ਨਹੀਂ ਰੁਕ ਰਹੀਆਂ ਜਹਾਜ਼ਾਂ ’ਚ ਬੇਨਿਯਮੀਆਂ, ਜਾਣਾ ਸੀ ਦਿੱਲੀ, ਉੱਤਰਨਾ ਪਿਆ ਜੈਪੁਰ ’ਚ

06/27/2023 2:26:04 AM

ਹਵਾਈ ਯਾਤਰਾਵਾਂ ’ਚ ਜਿਥੇ ਯਾਤਰੀਆਂ ਵੱਲੋਂ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਧ ਰਹੇ ਹਨ, ਉਥੇ ਹੀ ਜਹਾਜ਼ ਚਾਲਕ ਦਲ ਦੇ ਮੈਂਬਰਾਂ ਦੀਆਂ ਮਨਮਰਜ਼ੀਆਂ ਵੀ ਜਾਰੀ ਹਨ। ਕੋਈ ਦਿਨ ਅਜਿਹਾ ਨਹੀਂ ਲੰਘਦਾ, ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੁੰਦੀ ਹੋਵੇ। 25 ਜੂਨ ਨੂੰ ਦਿੱਲੀ ’ਚ ਮੌਸਮ ਵਿਗੜਨ ਕਾਰਨ ‘ਏਅਰ ਇੰਡੀਆ’ ਦੀ ਫਲਾਈਟ ਏ. ਆਈ.-112 ਸਮੇਤ ਕੁਝ ਉਡਾਣਾਂ ਜੈਪੁਰ ਡਾਇਵਰਟ ਕੀਤੀਆਂ ਗਈਆਂ ਸਨ। ਉਕਤ ਜਹਾਜ਼ ਨੇ ਸਵੇਰੇ 6 ਵਜੇ ਦਿੱਲੀ ਪਹੁੰਚਣਾ ਸੀ ਪਰ ਬਾਅਦ ’ਚ ਵੀ ਇਸ ਨੂੰ ਦਿੱਲੀ ਨਹੀਂ ਲਿਜਾਇਆ ਗਿਆ ਅਤੇ ਪਾਇਲਟ ਆਪਣੀ ਡਿਊਟੀ ਪੂਰੀ ਹੋਣ ਦਾ ਹਵਾਲਾ ਦੇ ਕੇ ਚਲੇ ਗਏ।

ਕੰਪਨੀ ਦੇ ਪ੍ਰਬੰਧਨ ਅਤੇ ਪਾਇਲਟਾਂ ਦੇ ਰਵੱਈਏ ਤੋਂ ਨਾਰਾਜ਼ ਯਾਤਰੀਆਂ ਨੇ ਹਵਾਈ ਅੱਡੇ ’ਤੇ ਹੰਗਾਮਾ ਵੀ ਕੀਤਾ ਪਰ ਜਦੋਂ ਏਅਰ ਇੰਡੀਆ ਅਤੇ ਏਅਰਪੋਰਟ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦਿੱਲੀ ਭੇਜਣ ਦੀ ਵਿਵਸਥਾ ਨਹੀਂ ਕੀਤੀ ਤਾਂ ਯਾਤਰੀਆਂ ਨੇ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੂੰ ਟਵੀਟ ਕਰ ਕੇ ਆਪਣੀ ਵਿਥਿਆ ਦੱਸੀ।

ਇਸ ’ਤੇ ਏਅਰ ਇੰਡੀਆ ਨੇ ਉਨ੍ਹਾਂ ਨੂੰ ਯਾਤਰੀਆਂ ਦੀ ਪ੍ਰੇਸ਼ਾਨੀ ਦੂਰ ਕਰਨ ਦਾ ਭਰੋਸਾ ਤਾਂ ਦਿੱਤਾ ਪਰ ਇਸ ਤੋਂ ਬਾਅਦ ਵੀ 6 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ ਅਤੇ ਕੁਝ ਯਾਤਰੀਆਂ ਨੂੰ ਵੋਲਵੋ ਬੱਸ ਰਾਹੀਂ ਅਤੇ ਕੁਝ ਨੂੰ ਕੈਬ ਰਾਹੀਂ ਦਿੱਲੀ ਭੇਜਿਆ ਗਿਆ।

ਲੰਡਨ ਤੋਂ ਦਿੱਲੀ ਦੀ ਫਲਾਈਟ ਲਗਭਗ 8 ਘੰਟੇ 25 ਮਿੰਟ ਦੀ ਹੁੰਦੀ ਹੈ ਪਰ ਇਸ ਗੜਬੜ ਕਾਰਨ ਯਾਤਰੀਆਂ ਅਤੇ ਇਸ ਘਟਨਾ ਦੇ ਕਾਰਨ ਦੂਰ-ਨੇੜੇ ਤੋਂ ਉਨ੍ਹਾਂ ਨੂੰ ਲੈਣ ਆਏ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕਮਰਸ਼ੀਅਲ ਪਾਇਲਟਾਂ ਨੇ ਹਰ ਮਹੀਨੇ ਉਡਾਣ ਦੌਰਾਨ 85 ਘੰਟੇ ਅਤੇ ਇਸ ਤੋਂ ਇਲਾਵਾ 80 ਘੰਟੇ ਗ੍ਰਾਊਂਡ ’ਤੇ ਡਿਊਟੀ ਦੇਣੀ ਹੁੰਦੀ ਹੈ, ਜਿਸ ’ਚ ਜਹਾਜ਼ਾਂ ਦੀ ਦੇਖਭਾਲ, ਉਡਾਣ ਤੋਂ ਪਹਿਲਾਂ ਦੀ ਜਾਂਚ, ਮੌਸਮ ਰਿਪੋਰਟਾਂ ਦੀ ਜਾਂਚ ਆਦਿ ਸ਼ਾਮਲ ਹੁੰਦੀ ਹੈ।

ਆਮਤੌਰ ’ਤੇ ਪਾਇਲਟ ਦੀ ਤਿੰਨ ਤਰੀਕੇ ਦੀ ਉਡਾਣ ਹੁੰਦੀ ਹੈ। ਲਘੂ ਉਡਾਣ 30 ਮਿੰਟ ਤੋਂ 3 ਘੰਟੇ ਦੀ, ਦੂਸਰੀ 3 ਤੋਂ 6 ਘੰਟੇ ਦੀ ਅਤੇ ਤੀਸਰੀ ਉਡਾਣ 6 ਤੋਂ 12 ਘੰਟੇ ਜਾਂ ਉਸ ਤੋਂ ਵੱਧ ਦੀ ਹੁੰਦੀ ਹੈ। ਲੰਬੀ ਉਡਾਣ ਦੇ ਪਾਇਲਟਾਂ ਨੂੰ ਲੰਬੇ ਸਮੇਂ ਤਕ ਡਿਊਟੀ ਦੇਣੀ ਪੈ ਸਕਦੀ ਹੈ ਪਰ ਉਨ੍ਹਾਂ ਨੂੰ ਓਨੀ ਹੀ ਵੱਧ ਦੇਰ ਤਕ ਆਰਾਮ ਕਰਨ ਦਾ ਸਮਾਂ ਵੀ ਦਿੱਤਾ ਜਾਂਦਾ ਹੈ।

ਪਾਇਲਟ ਭਾਵੇਂ ਹੀ ਤਕਨੀਕੀ ਰੂਪ ਨਾਲ ਸਹੀ ਹੋਣ ਪਰ ਇਸ ਗੱਲ ’ਚ ਕੋਈ ਤੁਕ ਨਹੀਂ ਕਿ ਉਹ ਉਡਾਣ ’ਚ ਹੀ ਜਹਾਜ਼ ਨੂੰ ਛੱਡ ਕੇ ਚਲੇ ਜਾਣ ਅਤੇ ਉਹ ਵੀ ਉਦੋਂ ਜਦਕਿ ਜੈਪੁਰ ਤੋਂ ਦਿੱਲੀ ਦੀ ਉਡਾਣ ਇਕ ਘੰਟੇ ਤੋਂ ਵੀ ਘੱਟ ਸਮੇਂ ਦੀ ਹੈ।

ਜੇਕਰ ਚਾਲਕ ਦਲ ਦੇ ਮੈਂਬਰ ਜਹਾਜ਼ ਨੂੰ ਦਿੱਲੀ ਲੈ ਆਉਂਦੇ ਤਾਂ ਯਾਤਰੀਅਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਅਤੇ ਜਹਾਜ਼ ਸੇਵਾ ’ਤੇ ਉਨ੍ਹਾਂ ਨੂੰ ਦਿੱਲੀ ਲਿਆਉਣ ਲਈ ਕੀਤੇ ਗਏ ਫਜ਼ੂਲ ਖਰਚ ਤੋਂ ਬਚਿਆ ਜਾ ਸਕਦਾ ਸੀ। ਇਸ ਲਈ ਇਸ ਤਰ੍ਹਾਂ ਦੀ ਘਟਨਾ ਦੇ ਲਈ ਜ਼ਿੰਮੇਵਾਰ ਸਟਾਫ ਦੇ ਵਿਰੁੱਧ ਪੂਰੀ ਜਾਂਚ ਤੋਂ ਬਾਅਦ ਜ਼ਰੂਰੀ ਕਾਰਵਾਈ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
 
 


Manoj

Content Editor

Related News