। ਅਜਿਹਾ ਨਹੀਂ ਕਿ ਹਿਮਾਚਲ ਨੂੰ ਉਨ੍ਹਾਂ ਘੱਟ ਸਮਝਿਆ। ਹਿਮਾਚਲ ਵਰਗੇ ਛੋਟੇ ਜਿਹੇ ਸੂਬੇ ’ਚ ਵੀ ਇਕ ਪ੍ਰਧਾਨ ਮੰਤਰੀ ਨੇ ਅੱਠ ਚੋਣ ਰੈਲੀਆਂ ਕੀਤੀਆਂ। ਨਤੀਜੇ ਵੀ ਦੋਹਾਂ ਵਿਧਾਨ ਸਭਾਵਾਂ ਦੇ ਉਮੀਦ ਮੁਤਾਬਕ ਆਏ।

ਹਾਰ ਜਿੱਤ ਦੇ ਸਵਾਲ ਨੂੰ ਛੱਡ ਦੇਈਏ ਅਤੇ ਵਿਚਾਰ ਕਰੀਏ ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਇੰਨਾ ਧੂੰਆਂ-ਧਾਰ ਪ੍ਰਚਾਰ ਕਰੇ? ਇਹ ਮੋਦੀ ਹੀ ਕਰ ਸਕਦੇ ਹਨ। ਸਭ ਪਾਠਕ ਇਹ ਵੀ ਧਿਆਨ ਰੱਖਣ ਕਿ ਮੋਦੀ ਨੂੰ ਸਮਝਣਾ ਇੰਨਾ ਸੌਖਾ ਨਹੀਂ ਪਰ ਇਹ ਸੱਚ ਹੈ ਕਿ ਮੋਦੀ ਹਰ ਕੰਮ ਨੂੰ ਵਧੀਆ ਤੋਂ ਵਧੀਆ ਕਰਨਾ ਅਤੇ ਹਰ ਜਿੱਤ ਨੂੰ ਵੱਡੀ ਜਿੱਤ ਬਣਾਉਣਾ ਚੰਗੀ ਤਰ੍ਹਾਂ ਜਾਣਦੇ ਹਨ।

ਮੋਦੀ ਛੋਟੀ ਤੋਂ ਛੋਟੀ ਜਿੱਤ ਨੂੰ ਵੱਕਾਰ ਦਾ ਸਵਾਲ ਮੰਨ ਕੇ ਚਲਦੇ ਹਨ। ਭਾਵੇਂ ਸਾਰਾ ਦੇਸ਼ ਮੌਜੂਦਾ ਸਿਆਸੀ ਸੰਦਰਭ ’ਚ ਵਿਰੋਧੀ ਧਿਰ ਰਹਿਤ ਹੈ ਤਾਂ ਵੀ ਮੋਦੀ ਚੋਣਾਂ ਨੂੰ ਹਲਕੇ ਢੰਗ ਨਾਲ ਨਹੀਂ ਲੈਂਦੇ। 8 ਸਾਲ ਦੇ ਮੋਦੀ ਰਾਜ ਦੇ ਗਵਾਹ ਜਾਣਦੇ ਹਨ ਕਿ ਉਹ ਜਿਸ ਕੰਮ ਨੂੰ ਹੱਥ ਪਾਉਂਦੇ ਹਨ, ਪੂਰਾ ਕਰਦੇ ਹਨ, ਪੂਰੇ ਮਨ ਨਾਲ ਕਰਦੇ ਹਨ।

ਉਨ੍ਹਾਂ ਕੰਮ ਕਰਦੇ ਸਮੇਂ ਕਦੇ ਵੀ ਇਕ ਹੱਥ ਪਿੱਛੇ ਨਹੀਂ ਰੱਖਿਆ। ਮੋਦੀ ਨੂੰ ਪਤਾ ਹੈ ਕਿ ਅੱਧੇ ਮਨ ਨਾਲ ਜੰਗ ਨਹੀਂ ਜਿੱਤੀ ਜਾਂਦੀ। ਇਸ ਲਈ ਉਹ ਨਾ ਇਧਰ ਵੇਖਦੇ ਹਨ, ਨਾ ਉਧਰ ਦੇਖਦੇ ਹਨ, ਆਪਣੀ ਪੂਰੀ ਤਾਕਤ ਲਾ ਦਿੰਦੇ ਹਨ। ਪਤਾ ਨਹੀਂ ਨਤੀਜੇ ਨੂੰ ਵੇਖਦੇ ਹਨ ਜਾਂ ਨਹੀਂ ਪਰ ਕੰਮ ਦੇ ਸਾਰੇ ਸੋਮਿਆਂ ਨੂੰ ਜ਼ਰੂਰ ਵੇਖ ਲੈਂਦੇ ਹਨ। ਲੜਾਈ ਨੂੰ ਮੋਦੀ ਆਰ ਪਾਰ ਦੀ ਬਣਾ ਦਿੰਦੇ ਹਨ। ਹਰ ਚੋਣ ਨੂੰ ਮੋਦੀ ਸਾਹਿਬ ਨੇ ਵੱਕਾਰ ਦੀ ਚੋਣ ਬਣਾਇਆ। ਹੁਣ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ, ਉਨ੍ਹਾਂ ਕਦੇ ਵੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜੇ ਬਹੁਤਾ ਹੋ ਗਿਆ ਤਾਂ ਵਿਧਾਨ ਸਭਾ ਦੀਆਂ ਚੋਣਾਂ ’ਚ ਇਕ-ਅੱਧੀ ਰੈਲੀ ਕਰ ਲਈ ਪਰ ਮੋਦੀ ਸਾਹਿਬ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ, ਹਰ ਚੋਣਾਂ ’ਚ ਹੀ ਪੂਰਾ ਸਰਗਰਮ ਰਹਿੰਦੇ ਹਨ।

ਇੰਨੇ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਛੋਟੀਆਂ-ਵੱਡੀਆਂ ਸਭ ਚੋਣਾਂ ਨੂੰ ਜਿੱਤਣ ਦੀ ਇੰਨੀ ਇੱਛਾ। ਕੋਈ ਵਿਧਾਇਕ ਚੋਣ ਜਿੱਤ ਰਿਹਾ ਹੈ ਜਾਂ ਨਹੀਂ, ਇਸ ਦਾ ਅਨੁਮਾਨ ਮੋਦੀ ਸਾਹਿਬ ਪਹਿਲਾਂ ਹੀ ਲਾ ਦਿੰਦੇ ਹਨ। ਹਿਮਾਚਲ ’ਚ 28 ਉਮੀਦਵਾਰ ਅਧਿਕਾਰਤ ਵਿਧਾਇਕਾਂ ਦੇ ਮੁਕਾਬਲੇ ’ਤੇ ਖੜ੍ਹੇ ਸਨ। ਇਸ ਦੀ ਉਨ੍ਹਾਂ ਕੋਈ ਚਿੰਤਾ ਨਹੀਂ ਕੀਤੀ। ਗੁਜਰਾਤ ’ਚ ਅਜਿਹੇ 38 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ। ਮੋਦੀ ਸਾਹਿਬ ਨੂੰ ਕੋਈ ਪ੍ਰਵਾਹ ਨਹੀਂ। ਉਨ੍ਹਾਂ ਨੇ ਤਾਂ ਚੋਣ ਜਿੱਤਣੀ ਹੈ। ਚੋਣਾਂ ’ਚ ਕੌਣ ਵਿਰੋਧ ’ਚ ਖੜ੍ਹਾ ਰਿਹਾ ਜਾਂ ਕੌਣ ਚੋਣ ਲੜ ਰਿਹਾ ਹੈ, ਉਨ੍ਹਾਂ ਨੂੰ ਸਭ ਪਤਾ ਹੈ। ਉਨ੍ਹਾਂ ਨੂੰ ਸਿਰਫ ਇਹ ਹੀ ਪਤਾ ਹੈ ਕਿ ਮੈਂ ਚੋਣ ਜਿੱਤ ਕੇ ਦੱਸਣੀ ਹੈ। ਛੋਟੀ ਤੋਂ ਛੋਟੀ ਚੀਜ਼ ’ਤੇ ਉਨ੍ਹਾਂ ਦੀ ਨਜ਼ਰ ਹੈ। ਹਿਮਾਚਲ ’ਚ ਇਕ ਵਿਰੋਧੀ ਉਮੀਦਵਾਰ ਨੂੰ ਉਹ ਫੋਨ ਕਰ ਰਹੇ ਹਨ ਕਿ ਬੈਠ ਜਾਓ। ਨਹੀਂ ਬੈਠਾ ਤਾਂ ਮੋਦੀ ਸਾਹਿਬ ਉਸ ਨੂੰ ਭੁੱਲ ਗਏ, ਉਸ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਮੋਦੀ ਇਕ ਮਸਤ ਹਾਥੀ ਵਾਂਗ ਵਿਰੋਧੀਆਂ ਨੂੰ ਕੁਚਲਦੇ ਚਲੇ ਗਏ।

ਗੁਜਰਾਤ ’ਚ ਤਾਂ ਉਨ੍ਹਾਂ ਕਮਾਲ ਹੀ ਕਰ ਦਿੱਤੀ। 182 ਸੀਟਾਂ ’ਚੋਂ 156 ’ਤੇ ਜਿੱਤ ਦਰਜ ਕਰਵਾ ਦਿੱਤੀ। ਵਿਰੋਧੀ ਧਿਰ ਬਿਲਕੁਲ ਢਹਿ-ਢੇਰੀ ਹੋ ਗਈ। ਵਿਰੋਧੀ ਧਿਰ ਵਲੋਂ ਮੋਦੀ ਵਿਰੁੱਧ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ। ਹਿਮਾਚਲ ’ਚ ਤਾਂ ਅਜਿਹੇ ਸਭ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ। ਗੁਜਰਾਤ ’ਚ ਇਕ ਅਜਿਹੀ ਪਾਰਟੀ ਸਿਰਫ 5 ਸੀਟਾਂ ’ਤੇ ਹੀ ਜਿੱਤਣ ’ਚ ਸਫਲ ਹੋਈ।

ਮੋਦੀ ਨੇ ਚੋਣ ਪ੍ਰਚਾਰ ’ਚ ਅਜਿਹੇ ਸਿਆਸੀ ਹਥਿਆਰ ਚਲਾਏ ਕਿ ਵਿਰੋਧੀ ਧਿਰ ਵਾਲੇ ਹੱਥ ਮਲਦੇ ਰਹਿ ਗਏ। ਕਮਾਲ ਦੀ ਚੋਣ ਮੁਹਿੰਮ ਚਲਾਈ। ਸਿਆਸਤਦਾਨ ਇਕ-ਦੂਜੇ ਦਾ ਮੂੰਹ ਵੇਖਦੇ ਰਹਿ ਗਏ। ਚੋਣ ਮੁਹਿੰਮ ਦੌਰਾਨ ਮੋਦੀ ਸਾਹਿਬ ਦੇ ਚਿਹਰੇ ’ਤੇ ਨਾ ਕੋਈ ਸ਼ਿਕਨ ਸੀ ਤੇ ਨਾ ਕੋਈ ਥਕਾਨ। ਹਰ ਪਲ ਤਰੋਤਾਜ਼ਾ ਨਜ਼ਰ ਆਉਂਦੇ। ਇਕ ਪੈਰ ਚੋਣ ਮੈਦਾਨ ’ਚ ਹੁੰਦਾ ਸੀ ਤਾਂ ਦੂਜਾ ਬੰਗਲਾਦੇਸ਼ ਜਾਂ ਇੰਡੋਨੇਸ਼ੀਆ ’ਚ। ਕਿਤੇ ਰੁਕਣਾ ਨਹੀਂ, ਕਿਤੇ ਝੁਕਣਾ ਨਹੀਂ।

