ਨਿਊਜ਼ ਚੈਨਲਾਂ ਨੂੰ ''ਤਮਾਸ਼ਾ'' ਨਾ ਬਣਾਓ

02/16/2019 6:43:39 AM

ਪਿਛਲੇ ਹਫਤੇ ਫਿਰ ਇਕ ਨਿਊਜ਼ ਚੈਨਲ ਦੇ ਐਡੀਟਰ-ਐਂਕਰ ਨੂੰ ਇਕ ਸਿਆਸੀ ਪਾਰਟੀ ਦੇ ਬੁਲਾਰੇ ਨੇ ਲਾਈਵ ਸਟੂਡੀਓ ਬਹਿਸ ਦੌਰਾਨ ਭੱਦੀਆਂ ਗਾਲ੍ਹਾਂ ਕੱਢੀਆਂ। ਪੂਰਾ ਸਮਾਜ ਇਸ ਸਮੇਂ ਨਿਊਜ਼ ਚੈਨਲਾਂ ਨੂੰ  ਅਸਿੱਧੀ ਨਫਰਤ ਤੇ ਪ੍ਰਤੱਖ ਤ੍ਰਿਸਕਾਰ ਦੀ ਭਾਵਨਾ ਨਾਲ ਦੇਖ ਰਿਹਾ ਹੈ। ਉਂਝ ਤਾਂ ਦੇਸ਼ ਦੀ ਹਰੇਕ ਰਸਮੀ ਜਾਂ ਗੈਰ-ਰਸਮੀ, ਸੰਵਿਧਾਨਿਕ ਜਾਂ ਸਮਾਜਿਕ, ਧਾਰਮਿਕ ਜਾਂ ਨਿੱਜੀ ਸੰਸਥਾ ਉੱਤੋਂ ਲੋਕਾਂ ਦਾ ਭਰੋਸਾ ਘਟਿਆ ਹੈ ਪਰ ਜਿੰਨੀ ਬੇਯਕੀਨੀ ਮੀਡੀਆ, ਖਾਸ ਕਰਕੇ ਨਿਊਜ਼ ਚੈਨਲਾਂ ਨੂੰ ਲੈ ਕੇ ਹੈ, ਉਹ ਸ਼ਾਇਦ ਪਿਛਲੇ ਦਹਾਕਿਆਂ 'ਚ ਕਦੇ ਨਹੀਂ ਰਹੀ। 
ਹਾਲ ਹੀ ਦੇ ਕੁਝ ਵਰ੍ਹਿਆਂ 'ਚ ਜਿੰਨਾ ਦੇਸ਼ ਦੇ ਲੋਕ 2 ਧੜਿਆਂ 'ਚ ਵੰਡੇ ਗਏ ਹਨ, ਓਨੀ ਹੀ ਇਹ ਬੇਯਕੀਨੀ ਲੋਕ-ਰੋਹ 'ਚ ਬਦਲਦੀ ਜਾ ਰਹੀ ਹੈ। ਜੇ ਇਹੋ ਸਥਿਤੀ ਰਹੀ ਤਾਂ ਟੀ. ਵੀ. ਰਿਪੋਰਟਰ ਨੂੰ ਕਿਸੇ ਘਟਨਾ ਦੀ ਕਵਰੇਜ ਵੇਲੇ 'ਪੀਸ-ਟੂ-ਕੈਮਰਾ' (ਪੀ. ਟੀ. ਸੀ.) ਵੀ ਬੰਦ ਗੱਡੀ 'ਚ ਕਰਨਾ ਪਵੇਗਾ। 
