ਤਪਾ-ਜਿਉਂਦ ਮਾਈਨਰ ''ਚ ਪਿਆ 20-25 ਫੁੱਟ ਚੌੜਾ ਪਾੜ, ਖੇਤ ਪਾਣੀ ਨਾਲ ਭਰੇ
Saturday, May 03, 2025 - 06:00 PM (IST)

ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਢਿਲੋਂ ਬਸਤੀ ਵਿਚੋਂ ਲੰਘਦਾ ਹੰਡਿਆਈਆ-ਜਿਉਂਦ ਮਾਈਨਰ ‘ਚ 20-25 ਚੌੜਾ ਪਾੜ ਪੈਣ ਕਾਰਨ ਫ਼ਸਲਾਂ ਦੀ ਵਾਢੀ ਖ਼ਤਮ ਹੋਣ ਕਰਕੇ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਪਰ ਪਾਣੀ ‘ਚ ਓਵਰਫਲੋ ਹੋਣ ਕਾਰਨ ਘਰਾਂ ਦੇ ਨੇੜੇ ਪਹੁੰਚਦਾ ਨਜ਼ਰ ਆ ਰਿਹਾ ਹੈ। ਭਾਵੇਂ ਅਜੇ ਤੱਕ ਪਾੜ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਪਤਾ ਲੱਗਿਆ ਹੈ ਕਿ ਸੂਏ ਨੂੰ ਪਿੱਛੋਂ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਹਾਜ਼ਰ ਹਰਦੀਪ ਸਿੰਘ, ਬਿੱਕਰ ਸਿੰਘ, ਪਰਮਜੀਤ ਸਿੰਘ, ਕਰਮਜੀਤ ਸਿੰਘ, ਜਸਪਾਲ ਸਿੰਘ ਨੇ ਦੱਸਿਆ ਕਿ ਵਾਢੀ ਖ਼ਤਮ ਹੋਣ ਅਨੁਸਾਰ ਹੰਡਿਆਇਆ ਜਿਉਂਦ ਮਾਈਨਰ ਵਿਚ ਨਹਿਰੀ ਵਿਭਾਗ ਵੱਲੋਂ ਪਾਣੀ ਛੱਡ ਦਿੱਤਾ ਗਿਆ ਪਾਣੀ ਇਸ ਲਈ ਛੱਡਿਆ ਗਿਆ ਕਿ ਕਿਸਾਨਾਂ ਵੱਲੋਂ ਵਾਢੀ ਖ਼ਤਮ ਹੋਣ ਉਪਰੰਤ ਹੀ ਨਰਮੇ ਦੀ ਫਸਲ ਬਿਜਾਈ ਲਈ ਰੌਣੀ ਕਰਨੀ ਹੋਵੇਗੀ। ਜੇ ਨਹਿਰੀ ਵਿਭਾਗ ਨੇ ਇਸ ਪਾੜ ਨੂੰ ਬੰਦ ਨਾ ਕੀਤਾ ਗਿਆ ਤਾਂ ਪਾਣੀ ਘਰਾਂ ‘ਚ ਦਾਖਲ ਹੋ ਕੇ ਨੁਕਸਾਨ ਕਰ ਸਕਦਾ ਹੈ।
ਇਸ ਮੌਕੇ ਹਾਜ਼ਰ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਅਪਣੇ ਖੇਤ ‘ਚ ਪਸ਼ੂਆਂ ਲਈ ਤੂੜੀ ਬਣਾਉਣੀ ਪਈ ਸੀ ਜੋ ਇਸ ਪਾਣੀ ‘ਚ ਡੁੱਬ ਕੇ ਸਾਰੀ ਖਰਾਬ ਹੋ ਗਈ। ਇਸ ਮੌਕੇ ਕੁਝ ਲੋਕਾਂ ਨੇ ਦੱਸਿਆ ਕਿ ਇਹ ਮਾਈਨਰ ਅਕਾਲੀ ਸਰਕਾਰ ਸਮੇਂ ਬਣਿਆ ਸੀ ਜਿਸ ਵਿਚ ਠੇਕੇਦਾਰ ਵੱਲੋਂ ਘਟੀਆ ਸਮੱਗਰੀ ਦੀ ਵਰਤੋਂ ਹੋਣ ਕਾਰਨ ਇਹ ਮਾਈਨਰ ਕਈ ਵਾਰ ਟੁੱਟ ਚੁਕਿਆ ਹੈ ਅਤੇ ਨਾ ਹੀ ਨਹਿਰੀ ਵਿਭਾਗ ਵੱਲੋਂ ਇਸ ਦੀ ਸਮੇਂ ਸਿਰ ਸਫਾਈ ਕਰਵਾਈ ਜਾਂਦੀ ਹੈ।