ਲੱਛੇਦਾਰ ਭਾਸ਼ਣਾਂ ਨਾਲ ਤਾੜੀਆਂ ਮਿਲਦੀਆਂ ਹਨ, ਵੋਟਾਂ ਨਹੀਂ

04/22/2019 7:20:08 AM

ਆਕਾਰ ਪਟੇਲ
25 ਸਾਲ ਪਹਿਲਾਂ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਮੁੰਬਈ ਤੋਂ ਚੋਣ ਲੜ ਰਹੇ ਸਨ। ਉਹ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਸਨ ਅਤੇ ਉਨ੍ਹਾਂ ਦਾ ਮੁਕਾਬਲਾ ਬਾਂਦ੍ਰਾ (ਪੂਰਬ) ਸੀਟ ’ਤੇ ਮੌਜੂਦਾ ਵਿਧਾਇਕ ਸ਼ਿਵ ਸੈਨਾ ਦੇ ਮਧੁਕਰ ਸਰਪੋਤਦਾਰ ਨਾਲ ਸੀ। ਸਰਪੋਤਦਾਰ, ਜਿਨ੍ਹਾਂ ਦਾ 2010 ’ਚ ਦਿਹਾਂਤ ਹੋ ਗਿਆ, ਬਾਬਰੀ ਧਮਾਕਿਆਂ ਤੋਂ ਬਾਅਦ ਮੁਸਲਮਾਨਾਂ ਵਿਰੁੱਧ ਹੋਏ ਦੰਗਿਆਂ ’ਚ ਸ਼ਾਮਿਲ ਸਨ ਅਤੇ ਉਨ੍ਹਾਂ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਸੀ ਤੇ ਫੌਜ ਵਲੋਂ ਬੰਦੂਕ ਲਿਜਾਂਦੇ ਹੋਏ ਫੜਿਆ ਗਿਆ ਸੀ। ਗਾਂਧੀ ਪੈਦਲ ਪ੍ਰਚਾਰ ਕਰ ਰਹੇ ਸਨ ਅਤੇ ਮੈਂ ਰਿਪੋਰਟਰ ਦੇ ਤੌਰ ’ਤੇ ਉਨ੍ਹਾਂ ਦੇ ਨਾਲ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਕੀ ਸਿੱਖਿਆ ਹੈ ਕਿ ਰੈਲੀਆਂ ’ਚ ਬੋਲਦੇ ਸਮੇਂ ਕਿਸ ਤਰ੍ਹਾਂ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ? ਉਨ੍ਹਾਂ ਨੇ ਦੱਸਿਆ ਕਿ ਵਿਕਾਸ ਦੇ ਮੁੱਦਿਆਂ ਦਾ ਜ਼ਿਆਦਾ ਅਸਰ ਨਹੀਂ ਪੈਂਦਾ। ਉਨ੍ਹਾਂ ਨੇ ਸਲੱਮ ਏਰੀਏ ਤੋਂ ਪ੍ਰਚਾਰ ਸ਼ੁਰੂ ਕੀਤਾ ਸੀ ਅਤੇ ਇਸ ਦੌਰਾਨ ਪਾਣੀ, ਬਿਜਲੀ, ਸੜਕਾਂ ਅਤੇ ਨੌਕਰੀਆਂ ਬਾਰੇ ਗੱਲ ਕੀਤੀ। ਛੇਤੀ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਰੀਆਂ ਪਾਰਟੀਆਂ ਇਕ ਹੀ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਹਨ ਅਤੇ ਇਨ੍ਹਾਂ ਤੋਂ ਵੋਟਰ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੇ। ਸਰੋਤਿਆਂ ਦੀਆਂ ਤਾੜੀਆਂ ਅਤੇ ਉਨ੍ਹਾਂ ਦੇ ਚਿੱਲਾਉਣ ਤੋਂ ਪਤਾ ਲੱਗ ਜਾਂਦਾ ਹੈ ਕਿ ਲੋਕ ਕੀ ਸੁਣਨਾ ਚਾਹੁੰਦੇ ਹਨ? ਗਾਂਧੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਵਿਰੋਧੀ ’ਤੇ ਸ਼ਬਦਾਂ ਨਾਲ ਹਮਲਾ ਕੀਤਾ ਤੇ ਮਜ਼ਾਕ ਭਰੀਆਂ ਗੱਲਾਂ ਕਹੀਆਂ ਤਾਂ ਸਰੋਤੇ ਕਾਫੀ ਖੁਸ਼ ਹੋਏ। ਉਨ੍ਹਾਂ ਨੇ ਮੈਨੂੰ ਇਕ ਉਦਾਹਰਣ ਦਿੱਤੀ। ਸਰਪੋਤਦਾਰ ਅਕਸਰ ਇਹ ਕਹਿੰਦੇ ਹੁੰਦੇ ਸਨ ਕਿ ਉਹ ਫਰੰਟ ਫੁੱਟ ’ਤੇ ਖੇਡਣਗੇ, ਗਾਂਧੀ ਆਪਣੇ ਭਾਸ਼ਣਾਂ ’ਚ ਕਹਿੰਦੇ ਸਨ ਕਿ ਜੋ ਫਰੰਟ ਫੁੱਟ ’ਤੇ ਖੇਡਦੇ ਹਨ, ਉਨ੍ਹਾਂ ਦੇ ਸਟੰਪ ਆਊਟ ਹੋਣ ਦਾ ਖਤਰਾ ਰਹਿੰਦਾ ਹੈ।