ਇਸ ਬੇਯਕੀਨੀ ਲਈ ਜ਼ਿੰਮੇਵਾਰ ਕੌਣ ਹੈ? ਬਾਜ਼ਾਰ 'ਚ ਬਣੇ ਰਹਿਣ ਲਈ ਇਲੈਕਟ੍ਰਾਨਿਕ ਮੀਡੀਆ ਬਿਹਤਰ ਅਤੇ ਲੋਕ-ਹਿੱਤ ਦੀਆਂ ਖ਼ਬਰਾਂ ਦੇਣ ਦੀ  ਬਜਾਏ ਚਟਖਾਰੇ ਵਾਲੀਆਂ ਖ਼ਬਰਾਂ ਦੇਣ ਦਾ ਆਦੀ ਹੋ ਗਿਆ ਹੈ। ਇਸ 'ਚ ਨਾ ਗਿਆਨ ਦੀ ਲੋੜ ਹੈ, ਨਾ ਖ਼ਬਰ ਇਕੱਠੀ ਕਰਨ ਲਈ ਲੋੜੀਂਦੀ ਮਿਹਨਤ ਦੀ ਅਤੇ ਨਾਲ ਹੀ ਵਿਜ਼ੁਅਲਸ ਵੀ ਮੁਫਤ 'ਚ ਮਿਲ ਜਾਂਦੇ ਹਨ। ਹੌਲੀ-ਹੌਲੀ ਨਿਊਜ਼ ਰੂਮ ਇਕ ਮੱਛੀ ਬਾਜ਼ਾਰ ਦੇ ਰੌਲੇ 'ਚ ਬਦਲ ਗਿਆ ਹੈ, ਜੋ ਇਕ ਜ਼ਮਾਨੇ 'ਚ ਗਿਆਨ ਆਧਾਰਿਤ ਖ਼ਬਰਾਂ ਦੀ ਅਹਿਮੀਅਤ 'ਤੇ ਚਰਚਾ ਕਰ ਕੇ ਫੈਸਲਾ ਲੈਂਦਾ ਸੀ। 
ਦੋ ਸਾਨ੍ਹਾਂ ਦੀ ਲੜਾਈ ਦਾ ਇਕ ਵਿਜ਼ੁਅਲ ਸੋਸ਼ਲ ਮੀਡੀਆ ਤੋਂ ਚੁੱਕ ਲਿਆ ਤੇ ਉਸ ਨੂੰ 1 ਘੰਟੇ ਤਕ ਚਲਾ ਦਿੱਤਾ–ਇਹ ਨਿਊਜ਼ ਰੂਮ ਦੀ ਆਮ ਭਾਸ਼ਾ ਹੈ। ਅਜਿਹੀਆਂ ਚੀਜ਼ਾਂ ਜਿੰਨੀ ਜ਼ਿਆਦਾ ਦੇਰ ਚਲਾਉਣ ਦੀ ਸਮਰੱਥਾ, ਓਨੀ ਹੀ ਜ਼ਿਆਦਾ ਉਸ ਦੇ ਟੀ. ਵੀ. ਪੱਤਰਕਾਰ ਹੋਣ 'ਤੇ ਮੋਹਰ, ਭਾਵ ਓਨੀ ਹੀ ਜ਼ਿਆਦਾ ਮਾਰਕੀਟ ਵੈਲਿਊ ਅਤੇ ਤਨਖਾਹ। 
ਬੋਲਣ 'ਚ ਡਰਾਮੇਬਾਜ਼ੀ
ਕਸ਼ਮੀਰ 'ਚ ਪੁਲਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਫਲਾਣੇ ਐਂਕਰ ਦੀ ਆਵਾਜ਼ ਤਿੱਖੀ ਹੈ ਅਤੇ ਡ੍ਰਾਮੈਟਿਕ ਡਿਸ਼ਕਨ (ਬੋਲਣ 'ਚ ਡਰਾਮੇਬਾਜ਼ੀ) ਵੀ ਕਰਦਾ/ਕਰਦੀ ਹੈ, ਉਸ ਨੂੰ ਐਂਕਰਿੰਗ ਕਰਨ ਲਈ ਕਹੋ–ਇਹ ਹੁਕਮ ਕੋਈ ਹੋਰ ਨਹੀਂ, ਸਗੋਂ ਸੰਪਾਦਕ ਦਿੰਦਾ ਹੈ ਅਤੇ ਜੇ ਐਂਕਰ ਖ਼ੁਦ ਸੰਪਾਦਕ ਵੀ ਹੈ ਤਾਂ ਉਸ ਨੂੰ ਭੁਲੇਖਾ ਹੁੰਦਾ ਹੈ ਕਿ ਇਹ ਦੇਸ਼ ਉਸੇ ਦੇ ਭਰੋਸੇ ਬਚ ਸਕੇਗਾ। ਲਿਹਾਜ਼ਾ ਰਾਸ਼ਟਰ ਪ੍ਰੇਮ ਦੀ 'ਹੈਵੀ ਡੋਜ਼' ਬਹਿਸ ਦੇ ਸ਼ੁਰੂ 'ਚ ਦਰਸ਼ਕਾਂ ਨੂੰ ਪਿਆਏਗਾ ਅਤੇ ਫਿਰ ਖਾ ਜਾਣ ਵਾਲੀ ਭਾਵਨਾ 'ਚ ਵਿਰੋਧੀ ਧਿਰ ਵਾਲਿਆਂ 'ਤੇ ਸਵਾਲ ਦਾਗੇਗਾ। 
ਅਜਿਹੀ ਆਵਾਜ਼ ਤੇ ਡਰਾਮਾ ਪੈਦਾ ਕਰਨਾ ਮੌਜੂਦਾ ਐਂਕਰ-ਐਡੀਟਰ ਦੀ ਬੌਧਿਕ ਸਮਰੱਥਾ ਦਾ ਸਮ-ਅਰਥਕ ਬਣ ਗਿਆ ਹੈ। ਐਂਕਰ ਨੇ ਕਿਉਂਕਿ 1 ਘੰਟਾ ਇਸ ਵਿਜ਼ੁਅਲ 'ਤੇ ਰਹਿਣਾ ਹੁੰਦਾ ਹੈ, ਇਸ ਲਈ ਰਿਪੋਰਟਰ ਨੂੰ ਕਿਹਾ ਜਾਂਦਾ ਹੈ ਕਿ ਦੋ ਸਾਨ੍ਹਾਂ ਦੀ ਲੜਾਈ ਦਾ ਵਿਜ਼ੁਅਲ ਸੋਸ਼ਲ ਮੀਡੀਆ ਤੋਂ ਮਿਲ ਗਿਆ ਹੈ, ਤੂੰ ਕਿਸੇ ਗਊਆਂ-ਮੱਝਾਂ ਦੇ ਝੁੰਡ ਨੇੜੇ ਖੜ੍ਹਾ ਹੋ ਜਾ। ਫਿਰ ਐਂਕਰ ਉਸ ਨੂੰ ਸੁਆਲ ਕਰਦੀ ਹੈ, ''ਇਹ ਦੱਸੋ ਕਿ ਦੋਹਾਂ ਸਾਨ੍ਹਾਂ ਦਾ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ?'' ਹੁਣ ਰਿਪੋਰਟਰ ਆਪਣੀ ਕਲਪਨਾ ਦੀ ਉਡਾਰੀ ਨੂੰ ਰਫਤਾਰ ਦਿੰਦਾ ਹੋਇਆ ਵਜ੍ਹਾ ਦੱਸਦਾ ਹੈ, ਆਪਣੀ ਸੱਭਿਅਤਾ ਅਤੇ ਗਿਆਨ ਮੁਤਾਬਿਕ।
ਖ਼ੈਰ, ਗੱਲ ਇਥੋਂ ਤਕ ਹੁੰਦੀ ਤਾਂ ਦਰਸ਼ਕਾਂ ਨੂੰ ਸ਼ਾਇਦ ਕੁਝ ਮਜ਼ਾ ਆਉਂਦਾ। ਘੱਟੋ-ਘੱਟ ਰਿਪੋਰਟਰ-ਐਂਕਰ ਸੰਵਾਦ ਦੇ ਇਸ ਹੋਛੇਪਣ ਨੂੰ ਲੈ ਕੇ ਜਾਂ ਫਿਰ ਆਪਣੇ ਆਮ ਗਿਆਨ ਅਤੇ ਬਚਪਨ 'ਚ ਉਸ ਨੇ ਮਾਂ-ਬਾਪ ਤੋਂ ਨਜ਼ਰਾਂ ਚੁਰਾ ਕੇ ਜੋ ਜਾਣਕਾਰੀ ਹਾਸਿਲ ਕੀਤੀ ਸੀ, ਉਸ ਨੂੰ ਇਸਤੇਮਾਲ ਕਰਦਿਆਂ ਖ਼ੁਦ ਸਾਨ੍ਹਾਂ ਦੇ ਲੜਨ ਦੀ 'ਅਸਲੀ ਵਜ੍ਹਾ' ਦੱਸ ਕੇ ਕੁਝ ਮਨੋਰੰਜਨ ਕਰ ਲੈਂਦਾ ਹੈ। 
ਸੁੱਘੜਤਾ ਦੀਆਂ ਹੱਦਾਂ ਪਾਰ
ਪਰ ਹਾਲ ਹੀ ਦੇ ਦੌਰ 'ਚ ਪੱਤਰਕਾਰੀ ਦੇ ਪੈਮਾਨਿਆਂ ਤੇ ਵਿਵਹਾਰਿਕ ਸੁੱਘੜਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਇਕ ਨਵੇਂ ਚੈਨਲ ਦੇ ਸੰਪਾਦਕ-ਐਂਕਰ ਨੇ ਸ਼ਾਮ ਦੀ ਸਟੂਡੀਓ ਬਹਿਸ 'ਚ ਦੱਸਿਆ, ''ਸਾਡੇ ਸੱਜੇ ਪਾਸੇ ਜੋ ਚਾਰ ਜਣੇ ਬੈਠੇ ਹਨ, ਉਹ ਅੱਜ ਦੇ ਮੁੱਦੇ 'ਤੇ ਸਾਡੇ ਨਾਲ ਹਨ ਅਤੇ ਜੋ ਖੱਬੇ ਪਾਸੇ ਬੈਠੇ ਹਨ, ਉਹ ਸਾਡੇ ਵਿਰੁੱਧ ਹਨ।'' 
ਥੋੜ੍ਹੀ ਦੇਰ 'ਚ ਸਕ੍ਰੀਨ 'ਤੇ ਵੀ ਇਹ ਲਿਖ ਕੇ ਆਉਣ ਲੱਗਾ, ਜੋ ਪੂਰਾ ਅੱਧਾ ਘੰਟਾ ਚੱਲੀ ਬਹਿਸ 'ਚ ਲਗਾਤਾਰ ਦਿਖਾਇਆ ਗਿਆ। ਯਕੀਨ ਨਹੀਂ ਹੁੰਦਾ ਕਿ ਪਤਨ ਦੀ ਕਿਹੜੀ ਹੱਦ ਹੈ, ਜਿੱਥੇ ਇਹ ਸਭ ਕੁਝ ਜਾ ਕੇ ਰੁਕੇਗਾ, ਜੇ ਕਿਤੇ ਰੁਕਿਆ ਤਾਂ। ਪੂਰੀ ਦੁਨੀਆ 'ਚ ਪੱਤਰਕਾਰੀ ਨੂੰ ਕਿਸੇ ਲੋਕਤੰਤਰ ਦਾ ਲਾਜ਼ਮੀ ਤੱਤ ਮੰਨਿਆ ਜਾਂਦਾ ਹੈ ਪਰ ਜੇ ਇਕ ਐਂਕਰ-ਐਡੀਟਰ ਇਹ ਦੱਸ ਕੇ ਮੁੱਦਾ ਸ਼ੁਰੂ ਕਰੇ ਕਿ ਉਹ ਕਿਸ ਪੱਖ ਦਾ ਹੈ ਤਾਂ ਉਹ ਚੈਨਲ ਵੀ ਲੋਕਾਂ ਦਾ ਭਰੋਸਾ ਗੁਆਉਣ ਲੱਗਦਾ ਹੈ। 