ਗੁਜਰਾਤ ਦੀਆਂ ਚੋਣਾਂ ਦੇ ਨਤੀਜਿਆਂ ਨੇ ਤਾਂ ਇਸ ਵਾਰ ਸਭ ਰਿਕਾਰਡ ਹੀ ਤੋੜ ਦਿੱਤੇ। ਗੁਜਰਾਤ ਨੂੰ ਫਤਿਹ ਕਰਨ ਲਈ ਵਿਜੇ ਰੁਪਾਣੀ ਦਾ ਤਖਤਾ ਪਲਟਣਾ ਸੀ, ਇਹ ਤਾਂ ਸੋਚਿਆ ਹੀ ਨਹੀਂ। ਪਾਟੀਦਾਰ ਨੇਤਾ ਹਾਰਦਿਕ ਪਟੇਲ, ਅਨੁਸੂਚਿਤ ਜਾਤੀਆਂ ਦੇ ਕੁੰਵਰ ਜੀ ਬਾਵਲੀਆ, ਓ.ਬੀ.ਸੀ. ਨੇਤਾ ਅਲਪੇਸ਼ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕਰਵਾਇਆ, ਨੌਕਰੀਆਂ ਦਾ ਪ੍ਰਬੰਧ ਕੀਤਾ, ਸਹਿਕਾਰੀ ਸੁਸਾਇਟੀਆਂ ’ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਪਾਟੀਦਾਰ ਚਿਹਰੇ ਭੁਪੇਂਦਰ ਪਟੇਲ ਨੂੰ ਮੁੱਖ ਮੰਤਰੀ ਵਜੋਂ ਅੱਗੇ ਲਿਆਂਦਾ।

ਹਿੰਦੂਤਵ ਨੂੰ ਹਵਾ ਦਿੱਤੀ, ਗੁਜਰਾਤ ਨੂੰ ਦੰਗਾ ਰਹਿਤ ਕੀਤਾ, ਖੁਦ ਚੋਣ ਮੁਹਿੰਮ ਦੀ ਕਮਾਂਡ ਮੋਦੀ ਸਾਹਿਬ ਨੇ ਸੰਭਾਲੀ। ਆਮ ਆਦਮੀ ਪਾਰਟੀ ਨਾਲ ਨਜਿੱਠਣ ਲਈ ਔਜ਼ਾਰ ਤਿਆਰ ਕੀਤੇ ਅਤੇ ਗੁਜਰਾਤ ਦੀ ਅਸਥਿਰਤਾ ਦੀ ਦੁਹਾਈ ਦੇ ਕੇ ਚੋਣ ਜਿੱਤ ਲਈ। ਭਾਵੇਂ ਭਵਿੱਖਬਾਣੀਆਂ ਭਾਰਤੀ ਜਨਤਾ ਪਾਰਟੀ ਦੀ ਜਿੱਤ ਵੱਲ ਇਸ਼ਾਰ ਕਰ ਰਹੀਆਂ ਸਨ ਪਰ ਮੋਦੀ ਨੇ ਪ੍ਰਚਾਰ ’ਚ ਕੋਈ ਕਸਰ ਨਹੀਂ ਛੱਡੀ। 3 ਨਵੰਬਰ ਨੂੰ ਚੋਣਾਂ ਦੇ ਐਲਾਨ ਤੋਂ ਬਾਅਦ ਉਹ ਪੂਰੇ ਗੁਜਰਾਤ ’ਚ ਲਗਭਗ ਹਰ ਰੋਜ਼ ਰੈਲੀਆਂ ਅਤੇ ਰੋਡ ਸ਼ੋਅ ਕਰਦੇ ਰਹੇ। ਮੋਦੀ ਲਈ ਗੁਜਰਾਤ ਸਿਰਫ ਵੱਕਾਰ ਦੀ ਲੜਾਈ ਨਹੀਂ ਸੀ ਸਗੋਂ ਉਨ੍ਹਾਂ ਸਾਹਮਣੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਮਾਹੌਲ ਤਿਆਰ ਕਰਨਾ ਸੀ।

