ਮੋਦੀ ਦੀ ਇਤਿਹਾਸਿਕ ਇਸਰਾਈਲ ਯਾਤਰਾ

07/11/2017 6:51:35 AM

ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰਾਈਲ ਦੀ 3 ਦਿਨਾ  ਯਾਤਰਾ ਕੀਤੀ। ਆਉਣ ਵਾਲੇ ਦਿਨਾਂ 'ਚ ਸਿਆਸੀ ਪੰਡਿਤ ਅਤੇ ਵਿਸ਼ਲੇਸ਼ਕ ਉਨ੍ਹਾਂ ਦੀ ਇਸ ਯਾਤਰਾ ਦੀ ਸਮੀਖਿਆ ਤੇ ਵਿਆਖਿਆ ਕਰਨਗੇ। ਇਹ ਸੁਭਾਵਿਕ ਵੀ ਹੈ ਕਿਉਂਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਿਛਲੇ 70 ਸਾਲਾਂ 'ਚ ਇਹ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੀ ਪਹਿਲੀ ਇਸਰਾਈਲ ਯਾਤਰਾ ਸੀ। ਇਸਰਾਈਲ ਨਾਲ ਭਾਰਤ ਦੇ ਕੂਟਨੀਤਕ ਸੰਬੰਧ ਕਾਇਮ ਹੋਣ ਦੇ 25 ਸਾਲ ਪੂਰੇ ਹੋਣ 'ਤੇ ਇਹ ਯਾਤਰਾ ਕਾਫੀ ਢੁੱਕਵੀਂ ਹੈ। 
ਭਾਰਤ ਵਿਚ ਇਕ ਸਿਹਤਮੰਦ ਰਵਾਇਤ ਰਹੀ ਹੈ ਕਿ ਵਿਦੇਸ਼ ਨੀਤੀ ਦੇ ਖੇਤਰ ਵਿਚ ਸਰਕਾਰ ਜੋ ਵੀ ਫੈਸਲਾ ਕਰਦੀ ਹੈ, ਵਿਰੋਧੀ ਧਿਰ ਉਸ ਦਾ ਨਾਜਾਇਜ਼ ਵਿਰੋਧ ਨਹੀਂ ਕਰਦੀ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਮੋਦੀ ਦਾ ਦੌਰਾ ਖਤਮ ਹੋਣ ਤੋਂ ਪਹਿਲਾਂ ਹੀ ਕੇਰਲਾ ਦੇ ਕਮਿਊਨਿਸਟ ਮੁੱਖ ਮੰਤਰੀ ਪੀ. ਵਿਜਯਨ ਅਤੇ ਸੰਸਦ ਮੈਂਬਰ ਓਵੈਸੀ ਨੇ ਸਿੱਧੇ ਸ਼ਬਦਾਂ ਵਿਚ ਇਸ ਦੌਰੇ ਦੀ ਨਿੰਦਾ ਕੀਤੀ, ਜਦਕਿ ਕਾਂਗਰਸ ਨੇ ਅਸਿੱਧੇ ਤੌਰ 'ਤੇ ਫਿਲਸਤੀਨ ਨਾਲ ਸੰਬੰਧਾਂ ਦੀ ਦੁਹਾਈ ਦਿੰਦਿਆਂ ਇਸ 'ਤੇ ਸਵਾਲ ਖੜ੍ਹੇ ਕੀਤੇ। 