ਸੰਭਵ ਹੈ ਕਿ ਅੱਜ ਜਿਸ ਤਰ੍ਹਾਂ ਪੂਰਾ ਭਾਰਤੀ ਸਮਾਜ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ, ਇਸ ਚੈਨਲ ਨੂੰ ਉੱਚੀ ਟੀ. ਆਰ. ਪੀ. ਮਿਲ ਜਾਵੇ ਅਤੇ ਉਸ ਦੀ ਮਾਰਕੀਟ ਵੈਲਿਊ ਵੀ ਵਧ ਜਾਵੇ ਪਰ ਅੱਜ ਤੋਂ ਕੁਝ ਮਹੀਨਿਆਂ ਜਾਂ ਕੁਝ ਸਾਲਾਂ ਬਾਅਦ ਸ਼ਾਇਦ ਲੋਕ ਨਿਊਜ਼ ਚੈਨਲ ਦੇਖਣੇ ਬੰਦ ਕਰ ਦੇਣਗੇ ਕਿਉਂਕਿ ਉਨ੍ਹਾਂ ਦੀ ਭਰੋਸੇਯੋਗਤਾ ਆਪਣੇ ਆਪ ਹੀ ਖਤਮ ਹੋ ਜਾਵੇਗੀ ਅਤੇ ਦਰਸ਼ਕਾਂ ਨੂੰ ਮਨੋਰੰਜਨ ਚੈਨਲ ਦੇਖ ਕੇ ਜ਼ਿਆਦਾ ਮਜ਼ਾ ਆਵੇਗਾ। 
ਫਿਰ ਬੌਧਿਕ ਖੁਰਾਕ ਲਈ ਦਰਸ਼ਕ ਕਿਸੇ ਹੋਰ ਤਰੀਕੇ ਨੂੰ ਲੱਭਣਗੇ। ਸ਼ਾਇਦ ਮੁੜ ਅਖ਼ਬਾਰਾਂ ਵੱਲ, ਜਿਥੇ ਉਨ੍ਹਾਂ ਨੂੰ ਘੱਟੋ-ਘੱਟ ਜਨਹਿੱਤ ਦੇ ਵਿਸ਼ੇ-ਵਸਤੂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲ ਸਕੇਗੀ। ਦਰਸ਼ਕਾਂ ਨੂੰ ਨਿਊਜ਼ ਚੈਨਲ ਦੇ ਨੀਮ-ਭੰਡਪੁਣੇ ਨਾਲੋਂ ਅਸਲੀ ਮਨੋਰੰਜਨ ਚੈਨਲਾਂ ਦੇ ਪ੍ਰੋਗਰਾਮ ਦੇਖਣਾ ਜ਼ਿਆਦਾ ਚੰਗਾ ਲੱਗੇਗਾ। 
ਹਾਲ ਹੀ ਦੇ ਦੌਰ 'ਚ ਚੈਨਲ ਦੇ ਕੁਝ ਸੰਪਾਦਕਾਂ ਨੇ ਆਪਣੇ ਪ੍ਰੋਗਰਾਮ 'ਚ ਇਹ ਵੀ ਸ਼ੁਰੂ ਕੀਤਾ ਹੈ ਕਿ ਦਿੱਲੀ ਦੇ ਖੁਸ਼ਹਾਲ ਸੰਪਾਦਕ ਕਿਵੇਂ ਡ੍ਰਾਇੰਗ ਰੂਮ 'ਚ ਬੈਠੇ ਪੱਤਰਕਾਰੀ ਕਰਦੇ ਹਨ। ਇਨ੍ਹਾਂ ਦਾ ਦਾਅਵਾ ਹੁੰਦਾ ਹੈ ਕਿ ਸਿਰਫ ਉਹੀ ਫੀਲਡ 'ਚ ਜਾ ਕੇ ਲੋਕਾਂ ਦੇ ਦੁੱਖ-ਦਰਦ ਜਾਣਦੇ ਹਨ ਅਤੇ ਦਰਸ਼ਕਾਂ ਸਾਹਮਣੇ ਤੱਥਾਂ ਨੂੰ ਪਰੋਸਦੇ ਹਨ। 
ਕਦੇ ਸਬਜ਼ੀ ਮੰਡੀ ਜਾਓ ਅਤੇ ਠੇਲੇ 'ਤੇ ਸਬਜ਼ੀ ਜਾਂ ਕੋਈ ਹੋਰ ਸਾਮਾਨ ਵੇਚਣ ਵਾਲੇ ਕੋਲੋਂ ਲੰਘੋ, ਉਹ ਆਪਣੇ ਮਾਲ ਨੂੰ ਦੁਨੀਆ ਦਾ ਬਿਹਤਰੀਨ ਮਾਲ ਦੱਸੇਗਾ ਅਤੇ ਨਾਲ ਵਾਲੇ ਠੇਲੇ ਦੇ ਮਾਲ ਨੂੰ ਘਟੀਆ ਦੱਸੇਗਾ। ਅਜਿਹਾ ਕਰਨ ਨਾਲ ਉਸ ਦੀ ਆਵਾਜ਼ ਬੁਲੰਦ ਹੋ ਜਾਂਦੀ ਹੈ। ਐਂਕਰ ਵੀ ਕੁਝ ਇਸੇ ਤਰ੍ਹਾਂ ਆਪਣੀ ਆਮ ਆਵਾਜ਼ ਨੂੰ 'ਹਾਫ ਟੋਨ' ਉਪਰ ਲਿਜਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਨ ਅਤੇ ਮਹਿਲਾ ਐਂਕਰਾਂ ਨੂੰ ਵੀ ਕਹਿੰਦੇ ਹਨ ਉਹ ਸਫਲ ਹੋਣ ਲਈ ਚੀਕਣ-ਚਿੱਲਾਉਣ।
ਅਧੂਰੀ ਜਾਣਕਾਰੀ
ਇਸ ਦੀ ਇਕ ਵੰਨਗੀ ਦੇਖੋ, ਸਭ ਜਾਣਦੇ ਹਨ ਕਿ ਰਾਫੇਲ ਡੀਲ 91 ਕਰੋੜ ਵੋਟਰਾਂ ਵਾਲੇ ਦੇਸ਼ ਦੀਆਂ ਆਮ ਚੋਣਾਂ 'ਚ ਇਕ ਵੱਡਾ ਮੁੱਦਾ ਬਣੇਗੀ। ਪੱਤਰਕਾਰੀ ਦੇ ਮੌਲਿਕ ਤਕਾਜ਼ੇ ਦੇ ਤਹਿਤ ਇਹ ਜ਼ਰੂਰੀ ਹੈ ਕਿ ਖ਼ਬਰਾਂ ਦੀ ਦੁਨੀਆ ਦਾ ਹਰੇਕ ਆਦਮੀ, ਖਾਸ ਕਰਕੇ ਸੰਪਾਦਕ ਸੁਪਰੀਮ ਕੋਰਟ ਦੇ ਫੈਸਲੇ, ਕੈਗ ਦੀ ਰਿਪੋਰਟ ਹੀ ਨਹੀਂ, ਰੱਖਿਆ ਸੌਦੇ ਦੇ ਹਰ ਪਹਿਲੂ ਨੂੰ ਜਾਂਚੇ ਪਰ ਜਿਸ ਦਿਨ ਕੈਗ ਦੀ ਰਿਪੋਰਟ ਸੰਸਦ ਦੇ ਸਦਨਾਂ 'ਚ ਰੱਖੀ ਜਾ ਰਹੀ ਸੀ, ਸ਼ਾਇਦ ਹੀ ਕਿਸੇ ਟੀ. ਵੀ. ਸੰਪਾਦਕ ਨੇ ਉਸ ਨੂੰ ਪੜ੍ਹਿਆ ਹੋਵੇ। 