ਉਹ ਗੁਜਰਾਤ ਦੀਆਂ ਇਨ੍ਹਾਂ ਚੋਣਾਂ ਰਾਹੀਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਬਰਾਬਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੀ ਵੇਖ ਰਹੇ ਸਨ। ਪਿਛਲੇ 8 ਸਾਲਾਂ ’ਚ ਨਰਿੰਦਰ ਭਾਈ ਮੋਦੀ ਦੇ ਸਿਤਾਰੇ ਬੁਲੰਦੀਆਂ ’ਤੇ ਹਨ। ਇਸ ਦਾ ਕਾਰਨ ਇਹ ਹੈ ਕਿ ਵੋਟਰਾਂ ਨੇ ਮੋਦੀ ਦੀ ਸ਼ਖਸੀਅਤ ਵਿਚ ਇਕ ਮਜ਼ਬੂਤ ਅਤੇ ਫੈਸਲਾਕੁੰਨ ਨੇਤਾ ਦਾ ਅਕਸ ਦੇਖਿਆ ਹੈ। ਮੋਦੀ ਸਾਹਿਬ ਹਿੰਦੂਤਵ ਹਮਾਇਤੀ ਤਾਂ ਹਨ ਹੀ, ਨਾਲ ਹੀ ਵਿਕਾਸ ਦੇ ਮਸੀਹਾ ਵੀ ਬਣ ਗਏ ਹਨ।

ਹੁਣ ਆਉਂਦੇ ਹਾਂ ਕਾਂਗਰਸ ਵੱਲ। ਗੁਜਰਾਤ ’ਚ ਕਾਂਗਰਸ ਨੇ ਚੋਣ ਲੜੀ ਹੀ ਨਹੀਂ। ਉਸ ਦਾ ਕੋਈ ਵੀ ਵੱਡਾ ਨੇਤਾ ਗੁਜਰਾਤ ਦੀਆਂ ਚੋਣਾਂ ’ਚ ਗਿਆ ਹੀ ਨਹੀਂ। ਰਾਹੁਲ ਗਾਂਧੀ ਆਪਣੀ ‘ਭਾਰਤ ਜੋੜੋ ਯਾਤਰਾ’ ’ਚ ਚਲਦੇ ਰਹੇ ਅਤੇ ਗੁਜਰਾਤ ਦੀਆਂ ਚੋਣਾਂ ਆਪਣੇ ਸਿਖਰ ’ਤੇ ਪਹੁੰਚ ਗਈਆਂ। ਜਿਥੇ ਕਾਂਗਰਸ ਮੋਦੀ ਸਾਹਿਬ ਨੂੰ ਮੰਦਾ ਬੋਲਣ ’ਚ ਲੱਗੀ ਸੀ, ਉਥੇ ਭਾਜਪਾ ਨੇ ਮੋਦੀ ਦੀ ਅਗਵਾਈ ’ਚ ਆਦਿਵਾਸੀਆਂ ਨੂੰ ਆਪਣੇ ਭਰੋਸੇ ’ਚ ਲੈ ਲਿਆ।

ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਦਰਿਆਵਾਂ ਨੂੰ ਜੋੜਣ ਦੀ ਕੋਈ ਯੋਜਨਾ ਨਹੀਂ। ਕਾਂਗਰਸ ਦੇ ਸਥਾਨਕ ਆਗੂ ਆਪਸ ਵਿਚ ਹੀ ਉਲਝੇ ਰਹੇ। ਰਾਹੁਲ ਗਾਂਧੀ ਨੇ ਵੱਡੀ ਹਿੰਮਤ ਵਿਖਾਈ ਅਤੇ ਆਪਣੀ ਯਾਤਰਾ ’ਚੋਂ ਸਮਾਂ ਕੱਢ ਕੇ ਸਿਰਫ ਰਸਮ ਪੂਰੀ ਕਰਨ ਲਈ ਇਕ-ਅੱਧਾ ਦਿਨ ਕਿਸੇ ਚੋਣ ਰੈਲੀ ’ਚ ਹਿੱਸਾ ਲਿਆ ਅਤੇ ਵਾਪਸ ਆ ਗਏ। ਚੋਣ ਮੁਹਿੰਮ ਨੂੰ ਕਾਂਗਰਸ ਸੰਭਾਲ ਹੀ ਨਹੀਂ ਸਕੀ। ਉਂਝ ਵੀ ਕਾਂਗਰਸ ਦਾ ਬਦਲ ਆਮ ਆਦਮੀ ਪਾਰਟੀ ਬਣਦੀ ਜਾ ਰਹੀ ਹੈ।

-ਮਾਸਟਰ ਮੋਹਨ ਲਾਲ
ਸਾਬਕਾ ਟ੍ਰਾਂਸਪੋਰਟ ਮੰਤਰੀ, ਪੰਜਾਬ


Mukesh

Content Editor

Related News