ਪੰਜਾਬ ਦੇ ਇਨ੍ਹਾਂ ਪਿੰਡਾਂ ''ਚ ਲੱਗੀ ਸਰਪੰਚੀ ਦੀ ਬੋਲੀ, 60 ਲੱਖ ਤੋਂ 2 ਕਰੋੜ ਤਕ ਪਿਆ ਮੁੱਲ
Tuesday, Oct 01, 2024 - 11:32 AM (IST)
ਚੰਡੀਗੜ੍ਹ: ਇਸ ਵਾਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਵਿਚ ਨਵਾਂ ਹੀ ਟ੍ਰੈਂਡ ਸ਼ੁਰੂ ਹੋ ਗਿਆ ਹੈ। ਹੁਣ ਸਰਪੰਚੀ ਦੇ ਲਈ ਬੋਲੀ ਲੱਗਣੀ ਸ਼ੁਰੂ ਹੋ ਗਈ ਹੈ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਵਿਚ ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਈ ਗਈ। ਪੰਜਾਬ ਵਿਚ ਪਹਿਲੀ ਵਾਰ ਐਨੀ ਵੱਡੀ ਬੋਲੀ ਲਗਾਈ ਗਈ ਹੈ। ਅਜੇ ਤਕ ਇਸ ਬਾਰੇ ਅੰਤਿਮ ਫ਼ੈਸਲਾ ਨਹੀਂ ਹੋਇਆ ਕਿਉਂਕਿ ਬੋਲੀ ਅੱਜ ਵੀ ਜਾਰੀ ਰਹੇਗੀ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਵਿਚ ਸਰਪੰਚੀ ਲਈ 60 ਲੱਖ ਰੁਪਏ ਤਕ ਦੀ ਬੋਲੀ ਲਗਾ ਦਿੱਤੀ ਗਈ। ਪਰ ਪਿੰਡ ਦੇ ਲੋਕ ਇਸ 'ਤੇ ਸਹਿਮਤ ਨਹੀਂ ਹੋਏ। ਇਸ ਮਗਰੋਂ ਫ਼ੈਸਲਾ ਹੋਇਆ ਕਿ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਵੇਗਾ ਜਾਂ ਫ਼ਿਰ ਵੋਟਿੰਗ ਨਾਲ।
ਇਹ ਖ਼ਬਰ ਵੀ ਪੜ੍ਹੋ - ਮਹਿੰਗਾ ਹੋਇਆ LPG Gas Cylinder, ਨਵੇਂ ਰੇਟ ਜਾਰੀ
ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ ਦੇ ਹਰਦੋਵਾਲ ਕਲਾਂ ਪਿੰਡ ਦੇ ਪੰਚਾਇਤ ਘਰ ਵਿਚ ਪਿੰਡ ਵਾਲਿਆਂ ਵਿਚਾਲੇ ਸਰਬਸੰਮਤੀ ਬਣੀ ਕਿ ਜਿਹੜਾ ਸਭ ਤੋਂ ਵੱਧ ਬੋਲੀ ਲਗਾਵੇਗਾ, ਉਹ ਸਰਪੰਚ ਬਣੇਗਾ। ਇਹ ਪੈਸਾ ਪਿੰਡ ਦੇ ਵਿਕਾਸ ਵਿਚ ਲਗਾਇਆ ਜਾਵੇਗਾ। ਬੋਲੀ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਗਈ, ਪਰ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਦਾ ਕੋਈ ਵੀ ਸਮਰਥਕ ਸਾਹਮਣੇ ਨਹੀਂ ਆਇਆ। ਬੋਲੀ ਦੇਣ ਵਾਲਿਆਂ ਵਿਚ ਭਾਜਪਾ ਦਾ ਝੰਡਾ ਗਲੇ ਵਿਚ ਪਾਏ ਆਤਮਾ ਸਿੰਘ ਪੁੱਤਰ ਬੱਸਨ ਸਿੰਘ, ਜਸਵਿੰਦਰ ਸਿੰਘ ਬੇਦੀ ਪੁੱਤਰ ਅਜੀਤ ਸਿੰਘ ਤੇ ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ। ਜਸਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਇਕ ਕਰੋੜ ਤਕ ਬੋਲੀ ਲਗਾਈ ਗਈ ਤਾਂ ਆਤਮਾ ਸਿੰਘ ਨੇ ਸਭ ਤੋਂ ਉੱਚੀ 2 ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ। ਹੁਣ ਇਸ ਬੋਲੀ ਨੂੰ ਹੋਰ ਵਧਾਉਣ ਲਈ ਅੱਜ ਸਵੇਰ ਦਾ ਸਮਾਂ ਰੱਖਿਆ ਗਿਆ ਹੈ। ਆਤਮਾ ਸਿੰਘ ਦਾ ਕਹਿਣਾ ਹੈ ਕਿ ਸਰਪੰਚ ਬਣਨਾ ਉਸ ਦਾ ਸੁਫ਼ਨਾ ਹੈ, ਉਸ ਲਈ ਇਸ ਤੋਂ ਵੀ ਵੱਧ ਬੋਲੀ ਲਗਾਉਣੀ ਪਈ ਤਾਂ ਉਹ ਲਗਾ ਦੇਣਗੇ।
ਉੱਥੇ ਹੀ ਸਟੇਟ ਇਲੈਕਸ਼ਨ ਕਮਿਸ਼ਨ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਸ ਸਬੰਧੀ ਅਜੇ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਜ਼ਿਲ੍ਹੇ ਦੇ ਜ਼ਿਲ੍ਹਾ ਮੈਜੀਸਟ੍ਰੇਟ ਇਸ ਮਾਮਲੇ ਨੂੰ ਵੇਖਣਗੇ। ਉਨ੍ਹਾਂ ਨੂੰ ਹੀ ਆਪਣੇ ਪੱਧਰ 'ਤੇ ਵੇਖਣਾ ਹੈ ਕਿ ਇਹ ਸਹੀ ਹੈ ਜਾਂ ਗਲਤ।
ਕੀ ਕਹਿੰਦਾ ਹੈ ਕਾਨੂੰਨ
ਕਾਨੂੰਨੀ ਮਾਹਰਾਂ ਮੁਤਾਬਕ ਪੰਜਾਬ ਪੰਚਾਇਤੀ ਰਾਜ ਐਕਟ ਵਿਚ ਸਰਪੰਚੀ ਲਈ ਬੋਲੀ ਲਗਾਉਣ ਬਾਰੇ ਨਹੀਂ ਲਿਖਿਆ, ਨਾ ਹੀ ਇਸ ਦੀ ਕੋਈ ਮਨਾਹੀ ਹੈ। ਕੋਈ ਦਾਨ ਦੇ ਰੂਪ ਵਿਚ 5 ਹਜ਼ਾਰ ਰੁਪਏ ਵੀ ਦੇ ਸਕਦਾ ਹੈ ਤੇ 5 ਕਰੋੜ ਵੀ। ਹਾਲਾਂਕਿ ਇਸ ਮਾਮਲੇ ਵਿਚ ਇਨਕਮ ਟੈਕਸ ਵਿਭਾਗ, ਵਿਜੀਲੈਂਸ ਜਾਂ ਈ.ਡੀ. ਵੱਲੋਂ ਉਸ ਤੋਂ ਆਮਦਨ ਦੇ ਜ਼ਰੀਏ ਬਾਰੇ ਪੁੱਛਗਿੱਛ ਕਰ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - 31 ਅਕਤੂਬਰ ਜਾਂ 1 ਨਵੰਬਰ, ਕਦੋਂ ਮਨਾਈ ਜਾਵੇਗੀ ਦੀਵਾਲੀ? ਬਣ ਗਈ ਸਹਿਮਤੀ
ਨਾਮਜ਼ਦਗੀ ਹੋ ਸਕਦੀ ਹੈ ਰੱਦ: ਡਿਪਟੀ ਕਮਿਸ਼ਨਰ
ਇਸ ਸਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਅਜੇ ਪਤਾ ਨਹੀਂ ਹੈ। ਇਸ ਤਰ੍ਹਾਂ ਸ਼ਰੇਆਮ ਸਰਪੰਚੀ ਲਈ ਬੋਲੀ ਨਹੀਂ ਲਗਾ ਸਕਦਾ। ਇਹ ਨਾਜਾਇਜ਼ ਹੈ। ਪਹਿਲਾਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜੇ ਇਹ ਸਭ ਸਹੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ। ਜੇਕਰ ਉਕਤ ਉਮੀਦਵਾਰ ਨੇ ਨਾਮਜ਼ਦਗੀ ਕਾਗਜ਼ ਭਰੇ ਹਨ ਤਾਂ ਉਹ ਵੀ ਰੱਦ ਹੋ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8