ਇਸ ਦੀ ਥਾਂ ਉਨ੍ਹਾਂ ਨੇ ਨੇਤਾਵਾਂ ਵਲੋਂ ਅਧੂਰੀ ਅਤੇ ਦਲੀਲ ਰਹਿਤ ਜਾਣਕਾਰੀ 'ਤੇ ਚਰਚਾ ਕੀਤੀ। ਜੇ ਐਡੀਟਰ ਰਾਸ਼ਟਰਵਾਦੀ ਸੀ ਤਾਂ ਉਸ ਨੇ ਵਿਰੋਧੀ ਧਿਰ ਨੂੰ ਰਾਸ਼ਟਰ ਧ੍ਰੋਹੀ ਕਰਾਰ ਦੇ ਦਿੱਤਾ ਅਤੇ ਜੇ ਉਹ ਦੂਜੇ ਧੜੇ ਦਾ ਸੀ ਤਾਂ ਉਸ ਨੇ ਇਸ ਨੂੰ ਭ੍ਰਿਸ਼ਟਾਚਾਰ ਦੱਸਿਆ ਤੇ ਦੇਸ਼ ਦੀ ਸੁਰੱਖਿਆ ਨਾਲ ਮੌਜੂਦਾ ਸਰਕਾਰ ਵਲੋਂ ਕੀਤਾ ਗਿਆ ਖਿਲਵਾੜ ਕਰਾਰ ਦਿੱਤਾ। 
ਇਕ ਅਜਿਹੇ ਦੌਰ 'ਚ, ਜਿਥੇ ਹਰੇਕ ਸੰਸਥਾ ਸਮਾਜਿਕ ਜ਼ਿੰਮੇਵਾਰੀ ਦੇ ਮਾਮਲੇ 'ਚ ਹੇਠਾਂ ਡਿਗੀ ਹੈ, ਇਕ ਅਜਿਹੇ ਸਮੇਂ 'ਤੇ ਜਦੋਂ ਦੇਸ਼ ਦੋ ਆਪਾ-ਵਿਰੋਧੀ ਵਿਚਾਰਧਾਰਾਵਾਂ 'ਚ ਇਸ ਤਰ੍ਹਾਂ ਵੰਡਿਆ ਗਿਆ ਹੈ ਕਿ ਸਪੱਸ਼ਟ ਸੋਚ ਵਾਲੇ ਲੋਕਾਂ ਲਈ ਕੋਈ ਜਗ੍ਹਾ ਹੀ ਨਹੀਂ ਬਚੀ ਹੈ, ਘਰ-ਘਰ ਤਕ ਜਾਣ ਵਾਲੇ ਨਿਊਜ਼ ਚੈਨਲਾਂ 'ਤੇ ਇਕ ਬੋਝ ਸੀ ਸਮਾਜ ਨੂੰ ਨਿਰਪੱਖ ਭਾਵਨਾ ਨਾਲ ਸੱਚ ਦੱਸਣ ਦਾ ਜਾਂ ਘੱਟੋ-ਘੱਟ 2 ਧਿਰਾਂ ਦੇ ਤੱਥਾਂ ਨੂੰ ਬੇਬਾਕੀ ਨਾਲ ਪੇਸ਼ ਕਰਨ ਦਾ ਪਰ ਸੰਪਾਦਕਾਂ ਨੂੰ ਅਧਿਐਨ ਤੋਂ ਜ਼ਿਆਦਾ ਸੌਖਾ ਅਤੇ ਫਾਇਦੇਮੰਦ ਲੱਗਦਾ ਹੈ ਡਰਾਮੇਬਾਜ਼ੀ ਕਰਨਾ ਜਾਂ ਕਿਸੇ ਧਿਰ ਦੇ ਪੱਖ 'ਚ ਬੋਲਣਾ।                  


Bharat Thapa

Content Editor

Related News