ਜਨਤਾ ਦੀ ਨਬਜ਼ ਪਛਾਣਦੇ ਹਨ ਨੇਤਾ

ਰਾਜਨੇਤਾ ਖਾਸ ਤੌਰ ’ਤੇ ਜੋ ਲਗਾਤਾਰ ਰੈਲੀਆਂ ਨੂੰ ਸੰਬੋਧਨ ਕਰਦੇ ਹਨ, ਸਾਡੇ ਵਰਗੇ ਲੋਕਾਂ ਦੇ ਮੁਕਾਬਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੋਕਾਂ ਦੀ ਰੁਚੀ ਕਿਹੜੇ ਮੁੱਦਿਆਂ ’ਚ ਹੈ। ਕੁਝ ਹੱਦ ਤਕ ਪੱਤਰਕਾਰ ਵੀ ਇਨ੍ਹਾਂ ਗੱਲਾਂ ਤੋਂ ਵਾਕਿਫ ਹੁੰਦੇ ਹਨ, ਵਿਸ਼ੇਸ਼ ਤੌਰ ’ਤੇ ਟੈਲੀਵਿਜ਼ਨ ਅਤੇ ਇੰਟਰਨੈੱਟ ਪੱਤਰਕਾਰ। ਉਨ੍ਹਾਂ ਨੂੰ ਟੀ. ਆਰ. ਪੀ. ਰੇਟਿੰਗ ਤੋਂ ਤੁਰੰਤ ਫੀਡਬੈਕ ਮਿਲ ਜਾਂਦੀ ਹੈ ਕਿ ਕਿਹੜੀ ਗੱਲ ਸਰੋਤਿਆਂ ਵਲੋਂ ਪਸੰਦ ਕੀਤੀ ਜਾ ਰਹੀ ਹੈ ਤੇ ਕਿਹੜੀ ਨਹੀਂ। ਅਖ਼ਬਾਰਾਂ ਦੇ ਪੱਤਰਕਾਰ ਵੀ ਇਕ ਵੱਖਰੇ ਤਰੀਕੇ ਨਾਲ ਫੀਡਬੈਕ ਹਾਸਿਲ ਕਰ ਲੈਂਦੇ ਹਨ। ਇਹ ਫੀਡਬੈਕ ਹੌਲੀ ਹੁੰਦੀ ਹੈ, ਇਸ ਕਾਰਨ ਅਖ਼ਬਾਰ ਟੈਲੀਵਿਜ਼ਨ ਚੈਨਲਾਂ ਦੇ ਮੁਕਾਬਲੇ ਘੱਟ ਸਨਸਨੀਖੇਜ਼ ਹੁੰਦੇ ਹਨ। ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਬਿਹਾਰ ’ਚ ਸਨ। ਇਕ ਰਿਪੋਰਟ ਅਨੁਸਾਰ ਆਪਣੀ ਪਹਿਲੀ ਰੈਲੀ ’ਚ ਉਨ੍ਹਾਂ ਨੇ ਆਪਣਾ ਭਾਸ਼ਣ ਨਰਿੰਦਰ ਮੋਦੀ ਦੀਆਂ 5 ਸਾਲਾਂ ਦੀਆਂ ਪ੍ਰਾਪਤੀਆਂ ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਅਮਰੀਕੀ ਬੈਂਕ ਨੂੰ ਪੇਸ਼ ਕਰਦਿਆਂ ਕਿਹਾ ਕਿ ਭਾਰਤ ’ਚ ਗਰੀਬੀ ਘੱਟ ਹੋਈ ਹੈ। ਇਨ੍ਹਾਂ ਦੋਹਾਂ ਗੱਲਾਂ ਲਈ ਜਨਤਾ ਦਾ ਉਤਸ਼ਾਹ ਆਮ ਸੀ। ਇਸ ਤੋਂ ਬਾਅਦ ਰਾਜਨਾਥ ਨੇ ਕਿਹਾ, ‘‘ਭਾਰਤ ਕਿਸੇ ਨੂੰ ਛੇੜਦਾ ਨਹੀਂ ਪਰ ਜੋ ਛੇੜਦਾ ਹੈ, ਉਸ ਨੂੰ ਛੱਡੇਗਾ ਨਹੀਂ।’’ ਇਹ ਸੁਣਦੇ ਹੀ ਭੀੜ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਂਕਾ, ਪੂਰਣੀਆ, ਅਰਰੀਆ ਅਤੇ ਮਧੇਪੁਰ ’ਚ ਹੋਈਆਂ ਅਗਲੀਆਂ ਚਾਰ ਰੈਲੀਆਂ ’ਚ ਰਾਜਨਾਥ ਨੇ ਆਪਣੇ ਭਾਸ਼ਣ ’ਚ ਇਸੇ ਗੱਲ ਨੂੰ ਦੁਹਰਾਇਆ। ਉਨ੍ਹਾਂ ਨੇ ਪੁਲਵਾਮਾ ਹਮਲੇ ਦੀ ਗੱਲ ਕੀਤੀ ਤੇ ਕਿਹਾ ਕਿ ਭਾਜਪਾ ਨੇ 12 ਦਿਨਾਂ ਦੇ ਅੰਦਰ ਹੀ ਜਵਾਬ ਦੇ ਦਿੱਤਾ ਅਤੇ ਇਸ ਨੂੰ ਪਾਕਿਸਤਾਨ ਅੰਦਰ ਜਾ ਕੇ ਅੰਜਾਮ ਦਿੱਤਾ। ਇਸ ਨਾਲ ਕੀ ਸਿੱਟਾ ਨਿਕਲਦਾ ਹੈ ਅਤੇ ਵੋਟਰ ਕੀ ਸੁਣਨਾ ਚਾਹੁੰਦੇ ਹਨ? ਕੀ ਰਾਜਨੇਤਾ ਆਪਣੀ ਫੀਡਬੈਕ ਰਾਹੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਲੈਂਦੇ ਹਨ ਅਤੇ ਫਿਰ ਉਸੇ ਗੱਲ ’ਤੇ ਕੇਂਦ੍ਰਿਤ ਰਹਿੰਦੇ ਹਨ? ਇਸ ਦਾ ਜਵਾਬ ਇੰਨਾ ਆਸਾਨ ਨਹੀਂ ਹੈ। ਸੱਚਾਈ ਇਹ ਹੈ ਕਿ ਬਹੁਤ ਸਾਰੇ ਲੋਕ ਰੈਲੀਆਂ ’ਚ ਮਨੋਰੰਜਨ ਲਈ ਵੀ ਜਾਂਦੇ ਹਨ। ਉਹ ਉਥੇ ਕਈ ਘੰਟੇ ਅਤੇ ਕਈ ਵਾਰ ਪੂਰਾ ਦਿਨ ਗੁਜ਼ਾਰਦੇ ਹਨ ਤੇ ਆਮ ਗੱਲਾਂ ਨਾਲ ਬੋਰ ਨਹੀਂ ਹੋਣਾ ਚਾਹੁੰਦੇ। ਨਿਸ਼ਚਿਤ ਤੌਰ ’ਤੇ ਉਹ ਬਿਜਲੀ-ਪਾਣੀ ਅਤੇ ਚੰਗੀਆਂ ਨੌਕਰੀਆਂ ਚਾਹੁੰਦੇ ਹਨ ਪਰ ਉਹ ਇਹ ਸਭ ਨਹੀਂ ਸੁਣਨਾ ਚਾਹੁੰਦੇ ਅਤੇ ਕਿਸੇ ਵੀ ਨੇਤਾ ਲਈ ਇਹ ਪਤਾ ਲਾਉਣਾ ਆਸਾਨ ਨਹੀਂ ਹੁੰਦਾ ਕਿ ਜਨਤਾ ਕੀ ਸੁਣਨਾ ਪਸੰਦ ਕਰੇਗੀ।