ਇਹ ਹਾਸੋਹੀਣਾ ਹੀ ਹੈ ਕਿ ਕੇਰਲਾ ਦੇ ਮੁੱਖ ਮੰਤਰੀ ਸੂਬੇ ਦੇ ਨੌਜਵਾਨਾਂ ਨੂੰ ਲੈ ਕੇ ਚਿੰਤਤ ਨਹੀਂ, ਜਿਨ੍ਹਾਂ ਦਾ ਰੁਝਾਨ ਆਈ. ਐੱਸ. ਆਈ. ਐੱਸ. ਵੱਲ ਹੈ, ਨਾ ਹੀ ਉਨ੍ਹਾਂ ਨੂੰ ਚੀਨ ਦੀ ਧੌਂਸਬਾਜ਼ੀ ਅਤੇ ਘੁਸਪੈਠ 'ਤੇ ਕੋਈ ਇਤਰਾਜ਼ ਹੈ ਪਰ ਮੁਸਲਿਮ ਤੁਸ਼ਟੀਕਰਨ ਕਾਰਨ ਉਹ ਮੋਦੀ ਦੀ ਯਾਤਰਾ ਤੇ ਭਾਰਤ-ਇਸਰਾਈਲ ਸੰਬੰਧਾਂ 'ਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ, ਉਹ ਕਿਸੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ।
ਜੇਕਰ ਭਾਰਤ-ਇਸਰਾਈਲ ਸੰਬੰਧਾਂ ਨੂੰ ਦੇਖੀਏ ਤਾਂ ਇਹ ਸਦੀਆਂ ਪੁਰਾਣੇ ਹਨ। ਲੱਗਭਗ 1800 ਸਾਲ ਪਹਿਲਾਂ ਯਹੂਦੀ ਸਾਮਰਾਜ ਦੇ ਪਤਨ ਤੋਂ ਬਾਅਦ ਜਦੋਂ ਯਹੂਦੀਆਂ 'ਤੇ ਅੱਤਿਆਚਾਰ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਦੁਨੀਆ ਦੇ ਕਈ ਦੇਸ਼ਾਂ 'ਚ ਪਲਾਇਨ ਕੀਤਾ। ਕੁਝ ਯਹੂਦੀ ਕੇਰਲਾ ਦੇ ਤੱਟ 'ਤੇ ਵੀ ਉਤਰੇ। ਉਨ੍ਹਾਂ ਦੇ ਜਾਨਸ਼ੀਨ ਅੱਜ ਵੀ ਮੰਨਦੇ ਹਨ ਕਿ ਦੁਨੀਆ 'ਚ ਭਾਰਤ ਹੀ ਇਕੋ-ਇਕ ਅਜਿਹਾ ਦੇਸ਼ ਸੀ, ਜਿਥੇ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਵੀ ਮਿਲੀ ਰਹੀ ਅਤੇ ਉਨ੍ਹਾਂ ਨਾਲ ਕੋਈ ਵਿਤਕਰਾ/ਅੱਤਿਆਚਾਰ ਨਹੀਂ ਹੋਇਆ।
ਦੂਜੀ ਸੰਸਾਰ ਜੰਗ ਤੋਂ ਬਾਅਦ ਜਦੋਂ ਬ੍ਰਿਟੇਨ ਨੇ ਮੱਧ ਪੂਰਬ 'ਚ ਯਹੂਦੀਆਂ ਦੇ ਸੁਭਾਵਿਕ ਦਾਅਵੇ ਦੇ ਅਨੁਕੂਲ ਇਕ ਵੱਖਰਾ ਦੇਸ਼ ਬਣਾਉਣ ਦੀ ਦਿਸ਼ਾ 'ਚ ਕਦਮ ਚੁੱਕਿਆ ਤਾਂ ਤੱਤਕਾਲੀ ਕਾਂਗਰਸ ਪਾਰਟੀ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ, ਜੋ ਉਦੋਂ ਮਹਾਤਮਾ ਗਾਂਧੀ ਤੇ ਪੰ. ਨਹਿਰੂ ਦੀ ਅਗਵਾਈ ਹੇਠ ਮੁਸਲਿਮ ਤੁਸ਼ਟੀਕਰਨ ਦੀ ਨੀਤੀ 'ਤੇ ਚੱਲਦੀ ਸੀ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦੂਜੇ ਸਰਸੰਘਚਾਲਕ ਸ਼੍ਰੀ ਗੋਲਵਲਕਰ, ਹਿੰਦੂ ਮਹਾਸਭਾ ਦੇ ਨੇਤਾ ਅਤੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਵੀਰ ਸਾਵਰਕਰ ਨੇ ਇਸ ਨਵੇਂ ਬਣਨ ਜਾ ਰਹੇ ਯਹੂਦੀ ਰਾਸ਼ਟਰ ਨੂੰ ਖੁੱਲ੍ਹ ਕੇ ਜਨਤਕ ਸਮਰਥਨ ਦਿੱਤਾ ਸੀ। 
1948 'ਚ ਇਸਰਾਈਲ ਦੀ ਸਥਾਪਨਾ ਦੇ ਸਮੇਂ ਅਤੇ 1950 'ਚ ਸੰਯੁਕਤ ਰਾਸ਼ਟਰ ਵਿਚ ਉਸ ਦੀ ਮੈਂਬਰੀ ਦੇ ਸਮੇਂ ਵੀ ਤੱਤਕਾਲੀ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਇਸ ਦਾ ਵਿਰੋਧ ਕੀਤਾ। ਠੰਡੀ ਜੰਗ ਦੇ ਦੌਰ ਵਿਚ ਨਹਿਰੂ-ਗਾਂਧੀ ਪਰਿਵਾਰ ਸੱਤਾ ਵਿਚ ਸੀ ਤੇ ਗੁੱਟ ਨਿਰਲੇਪ ਅੰਦੋਲਨ ਕਾਰਨ ਭਾਰਤ ਦੀ ਵਿਦੇਸ਼ ਨੀਤੀ ਫਿਲਸਤੀਨੀ ਪ੍ਰਭਾਵ ਹੇਠ ਰਹੀ। 
80-90 ਦੇ ਦਹਾਕੇ 'ਚ ਬਲੈਕ ਐਂਡ ਵ੍ਹਾਈਟ ਟੀ. ਵੀ. 'ਤੇ ਇਹ ਦ੍ਰਿਸ਼ ਆਮ ਦੇਖਣ ਨੂੰ ਮਿਲਦਾ ਸੀ, ਜਦੋਂ ਫੌਜੀ ਵਰਦੀ ਵਿਚ ਯਾਸਿਰ ਅਰਾਫਾਤ ਨੂੰ ਭਾਰਤ ਵਿਚ ਇਕ ਰਾਸ਼ਟਰ ਦੇ ਮੁਖੀ ਵਰਗਾ ਸਨਮਾਨ ਮਿਲਦਾ ਸੀ। ਪੀ. ਵੀ. ਨਰਸਿਮ੍ਹਾ ਰਾਓ ਦੇ ਪ੍ਰਧਾਨ ਮੰਤਰੀ ਬਣਨ 'ਤੇ ਆਰ. ਐੱਸ. ਐੱਸ. ਦੇ ਸੀਨੀਅਰ ਨੇਤਾ ਸ਼੍ਰੀ ਭਾਊਰਾਓ ਦੇਵਰਸ ਅਤੇ ਭਾਜਪਾ ਦੇ ਤੱਤਕਾਲੀ ਪ੍ਰਧਾਨ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਯਤਨਾਂ ਨਾਲ ਭਾਰਤ-ਇਸਰਾਈਲ ਸੰਬੰਧਾਂ ਦੀ ਸਮੀਖਿਆ ਲਈ ਇਕ ਮੰਤਰੀ ਸਮੂਹ ਬਣਿਆ, ਜਿਸ ਦੇ ਸਿੱਟੇ ਵਜੋਂ 1992 'ਚ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧ ਕਾਇਮ ਹੋਏ। 
ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ 6 ਸਾਲ ਚੱਲੀ ਰਾਜਗ ਸਰਕਾਰ ਦੇ ਸਮੇਂ 2003 'ਚ ਪਹਿਲੀ ਵਾਰ ਇਸਰਾਈਲ ਦੇ ਪ੍ਰਧਾਨ ਮੰਤਰੀ ਸ਼ਿਮੋਨ ਪੈਰੇਜ਼ ਨੇ ਭਾਰਤ ਦੀ ਯਾਤਰਾ ਕੀਤੀ। ਫਿਰ ਭਾਰਤ ਦੇ ਸੀਨੀਅਰ ਮੰਤਰੀ ਸ਼੍ਰੀ ਅਡਵਾਨੀ ਤੇ ਜਸਵੰਤ ਸਿੰਘ ਵੀ ਇਸਰਾਈਲ ਦੇ ਦੌਰੇ 'ਤੇ ਗਏ। 
ਪਿਛਲੇ ਦਹਾਕਿਆਂ 'ਚ ਭਾਰਤ-ਇਸਰਾਈਲ ਵਿਚਾਲੇ ਵਪਾਰਕ, ਤਕਨੀਕੀ ਅਤੇ ਰਣਨੀਤਕ ਆਦਾਨ-ਪ੍ਰਦਾਨ ਵਧਿਆ ਹੈ। ਇਸਰਾਈਲ ਸੰਕਟ ਦੇ ਸਮੇਂ, ਚਾਹੇ ਉਹ ਕਾਰਗਿਲ ਜੰਗ ਹੋਵੇ ਜਾਂ ਅੱਤਵਾਦ ਵਿਰੁੱਧ ਮੁਹਿੰਮ, ਹਮੇਸ਼ਾ ਭਾਰਤ ਦਾ ਸੱਚਾ ਮਿੱਤਰ ਸਿੱਧ ਹੋਇਆ। 
ਮੋਦੀ ਦੀ ਇਸ ਯਾਤਰਾ ਦੌਰਾਨ ਇਸਰਾਈਲ ਨਾਲ ਖੇਤੀਬਾੜੀ, ਤਕਨੀਕੀ ਤੇ ਪੁਲਾੜ ਖੇਤਰ ਵਿਚ ਕਈ ਸਮਝੌਤੇ ਹੋਏ ਹਨ, ਸਾਂਝੀ ਖੋਜ ਲਈ 4 ਕਰੋੜ ਡਾਲਰ ਦਾ ਫੰਡ ਬਣਾਇਆ ਗਿਆ ਹੈ। ਦੋਹਾਂ ਪ੍ਰਧਾਨ ਮੰਤਰੀਆਂ ਨੇ ਅੱਤਵਾਦ ਦੀ ਚੁਣੌਤੀ ਦਾ ਮਿਲ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ ਹੈ। ਮੋਦੀ ਨੇ ਇਸਰਾਈਲ ਵਿਚ ਵਸੇ ਭਾਰਤੀ ਮੂਲ ਦੇ ਯਹੂਦੀਆਂ ਲਈ 'ਓਵਰਸੀਜ ਸਿਟੀਜ਼ਨਜ਼ ਆਫ ਇੰਡੀਆ' (ਓ. ਸੀ. ਆਈ.) ਕਾਰਡ ਦੀ ਸਹੂਲਤ ਦਾ ਐਲਾਨ ਕੀਤਾ, ਜਿਸ ਦੇ ਜ਼ਰੀਏ ਉਹ ਬਿਨਾਂ ਰੋਕ-ਟੋਕ ਦੇ ਭਾਰਤ ਆ ਸਕਣਗੇ। ਇਸ ਦੌਰੇ ਦੀ ਸਫਲਤਾ ਇਸ ਗੱਲ 'ਚ ਜ਼ਿਆਦਾ ਹੈ ਕਿ ਦੋਹਾਂ ਦੇਸ਼ਾਂ ਦੇ ਸ਼ਾਸਕਾਂ ਤੇ ਲੋਕਾਂ ਦਰਮਿਆਨ ਸਦਭਾਵਨਾ ਤੇ ਭਰੋਸਾ ਪੈਦਾ ਹੋਇਆ। 
ਇਸਰਾਈਲ ਦੇ ਪ੍ਰਧਾਨ ਮੰਤਰੀ ਦਾ ਆਪਣੀ ਪੂਰੀ ਕੈਬਨਿਟ ਨਾਲ ਹਵਾਈ ਅੱਡੇ 'ਤੇ ਮੋਦੀ ਦਾ ਸਵਾਗਤ ਕਰਨਾ ਤੇ 3 ਦਿਨਾਂ ਤਕ ਮੋਦੀ ਦੇ ਹਰੇਕ ਪ੍ਰੋਗਰਾਮ ਵਿਚ ਹਾਜ਼ਰ ਰਹਿਣਾ, ਇਸਰਾਈਲ ਦੇ ਰਾਸ਼ਟਰਪਤੀ ਵਲੋਂ ਪ੍ਰੋਟੋਕੋਲ ਤੋੜ ਕੇ ਮੋਦੀ ਦਾ ਸਵਾਗਤ ਕਰਨਾ, ਇਹ ਦਰਸਾਉਂਦਾ ਹੈ ਕਿ ਇਸਰਾਈਲ ਭਾਰਤ ਨੂੰ ਕਿੰਨੀ ਅਹਿਮੀਅਤ ਦਿੰਦਾ ਹੈ। 
ਇਸਰਾਈਲ ਦੇ ਮੀਡੀਆ ਵਲੋਂ ਮੋਦੀ ਦੀ ਇਸ ਯਾਤਰਾ ਨੂੰ ਅਸਾਧਾਰਨ ਦੱਸਣਾ, ਵੱਖ-ਵੱਖ ਵਪਾਰਕ ਅਦਾਰਿਆਂ ਦੇ ਸੀ. ਈ. ਓਜ਼ ਵਲੋਂ ਭਾਰਤ ਵਿਚ ਨਿਵੇਸ਼ ਪ੍ਰਤੀ ਦਿਲਚਸਪੀ ਦਿਖਾਉਣਾ ਤੇ ਆਮ ਲੋਕਾਂ, ਖਾਸ ਕਰਕੇ ਨੌਜਵਾਨਾਂ ਦਾ ਭਾਰਤ ਪ੍ਰਤੀ ਪਿਆਰ ਤੇ ਉਤਸ਼ਾਹ ਇਸ ਯਾਤਰਾ ਦੀਆਂ ਜ਼ਿਕਰਯੋਗ ਗੱਲਾਂ ਰਹੀਆਂ। 
ਭਾਰਤ ਤੇ ਇਸਰਾਈਲ ਵਿਚਾਲੇ ਬਹੁਤ ਸਾਰੀਆਂ ਸਮਾਨਤਾਵਾਂ ਹਨ। ਦੋਵੇਂ ਪ੍ਰਾਚੀਨ ਸੱਭਿਅਤਾਵਾਂ ਵਾਲੇ ਅਤੇ ਸਜੀਵ ਲੋਕਤੰਤਰਿਕ ਦੇਸ਼ ਹਨ। ਦੋਹਾਂ ਦਾ ਸਮਾਜ ਧਾਰਮਿਕ ਰੂਪ ਵਿਚ ਸਹਿਣਸ਼ੀਲ ਰਿਹਾ ਹੈ। ਦੋਹਾਂ ਦੇਸ਼ਾਂ ਨੇ ਵਿਦੇਸ਼ੀ ਸ਼ਾਸਕਾਂ ਹੱਥੋਂ ਅੱਤਿਆਚਾਰ, ਕਤਲੇਆਮ ਤੇ ਸ਼ੋਸ਼ਣ ਸਹਿਣ ਕੀਤਾ ਹੈ। ਦੋਵੇਂ ਦੇਸ਼ ਲੱਗਭਗ ਇਕੋ ਸਮੇਂ 'ਤੇ ਸਿਆਸੀ ਤੌਰ 'ਤੇ ਆਜ਼ਾਦ ਹੋਏ ਤੇ ਦੋਹਾਂ ਦੇਸ਼ਾਂ ਦੀਆਂ ਹੱਦਾਂ ਹਮਲਾਵਰ ਗੁਆਂਢੀਆਂ ਨਾਲ ਘਿਰੀਆਂ ਹੋਈਆਂ ਹਨ। 
ਭਾਰਤ ਤੇ ਇਸਰਾਈਲ ਦੇ ਨੌਜਵਾਨਾਂ ਦੀ ਪ੍ਰਤਿਭਾ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ। ਦੋਵੇਂ ਦੇਸ਼ ਜੇਹਾਦੀ ਅੱਤਵਾਦ ਦਾ ਸਾਹਮਣਾ ਕਰ ਰਹੇ ਹਨ। 
26/11 ਦੇ ਮੁੰਬਈ ਅੱਤਵਾਦੀ ਹਮਲੇ 'ਚ ਅਨਾਥ ਹੋਇਆ ਮੋਸ਼ੇ, ਜੋ ਹੁਣ 11 ਸਾਲਾਂ ਦਾ ਹੋ ਗਿਆ ਹੈ, ਜਦੋਂ ਮੋਦੀ ਨੂੰ ਇਹ ਕਹਿੰਦਾ ਹੈ ਕਿ ਉਹ ਭਾਰਤ ਨਾਲ ਪਿਆਰ ਕਰਦਾ ਹੈ ਤੇ ਭਾਰਤ ਆਉਣਾ ਚਾਹੁੰਦਾ ਹੈ ਤਾਂ ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਸਦੀਆਂ ਤਕ ਭਾਰਤ ਵਿਚ ਰਹੇ ਤੇ ਇਸਰਾਈਲ ਬਣਨ ਤੋਂ ਬਾਅਦ ਹੁਣ ਉਥੇ ਰਹਿ ਰਹੇ ਯਹੂਦੀ ਅੱਜ ਵੀ ਭਾਰਤ ਨੂੰ ਆਪਣਾ ਦੂਜਾ ਘਰ ਮੰਨਦੇ ਹਨ।
ਇਸੇ ਤਰ੍ਹਾਂ ਭਾਰਤ ਦੇ ਲੱਗਭਗ 5 ਹਜ਼ਾਰ ਨੌਜਵਾਨ ਮੁੰਡੇ-ਕੁੜੀਆਂ ਇਸਰਾਈਲ 'ਚ ਉੱਚ ਸਿੱਖਿਆ ਹਾਸਿਲ ਕਰ ਰਹੇ ਹਨ ਤੇ ਇਸਰਾਈਲ ਦੇ ਹਜ਼ਾਰਾਂ ਨੌਜਵਾਨ ਭਾਰਤੀ ਕਲਚਰ ਤੋਂ ਪ੍ਰਭਾਵਿਤ ਹੋ ਕੇ ਹਰ ਸਾਲ ਭਾਰਤ ਦੀ ਯਾਤਰਾ ਕਰਦੇ ਹਨ। ਦੋਹਾਂ ਦੇਸ਼ਾਂ ਦੇ ਸੰਬੰਧ ਸਮਾਨਤਾਵਾਂ ਦੀ ਇਸ ਮਜ਼ਬੂਤ ਨੀਂਹ 'ਤੇ ਬਣਾਏ ਜਾ ਸਕਦੇ ਹਨ। 
ਅੱਜ ਇਸਰਾਈਲ ਇਕ ਅਦੁੱਤੀ ਫੌਜੀ ਤਾਕਤ, ਮਜ਼ਬੂਤ ਅਰਥ ਵਿਵਸਥਾ, ਅਦਭੁੱਤ ਇੱਛਾ-ਸ਼ਕਤੀ ਅਤੇ ਵਿਲੱਖਣ ਰਾਸ਼ਟਰਵਾਦ ਦਾ ਪ੍ਰਤੀਕ ਦੇਸ਼ ਹੈ। ਹਰੇਕ ਦੇਸ਼ਭਗਤ ਹਿੰਦੋਸਤਾਨੀ ਵੀ ਆਪਣੇ ਦੇਸ਼ ਭਾਰਤ ਨੂੰ ਇਸੇ ਰੂਪ 'ਚ ਦੇਖਣਾ ਚਾਹੁੰਦਾ ਹੈ। ਮੋਦੀ ਨੇ ਇਸਰਾਈਲ ਦੀ ਯਾਤਰਾ ਨਾਲ ਫਿਲਸਤੀਨੀ ਖੇਤਰ ਵਿਚ ਨਾ ਜਾ ਕੇ ਇਹ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਭਾਰਤ ਦੀ ਵਿਦੇਸ਼ ਨੀਤੀ ਭਾਰਤ ਦੇ ਰਣਨੀਤਕ ਤੇ ਆਰਥਿਕ ਹਿੱਤਾਂ 'ਤੇ ਆਧਾਰਿਤ ਹੋਵੇਗੀ, ਨਾ ਕਿ ਖੋਖਲੇ ਆਦਰਸ਼ਵਾਦ ਜਾਂ ਕਿਸੇ ਦੇ ਤੁਸ਼ਟੀਕਰਨ 'ਤੇ। 
ਇਸ ਯਾਤਰਾ ਨਾਲ ਆਪ੍ਰੇਸ਼ਨ ਏਂਟੇਬੇ, ਯਾਦ ਵਸ਼ੇਮ ਸਮਾਰਕ, ਹਾਈਫਾ ਅਤੇ ਯੇਰੂਸ਼ਲਮ ਵਰਗੇ ਸ਼ਬਦ ਭਾਰਤ ਦੇ ਘਰ-ਘਰ 'ਚ ਪਹੁੰਚੇ ਹਨ। ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਜਦੋਂ ਮੋਦੀ ਦੇ ਸਵਾਗਤੀ ਭਾਸ਼ਣ 'ਚ ਕਹਿੰਦੇ ਹਨ ਕਿ ''ਅਸੀਂ ਬਹੁਤ ਉਡੀਕ ਕੀਤੀ, ਅਸਲ ਵਿਚ 70 ਸਾਲਾਂ ਤਕ ਉਡੀਕ ਕੀਤੀ'' ਤਾਂ ਮਨ 'ਚ ਇਕ ਟੀਸ ਉੱਠਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਵੋਟ ਬੈਂਕ ਦੀ ਸਿਆਸਤ ਕਾਰਨ ਭਾਰਤ ਦਾ ਕਿੰਨਾ ਨੁਕਸਾਨ ਕੀਤਾ ਹੈ ਪਰ ਉਹੀ ਨੇਤਨਯਾਹੂ ਇਸ ਦੌਰੇ ਦੀ ਸਮਾਪਤੀ 'ਤੇ ਮੋਦੀ ਦਾ ਧੰਨਵਾਦ ਕਰਦਿਆਂ ਜਦੋਂ ਟਵੀਟ ਕਰਦੇ ਹਨ ਕਿ ''ਅਸੀਂ ਭਾਰਤ ਨਾਲ ਪਿਆਰ ਕਰਦੇ ਹਾਂ, ਅਸੀਂ ਭਾਰਤ ਦੇ ਪ੍ਰਸ਼ੰਸਕ ਹਾਂ ਅਤੇ ਅਸੀਂ ਭਾਰਤ 'ਚ ਯਕੀਨ ਕਰਦੇ ਹਾਂ'' ਤਾਂ ਇਹ ਸੰਕਲਪ ਜਾਗਦਾ ਹੈ ਕਿ ਮੋਦੀ-ਨੇਤਨਯਾਹੂ (ਨਮੋ-ਬੀਬੀ) ਦੀ ਜੋੜੀ ਇਨ੍ਹਾਂ ਸੰਬੰਧਾਂ ਨੂੰ ਸੱਚਮੁਚ ਨਵੀਆਂ ਬੁਲੰਦੀਆਂ 'ਤੇ ਪਹੁੰਚਾਏਗੀ।


Related News