‘ਮੀ ਟੂ’ : ਕਿੱਥੋਂ ਤਕ ਜਾਏਗਾ ਇਹ ‘ਤੂਫਾਨ’

Sunday, Oct 14, 2018 - 06:42 AM (IST)

‘ਮੀ ਟੂ’ ਦੀ ਤਿਤਲੀ ਧਮਾਕੇ ਨਾਲ ਭਾਰਤ ਪਹੁੰਚ ਚੁੱਕੀ ਹੈ ਤੇ ਹਰ ਰੋਜ਼ ਨਵੇਂ-ਨਵੇਂ ਖੁਲਾਸਿਅਾਂ ਨਾਲ ਕੋਈ ਨਾ ਕੋਈ ਔਰਤ ਸਾਹਮਣੇ ਆ ਰਹੀ ਹੈ। ਕੁਝ ਖੁਲਾਸੇ ਦਿਲ-ਕੰਬਾਊ ਹਨ ਅਤੇ ਔਰਤਾਂ ਦੀ ਆਜ਼ਾਦੀ ਨੂੰ ਸੱਟ ਮਾਰਨ ਵਾਲੇ ਹਨ। ਹੁਣੇ ਜਿਹੇ ਕਈ ਨਾਮੀ ਹਸਤੀਅਾਂ ਬਾਰੇ ਖੁਲਾਸੇ  ਹੋਏ ਹਨ, ਜਿਨ੍ਹਾਂ ’ਚ ਇਕ ਕੇਂਦਰੀ ਮੰਤਰੀ ਦਾ ਨਾਂ ਵੀ ਸਾਹਮਣੇ ਆਇਆ ਹੈ। ਮੰਤਰੀ ਮੰਡਲ ’ਚ ਉਸ ਮੰਤਰੀ ਦੇ ਟਿਕੇ ਰਹਿਣ ’ਤੇ ਵੀ ਹੁਣ ਸਵਾਲ ਉੱਠ ਰਿਹਾ ਹੈ, ਹਾਲਾਂਕਿ ਕੇਂਦਰ ਸਰਕਾਰ ਜਾਂ ਭਾਜਪਾ ਵਲੋਂ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। 
ਸਮ੍ਰਿਤੀ ਇਰਾਨੀ, ਭਾਰਤੀ ਅਤੇ ਮੇਨਕਾ ਗਾਂਧੀ ਨੇ ਔਰਤਾਂ ਦੀ ਪੀੜਤਾ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਅਤੇ ਖੁਲਾਸਾ ਕਰਨ ਵਾਲਿਅਾਂ ਦੀ ਹਿੰਮਤ ਦੀ ਦਾਦ ਦਿੱਤੀ ਹੈ। ਫਿਲਮ ਅਭਿਨੇਤਰੀ ਤਨੂਸ਼੍ਰੀ ਦੱਤਾ ਨੇ ਅੱਗੇ ਵਧ ਕੇ ਨਾਨਾ ਪਾਟੇਕਰ ’ਤੇ ਦੋਸ਼ ਲਾਇਆ। ਉਨ੍ਹਾਂ ਦਾ ਮਾਮਲਾ 10 ਸਾਲ ਪੁਰਾਣਾ ਹੈ। ਤਨੂਸ਼੍ਰੀ ਨੇ ਪੁਲਸ ਕੋਲ ਨਾਨਾ ਪਾਟੇਕਰ ਤੇ 3 ਹੋਰਨਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਇਹ ਚੰਗੀ ਗੱਲ ਹੈ, ਘੱਟੋ-ਘੱਟ ਜਾਂਚ ਤਾਂ ਹੋਵੇਗੀ ਜਾਂ ਹੋਣੀ ਚਾਹੀਦੀ ਹੈ। 
ਹੋਰ ਮਾਮਲੇ ਕਈ ਦਹਾਕੇ ਪੁਰਾਣੇ ਹਨ, ਇਸ ਲਈ ਅਦਾਲਤ ਦੀ ਕਸੌਟੀ ’ਤੇ ਉਨ੍ਹਾਂ ਦੇ ਖਰੇ ਉਤਰਨ ਦੀ ਕੋਈ ਸੰਭਾਵਨਾ ਨਹੀਂ ਹੈ। ਉਂਝ ਇਹ ਜ਼ਰੂਰੀ ਨਹੀਂ ਹੈ ਕਿ ਅਦਾਲਤ ’ਚ ਹਰ ਸੱਚ ਸਿੱਧ ਹੋ ਜਾਵੇ। ਜੇ ਅਜਿਹਾ ਹੁੰਦਾ ਤਾਂ ਕੋਈ ਅਪਰਾਧੀ ਬਚਦਾ ਨਾ ਪਰ ਬਿਨਾਂ ਸਬੂਤ ਦੇ ਕਿਸੇ ਨੂੰ ਸਜ਼ਾ ਵੀ ਤਾਂ ਨਹੀਂ ਦਿੱਤੀ ਜਾ ਸਕਦੀ। 
ਖੈਰ, ਇਨ੍ਹਾਂ ਮਾਮਲਿਅਾਂ ’ਚ ਸੱਚਾਈ ਜੋ ਵੀ ਹੋਵੇ, ‘ਮੀ ਟੂ’ ਦੀ ਮੁਹਿੰਮ ਨੇ ਉਸ ਸੈਕਸ ਆਜ਼ਾਦੀ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ਦੀ ਸ਼ੁਰੂਆਤ 1960 ਦੇ ਦਹਾਕੇ ’ਚ ਅਮਰੀਕਾ ’ਚ ਹੋਈ। ਇਸ ਨੂੰ ‘ਸੈਕਸੁਅਲ ਕ੍ਰਾਂਤੀ’ ਕਿਹਾ ਗਿਆ ਸੀ, ਜਿਸ ਨੇ ਸੈਕਸ ਬਾਰੇ ਸਮਾਜਿਕ ਮਨਾਹੀਅਾਂ ਨੂੰ ਤੋੜਿਆ ਤੇ ਨੌਜਵਾਨ ਮੁੰਡਿਅਾਂ-ਕੁੜੀਅਾਂ ਨੂੰ ਸੈਕਸ ਸਬੰਧ ਬਣਾਉਣ ਦੀ ਆਜ਼ਾਦੀ ਦਿੱਤੀ। ਇਹ ਸਹਿਮਤੀ ਦੇ ਆਧਾਰ ’ਤੇ ਸੀ ਪਰ ਕੋਈ ਵੀ ਵਿਅਕਤੀ ਆਪਣੀ ਭਾਵਨਾ ਦਾ ਪ੍ਰਗਟਾਵਾ ਨਿਡਰ ਹੋ ਕੇ ਕਰ ਸਕਦਾ ਸੀ। ਅੱਜ ਸਥਿਤੀ ਇਸਦੇ ਉਲਟ ਹੈ। ਅੱਜ ਸੱਚੇ ਪਿਆਰ ਦਾ ਇਜ਼ਹਾਰ ਵੀ ਕਿਸੇ ਮਰਦ ਨੂੰ ਸੰਕਟ ’ਚ ਪਾ ਸਕਦਾ ਹੈ, ਸੈਕਸ ਸਬੰਧਾਂ ਦੀ ਇੱਛਾ ਪ੍ਰਗਟਾਉਣ ਦੀ ਤਾਂ ਗੱਲ ਹੀ ਛੱਡੋ। 
ਇਕ ਗੱਲ ਮੰਨਣੀ ਚਾਹੀਦੀ ਹੈ ਕਿ ਵਿਭਚਾਰ ਹਰ ਯੁੱਗ ’ਚ ਸੀ। ਕੋਈ ਵੀ ਦੌਰ ਅਜਿਹਾ ਨਹੀਂ ਸੀ, ਜਦੋਂ ਵਿਆਹ-ਬਾਹਰੇ ਸਬੰਧ ਨਹੀਂ ਹੁੰਦੇ ਸਨ। ਗੈਲੀਲਿਓ ਇਕ ਧਾਰਮਿਕ ਰੋਮਨ ਕੈਥੋਲਿਕ ਸਨ ਪਰ ਉਨ੍ਹਾਂ ਨੇ ਇਕ ਪਰਾਈ ਔਰਤ ਤੋਂ 3 ਬੱਚੇ ਪੈਦਾ ਕੀਤੇ। ਉਨ੍ਹਾਂ ’ਚ ਦੋ ਬੇਟੀਅਾਂ ਸਨ–ਵਰਜੀਨੀਆ ਤੇ ਲੀਵੀਆ, ਜਿਨ੍ਹਾਂ ਦਾ ਜਨਮ ਕ੍ਰਮਵਾਰ 1600 ਅਤੇ 1601 ’ਚ ਹੋਇਆ ਪਰ ਨਾਜਾਇਜ਼ ਔਲਾਦ ਹੋਣ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ ਅਤੇ ਉਨ੍ਹਾਂ ਦੋਹਾਂ ਨੂੰ ਪੂਰੀ ਜ਼ਿੰਦਗੀ ਆਰਸੇਟਰੀ ਦੇ ਸੈਨ ਮੈਟੀਓ ਕੰਵੈਂਟ  ’ਚ ਬਿਤਾਉਣੀ ਪਈ। 
ਫਰਾਂਸਿਸਕੋ ਪੈਟ੍ਰਾਰਕ, ਜੋ ਇਟਲੀ ਦੇ ਪੁਨਰ ਜਾਗਰਣ ਕਾਲ ਦੇ ਮਸ਼ਹੂਰ ਕਵੀ ਤੇ ਮਾਨਵਤਾਵਾਦੀ ਸਨ, ਕੁਆਰੇ ਰਹਿ ਗਏ ਕਿਉਂਕਿ ਚਰਚ ਨੇ ਉਨ੍ਹਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਪਰ ਉਨ੍ਹਾਂ ਨੂੰ ਅਣਜਾਣ ਔਰਤ ਜਾਂ ਔਰਤਾਂ ਤੋਂ 2 ਬੱਚੇ ਹੋਏ। ਮਹਾਰਾਣੀ ਐਲਿਜ਼ਾਬੇਥ ਸਮਰਾਟ ਹੈਨਰੀ 8ਵੇਂ ਦੀ ਨਾਜਾਇਜ਼ ਔਲਾਦ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਆਪਣੇ ਮੰਤਰੀਅਾਂ ਨਾਲ ਸਰੀਰਕ ਸਬੰਧ ਸਨ। ਇਸ ਕਾਰਨ ਉਨ੍ਹਾਂ ਦੀ ਬਦਨਾਮੀ ਵੀ ਹੋਈ ਸੀ। ਉਨ੍ਹਾਂ ਨੇ 2 ਰਾਜਿਅਾਂ (ਫਰਾਂਸ ਅਤੇ ਸਪੇਨ ਦੇ) ਨੂੰ ਵਿਆਹ ਕਰਨ ਦਾ ਲਾਰਾ ਲਾਇਆ ਹੋਇਆ ਸੀ ਪਰ ਬਾਅਦ ’ਚ ਇਹ ਕਹਿ ਕੇ ਮੁੱਕਰ ਗਈ ਕਿ ਉਨ੍ਹਾਂ ਦਾ ਵਿਆਹ ਇੰਗਲੈਂਡ ’ਚ ਹੋ ਚੁੱਕਾ ਹੈ। 
ਰੂਸੋ ਦੇ ਆਪਣੀ ਨੌਕਰਾਣੀ ਨਾਲ ਸਬੰਧ ਸਨ ਤੇ ਵਿਆਹ ਤੋਂ ਪਹਿਲਾਂ ਉਸ ਤੋਂ 5 ਬੱਚੇ ਪੈਦਾ ਹੋਏ। ਕਾਰਲ ਮਾਰਕਸ ਦੇ ਅਧਿਕਾਰਤ ਜੀਵਨੀਕਾਰ ਡੇਵਿਡ ਮੈਕਲੇਲਨ ਅਨੁਸਾਰ ਮਾਰਕਸ ਦਾ ਆਪਣੀ ਨੌਕਰਾਣੀ ਹੈਲੇਨ ਡੇਮੁਥ ਨਾਲ ਸਬੰਧ ਸੀ, ਜਿਸ ਨੇ 23 ਜੂਨ 1851 ਨੂੰ ਉਨ੍ਹਾਂ ਦੇ ਬੱਚੇ ਨੂੰ ਜਨਮ ਦਿੱਤਾ। ਬਰਨਾਰਡ ਸ਼ਾਅ ਉਮਰ ਭਰ ਇਸ ਸੰਤਾਪ ਨਾਲ ਜੂਝਦੇ ਰਹੇ ਕਿ ਉਹ ਆਪਣੇ ਐਲਾਨੇ ਪਿਤਾ ਦੇ ਪੁੱਤਰ ਨਾ ਹੋ ਕੇ ਆਪਣੀ ਮਾਂ ਦੇ ਪ੍ਰੇਮੀ ਜਾਰਜ ਜੌਨ ਲੀ ਦੇ ਪੁੱਤਰ ਹਨ (ਅਜਿਹਾ ਉਨ੍ਹਾਂ ਨੂੰ ਸ਼ੱਕ ਸੀ)।
ਲਾਰਡ ਕਰਜ਼ਨ ਅੱਜ ਵੀ ਔਰਤਾਂ ਦਰਮਿਆਨ ਗੈਰ-ਹਰਮਨਪਿਆਰੇ ਹਨ ਕਿਉਂਕਿ ਉਨ੍ਹਾਂ ਨੇ ਔਰਤਾਂ ਦੇ ਵੋਟ ਦੇ ਅਧਿਕਾਰ ਦਾ ਵਿਰੋਧ ਕੀਤਾ ਸੀ ਪਰ ਉਨ੍ਹਾਂ ਨੂੰ ਔਰਤਾਂ ਦਾ ਸਾਥ ਪਸੰਦ ਸੀ ਅਤੇ ਕੁਝ ਔਰਤਾਂ ਉਨ੍ਹਾਂ ’ਤੇ ਮੋਹਿਤ ਵੀ ਸਨ। ਵਿਆਹੀਅਾਂ ਹੋਈਅਾਂ ਔਰਤਾਂ ਉਨ੍ਹਾਂ ਦੀਅਾਂ ਦੀਵਾਨੀਅਾਂ ਸਨ ਤੇ ਕਰਜ਼ਨ ਖ਼ੁਦ ਇਕ ਭਾਵੁਕ ਪ੍ਰੇਮੀ ਸਨ। ਇਕ ਤੰਗ ਪਤੀ ਨੇ ਤਲਾਕ ਦੇ ਮਾਮਲੇ ’ਚ ਲਾਰਡ ਕਰਜ਼ਨ ਦਾ ਨਾਂ ਲੈਣ ਦੀ ਧਮਕੀ ਦਿੱਤੀ ਸੀ। 
ਜੋਏ ਪਾਲ ਅਤੇ ਸੀਮੋਨ ਬਿਨਾਂ ਵਿਆਹ ਦੇ ਇਕੱਠੇ ਰਹਿੰਦੇ ਸਨ ਪਰ ਜੋਏ ਪਾਲ ਦੇ ਕਈ ਹੋਰਨਾਂ ਨਾਲ ਵੀ ਸਬੰਧ ਸਨ, ਜਦਕਿ ਸੀਮੋਨ ਦਾ ਵੀ ਅਮਰੀਕੀ ਨਾਵਲਕਾਰ ਨੈਲਸਨ ਐਂਗ੍ਰੇਲ ਨਾਲ ਸਬੰਧ ਬਣਿਆ ਪਰ ਉਹ ਜ਼ਿਆਦਾ ਦਿਨਾਂ ਤਕ ਨਹੀਂ ਚੱਲ ਸਕਿਆ ਕਿਉਂਕਿ ਸੀਮੋਨ ਲਈ ਅਮਰੀਕਾ ’ਚ ਰਹਿਣਾ ਸੰਭਵ ਨਹੀਂ ਸੀ ਅਤੇ ਨਾ ਹੀ ਐਂਗ੍ਰੇਲ ਲਈ ਫਰਾਂਸ ਆਉਣਾ। 
ਅਜਿਹੀਅਾਂ ਬਹੁਤ ਸਾਰੀਅਾਂ ਮਿਸਾਲਾਂ ਹਨ। ਜਿਸ ਦਾ  ਵੀ ਜੀਵਨ ਖੰਗਾਲਿਆ ਜਾਂਦਾ ਹੈ, ਉਸ ਦੇ ਹੀ ਅਜਿਹੇ ਸਬੰਧਾਂ ਦੇ ਕਿੱਸੇ ਨਿਕਲ ਆਉਂਦੇ ਹਨ। ਸ਼ਾਇਦ ਹਮਾਮ ’ਚ ਸਭ ਨੰਗੇ ਹਨ। ਕਿਸੇ ਦੀ ਕਹਾਣੀ ਸਾਹਮਣੇ ਆ  ਜਾਂਦੀ ਹੈ ਤੇ ਕਿਸੇ ਦੀ ਨਹੀਂ। ਇਹ ਸਹੀ ਹੈ ਕਿ ਕਈ ਮਰਦ ਆਪਣੇ ਰਸੂਖ਼ ਦੀ ਦਰਵਰਤੋਂ ਕਰਦਿਅਾਂ ਜ਼ਬਰਦਸਤੀ ਸਬੰਧ ਬਣਾਉਂਦੇ ਹਨ। ਇਹ ਨਿੰਦਣਯੋਗ ਹੈ ਕਿਉਂਕਿ ਹਰ ਲੜਕੀ ਇਸ ਦੇ ਲਈ ਤਿਆਰ ਨਹੀਂ ਹੁੰਦੀ। 