ਜਾਤੀ ਆਧਾਰਿਤ ਰਾਜਨੀਤੀ

ਦੂਜੀ ਗੱਲ ਇਹ ਹੈ ਕਿ ਭਾਰਤੀ ਰਾਜਨੀਤੀ ਜਾਤੀ ਆਧਾਰਿਤ ਅਤੇ ਫਿਰਕਾਪ੍ਰਸਤੀ ਆਧਾਰਿਤ ਹੈ। ਅਜਿਹੀ ਹਾਲਤ ’ਚ ਸਫਲ ਰਾਜਨੇਤਾ ਹੋਣ ਲਈ ਚੰਗਾ ਬੁਲਾਰਾ ਹੋਣਾ ਜ਼ਰੂਰੀ ਨਹੀਂ। ਹੁਣ ਤਕ ਹੋਏ ਵੱਡੇ ਬੁਲਾਰਿਆਂ ’ਚ ਲਾਲੂ, ਠਾਕਰੇ, ਮੋਦੀ, ਮਮਤਾ, ਓਵੈਸੀ ਅਤੇ ਕੁਝ ਹੋਰ ਸ਼ਾਮਿਲ ਹਨ। ਹੋਰ ਜਿਨ੍ਹਾਂ ’ਚ ਨਵੀਨ ਪਟਨਾਇਕ ਅਤੇ ਮਾਇਆਵਤੀ ਵਰਗੇ ਤਾਕਤਵਰ ਲੋਕ ਵੀ ਸ਼ਾਮਿਲ ਹਨ, ਸੱਤਾ ਹਾਸਿਲ ਕਰਨ ਲਈ ਆਪਣੇ ਭਾਸ਼ਣਾਂ ਦੀ ਪ੍ਰਸਿੱਧੀ ’ਤੇ ਨਿਰਭਰ ਨਹੀਂ ਹਨ। ਇਸ ਦਾ ਅਰਥ ਇਹ ਹੈ ਕਿ ਉਹ ਆਪਣੀ ਫੀਡਬੈਕ ਜਨ-ਸਭਾਵਾਂ ਤੋਂ ਹਾਸਿਲ ਨਹੀਂ ਕਰਦੇ। ਅੱਜ ਦੇ ਇੰਟਰਨੈੱਟ ਅਤੇ ਟੈਲੀਵਿਜ਼ਨ ਦੇ ਦੌਰ ’ਚ ਲੋਕਾਂ ਤਕ ਪਹੁੰਚ ਬਣਾਉਣ ਲਈ ਰੈਲੀਆਂ ਇੰਨਾ ਠੋਸ ਮਾਧਿਅਮ ਨਹੀਂ ਰਹਿ ਗਈਆਂ। ਇਹ ਸਿਰਫ ਇਕ ਮੰਚ ਪ੍ਰਦਾਨ ਕਰਦੀਆਂ ਹਨ, ਜਿਥੋਂ ਕੋਈ ਨੇਤਾ ਇਕ ਵਾਰ ’ਚ ਵੱਡੇ ਸਰੋਤਾ ਵਰਗ ਤਕ ਪਹੁੰਚ ਸਕਦਾ ਹੈ। ਮੇਰਾ ਮੰਨਣਾ ਹੈ ਕਿ ਸੱਤਾਧਾਰੀ ਪਾਰਟੀ ਵਲੋਂ ਵਰਤਿਆ ਜਾ ਰਿਹਾ ਪੁਲਵਾਮਾ ਦਾ ਮੁੱਦਾ ਜ਼ਿਆਦਾ ਲਾਹੇਵੰਦ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਮੋਦੀ ਅਤੇ ਭਾਜਪਾ ਨੂੰ ਉਸ ਘਟਨਾ ਅਤੇ ਉਸ ਦੀ ਪ੍ਰਤੀਕਿਰਿਆ ਲਈ ਜ਼ਿਆਦਾ ਵੋਟਾਂ ਮਿਲਣਗੀਆਂ। ਮੇਰਾ ਮੰਨਣਾ ਹੈ ਕਿ ਜਦੋਂ ਉਹ ਇਸ ਵਿਸ਼ੇ ’ਤੇ ਸਖਤ ਭਾਸ਼ਾ ਦੀ ਵਰਤੋਂ ਕਰਨਗੇ ਅਤੇ ਆਪਣੇ ਵਿਰੋਧੀਆਂ ਨੂੰ ਪਾਕਿਸਤਾਨੀ ਏਜੰਟ ਕਹਿਣਗੇ ਤਾਂ ਉਨ੍ਹਾਂ ਨੂੰ ਚੰਗੀ ਫੀਡਬੈਕ ਮਿਲੇਗੀ ਕਿਉਂਕਿ ਸਰੋਤੇ ਜਨ-ਸਭਾਵਾਂ ’ਚ ਇਸੇ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਨ, ਹਾਲਾਂਕਿ ਇਨ੍ਹਾਂ ਗੱਲਾਂ ਦੇ ਆਧਾਰ ’ਤੇ ਜ਼ਿਆਦਾਤਰ ਲੋਕ ਵੋਟਾਂ ਦੇਣ ਦਾ ਫੈਸਲਾ ਨਹੀਂ ਕਰਨਗੇ। ਅਜਿਹੇ ਸਮੇਂ ’ਚ ਜਦਕਿ ਭਾਰਤ ਖੇਤੀ ਅਤੇ ਬੇਰੋਜ਼ਗਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ, ਸਰਕਾਰ ਆਰਥਿਕ ਰਿਕਾਰਡ ਬਾਰੇ ਭਰੋਸੇਯੋਗਤਾ ਨਾਲ ਗੱਲ ਨਹੀਂ ਕਰ ਸਕਦੀ, ਇਸ ਲਈ ਪ੍ਰਧਾਨ ਮੰਤਰੀ ਨੂੰ ਸਰਜੀਕਲ ਸਟ੍ਰਾਈਕਸ ਅਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੇ ਵਿਸ਼ਵਾਸਘਾਤ ਬਾਰੇ ਗੱਲ ਕਰਨੀ ਹੋਵੇਗੀ। ਇਸ ਨਾਲ ਸਰੋਤਿਆਂ ਦਾ ਕਾਫੀ ਮਨੋਰੰਜਨ ਹੁੰਦਾ ਹੈ, ਖਾਸ ਤੌਰ ’ਤੇ ਜੋ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੁੜੇ ਹਨ ਪਰ ਇਹ ਸਮਝ ਲੈਣਾ ਠੀਕ ਨਹੀਂ ਹੋਵੇਗਾ ਕਿ ਇਸ ਦੇ ਆਧਾਰ ’ਤੇ ਲੋਕ ਵੋਟਾਂ ਦੇਣਗੇ।ਤੁਸ਼ਾਰ ਗਾਂਧੀ ਨੇ ਮੁੰਬਈ ’ਚ ਉਸ ਚੋਣ ਪ੍ਰਚਾਰ ਦੌਰਾਨ ਬਹੁਤ ਸਾਰੇ ਲੋਕਾਂ ਦਾ ਮਨੋਰੰਜਨ ਕੀਤਾ। ਹਾਲਾਂਕਿ ਉਹ ਨਾ ਸਿਰਫ ਚੋਣ ਹਾਰ ਗਏ, ਸਗੋਂ ਉਨ੍ਹਾਂ ਦੀ ਜੇਬ ਵੀ ਖਾਲੀ ਹੋ ਗਈ।
 


Bharat Thapa

Content Editor

Related News