2010 ’ਚ ਹੈਤੀ ’ਚ ਭਿਆਨਕ ਭੂਚਾਲ ਆਇਆ, ਜਿਸ ’ਚ 2 ਲੱਖ 20 ਹਜ਼ਾਰ ਲੋਕਾਂ ਦੀ ਮੌਤ ਹੋਈ ਅਤੇ 3 ਲੱਖ ਜ਼ਖ਼ਮੀ ਹੋਏ, ਜਦਕਿ 15 ਲੱਖ ਬੇਘਰ ਹੋ ਗਏ। ਕੌਮਾਂਤਰੀ ਸੰਸਥਾਵਾਂ ਹੈਤੀ ਦੀ ਮਦਦ ਲਈ ਅੱਗੇ ਆਈਅਾਂ, ਜਿਨ੍ਹਾਂ ’ਚ ਆਕਸਫੈਮ ਦੀ ਪ੍ਰਮੁੱਖ ਭੂਮਿਕਾ ਸੀ। ਬਾਅਦ ’ਚ ਖੁਲਾਸਾ ਹੋਇਆ ਕਿ ਇਸ ਦੇ ਅਧਿਕਾਰੀ ਮਦਦ ਦੇਣ ਬਦਲੇ ਉਥੋਂ ਦੀਅਾਂ ਔਰਤਾਂ ਦਾ ਸੈਕਸ ਸ਼ੋਸ਼ਣ ਕਰ ਰਹੇ ਸਨ, ਭਾਵ ਜਿਨ੍ਹਾਂ ਦੀ ਜ਼ਿੰਮੇਵਾਰੀ ਬਚਾਉਣ ਦੀ ਸੀ, ਉਹੀ ਦਰਿੰਦੇ ਬਣ ਕੇ ਆਪਣੀ ਸਰੀਰਕ ਭੁੱਖ ਮਿਟਾ ਰਹੇ ਸਨ। 
ਖੈਰ, ਇਹ ਤਾਂ ਇਕ ਵੱਖਰੀ ਕਿਸਮ ਦੀ ਘਟਨਾ ਸੀ ਪਰ ਇਹ ਵੀ ਓਨਾ ਹੀ ਸੱਚ ਹੈ ਕਿ ਕਈ ਔਰਤਾਂ ਨਾ ਸਿਰਫ ਤਿਆਰ ਹੁੰਦੀਅਾਂ ਹਨ, ਸਗੋਂ ਆਪਣੇ ਸਰੀਰ ਨੂੰ ਸਫਲਤਾ ਦੀ ਪੌੜੀ ਬਣਾਉਂਦੀਅਾਂ ਹਨ। ਅਜਿਹੀਅਾਂ ਔਰਤਾਂ ਦੇ ਸ਼ਿਕਾਰ ਯੋਗ ਅਤੇ ਮਿਹਨਤੀ ਮਰਦ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਦਾ।
ਸੈਕਸ ਸ਼ੋਸ਼ਣ ਨਾ ਸਿਰਫ ਨਿੰਦਣਯੋਗ ਹੈ, ਸਗੋਂ ਦੋਸ਼ੀ ਨੂੰ ਇਸ ਦੇ ਲਈ ਸਜ਼ਾ ਵੀ ਮਿਲਣੀ ਚਾਹੀਦੀ ਹੈ ਪਰ ਸਾਰੀ ਮਰਦ ਬਰਾਦਰੀ ਨੂੰ ‘ਰਾਖਸ਼ਸ’ ਕਹਿਣਾ ਨਾ ਤਾਂ ਠੀਕ ਹੈ ਤੇ ਨਾ ਹੀ ਸਮੱਸਿਆ ਦਾ ਹੱਲ। ਇਸ ਤੋਂ ਇਲਾਵਾ ਸੈਕਸ ਦੀ ਲੋੜ ਹਰੇਕ ਇਨਸਾਨ ਨੂੰ ਹੈ, ਚਾਹੇ ਉਹ ਮਰਦ ਹੋਵੇ ਜਾਂ ਔਰਤ।
 ਜਿਹੜੀਅਾਂ ਕੁਝ ਔਰਤਾਂ ਨੇ ਹਾਰਵੇ ਵੇਨਸਟਾਈਨ ’ਤੇ ਸਭ ਤੋਂ ਪਹਿਲਾਂ ਦੋਸ਼ ਲਾਇਆ, ਉਨ੍ਹਾਂ ’ਚੋਂ ਇਕ ਹੈ ਇਟਲੀ ਦੀ ਅਭਿਨੇਤਰੀ ਤੇ ਨਿਰਦੇਸ਼ਕ ਏਸ਼ੀਆ ਅਰਜੈਂਟੋ। ‘ਮੀ ਟੂ’ ਅੰਦੋਲਨ ’ਚ ਉਸ ਦੀ ਅਹਿਮ ਭੂਮਿਕਾ ਸੀ। ਬਾਅਦ ’ਚ ਉਸ ’ਤੇ ਦੋਸ਼ ਲੱਗਾ ਕਿ ਉਸ ਨੇ ਆਪਣੇ ’ਤੇ ਦੋਸ਼ ਲਾਉਣ ਵਾਲੇ ਜਿੰਮੀ ਬੈਨੇਟ ਨੂੰ ਗੁਪਤ ਧਨ ਦਿੱਤਾ ਸੀ। 
ਨੌਜਵਾਨ ਅਭਿਨੇਤਾ ਅਤੇ ਰੌਕ ਸੰਗੀਤਕਾਰ ਬੈਨੇਟ ਨੇ ਦੋਸ਼ ਲਾਇਆ ਸੀ ਕਿ ਅਰਜੈਂਟੋ ਨੇ ਉਸ ਨਾਲ ਕੈਲੀਫੋਰਨੀਆ ਦੇ ਇਕ ਹੋਟਲ ’ਚ ਜ਼ਬਰਦਸਤੀ ਸੈਕਸ ਸਬੰਧ ਬਣਾਏ। ਉਦੋਂ ਇਸ ਦੀ ਉਮਰ 17 ਸਾਲ 2 ਮਹੀਨੇ ਸੀ, ਜਦਕਿ ਅਰਜੈਂਟੋ 38 ਸਾਲਾਂ ਦੀ ਸੀ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ’ਚ ਇਸ ਸਹਿਮਤੀ ਦੀ ਘੱਟੋ-ਘੱਟ ਉਮਰ 18 ਸਾਲ ਹੈ। ਅਰਜੈਂਟੋ ਤੇ ਬੈਨੇਟ ਦੋਵੇਂ ਇਕ ਫਿਲਮ ਦੀ ਸ਼ੂਟਿੰਗ ਲਈ ਉਥੇ ਗਏ ਹੋਏ ਸਨ, ਜਿਸ ’ਚ ਅਰਜੈਂਟੋ ਬੈਨੇਟ ਦੀ ਮਾਂ ਦੀ ਭੂਮਿਕਾ ਨਿਭਾਅ ਰਹੀ ਸੀ। ਦੱਸਿਆ ਜਾਂਦਾ ਹੈ ਕਿ ਅਰਜੈਂਟੋ ਨੇ ਉਸ ਨੂੰ 3 ਲੱਖ 80 ਹਜ਼ਾਰ ਡਾਲਰ ਦਿੱਤੇ। 
ਸ਼ਾਇਦ ਹੀ ਕੋਈ ਬ੍ਰਹਮਚਾਰੀ ਹੋਵੇ। ਸਬੰਧ ਬਣਦੇ ਰਹੇ ਹਨ ਅਤੇ ਅਗਾਂਹ ਵੀ ਬਣਦੇ ਰਹਿਣਗੇ ਪਰ ਇਹ ਸਹਿਮਤੀ ਨਾਲ ਹੋਣ ਤੇ ਇੱਛਾ ਜ਼ਾਹਿਰ ਕਰਨਾ ਗੁਨਾਹ ਨਾ ਮੰਨਿਆ ਜਾਵੇ। ਔਰਤ ਵਲੋਂ ਨਾਂਹ ਕਰਨ ਤੋਂ ਬਾਅਦ ਉਸ ਨੂੰ ਪ੍ਰੇਸ਼ਾਨ ਕਰਨਾ ਯਕੀਨੀ ਤੌਰ ’ਤੇ ਗੁਨਾਹ ਹੈ। 


Related News